'' ਸ਼ਾਲੇਤ ਜਾਇਚੈ... ਸ਼ਾਲੇਤ... ਵੈਭਵ ... ਵੈਭਵ ... ਸ਼ਾਲੇਤ... (ਸਕੂਲ ਜਾਣਾ ਚਾਹੁੰਦਾ ਹੈ... ਸਕੂਲ...)''
ਪ੍ਰਤੀਕ ਆਪਣੇ ਇੱਕ ਸਹਿਪਾਠੀ ਨੂੰ ਬਾਰ ਬਾਰ ਇਹੀ ਗੱਲ ਕਹਿ ਰਿਹਾ ਹੈ ਜੋ ਸਹਿਪਾਠੀ ਬੱਚਾ ਇਸ ਸਮੇਂ ਇੱਥੇ ਮੌਜੂਦ ਵੀ ਨਹੀਂ ਹੈ। ਪ੍ਰਤੀਕ ਆਪਣੇ ਕੱਚੇ ਘਰ ਦੇ ਦਲਾਨ ਵਿੱਚ ਬੈਠਾ ਹੈ ਅਤੇ ਉਸਦੀਆਂ ਨਜ਼ਰਾਂ ਟਹਿਕਦੇ ਅਤੇ ਖੇਡਦੇ ਬੱਚਿਆਂ 'ਤੇ ਗੱਡੀਆਂ ਹੋਈਆਂ ਹਨ। 13 ਸਾਲਾ ਇਹ ਲੜਕਾ ਸਵੇਰ ਤੋਂ ਦੁਪਹਿਰ ਤੀਕਰ ਇੱਥੇ ਹੀ ਬੈਠਾ ਰਹਿੰਦਾ ਹੈ। ਕਦੇ ਵਿਹੜੇ ਵਿੱਚ ਲੱਗੇ ਰੁੱਖ ਨਾਲ਼ ਢੋਅ ਲਾ ਕੇ ਅਤੇ ਕਦੇ ਖੜ੍ਹੇ ਹੋ ਕੇ ਬਿਟਰ ਬਿਟਰ ਆਪਣੀ ਹੀ ਦੁਨੀਆਂ ਨੂੰ ਘੂਰਦਾ ਰਹਿੰਦਾ ਹੈ। ਉਹਦੀ ਦੁਨੀਆ ਜੋ ਪਿਛਲੇ 11 ਮਹੀਨਿਆਂ ਤੋਂ ਸ਼ਾਇਦ ਹੀ ਇਸ ਵਿਹੜੇ ਇਸ ਕੱਚੇ ਢਾਰੇ ਤੋਂ ਪਾਰ ਨਿਕਲ਼ੀ ਹੋਵੇ।
ਰਾਸ਼ਿਨ ਪਿੰਡ ਦੇ ਬਾਕੀ ਬੱਚੇ ਪ੍ਰਤੀਕ ਦੇ ਨਾਲ਼ ਨਹੀਂ ਖੇਡਦੇ। ''ਇੱਥੋਂ ਦੇ ਬੱਚੇ ਸਮਝ ਹੀ ਨਹੀਂ ਪਾਉਂਦੇ ਕਿ ਉਹ ਬੋਲ ਕੀ ਰਿਹਾ ਹੈ। ਇਹ ਇਕੱਲਾ ਰਹਿੰਦਾ ਹੈ,'' ਉਹਦੀ ਮਾਂ ਸ਼ਾਰਦਾ ਰਾਉਤ (32 ਸਾਲਾ) ਕਹਿੰਦੀ ਹਨ। ਉਨ੍ਹਾਂ ਨੇ ਕਾਫ਼ੀ ਸਮਾਂ ਪਹਿਲਾਂ ਹੀ ਭਾਂਪ ਲਿਆ ਸੀ ਕਿ ਪ੍ਰਤੀਕ ਪਿੰਡ ਦੇ ਬਾਕੀ ਮੁੰਡਿਆਂ ਨਾਲ਼ੋਂ ਵੱਖਰਾ ਸੀ, ਇੱਥੋਂ ਤੱਕ ਕਿ ਆਪਣੇ ਵੱਡੇ ਭੈਣ-ਭਰਾ ਨਾਲ਼ੋਂ ਵੀ। 