ਮਧੁਰਈ ਵਿੱਚ ਸਾਡੇ ਘਰ ਦੇ ਬਾਹਰ ਬੱਤੀ ਵਾਲ਼ਾ ਖੰਭਾ ਹੋਇਆ ਕਰਦਾ ਸੀ ਅਤੇ ਉਸ ਖੰਭੇ ਨਾਲ਼ ਜੁੜੀਆਂ ਮੇਰੀਆਂ ਵੰਨ-ਸੁਵੰਨੀਆਂ ਯਾਦਾਂ ਹਨ। ਉਸ ਖੰਭੇ ਨਾਲ਼ ਮੇਰਾ ਨਿਰਾਲਾ ਹੀ ਰਿਸ਼ਤਾ ਸੀ। ਕਈ ਸਾਲਾਂ ਤੀਕਰ ਸਾਡੇ ਘਰ ਵਿੱਚ ਬਿਜਲੀ ਦੀ ਸਪਲਾਈ ਨਹੀਂ ਸੀ, ਇੱਥੋਂ ਤੱਕ ਕਿ ਬਗ਼ੈਰ ਬੱਤੀ ਦੇ ਮੇਰਾ ਸਕੂਲ ਵੀ ਪੂਰਾ ਹੋ ਗਿਆ। 2006 ਵਿੱਚ ਸਾਡੇ ਘਰ ਬੱਤੀ ਜਗੀ। 8x8 ਫੁੱਟ ਦਾ ਇੱਕ ਕਮਰਾ ਹੀ ਸਾਡਾ ਘਰ ਹੁੰਦਾ ਅਤੇ ਅਸੀਂ ਪੰਜ ਜਣੇ ਉਸੇ ਇੱਕ ਕਮਰੇ ਵਿੱਚ ਰਿਹਾ ਕਰਦੇ। ਬੱਸ ਇਹੀ ਵੇਲ਼ਾ ਸੀ ਜਦੋਂ ਇਸ ਬੱਤੀ ਵਾਲ਼ੇ ਖੰਭੇ ਨਾਲ਼ ਮੇਰੀ ਨੇੜਤਾ ਵਧੀ।
ਮੇਰੇ ਬਚਪਨ ਦੇ ਦਿਨੀਂ ਅਸੀਂ ਅਕਸਰ ਘਰ ਬਦਲਿਆ ਕਰਦੇ। ਝੌਂਪੜੀ ਤੋਂ ਸ਼ੁਰੂ ਹੋਇਆ ਇਹ ਸਫ਼ਰ, ਕੱਚੇ ਢਾਰੇ ਥਾਣੀ ਹੁੰਦਾ ਹੋਇਆ ਇੱਕ ਕਿਰਾਏ ਦੇ ਕਮਰੇ 'ਤੇ ਜਾ ਰੁਕਿਆ... ਅਖ਼ੀਰ 20x20 ਫੁੱਟ ਦਾ ਘਰ ਸਾਡਾ ਸਿਰ ਲੁਕਾਵਾ ਬਣ ਗਿਆ। ਜਿਸਦੀ ਇੱਕ ਇੱਕ ਇੱਟ ਜੋੜਨ ਲਈ ਮੇਰੇ ਮਾਪਿਆਂ ਨੂੰ ਕਰੀਬ 12 ਸਾਲ ਲੱਗ ਗਏ। ਹਾਂ, ਸੱਚੀ। ਬੇਸ਼ੱਕ ਉਨ੍ਹਾਂ ਨੂੰ ਦਿਹਾੜੀ 'ਤੇ ਮਿਸਤਰੀ ਲੈਣਾ ਪਿਆ ਪਰ ਮਜ਼ਦੂਰ ਦੀ ਥਾਂ ਆਪਣੀ ਹੱਡ-ਭੰਨ੍ਹਵੀਂ ਮਿਹਨਤ ਇਸ ਘਰ ਵਿੱਚ ਲਾਉਂਦੇ ਰਹੇ। ਅਜੇ ਸਾਡਾ ਘਰ ਬਣ ਹੀ ਰਿਹਾ ਸੀ ਪਰ ਅਸੀਂ ਇੱਥੇ ਰਹਿਣ ਆ ਗਏ। ਅਸੀਂ ਜਿੰਨੇ ਵੀ ਘਰ ਬਦਲੇ ਉਨ੍ਹਾਂ ਦੇ ਨੇੜੇ ਬੱਤੀ ਵਾਲ਼ਾ ਖੰਭਾ ਹੁੰਦਾ ਹੀ ਸੀ। ਮੈਂ ਉਨ੍ਹਾਂ ਦੀ ਚੱਕਰਾਕਾਰ ਰੌਸ਼ਨੀ ਵਿੱਚ ਬਹਿ ਕੇ ਮੈਂ ਚੀ ਗਵੇਰਾ, ਨੈਪੋਲੀਅਨ, ਸੁਜਾਤਾ ਅਤੇ ਹੋਰਨਾਂ ਮਹਾਨ ਹਸਤੀਆਂ ਦੀਆਂ ਕਿਤਾਬਾਂ ਪੜ੍ਹਿਆ ਕਰਦਾ।
ਹੁਣ ਵੀ, ਇਸ ਲੇਖਣੀ ਦਾ ਗਵਾਹ ਓਹੀ ਬੱਤੀ ਵਾਲ਼ਾ ਖੰਭਾ ਹੈ।
*****
ਮੈਂ ਕਿਤੇ ਨਾ ਕਿਤੇ ਕਰੋਨਾ ਦਾ ਸ਼ੁਕਰੀਆ ਅਦਾ ਕਰਦਾ ਹੈ ਜਿਹਦੀ ਬਦੌਲਤ ਇੰਨੇ ਚਿਰਾਂ ਬਾਅਦ ਮੈਂ ਆਪਣੀ ਮਾਂ ਨਾਲ਼ ਚੰਗੇ ਦਿਨ ਮਾਣ ਸਕਿਆ। ਜਦੋਂ ਤੋਂ (2013) ਮੈਂ ਆਪਣਾ ਕੈਮਰਾ ਖਰੀਦਿਆ, ਘਰੇ ਮੈਂ ਬੜਾ ਥੋੜ੍ਹਾ ਸਮਾਂ ਬਿਤਾਇਆ। ਸਕੂਲ ਪੜ੍ਹਦਿਆਂ ਮੇਰਾ ਦਿਮਾਗ਼ ਕਿਸੇ ਹੋਰ ਤਰੀਕੇ ਨਾਲ਼ ਸੋਚਦਾ ਸੀ ਅਤੇ ਫਿਰ, ਆਪਣਾ ਕੈਮਰਾ ਮਿਲ਼ਣ ਤੋਂ ਬਾਅਦ ਮੇਰਾ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਵੱਖਰਾ ਜਿਹਾ ਹੋ ਗਿਆ। ਪਰ ਇਸ ਮਹਾਂਮਾਰੀ ਕਾਲ਼ ਅਤੇ ਕੋਵਿਡ ਤਾਲਾਬੰਦੀ ਕਾਰਨ ਮੈਂ ਕਈ ਮਹੀਨੇ ਘਰੇ ਰਿਹਾ ਅਤੇ ਆਪਣੀ ਮਾਂ ਨਾਲ਼ ਵਧੀਆ ਸਮਾਂ ਬਿਤਾਇਆ। ਇਸ ਤੋਂ ਪਹਿਲਾਂ ਮੈਂ ਆਪਣੀ ਮਾਂ ਨਾਲ਼ ਕਦੇ ਵੀ ਇੰਨਾ ਸਮਾਂ ਨਾ ਬਿਤਾਇਆ।
