ਰਾਮਾ ਅਡੇਲੂ ਗਾਂਡੇਵਾੜ ਕਾਫ਼ੀ ਦਿਨਾਂ ਤੋਂ ਕੁਝ ਕੁਝ ਚਿੰਤਤ ਅਤੇ ਬੇਚੈਨ ਜਾਪਦੇ ਹਨ ਅਤੇ ਮਨੋਂ-ਮਨੀਂ ਉਨ੍ਹਾਂ ਨੂੰ ਇਸ ਚਿੰਤਾ ਮਗਰਲੀ ਗੱਲ ਦਾ ਅਹਿਸਾਸ ਵੀ ਹੈ। ਭਾਵੇਂ ਕੋਵਿਡ-19 ਦੀ ਦੂਸਰੀ ਲਹਿਰ ਪੱਥਰ ਚੱਟ ਕੇ ਵਾਪਸ ਮੁੜ ਰਹੀ ਹੈ ਪਰ ਕਰੋਨਾ ਕਾਲ਼ ਦੌਰਾਨ ਹੋਈਆਂ ਮੌਤਾਂ ਦਾ ਭਿਆਨਕ ਦ੍ਰਿਸ਼ ਉਨ੍ਹਾਂ ਲਈ ਭੁਲਾ ਸਕਣਾ ਸੰਭਵ ਨਹੀਂ ਹੋ ਰਿਹਾ। ਉਹ ਕਹਿੰਦੇ ਹਨ,''ਹੁਣ ਸ਼ਮਸ਼ਾਨ ਘਾਟ ਵਿਖੇ ਦਾਹ ਸਸਕਾਰਾਂ ਦਾ ਹੋਣਾ ਕੁਝ ਘਟਿਆ ਹੈ। ਪਰ ਕੀ ਬਣੂ ਜੇ ਤੀਜੀ ਲਹਿਰ ਆ ਜਾਂਦੀ ਹੈ ਤਾਂ? ਮੈਂ ਇੱਕ ਵਾਰ ਫਿਰ ਤੋਂ ਉਸ ਤਬਾਹੀ ਦਾ ਗਵਾਹ ਬਣਨ ਦੀ ਕਲਪਨਾ ਵੀ ਨਹੀਂ ਕਰ ਸਕਦਾ।''
60 ਸਾਲਾ ਰਾਮਾ, ਮਹਾਰਾਸ਼ਟਰ ਦੇ ਓਸਮਾਨਾਬਾਦ ਸ਼ਹਿਰ ਦੇ ਕਪਿਲਧਾਰ ਸ਼ਮਸ਼ਾਨ ਭੂਮੀ ਵਿਖੇ ਬਤੌਰ ਸ਼ਮਸ਼ਾਨ-ਕਰਮੀ ਕੰਮ ਕਰਦੇ ਹਨ। ਉਹ ਆਪਣੇ ਪਰਿਵਾਰ ਦੇ ਨਾਲ਼ ਇਸੇ ਸ਼ਮਸ਼ਾਨ ਭੂਮੀ ਪਰਿਸਰ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ 78 ਸਾਲਾ ਮਾਂ ਅਦਿਲਬਾਈ, 40 ਸਾਲਾ ਪਤਨੀ ਲਕਸ਼ਮੀ ਅਤੇ ਚਾਰ ਧੀਆਂ ਰਾਧਿਕਾ (ਉਮਰ 18 ਸਾਲ), ਮਨੀਸ਼ਾ (ਉਮਰ 12 ਸਾਲ), ਸਤਿਆਸ਼ੀਲਾ (ਉਮਰ 10 ਸਾਲ) ਅਤੇ ਸਾਰਿਕਾ (ਉਮਰ 3 ਸਾਲ) ਹਨ। ਉਨ੍ਹਾਂ ਦੀ ਵੱਡੀ ਧੀ ਰਾਧਿਕਾ ਦੇ ਪਤੀ 22 ਸਾਲਾ ਗਣੇਸ਼ ਵੀ ਉਨ੍ਹਾਂ ਦੇ ਨਾਲ਼ ਹੀ ਰਹਿੰਦੇ ਹਨ।