10 ਸਾਲਾਂ ਦੀ ਉਮਰ ਤੱਕ ਉਹ ਨਾ ਤਾਂ ਬੋਲ ਸਕਦਾ ਸੀ ਅਤੇ ਨਾ ਹੀ ਆਪਣੇ-ਆਪਣਾ ਦਾ ਧਿਆਨ ਹੀ ਰੱਖ ਸਕਦਾ ਸੀ।
ਜਦੋਂ ਪ੍ਰਤੀਕ ਹਾਲੇ 8 ਸਾਲਾਂ ਦਾ ਹੀ ਸੀ ਤਾਂ ਉਸ ਅੰਦਰ ਡਾਊਨ ਸਿੰਡਰੋਮ ਦੀ ਸਮੱਸਿਆ ਤਸ਼ਖ਼ੀਸ ਹੋਈ। ਉਨ੍ਹਾਂ ਦਾ ਇਹ ਰੋਗ ਸੋਲਾਪੁਰ ਦੇ ਸ਼੍ਰੀ ਛਤਰਪਤੀ ਸ਼ਿਵਾਜੀ ਮਹਾਰਾਜ ਸਰਵੋਪਚਾਰ ਰੁਗਣਾਲਯ ਵਿਖੇ ਫੜ੍ਹਿਆ ਗਿਆ ਅਤੇ ਇਹ ਹਸਪਤਾਲ ਅਹਿਮਦਨਗਰ ਜ਼ਿਲ੍ਹੇ ਵਿੱਚ ਪੈਂਦੇ ਉਨ੍ਹਾਂ ਦੇ ਪਿੰਡ ਕਰਜਤ ਤਾਲੁਕਾ ਤੋਂ ਕਰੀਬ 160 ਕਿਲੋਮੀਟਰ ਦੂਰ ਪੈਂਦਾ ਹੈ। ਸ਼ਾਰਦਾ ਚੇਤੇ ਕਰਦੀ ਹਨ,''ਉਹ 10 ਸਾਲ ਦੀ ਉਮਰ ਤੱਕ ਬੋਲ ਨਹੀਂ ਸੀ ਸਕਦਾ। ਪਰ ਜਦੋਂ ਉਹਨੇ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਮੈਨੂੰ ਆਈ (ਮਰਾਠੀ ਭਾਸ਼ਾ ਵਿੱਚ ਮਾਂ) ਕਹਿ ਕੇ ਬੁਲਾਉਣ ਲੱਗਿਆ। ਉਹ ਖ਼ੁਦ ਗ਼ੁਸਲ ਚਲਾ ਜਾਂਦਾ ਅਤੇ ਆਪੇ ਨਹਾ ਵੀ ਲੈਂਦਾ। ਮੇਰੇ ਬੇਟੇ ਲਈ ਸਕੂਲ ਬਹੁਤ ਮਹੱਤਵਪੂਰਨ ਹੈ। ਉਹਨੇ ਕੁਝ ਅੱਖਰ ਸਿੱਖੇ ਹਨ ਜੇ ਸਕੂਲ ਜਾਂਦਾ ਰਹਿੰਦਾ ਤਾਂ ਹੋਰ ਵੀ ਸਿੱਖ ਸਕਦਾ ਸੀ। ਪਰ ਇਸ ਮਹਾਂਮਾਰੀ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ!''