ਮੈਨੂੰ ਯਾਦ ਨਹੀਂ ਕਿ ਮੈਂ ਅੰਮਾ ਨੂੰ ਕਦੇ ਇੱਕ ਥਾਏਂ ਬੈਠੀ ਦੇਖਿਆ ਹੋਵੇ। ਉਹ ਸਦਾ ਹਰ ਸਮੇਂ ਕਿਸੇ ਨਾ ਕਿਸੇ ਕੰਮੇ ਲੱਗੀ ਰਹਿੰਦੀ। ਪਰ ਕੁਝ ਸਾਲ ਪਹਿਲਾਂ ਉਹਨੂੰ ਗਠੀਏ ਦੀ ਸ਼ਿਕਾਇਤ ਹੋ ਗਈ ਅਤੇ ਹੁਣ ਉਹਦੇ ਲਈ ਹਿੱਲਣਾ-ਜੁਲਣਾ ਅਸਹਿ ਹੋ ਗਿਆ। ਇਸ ਸਭ ਨੇ ਮੇਰੇ ਜ਼ਿਹਨ 'ਤੇ ਡੂੰਘਾ ਅਸਰ ਛੱਡਿਆ। ਮੈਂ ਆਪਣੀ ਮਾਂ ਨੂੰ ਕਦੇ ਵੀ ਇਸ ਹਾਲਤ ਵਿੱਚ ਦੇਖਣ ਬਾਰੇ ਸੋਚਿਆ ਹੀ ਨਹੀਂ।
ਉਹਨੂੰ ਆਪਣੀ ਇਸ ਹਾਲਤ ਦੀ ਚਿੰਤਾ ਲੱਗੀ ਰਹਿੰਦੀ। ''ਇਸੇ ਉਮਰ 'ਚ ਹੀ ਦੇਖੋ ਮੇਰਾ ਹਾਲ ਕੀ ਹੋ ਗਿਆ ਹੈ, ਮੇਰੇ ਬੱਚਿਆਂ ਦਾ ਧਿਆਨ ਕੌਣ ਰੱਖੇਗਾ?'' ਜਦੋਂ ਕਦੇ ਵੀ ਉਹ ਕਹਿੰਦੀ ਹੈ: ''ਕੁਮਾਰ, ਮੇਰੀ ਲੱਤਾਂ ਨੂੰ ਪਹਿਲਾਂ ਵਾਂਗਰ ਕਰਦੇ,'' ਇਹ ਸੁਣ ਕੇ ਮੈਨੂੰ ਬੜਾ ਅਪਰਾਧਬੋਧ ਹੁੰਦਾ ਹੈ ਕਿ ਮੈਂ ਉਹਦੀ ਚੰਗੀ ਤਰ੍ਹਾਂ ਦੇਖਭਾਲ਼ ਨਹੀਂ ਕੀਤੀ।
ਮੇਰੀ ਮਾਂ ਵਾਸਤੇ ਕਹਿਣ ਨੂੰ ਮੇਰੇ ਕੋਲ਼ ਬੜਾ ਕੁਝ ਹੈ। ਸੱਚਾਈ ਤਾਂ ਇਹ ਹੈ ਕਿ ਮੈਂ ਆਪਣੇ ਮਾਪਿਆਂ ਦੀ ਬਦੌਲਤ ਹੀ ਇੱਕ ਫ਼ੋਟੋਗਰਾਫ਼ਰ ਬਣ ਸਕਿਆਂ, ਜੋ ਲੋਕ ਮੇਰੇ ਸੰਪਰਕ ਵਿੱਚ ਆਏ, ਮੇਰੀਆਂ ਪ੍ਰਾਪਤੀਆਂ ਅਤੇ ਇੱਥੋਂ ਤੱਕ ਕਿ ਮੇਰੀ ਹਰ ਇੱਕ ਚੀਜ਼ ਮਗਰ ਮੇਰੇ ਮਾਪਿਆਂ ਦੀ ਲੱਕ-ਭੰਨ੍ਹਵੀਂ ਮਿਹਨਤ ਲੁਕੀ ਹੋਈ ਹੈ। ਖ਼ਾਸ ਕਰਕੇ ਮੇਰੀ ਮਾਂ... ਜਿਹਦੇ ਨਿੱਘ ਅਤੇ ਸਹਾਰੇ ਤੋਂ ਬਗ਼ੈਰ ਮੈਂ ਕੁਝ ਨਹੀਂ।
ਅੰਮਾ ਸਵੇਰੇ 3 ਵਜੇ ਉੱਠਦੀ ਅਤੇ ਮੱਛੀਆਂ ਵੇਚਣ ਨਿਕਲ਼ ਜਾਇਆ ਕਰਦੀ। ਮੈਨੂੰ ਵੀ ਆਪਣੇ ਨਾਲ਼ ਹੀ ਉਠਾ ਲਿਆ ਕਰਦੀ ਅਤੇ ਮੈਨੂੰ ਪੜ੍ਹਨ ਨੂੰ ਕਹਿੰਦੀ। ਇਹ ਉਹਦੇ ਵਾਸਤੇ ਬੜਾ ਔਖ਼ਾ ਕੰਮ ਸੀ। ਜਦੋਂ ਉਹ ਘਰੋਂ ਜਾਂਦੀ, ਮੈਂ ਬੱਤੀ ਵਾਲ਼ੇ ਖੰਭੇ ਹੇਠ ਬਹਿ ਕੇ ਪੜ੍ਹਨ ਲੱਗਦਾ। ਉਹਦੇ ਅੱਖੋਂ ਓਹਲੇ ਹੁੰਦਿਆਂ ਹੀ ਮੈਂ ਦੋਬਾਰਾ ਬਿਸਤਰੇ ਵਿੱਚ ਖ਼ਿਸਕ ਜਾਂਦਾ। ਬੜੇ ਮੌਕੇ ਆਏ ਜਦੋਂ ਉਹੀ ਬੱਤੀ ਵਾਲ਼ਾ ਖੰਭਾ ਮੇਰੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਗਵਾਹ ਬਣਿਆ।
ਮੇਰੀ ਮਾਂ ਨੇ ਤਿੰਨ ਵਾਰ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਹਦਾ ਇੰਝ ਤਿੰਨੋਂ ਵਾਰ ਬੱਚ ਜਾਣਾ ਕੋਈ ਸਧਾਰਣ ਗੱਲ ਨਹੀਂ ਸੀ।
ਇੱਕ ਹਾਦਸਾ ਹੈ ਜੋ ਮੈਂ ਸਾਂਝਾ ਕਰਨਾ ਚਾਹਾਂਗਾ। ਜਦੋਂ ਮੈਂ ਰਿੜ੍ਹਦਾ ਹੁੰਦਾ ਸਾਂ ਤਾਂ ਮੇਰੀ ਮਾਂ ਨੇ ਖ਼ੁਦ ਨੂੰ ਫ਼ਾਹੇ ਟੰਗਣ ਦੀ ਕੋਸ਼ਿਸ਼ ਕੀਤੀ। ਐਨ ਉਦੋਂ ਹੀ, ਮੈਂ ਉੱਚੀ ਉੱਚੀ ਰੋਣ ਲੱਗਿਆ। ਮੇਰੀਆਂ ਚੀਕਾਂ ਸੁਣ ਕੇ, ਗੁਆਂਢੀ ਭੱਜੇ ਆਏ ਇਹ ਦੇਖਣ ਲਈ ਕਿ ਕੀ ਹੋਇਆ ਹੈ। ਉਨ੍ਹਾਂ ਨੇ ਮੇਰੀ ਮਾਂ ਨੂੰ ਫ਼ਾਹੇ ਲੱਗੇ ਦੇਖਿਆ ਅਤੇ ਉਹਨੂੰ ਬਚਾ ਲਿਆ। ਕਈ ਲੋਕ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਮੇਰੀ ਮਾਂ ਨੂੰ ਹੇਠਾਂ ਲਾਹਿਆ ਤਾਂ ਉਹਦੀ ਜ਼ੁਬਾਨ ਬਾਹਰ ਨਿਕਲ਼ ਆਈ ਸੀ। ''ਜੇ ਤੂੰ ਰੋਇਆ ਨਾ ਹੁੰਦਾ ਤਾਂ ਮੈਨੂੰ ਬਚਾਉਣ ਕੋਈ ਨਾ ਆਇਆ ਹੁੰਦਾ,'' ਅੱਜ ਉਹ ਮੈਨੂੰ ਇਹ ਗੱਲ ਕਹਿੰਦੀ ਹੈ।