ਰਾਮਾ ਦਾ ਕੰਮ ਸ਼ਮਸ਼ਾਨ ਘਾਟ ਦਾ ਪ੍ਰਬੰਧਨ ਦੇਖਣਾ ਹੈ। ਰਾਮਾ ਦੱਸਦੇ ਹਨ,''ਮੈਨੂੰ ਲੋਥਾਂ ਨੂੰ ਚਿਖਾ ਵਿੱਚ ਚਿਣਨ ਤੋਂ ਲੈ ਕੇ ਦੇਹ ਦੇ ਸੜ ਜਾਣ ਬਾਅਦ ਫੁੱਲਾਂ (ਅਸਥੀਆਂ) ਅਤੇ ਸੁਆਹ ਨੂੰ ਹਟਾਉਣ ਜਿਹੇ ਕਈ ਹੋਰ ਕੰਮ ਵੀ ਕਰਨੇ ਪੈਂਦੇ ਹਨ।'' ਇਸ ਕੰਮ ਵਿੱਚ ਗਣੇਸ਼ ਉਨ੍ਹਾਂ ਦੀ ਮਦਦ ਕਰਦੇ ਹਨ। ''ਇਸ ਪੂਰੇ ਕੰਮ ਬਦਲੇ ਓਸਮਾਨਾਬਾਦ ਨਗਰ ਪਾਲਿਕਾ ਵੱਲੋਂ ਸਾਨੂੰ ਹਰ ਮਹੀਨੇ 5000 ਰੁਪਏ ਮਿਲ਼ਦੇ ਹਨ।'' ਜੋ ਰਾਸ਼ੀ ਉਨ੍ਹਾਂ ਦੇ ਕੰਮ ਬਦਲੇ ਮਿਲ਼ਦੀ ਹੈ ਬੱਸ ਇਹੀ ਪਰਿਵਾਰ ਦੀ ਆਮਦਨੀ ਦਾ ਇੱਕੋ-ਇੱਕ ਵਸੀਲਾ ਹੈ।
ਮੂ਼ਲ਼ ਰੂਪ ਵਿੱਚ ਨੰਦੇੜ- ਓਸਮਾਨਾਬਾਦ ਸ਼ਹਿਰ ਤੋਂ ਕਰੀਬ 200 ਕਿਲੋਮੀਟਰ ਦੂਰ- ਦੇ ਵਾਸੀ ਰਾਮਾ ਆਪਣੇ ਪਰਿਵਾਰ ਨਾਲ਼ ਇੱਥੇ ਲਗਭਗ 12 ਸਾਲ ਪਹਿਲਾਂ ਰਹਿਣ ਆਏ ਸਨ। ਉਹ ਮਸਾਨਜੋਗੀ ਭਾਈਚਾਰੇ ਨਾਲ਼ ਤਾਅਲੁਕ ਰੱਖਦੇ ਹਨ ਜੋ ਮਹਾਰਾਸ਼ਟਰ ਦੀ ਖ਼ਾਨਾਬਦੋਸ਼ ਜਾਤੀ ਵਜੋਂ ਸੂਚੀਬੱਧ ਹੈ। ਮਸਾਨਜੋਗੀ ਭਾਈਚਾਰੇ ਦੇ ਲੋਕ ਪਰੰਪਰਾਗਤ ਰੂਪ ਨਾਲ਼ ਸ਼ਮਸ਼ਾਨਘਾਟ ਵਿਖੇ ਕੰਮ ਕਰਨ ਦੇ ਨਾਲ਼ ਨਾਲ਼ ਖ਼ੈਰਾਤ ਮੰਗ ਕੇ ਗੁਜ਼ਰ-ਬਸਰ ਕਰਦੇ ਰਹੇ ਹਨ। ਗਾਂਡੇਵਾੜ ਪਰਿਵਾਰ ਵਾਂਗਰ ਹੀ ਕਈ ਹੋਰ ਪਰਿਵਾਰ ਵੀ ਸ਼ਮਸ਼ਾਨ ਭੂਮੀ ਅਤੇ ਕਬਰਿਸਤਾਨ ਵਿੱਚ ਹੀ ਰਹਿੰਦੇ ਹਨ।