ਆਪਣੀ ਮਾਂ ਵਾਂਗਰ ਮੈਂ ਕਈ ਹੋਰ ਮਾਵਾਂ ਬਾਰੇ ਕਹਾਣੀਆਂ ਸੁਣੀਆਂ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਮੁਕਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਜਿਵੇਂ ਕਿਵੇਂ ਕਰਕੇ ਉਨ੍ਹਾਂ ਨੇ ਹਿੰਮਤ ਇਕੱਠੀ ਕੀਤੀ ਅਤੇ ਆਪਣੇ ਬੱਚਿਆਂ ਵਾਸਤੇ ਜਿਊਣ ਲੱਗੀਆਂ। ਜਦੋਂ ਕਦੇ ਵੀ ਮੇਰੀ ਮਾਂ ਮੇਰੇ ਨਾਲ਼ ਇਸ ਬਾਬਤ ਗੱਲ ਕਰਦੀ ਹੈ ਤਾਂ ਉਹਦੀਆਂ ਅੱਖਾਂ ਵਿੱਚੋਂ ਹੰਝੂ ਕਿਰਨ ਲੱਗਦੇ ਹਨ।
ਇੱਕ ਵਾਰ ਉਹ ਨਾਲ਼ ਦੇ ਪਿੰਡ ਝੋਨਾ ਲਾਉਣ ਗਈ। ਉਹਨੇ ਨੇੜੇ ਪੈਂਦੇ ਰੁੱਖ ਨਾਲ਼ ਥੂਲੀ (ਝੱਲੀ) ਬੰਨ੍ਹੀ ਅਤੇ ਉਸ ਵਿੱਚ ਮੈਨੂੰ ਸੁਆਂ ਦਿੱਤਾ। ਮੇਰੇ ਪਿਤਾ ਉੱਥੇ ਆਏ, ਮੇਰੀ ਮਾਂ ਨੂੰ ਕੁੱਟਣ ਲੱਗੇ ਅਤੇ ਮੈਨੂੰ ਝੱਲੀ ਸਣੇ ਵਗਾਹ ਮਾਰਿਆ। ਮੈਂ ਪਾਣੀ ਲੱਗੀ ਪੈਲ਼ੀ ਦੀਆਂ ਚਿੱਕੜ ਭਰੀਆਂ ਵੱਟਾਂ ਦੇ ਕੋਲ਼ ਜਾ ਡਿੱਗਿਆ ਅਤੇ ਮੇਰੇ ਸਾਹ ਰੁੱਕ ਗਏ।
ਮੇਰੀ ਮਾਂ ਨੇ ਮੈਨੂੰ ਹੋਸ਼ 'ਚ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਪਰ ਉਹ ਹਾਰ ਗਈ। ਮੇਰੀ ਚਿਥੀ , ਮੇਰੀ ਛੋਟੀ ਮਾਸੀ ਨੇ ਮੈਨੂੰ ਮੂਧਿਆਂ ਕੀਤਾ ਅਤੇ ਮੇਰੀ ਪਿੱਠ 'ਤੇ ਜ਼ੋਰ ਜ਼ੋਰ ਦੀ ਥਪੇੜੇ ਮਾਰਨ ਲੱਗੀ। ਸਭ ਦੱਸਦੇ ਹਨ ਕਿ ਬਿਲਕੁਲ ਉਦੋਂ ਹੀ ਮੇਰੇ ਸਾਹ ਤੁਰ ਪਏ ਅਤੇ ਮੈਂ ਚੀਕਾਂ ਮਾਰਨ ਲੱਗਿਆ। ਜਦੋਂ ਵੀ ਅੰਮਾ ਨੂੰ ਉਹ ਘਟਨਾ ਚੇਤੇ ਆਉਂਦੀ ਹੈ ਤਾਂ ਉਨ੍ਹਾਂ ਦੀ ਰੀੜ੍ਹ ਯਖ਼ ਹੋ ਜਾਂਦੀ ਹੈ। ਉਹ ਕਹਿੰਦੀ ਹੈ ਕਿ ਅਸਲ ਵਿੱਚ ਉਦੋਂ ਮੈਂ ਮਰ ਕੇ ਜੀਵਿਆਂ।
*****
ਜਦੋਂ ਮੈਂ ਦੋ ਸਾਲਾਂ ਦਾ ਸਾਂ ਤਾਂ ਮੇਰੀ ਮਾਂ ਨੇ ਖੇਤ ਮਜ਼ਦੂਰੀ ਛੱਡ ਕੇ ਮੱਛੀ ਵੇਚਣ ਦਾ ਕੰਮ ਫੜ੍ਹ ਲਿਆ। ਫਿਰ ਇਹੀ ਕੰਮ ਉਹਦੀ ਆਮਦਨੀ ਦਾ ਇੱਕੋ-ਇੱਕ ਵਸੀਲਾ ਬਣ ਕੇ ਰਹਿ ਗਿਆ। ਮੈਂ ਤਾਂ ਪਿਛਲੇ ਇੱਕ ਸਾਲ ਤੋਂ ਹੀ ਪਰਿਵਾਰ ਦਾ ਕਮਾਊ ਮੈਂਬਰ ਬਣਿਆ ਹਾਂ। ਉਦੋਂ ਤੀਕਰ ਮੇਰੀ ਮਾਂ ਹੀ ਸਾਡੇ ਪਰਿਵਾਰ ਦੀ ਰੋਜ਼ੀਰੋਟੀ ਦਾ ਵਸੀਲਾ ਬਣੀ ਰਹੀ। ਇੱਥੋਂ ਤੱਕ ਕਿ ਗਠੀਏ ਦਾ ਸ਼ਿਕਾਰ ਹੋਣ ਤੋਂ ਬਾਅਦ ਤੱਕ ਵੀ, ਉਹ ਦਵਾਈ ਖਾਇਆ ਕਰਦੀ ਅਤੇ ਮੱਛੀਆਂ ਵੇਚਣ ਨਿਕਲ਼ ਜਾਇਆ ਕਰਦੀ। ਉਹ ਸ਼ੁਰੂ ਤੋਂ ਹੀ ਬੜੀ ਮਿਹਨਤੀ ਇਨਸਾਨ ਵਜੋਂ ਮੇਰੇ ਚੇਤਿਆਂ ਵਿੱਚ ਸਮਾਈ ਹੋਈ ਹੈ।
ਮੇਰੀ ਮਾਂ ਦਾ ਨਾਮ ਤੀਰੂਮਾਯੀ ਹੈ। ਪਿੰਡ ਵਾਲ਼ੇ ਉਹਨੂੰ ਕੁੱਪੀ ਕਹਿੰਦੇ ਹਨ। ਮੈਂ ਵੀ ਅਕਸਰ ਖ਼ੁਦ ਨੂੰ ਕੁੱਪੀ ਦਾ ਬੇਟਾ ਹੀ ਕਹਿੰਦਾ ਹਾਂ। ਉਹਨੇ ਕਈ ਸਾਲਾਂ ਤੱਕ ਹੱਥੀਂ ਨਦੀਨ ਪੁੱਟਣ, ਚੌਲ਼ਾਂ ਦੀ ਕਾਸ਼ਤ ਕਰਨਾ, ਨਹਿਰਾਂ ਦੀ ਪੁਟਾਈ ਜਿਹੇ ਕਈ ਕੰਮ ਕੀਤੇ। ਜਦੋਂ ਮੇਰੇ ਦਾਦਾ ਨੇ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਪਟੇ 'ਤੇ ਲਿਆ ਤਾਂ ਮੇਰੀ ਮਾਂ ਨੇ ਇਕੱਲਿਆਂ ਹੀ ਖ਼ਾਦ ਛਿੜਕ ਛਿੜਕ ਕੇ ਉਸ ਜ਼ਮੀਨ ਨੂੰ ਤਿਆਰ ਕੀਤਾ। ਮੈਂ ਅੱਜ ਤੱਕ ਕਿਸੇ ਨੂੰ ਵੀ ਮੇਰੀ ਮਾਂ ਵਾਂਗਰ ਮਿਹਨਤ ਕਰਦਿਆਂ ਨਹੀਂ ਦੇਖਿਆ। ਮੇਰੀ ਅੰਮਾਯੀ ( ਦਾਦੀ) ਕਿਹਾ ਕਰਦੀ ਸਨ ਕਿ ਸਖ਼ਤ ਮੁਸ਼ੱਕਤ ਅੰਮਾ ਦਾ ਸਮਾਨਅਰਥੀ ਸ਼ਬਦ ਬਣ ਗਿਆ। ਕੋਈ ਇੰਨੀ ਲੱਕ-ਭੰਨ੍ਹਵੀਂ ਮਿਹਨਤ ਕਰ ਵੀ ਕਿੱਦਾਂ ਸਕਦਾ ਹੈ, ਮੈਂ ਅਕਸਰ ਸੋਚ ਸੋਚ ਕੇ ਹੈਰਾਨ ਹੋਇਆ ਕਰਦਾ।
ਮੈਂ ਦੇਖਿਆ ਹੈ ਕਿ ਦਿਹਾੜੀਦਾਰ ਮਜ਼ਦੂਰਾਂ ਵਿੱਚੋਂ ਖ਼ਾਸ ਕਰਕੇ ਔਰਤਾਂ ਵੱਧ ਮਿਹਨਤ ਕਰਦੀਆਂ ਹਨ। ਮੇਰੇ ਨਾਨੀ ਦੇ ਸੱਤ ਬੱਚੇ ਸਨ ਜਿਨ੍ਹਾਂ ਵਿੱਚ ਮੇਰੀ ਮਾਂ ਵੀ ਸਨ। ਉਨ੍ਹਾਂ ਦੀਆਂ 5 ਧੀਆਂ ਅਤੇ 2 ਬੇਟੇ ਸਨ। ਮੇਰੀ ਮਾਂ ਸਭ ਤੋਂ ਵੱਡੀ ਸੀ। ਮੇਰਾ ਨਾਨਾ ਇੱਕ ਸ਼ਰਾਬੀ ਸਨ ਜੋ ਸ਼ਰਾਬ ਪੀਣ ਵਾਸਤੇ ਆਪਣਾ ਘਰ ਤੱਕ ਵੇਚ ਸਕਦੇ ਸਨ। ਮੇਰੀ ਨਾਨੀ ਨੇ ਆਪਣੇ ਬੱਚਿਆਂ ਨੂੰ ਪਾਲ਼ਣ, ਉਨ੍ਹਾਂ ਨੂੰ ਵਿਆਹੁਣ ਵਾਸਤੇ ਹਰ ਸੰਭਵ ਕੰਮ ਕੀਤਾ ਅਤੇ ਨਾਲ਼ ਦੀ ਨਾਲ਼ ਆਪਣੇ ਪੋਤੇ-ਪੋਤੀਆਂ ਨੂੰ ਵੀ ਪਾਲ਼ਿਆ।
ਕੰਮ ਪ੍ਰਤੀ ਇਸੇ ਤਰ੍ਹਾਂ ਦਾ ਸਮਰਪਣ ਮੈਂ ਮੇਰੀ ਮਾਂ ਅੰਦਰ ਦੇਖਿਆ। ਜਦੋਂ ਮੇਰੀ ਚਿਥੀ ਨੇ ਆਪਣੀ ਮਰਜੀ ਨਾਲ਼ ਵਿਆਹ ਕਰਨਾ ਚਾਹਿਆ ਤਾਂ ਮੇਰੀ ਅੰਮਾ ਨੇ ਦਲੇਰੀ ਨਾਲ਼ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦਾ ਵਿਆਹ ਨੇਪਰੇ ਚਾੜ੍ਹਿਆ। ਇੱਕ ਵਾਰੀ ਦੀ ਗੱਲ ਦੱਸਦਾ ਹਾਂ ਜਦੋਂ ਅਸੀਂ ਝੌਂਪੜੀ ਵਿੱਚ ਹੀ ਰਹਿੰਦੇ ਹੁੰਦੇ ਸਾਂ ਤਾਂ ਅਚਾਨਕ ਝੌਂਪੜੀ ਨੂੰ ਅੱਗ ਲੱਗ ਗਏ, ਮੇਰੀ ਮਾਂ ਨੇ ਬੜੀ ਬਹਾਦਰੀ ਨਾਲ਼ ਮੈਨੂੰ, ਮੇਰੇ ਛੋਟੇ ਭਰਾ ਅਤੇ ਭੈਣ ਨੂੰ ਬਚਾਇਆ ਸੀ। ਉਹ ਸਦਾ ਤੋਂ ਬੜੀ ਨਿਡਰ ਰਹੀ। ਸਿਰਫ਼ ਮਾਂਵਾਂ ਹੀ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਬਾਰੇ ਸੋਚਦੀਆਂ ਹਨ, ਇੱਥੋਂ ਤੱਕ ਕਿ ਉਦੋਂ ਵੀ ਜਦੋਂ ਉਨ੍ਹਾਂ ਦੀ ਆਪਣੀ ਜ਼ਿੰਦਗੀ ਦਾਅ 'ਤੇ ਕਿਉਂ ਨਾ ਲੱਗੀ ਹੋਵੇ।
ਉਹ ਘਰ ਦੇ ਬਾਹਰ ਬਣੇ ਚੁੱਲ੍ਹੇ 'ਤੇ ਪਨਿਯਾਰਮ (ਮਿੱਠੀ ਜਾਂ ਨਮਕੀਨ ਪਕੌੜੀ) ਬਣਾਇਆ ਕਰਦੀ। ਲੋਕ ਜੁੜਨ ਲੱਗਦੇ ਅਤੇ ਗੁਆਂਢੀਆਂ ਦੇ ਬੱਚੇ ਖਾਣ ਨੂੰ ਮੰਗਦੇ। ''ਸਭ ਨਾਲ਼ ਮਿਲ਼-ਵੰਡ ਕੇ ਖਾਓ,'' ਉਹ ਅਕਸਰ ਕਿਹਾ ਕਰਦੀ। ਸੋ ਮੈਂ ਮੁੱਠੀ ਭਰ ਗੁਆਂਢ ਦੇ ਬੱਚਿਆਂ ਨੂੰ ਦੇ ਦਿੰਦਾ।
ਦੂਜਿਆਂ ਪ੍ਰਤੀ ਉਹਦੀ ਚਿੰਤਾ ਕਈ ਤਰੀਕਿਆਂ ਨਾਲ਼ ਝਲਕਦੀ। ਹਰ ਵਾਰੀ ਜਦੋਂ ਮੈਂ ਮੋਟਰ-ਬਾਈਕ ਚਲਾਉਣ ਲੱਗਦਾ ਤਾਂ ਉਹ ਕਹਿੰਦੀ,''ਜੇ ਤੈਨੂੰ ਸੱਟ ਲੱਗ ਜਾਵੇ ਤਾਂ ਕੋਈ ਗੱਲ ਨਹੀਂ, ਪਰ ਦੇਖੀਂ ਦੂਜਿਆਂ ਨੂੰ ਸੱਟ ਨਾ ਲਾਵੀਂ...''
ਮੇਰੇ ਪਿਤਾ ਨੇ ਮੇਰੀ ਮਾਂ ਨੂੰ ਕਦੇ ਨਹੀਂ ਪੁੱਛਿਆ ਹੋਣਾ ਕਿ ਉਹਨੇ ਖਾਣਾ ਖਾਧਾ ਵੀ ਹੈ ਜਾਂ ਨਹੀਂ। ਉਹ ਕਦੇ ਇਕੱਠਿਆਂ ਫ਼ਿਲਮ ਦੇਖਣ ਨਹੀਂ ਗਏ ਨਾ ਹੀ ਇਕੱਠਿਆਂ ਮੰਦਰ ਹੀ ਗਏ। ਮੇਰੀ ਮਾਂ ਸਦਾ ਹੀ ਕੰਮੇ ਲੱਗੀ ਰਹਿੰਦੀ। ਉਹ ਅਕਸਰ ਮੈਨੂੰ ਕਿਹਾ ਕਰਦੀ,''ਮੈਂ ਸਿਰਫ਼ ਤੁਹਾਡੇ ਲਈ ਜਿੰਦਾ ਹਾਂ ਨਹੀਂ ਤਾਂ ਮੈਂ ਕਦੋਂ ਦੀ ਮਰ ਮੁੱਕੀ ਹੁੰਦੀ।''
ਆਪਣਾ ਕੈਮਰਾ ਲੈਣ ਤੋਂ ਬਾਅਦ, ਮੈਂ ਆਪਣੀਆਂ ਕਹਾਣੀਆਂ ਦੀ ਤਲਾਸ਼ ਵਿੱਚ ਜਿੰਨ੍ਹਾਂ ਵੀ ਔਰਤਾਂ ਨੂੰ ਮਿਲ਼ਦਾ ਹਾਂ ਉਨ੍ਹਾਂ ਵਿੱਚੋਂ ਹਰੇਕ ਔਰਤ ਅਕਸਰ ਇਹੀ ਕਹਿੰਦੀ ਹੈ,''ਮੈਂ ਸਿਰਫ਼ ਆਪਣੇ ਬੱਚਿਆਂ ਖ਼ਾਤਰ ਜਿਊਂਦੀ ਹਾਂ।'' ਅੱਜ ਆਪਣੀ ਉਮਰ ਦੇ 30ਵੇਂ ਵਰ੍ਹੇ ਵਿੱਚ ਮੈਂ ਜਾਣਦਾ ਹਾਂ ਕਿ ਇਹ ਸੱਚੀ ਗੱਲ ਹੈ।
*****
ਮੇਰੀ ਮਾਂ ਜਿਨ੍ਹਾਂ ਪਰਿਵਾਰਾਂ ਨੂੰ ਮੱਛੀ ਵੇਚਿਆ ਕਰਦੀ ਸੀ, ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਵੱਲੋਂ ਜਿੱਤੇ ਮੈਡਲ ਜੋ ਘਰਾਂ ਵਿੱਚ ਸਜੇ ਹੁੰਦੇ। ਮੇਰੀ ਮਾਂ ਨੇ ਕਿਹਾ ਉਹਦੀ ਇੱਛਾ ਹੀ ਰਹੀ ਕਿ ਉਹਦੇ ਬੱਚੇ ਵੀ ਟਰਾਫ਼ੀਆਂ ਲਿਆਉਣ। ਪਰ ਜਦੋਂ ਇੱਕ ਵਾਰ ਮੈਂ ਅੰਗਰੇਜ਼ੀ ਦੇ ਪੇਪਰ ਵਿੱਚੋਂ ਫ਼ੇਲ੍ਹ ਹੋ ਗਿਆ ਤਾਂ ਉਹ ਮੇਰੇ ਨਾਲ਼ ਬੜਾ ਨਰਾਜ਼ ਹੋਈ ਅਤੇ ਮੈਨੂੰ ਝਿੜਕਾਂ ਮਾਰਨ ਲੱਗੀ। ''ਮੈਂ ਇੰਨੀ ਔਖ਼ੀ ਹੋ ਕੇ ਤੇਰੀ ਫ਼ੀਸ ਦਿੰਦੀ ਹਾਂ ਤੇ ਤੂੰ ਅੰਗਰੇਜ਼ੀ ਵਿੱਚੋਂ ਫ਼ੇਲ਼੍ਹ ਹੋ ਗਿਆਂ,'' ਉਹਨੇ ਗੁੱਸੇ ਵਿੱਚ ਕਿਹਾ।
ਉਹਦਾ ਉਹੀ ਗੁੱਸਾ ਹੀ ਮੇਰੇ ਲਈ ਕੁਝ ਕਰ ਗੁਜ਼ਰਨ ਦਾ ਸਬਬ ਬਣਿਆ। ਮੈਨੂੰ ਪਹਿਲੀ ਸਫ਼ਲਤਾ ਫੁਟਬਾਲ ਵਿੱਚ ਮਿਲ਼ੀ। ਮੈਂ ਸਕੂਲ ਦੀ ਫੁਟਬਲ ਟੀਮ ਵਿੱਚ ਚੁਣੇ ਜਾਣ ਲਈ ਦੋ ਸਾਲ ਉਡੀਕ ਕੀਤੀ। ਟੀਮ ਦਾ ਹਿੱਸਾ ਬਣਨ ਤੋਂ ਬਾਅਦ ਮੇਰੇ ਪਹਿਲੇ ਮੈਚ ਵਿੱਚ ਹੀ ਅਸੀਂ ਟੂਰਨਾਮੈਂਟ ਕੱਪ ਜਿੱਤ ਲਿਆ। ਉਸ ਦਿਨ ਸੱਚਿਓ ਮੈਨੂੰ ਬੜਾ ਮਾਣ ਹੋਇਆ, ਮੈਂ ਖ਼ੁਸ਼ੀ ਖ਼ੁਸ਼ੀ ਘਰ ਮੁੜਿਆ ਅਤੇ ਆਪਣੀ ਮਾਂ ਦੇ ਹੱਥ ਵਿੱਚ ਕੱਪ ਲਿਆ ਫੜ੍ਹਾਇਆ।
ਫ਼ੁਟਬਾਲ ਨੇ ਮੇਰੀ ਪੜ੍ਹਾਈ ਵਿੱਚ ਵੀ ਮਦਦ ਕੀਤੀ। ਸਪੋਟਸ ਕੋਟੇ ਦੇ ਅਧਾਰ 'ਤੇ ਹੀ ਮੈਂ ਹੋਸੁਰ ਦੇ ਇੰਜੀਨੀਅਰਿੰਗ ਕਾਲਜ ਵਿਖੇ ਦਾਖ਼ਲਾ ਲਿਆ ਅਤੇ ਡਿਗਰੀ ਹਾਸਲ ਕੀਤੀ। ਹਾਲਾਂਕਿ ਫ਼ੋਟੋਗਰਾਫ਼ੀ ਵਾਸਤੇ ਮੈਂ ਇੰਜੀਨੀਅਰਿੰਗ ਤੱਕ ਛੱਡ ਸਕਦਾ ਸਾਂ। ਪਰ ਸੱਚ ਕਹਾਂ ਤਾਂ ਮੈਂ ਅੱਜ ਜੋ ਕੁਝ ਵੀ ਹਾਂ, ਆਪਣੀ ਮਾਂ ਕਾਰਨ ਹੀ ਹਾਂ।
ਛੋਟੇ ਹੁੰਦਿਆਂ ਮੈਂ 'ਪਰੂਤਿਪਾਲ ਪਨੀਯਾਰਮ' (ਕਪਾਹ ਦੇ ਬੀਜ ਦੇ ਦੁੱਧ ਅਤੇ ਗੁੜ ਦੇ ਰਲੇਵੇਂ ਤੋਂ ਤਿਆਰ ਮਿੱਠਾ ਗੁਲਗੁਲਾ) ਖਾਣ ਦੇ ਲਾਲਚ ਵਿੱਚ, ਮਾਂ ਦੇ ਨਾਲ਼ ਬਜ਼ਾਰ ਚਲਾ ਜਾਂਦਾ ਅਤੇ ਉਹ ਮੇਰੇ ਲਈ ਗੁਲਗੁਲਾ ਖਰੀਦਿਆ ਕਰਦੀ।
ਸਵੇਰੇ ਸਾਜਰੇ ਉੱਠ ਕੇ ਜਦੋਂ ਅਸੀਂ ਮੱਛੀ ਖਰੀਦਣ ਜਾਇਆ ਕਰਦੇ ਅਤੇ ਮੱਛੀਆਂ ਦੀ ਉਡੀਕ ਵਿੱਚ ਸੜਕ ਕੰਢੇ ਬਿਤਾਈਆਂ ਰਾਤਾਂ ਚੇਤੇ ਹਨ ਜੋ ਮੱਛਰਾਂ ਦੇ ਕੱਟਣ ਨਾਲ਼ ਤਬਾਹ ਹੋਈਆਂ ਰਹਿੰਦੀਆਂ। ਹੁਣ ਉਸ ਵੇਲ਼ੇ ਬਾਰੇ ਸੋਚ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਬੇਹੱਦ ਨਿਗੂਣੇ ਜਿਹੇ ਮੁਨਾਫ਼ੇ ਖ਼ਾਤਰ ਵੀ ਸਾਨੂੰ ਇੱਕ-ਇੱਕ ਮੱਛੀ ਵੇਚਣੀ ਪੈਂਦੀ ਸੀ।
ਮਦੁਰਈ ਕਰੀਮੇਡੂ ਮੱਛੀ ਮੰਡੀ ਤੋਂ ਮਾਂ ਪੰਜ ਕਿਲੋ ਮੱਛੀ ਖਰੀਦ ਲੈਂਦੀ। ਇਸ ਵਿੱਚ ਮੱਛੀਆਂ ਦੇ ਭਾਰ ਦੇ ਨਾਲ਼-ਨਾਲ਼ ਬਰਫ਼ ਦਾ ਵੀ ਭਾਰ ਸ਼ਾਮਲ ਹੁੰਦਾ। ਇਸਲਈ, ਜਦੋਂ ਤੱਕ ਉਹ ਮੱਛੀ ਵੇਚਣ ਲਈ ਮਦੁਰਈ ਦੀਆਂ ਸੜਕਾਂ 'ਤੇ ਨਿਕਲ਼ਦੀ ਤਾਂ ਸਿਰ ਦੀ ਟੋਕਰੀ ਦੇ ਕੁੱਲ ਵਜ਼ਨ ਵਿੱਚੋਂ ਇੱਕ ਕਿਲੋ ਤਾਂ ਪਾਣੀ ਬਣ ਵਹਿ ਚੁੱਕਿਆ ਹੁੰਦਾ।
25 ਸਾਲ ਪਹਿਲਾਂ ਜਦੋਂ ਉਹਨੇ ਮੱਛੀ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਉਹ ਸਮੇਂ ਉਹ ਦਿਨ ਦੇ 50 ਰੁਪਏ ਤੋਂ ਵੱਧ ਨਾ ਕਮਾ ਪਾਉਂਦੀ। ਬਾਅਦ ਵਿੱਚ ਇਹ ਕਮਾਈ ਵੱਧ ਕੇ 200-300 ਰੁਪਏ ਤੱਕ ਹੋ ਗਈ। ਉਦੋਂ ਉਹਨੇ ਘੁੰਮ-ਘੁੰਮ ਕੇ ਮੱਛੀ ਵੇਚਣ ਦੀ ਬਜਾਇ ਸੜਕ ਕਿਨਾਰੇ ਆਪਣਾ ਖੋਕਾ ਲਾ ਕੇ ਮੱਛੀ ਵੇਚਣੀ ਸ਼ੁਰੂ ਕੀਤੀ। ਹੁਣ, ਉਹ ਮਹੀਨੇ ਦੇ 30 ਦਿਨ ਕੰਮ ਕਰਦੀ ਹੈ ਅਤੇ ਕਰੀਬ 12,000 ਰੁਪਏ ਤੱਕ ਕਮਾ ਲੈਂਦੀ ਹੈ।
ਜਦੋਂ ਮੈਂ ਵੱਡਾ ਹੋਇਆ ਤਾਂ ਮੇਰੇ ਪੱਲੇ ਪਿਆ ਕਿ ਉਹ ਕਰੀਮੇਡੂ ਵਿਖੇ ਹਫ਼ਤੇ ਦੀ ਪੂਰੇ ਦਿਨੀਂ ਰੋਜ਼ਾਨਾ 1,000 ਰੁਪਏ ਦੀਆਂ ਮੱਛੀਆਂ ਖ਼ਰੀਦਦੀ ਸੀ, ਬਦਲੇ ਵਿੱਚ ਭਾਵੇਂ ਕਿੰਨੀ ਵੀ ਕਮਾਈ ਹੁੰਦੀ ਰਹੀ ਹੋਵੇ। ਹਫ਼ਤੇ ਦੇ ਅੰਤ ਵਿੱਚ ਉਹਨੂੰ ਠੀਕ-ਠਾਕ ਕਮਾਈ ਹੋ ਜਾਇਆ ਕਰਦੀ ਅਤੇ ਇਸੇ ਲਈ ਉਹ ਉਨ੍ਹਾਂ ਦਿਨਾਂ ਵਿੱਚ 2,000 ਰੁਪਏ ਤੱਕ ਮੱਛੀ ਖਰੀਦ ਲੈਂਦੀ ਸੀ। ਹੁਣ ਉਹ ਰੋਜ਼ਾਨਾ 1,500 ਰੁਪਏ ਦੀਆਂ ਮੱਛੀਆਂ ਖਰੀਦਦੀ ਹੈ ਅਤੇ ਪੂਰੇ ਹਫ਼ਤੇ ਵਿੱਚ 5,000-6,000 ਰੁਪਏ ਖਰਚਦੀ ਹੈ। ਪਰ ਅੰਮਾ ਬਹੁਤ ਘੱਟ ਮੁਨਾਫ਼ਾ ਕਮਾਉਂਦੀ ਹੈ, ਕਿਉਂਕਿ ਉਹ ਬੜੀ ਨਰਮ ਦਿਲ ਹੈ ਅਤੇ ਆਪਣੇ ਗਾਹਕਾਂ ਨੂੰ ਘੱਟ ਤੋਲ ਦੇਣ ਦੀ ਬਜਾਇ ਵੱਧ ਹੀ ਤੋਲਦੀ ਹੈ।
ਮੇਰੀ ਮਾਂ ਜਿਨ੍ਹਾਂ ਪੈਸਿਆਂ ਨਾਲ਼ ਕਰੀਮੇਡੂ ਤੋਂ ਮੱਛੀਆਂ ਖਰੀਦਦੀ ਹੈ ਉਹ ਸ਼ਾਹੂਕਾਰ ਤੋਂ ਉਧਾਰ ਚੁੱਕੇ ਪੈਸੇ ਹੁੰਦੇ ਹਨ ਅਤੇ ਅਗਲੇ ਹੀ ਦਿਨ ਉਹ ਪੈਸੇ ਮੋੜਨੇ ਹੁੰਦੇ ਹਨ। ਜੇ ਉਹ ਹਫ਼ਤੇ ਦੇ ਹਰ ਦਿਨ ਸ਼ਾਹੂਕਾਰ ਪਾਸੋਂ 1,500 ਰੁਪਏ ਲੈਂਦੀ ਹੈ ਤਾਂ ਉਹਨੂੰ 24 ਘੰਟਿਆਂ ਦੇ ਅੰਦਰ ਅੰਦਰ ਸ਼ਾਹੂਕਾਰ ਨੂੰ 1,600 ਰੁਪਏ ਮੋੜਨੇ ਪੈਂਦੇ ਹਨ, ਭਾਵ ਕਿ 100 ਰੁਪਿਆ ਵਿਆਜ। ਕਿਉਂਕਿ ਲੈਣ-ਦੇਣ ਦਾ ਨਿਪਟਾਰਾ ਉਸੇ ਹਫ਼ਤੇ ਵਿੱਚ ਹੋ ਜਾਂਦਾ ਹੈ ਇਸਲਈ ਇਸ ਲੈਣ-ਦੇਣ ਵਿੱਚ ਸਾਲ ਦੇ ਬਣਦੇ 2400 ਰੁਪਏ ਦਾ ਵਿਆਜ ਦੀ ਗੱਲ ਜਾਹਰ ਜਿਹੀ ਨਹੀਂ ਹੋ ਪਾਉਂਦੀ।
ਜੇ ਮੱਛੀ ਖਰੀਦਣ ਲਈ 5,000 ਰੁਪਏ ਦਾ ਉਧਾਰ ਉਹ ਹਫ਼ਤੇ ਦੇ ਅੰਤ ਵਿੱਚ ਚੁੱਕਦੀ ਤਾਂ ਸੋਮਵਾਰ ਨੂੰ 5,200 ਰੁਪਏ ਮੋੜਨੇ ਪੈਂਦੇ। ਹਫ਼ਤੇ ਦਾ ਕੋਈ ਕੰਮਕਾਜੀ ਦਿਨ ਹੋਵੇ ਜਾਂ ਅਖ਼ੀਰਲਾ ਦਿਨ, ਕਰਜਾ ਮੋੜਨ ਵਿੱਚ ਇੱਕ ਦਿਨ ਦੀ ਦੇਰੀ ਹੋਣ ਦੀ ਸੂਰਤ ਵਿੱਚ ਰੋਜ਼ ਦੇ ਹਿਸਾਬ ਨਾਲ਼ 100 ਰੁਪਿਆ ਵੱਧ ਦੇਣਾ ਪੈਂਦਾ। ਹਫ਼ਤੇ ਦੇ ਅੰਤ ਵਿੱਚ ਲਏ ਗਏ ਕਰਜ਼ੇ 'ਤੇ 730 ਫ਼ੀਸਦ ਦੀ ਸਲਾਨਾ ਵਿਆਜ ਦਰ ਦੇਣੀ ਹੁੰਦੀ ਹੈ।
ਮੱਛੀ ਮੰਡੀ ਵੱਜਦੀਆਂ ਗੇੜੀਆਂ ਕਾਰਨ ਮੈਂ ਬੜੀਆਂ ਕਹਾਣੀਆਂ ਸੁਣ ਸਕਿਆ। ਕੁਝ ਕਹਾਣੀਆਂ ਨੇ ਮੈਨੂੰ ਹਲ਼ੂਣ ਕੇ ਰੱਖ ਦਿੱਤਾ। ਫੁਟਬਾਲ ਮੈਂਚਾਂ ਵਿੱਚ ਸੁਣੀਆਂ ਕਹਾਣੀਆਂ, ਆਪਣੇ ਪਿਤਾ ਦੇ ਨਾਲ਼ ਨਹਿਰਾਂ (ਸਿੰਚਾਈ ਵਾਲ਼ੀਆਂ) ਵਿੱਚ ਮੱਛੀਆਂ ਫੜ੍ਹਨ ਦੌਰਾਨ ਸੁਣੀਆਂ ਕਹਾਣੀਆਂ, ਇਨ੍ਹਾਂ ਸਾਰੀਆਂ ਕਹਾਣੀਆਂ ਨੇ ਰਲ਼ ਕੇ ਮੇਰੇ ਅੰਦਰ ਸਿਨੇਮਾ ਅਤੇ ਤਸਵੀਰਾਂ ਪ੍ਰਤੀ ਦਿਲਚਸਪੀ ਪੈਦਾ ਕਰ ਦਿੱਤੀ। ਮੇਰੀ ਮਾਂ ਹਰ ਹਫ਼ਤੇ ਮੈਨੂੰ ਜਿੰਨਾ ਵੀ ਜੇਬ੍ਹ ਖ਼ਰਚ ਦਿਆ ਕਰਦੀ ਉਸੇ ਪੈਸੇ ਨਾਲ਼ ਮੈਂ ਚੀ ਗਵੇਰਾ, ਨੈਪੋਲੀਅਨ ਅਤੇ ਸੁਜਾਤਾ ਦੀਆਂ ਕਿਤਾਬਾਂ ਖਰੀਦਦਾ ਜਿਨ੍ਹਾਂ ਨੂੰ ਪੜ੍ਹਨ ਦੀ ਲਲਕ ਨੇ ਮੈਨੂੰ ਲੈਂਪ ਪੋਸਟ ਦੀ ਰੌਸ਼ਨੀ ਵੱਲ ਖਿੱਚਿਆ।
*****
ਇੱਕ ਵੇਲ਼ਾ ਅਜਿਹਾ ਵੀ ਆਇਆ ਜਦੋਂ ਮੇਰੇ ਪਿਤਾ ਨੇ ਵੀ ਕੁਝ ਕਰ ਗੁਜ਼ਰਨ ਦੀ ਠਾਣ੍ਹ ਲਈ ਅਤੇ ਕੁਝ ਪੈਸੇ ਕਮਾਉਣੇ ਸ਼ੁਰੂ ਕੀਤੇ। ਉਨ੍ਹਾਂ ਨੇ ਛੋਟੇ-ਮੋਟੇ ਕੰਮ ਕਰਨ ਲਈ ਦਿਹਾੜੀਆਂ ਲਾਈਆਂ ਅਤੇ ਬੱਕਰੀਆਂ ਵੀ ਪਾਲ਼ੀਆਂ। ਪਹਿਲਾਂ, ਹਰ ਉਹ ਹਫ਼ਤੇ 500 ਰੁਪਏ ਕਮਾਉਂਦੇ ਸਨ। ਫਿਰ ਉਹ ਹੋਟਲ ਅਤੇ ਰੈਸਤਰਾਂ ਵਿੱਚ ਕੰਮ ਕਰਨ ਚਲੇ ਗਏ। ਹੁਣ ਉਹ ਦਿਨ ਦੇ 250 ਰੁਪਏ ਤੱਕ ਕਮਾਉਣ ਲੱਗੇ। ਸਾਲ 2008 ਵਿੱਚ, ਮੁੱਖਮੰਤਰੀ ਅਵਾਸ ਬੀਮਾ ਯੋਜਨਾ ਤਹਿਤ, ਮੇਰੇ ਮਾਪਿਆਂ ਨੇ ਪੈਸੇ ਉਧਾਰ ਚੁੱਕੇ ਅਤੇ ਘਰ ਬਣਾਉਣਾ ਸ਼ੁਰੂ ਕੀਤਾ, ਉਹੀ ਘਰ ਜਿਸ ਵਿੱਚ ਅਸੀਂ ਅੱਜ ਰਹਿੰਦੇ ਹਾਂ। ਇਹ ਜਵਾਹਰਲਾਲ ਪੁਰਮ ਵਿਖੇ ਸਥਿਤ ਹੈ, ਜੋ ਕਦੇ ਤਮਿਲਨਾਡੂ ਦੇ ਮਦੁਰਈ ਜ਼ਿਲ੍ਹੇ ਦਾ ਸਰਹੱਦੀ ਪਿੰਡ ਹੋਇਆ ਕਰਦਾ ਸੀ। ਪਰ ਵਿਕਾਸ ਦੇ ਨਾਂਅ 'ਤੇ ਹੋਏ ਸ਼ਹਿਰੀਕਰਣ ਨੇ ਉਸ ਪਿੰਡ ਨੂੰ ਨਿਗ਼ਲ ਲਿਆ ਅਤੇ ਹੁਣ ਉਹ ਇੱਕ ਉਪ-ਨਗਰ ਹੈ।
ਘਰ ਦੇ ਨਿਰਮਾਣ ਦੌਰਾਨ ਮੇਰੇ ਮਾਤਾ-ਪਿਤਾ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਇਸਲਈ ਘਰ ਬਣਦੇ ਬਣਦੇ ਪੂਰੇ 12 ਸਾਲ ਲੱਗ ਗਏ। ਮੇਰੇ ਪਿਤਾ ਕੱਪੜੇ ਰੰਗਣ ਵਾਲ਼ੀਆਂ ਫ਼ੈਕਟਰੀਆਂ, ਹੋਟਲਾਂ ਵਿੱਚ ਕੰਮ ਕਰਕੇ ਅਤੇ ਡੰਗਰਾਂ ਨੂੰ ਚਰਾਉਣ ਆਦਿ ਦਾ ਕੰਮ ਕਰਦੇ ਹੋਏ, ਮਾੜੇ-ਮੋਟੇ ਪੈਸੇ ਬਚਾਉਂਦੇ ਸਨ। ਇਸੇ ਬਚਤ ਸਹਾਰੇ ਉਨ੍ਹਾਂ ਨੇ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਪੜ੍ਹਾਇਆ ਅਤੇ ਇੱਕ ਇੱਕ ਇੱਟ ਜੋੜ ਜੋੜ ਕੇ ਘਰ ਬਣਾਇਆ। ਸਾਡਾ ਘਰ, ਜਿਸ ਦੀ ਬੁਨਿਆਦ ਅੰਦਰ ਉਨ੍ਹਾਂ ਦੀਆਂ ਕੁਰਬਾਨੀਆਂ ਲੁਕੀਆਂ ਹੋਈਆਂ ਹਨ, ਇਹੀ ਘਰ ਉਨ੍ਹਾਂ ਦੀ ਦ੍ਰਿੜਤਾ ਦਾ ਪ੍ਰਤੀਕ ਹੈ।
ਇੱਕ ਵਾਰ ਮੇਰੀ ਮਾਂ ਦੀ ਬੱਚੇਦਾਨੀ ਵਿੱਚ ਕੋਈ ਸਮੱਸਿਆ ਆ ਗਈ ਤਾਂ ਉਨ੍ਹਾਂ ਨੇ ਸਰਕਾਰੀ ਹਸਪਤਾਲ ਵਿੱਚ ਸਰਜਰੀ ਕਰਵਾਈ। ਇਸ ਇਲਾਜ ਵਿੱਚ ਕਰੀਬ 30,000 ਰੁਪਏ ਲੱਗੇ। ਉਸ ਵੇਲ਼ੇ ਮੈਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸਾਂ ਅਤੇ ਉਨ੍ਹਾਂ ਦੀ ਮਾਇਕ ਮਦਦ ਕਰਨ ਦੇ ਅਸਮਰੱਥ ਸਾਂ। ਜੋ ਨਰਸ ਅੰਮਾ ਦੀ ਦੇਖਭਾਲ਼ ਲਈ ਲਾਈ ਗਈ ਸੀ ਉਹਨੇ ਚੰਗੀ ਤਰ੍ਹਾਂ ਦੇਖਭਾਲ਼ ਕੀਤੀ ਹੀ ਨਹੀਂ। ਜਦੋਂ ਮੇਰੇ ਪਰਿਵਾਰ ਨੇ ਮਾਂ ਨੂੰ ਕਿਸੇ ਚੰਗੇ ਹਸਪਤਾਲ ਭਰਤੀ ਕਰਾਉਣ ਬਾਰੇ ਸੋਚਿਆ ਤਾਂ ਮੈਂ ਉਨ੍ਹਾਂ ਦੀ ਮਦਦ ਕਰਨ ਦੀ ਹਾਲਤ ਵਿੱਚ ਨਹੀਂ ਸਾਂ। ਪਰ ਪਾਰੀ (PARI) ਨਾਲ਼ ਜੁੜਦਿਆਂ ਹੀ ਮੇਰੀ ਉਸ ਹਾਲਤ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ।
ਪਾਰੀ (PARI) ਨੇ ਮੇਰੇ ਭਰਾ ਦੀ ਇੱਕ ਸਰਜਰੀ ਵਿੱਚ ਵੀ ਆਰਥਿਕ ਮਦਦ ਕੀਤੀ। ਹੁਣ ਮੈਂ ਆਪਣੀ ਹਰ ਮਹੀਨੇ ਮਿਲ਼ਣ ਵਾਲ਼ੀ ਤਨਖ਼ਾਹ ਵਿੱਚੋਂ ਅੰਮਾ ਨੂੰ ਪੈਸੇ ਦੇ ਸਕਦਾ ਹਾਂ। ਜਦੋਂ ਮੈਨੂੰ ਵਿਕਟਨ ਅਵਾਰਡ ਜਿਹੇ ਕਈ ਪੁਰਸਕਾਰ ਮਿਲ਼ੇ ਤਾਂ ਕਿਤੇ ਜਾ ਕੇ ਮੇਰੀ ਮਾਂ ਦੀ ਥੋੜ੍ਹੀ ਉਮੀਦ ਜਾਗੀ ਕਿ ਉਹਦਾ ਬੇਟਾ ਕੋਈ ਕੁਝ ਚੰਗਾ ਕਰਨ ਲੱਗਿਆ ਹੈ। ਮੇਰੇ ਪਿਤਾ ਇਹ ਕਹਿ ਕੇ ਮੇਰੀ ਲੱਤ ਖਿੱਚਿਆ ਕਰਦੇ: ''ਤੂੰ ਪੁਰਸਕਾਰ ਜਿੱਤ ਸਕਦਾ ਹੈਂ, ਪਰ ਕੀ ਤੂੰ ਘਰ ਲਈ ਠੀਕ-ਠਾਕ ਪੈਸੇ ਦੇ ਸਕਦਾ ਹੈਂ?''
ਉਹ ਸਹੀ ਸਨ। ਭਾਵੇਂ ਮੈਂ 2008 ਤੋਂ ਹੀ ਆਪਣੇ ਚਾਚਾ ਅਤੇ ਦੋਸਤਾਂ ਨਾਲ਼ ਉਨ੍ਹਾਂ ਦੇ ਮੋਬਾਇਲ ਮੰਗ ਕੇ ਫ਼ੋਟੋਆਂ ਖਿੱਚਣੀਆਂ ਸ਼ੁਰੂ ਕੀਤੀਆਂ ਸਨ ਪਰ 2014 ਵਿੱਚ ਜਾ ਕੇ ਮੈਂ ਆਪਣੇ ਘਰਦਿਆਂ ਤੋਂ ਪੈਸੇ ਮੰਗਣੇ ਬੰਦ ਕੀਤੇ। ਉਸ ਤੋਂ ਪਹਿਲਾਂ ਤੀਕਰ, ਮੈਂ ਹੋਟਲਾਂ ਵਿੱਚ ਭਾਂਡੇ ਮਾਂਜਣ, ਵਿਆਹਾਂ ਅਤੇ ਹੋਰਨਾਂ ਸਮਾਗਮਾਂ ਵਿੱਚ ਭੋਜਨ ਵਰਤਾਉਣ ਜਿਹੇ ਬਹੁਤ ਸਾਰੇ ਕੰਮ ਕੀਤੇ।
ਮੈਨੂੰ ਆਪਣੀ ਮਾਂ ਲਈ ਵਾਜਬ (ਠੀਕ-ਠਾਕ) ਪੈਸੇ ਕਮਾਉਣ ਵਿੱਚ 10 ਸਾਲਾਂ ਦਾ ਸਮਾਂ ਲੱਗਿਆ। ਪਿਛਲੇ ਦਸ ਸਾਲਾਂ ਵਿੱਚ ਅਸੀਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਮੇਰੀ ਭੈਣ ਵੀ ਬੀਮਾਰ ਪੈ ਗਈ। ਮੇਰੀ ਮਾਂ ਅਤੇ ਭੈਣ ਦੇ ਬੀਮਾਰ ਰਹਿਣ ਕਾਰਨ ਹਸਪਤਾਲ ਸਾਡਾ ਦੂਜਾ ਘਰ ਬਣ ਗਿਆ। ਅੰਮਾ ਦੀ ਬੱਚੇਦਾਨੀ ਵਿੱਚ ਕਈ ਸਮੱਸਿਆਵਾਂ ਪੈਦਾ ਹੋ ਗਈਆਂ। ਪਰ ਅੱਜ ਹਾਲਾਤ ਪਹਿਲਾਂ ਨਾਲ਼ੋਂ ਕੁਝ ਕੁ ਬਿਹਤਰ ਹਨ। ਹੁਣ ਮੈਨੂੰ ਭਰੋਸਾ ਹੈ ਕਿ ਮੈਂ ਆਪਣੀ ਮਾਂ ਅਤੇ ਪਿਤਾ ਲਈ ਕੁਝ ਤਾਂ ਕਰ ਸਕਦਾ ਹਾਂ। ਇੱਕ ਫ਼ੋਟੋਗਰਾਫ਼ਰ ਜਰਨਲਿਸਟ ਹੋਣ ਨਾਤੇ, ਮਜ਼ਦੂਰ ਵਰਗ ਦੀਆਂ ਜੋ ਕਹਾਣੀਆਂ ਮੈਂ ਤਿਆਰ ਕਰਦਾ ਹਾਂ ਉਸ ਸਭ ਦੀ ਪ੍ਰੇਰਣਾ ਮੈਨੂੰ ਮੇਰੇ ਮਾਪਿਆਂ ਦੇ ਜੀਵਨ ਤੋਂ ਹੀ ਮਿਲ਼ਦੀ ਹੈ। ਉਨ੍ਹਾਂ ਦਾ ਤਪ ਹੀ ਮੇਰੀ ਸਿਖਲਾਈ ਹੈ। ਉਹ ਲੈਂਪ-ਪੋਸਟ ਹੀ ਮੇਰੀ ਦੁਨੀਆ ਨੂੰ ਰੁਸ਼ਨਾਉਂਦਾ ਹੈ।
ਤਰਜਮਾ: ਕਮਲਜੀਤ ਕੌਰ