ਮਾਰਚ ਮਹੀਨੇ ਵਿੱਚ ਪ੍ਰਤੀਕ ਦਾ ਰਿਹਾਇਸ਼ੀ ਸਕੂਲ ਬੰਦ ਕਰ ਦਿੱਤਾ ਗਿਆ ਜਦੋਂ ਕੋਵਿਡ-19 ਮਹਾਂਮਾਰੀ ਅਜੇ ਸ਼ੁਰੂ ਹੀ ਹੋਈ ਸੀ। ਪ੍ਰਤੀਕ 6 ਸਾਲ ਤੋਂ 18 ਸਾਲ ਦੇ ਉਨ੍ਹਾਂ 25 ਵਿਦਿਆਰਥੀਆਂ ਵਿੱਚੋਂ ਇੱਕ ਹੈ ਜੋ ਬੌਧਿਕ ਅਪੰਗਤਾ ਦਾ ਸ਼ਿਕਾਰ ਹਨ। ਇਨ੍ਹਾਂ ਸਾਰੇ ਹੀ ਬੱਚਿਆਂ ਨੂੰ ਘਰੋ-ਘਰੀ ਭੇਜ ਦਿੱਤਾ ਗਿਆ।
ਪ੍ਰਤੀਕ ਨੇ ਸਾਲ 2018 ਵਿੱਚ ਸਕੂਲ ਜਾਣਾ ਸ਼ੁਰੂ ਕੀਤਾ ਸੀ ਜਦੋਂ ਇੱਕ ਰਿਸ਼ਤੇਦਾਰ ਨੇ ਉਹਦੀ ਮਾਂ ਨੂੰ ਸੋਲਾਪੁਰ ਜ਼ਿਲ੍ਹੇ ਦੇ ਕਰਮਾਲਾ ਤਾਲੁਕਾ ਵਿੱਚ ਪੈਂਦੇ ਇਸ ਰਿਹਾਇਸ਼ੀ ਸਕੂਲ, ਗਿਆਨਪ੍ਰਬੋਧਨ ਮਤੀਮੰਦ ਨਿਵਾਸੀ ਵਿਦਿਆਲੇ ਬਾਰੇ ਦੱਸਿਆ ਸੀ ਜਿੱਥੇ ਬੌਧਿਕ ਅਪੰਗਤਾ ਦੇ ਸ਼ਿਕਾਰ ਬੱਚਿਆਂ ਨੂੰ ਤਾਲੀਮ ਦਿੱਤੀ ਜਾਂਦੀ ਹੈ। ਇਹ ਸਕੂਲ ਪ੍ਰਤੀਕ ਦੇ ਪਿੰਡ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਸਕੂਲ, ਠਾਣੇ ਵਿੱਚ ਇੱਕ ਐੱਨਜੀਓ ਸ਼੍ਰਮਿਕ (ਕਿਰਤੀ) ਮਹਿਲਾ ਮੰਡਲ ਦੁਆਰਾ ਚਲਾਇਆ ਜਾਂਦਾ ਹੈ ਜਿੱਥੇ ਬੱਚਿਆਂ ਦੀ ਪੜ੍ਹਾਈ ਮੁਫ਼ਤ ਹੈ ਅਤੇ ਪਰਿਵਾਰਾਂ ਸਿਰ ਕੋਈ ਖ਼ਰਚਾ ਨਹੀਂ ਪੈਂਦਾ।
ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮੀਂ 4.30 ਤੱਕ ਵਿਦਿਆਲੇ ਅੰਦਰ ਚਾਰ ਅਧਿਆਪਕ ਬੱਚਿਆਂ ਨੂੰ ਬੋਲਣਾ, ਕਸਰਤ ਕਰਨਾ, ਆਪਣਾ ਧਿਆਨ ਰੱਖਣਾ, ਕਾਗ਼ਜ਼ ਨਾਲ਼ ਕਲਾ ਕਰਨੀ, ਭਾਸ਼ਾ ਦੇ ਹੁਨਰ, ਅੰਕਾਂ, ਰੰਗਾਂ ਅਤੇ ਚੀਜ਼ਾਂ ਦੀ ਪਛਾਣ ਕਰਨਾ ਸਿਖਾਉਂਦੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਾਉਂਦੇ ਹਨ।
ਪਰ ਤਾਲਾਬੰਦੀ ਨੇ ਪ੍ਰਤੀਕ ਅੰਦਰ ਸਕੂਲ ਅਨੁਸ਼ਾਸਨ, ਇਹਦੀ ਕਾਰਜ-ਸੂਚੀ, ਅਧਿਆਪਕਾਂ ਅਤੇ ਸਹਿਪਾਠੀਆਂ ਨਾਲ਼ ਹੁੰਦੀ ਗੱਲਬਾਤ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਘਰੇ, ਉਹ ਕਈ ਵਾਰੀ ਮਰਾਠੀ ਅਤੇ ਅੰਗਰੇਜ਼ੀ ਦੇ ਕੁਝ ਕੁਝ ਅੱਖਰ ਲਿਖਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ a , aa , e … abcd ਜੋ ਉਹਨੂੰ ਸਕੂਲ ਬੰਦ ਹੋਣ ਤੋਂ ਪਹਿਲਾਂ ਸਿੱਖੇ ਸਨ।
ਪਰ ਸ਼ਰਧਾ ਇਸ ਗੱਲੋਂ ਚਿੰਤਤ ਹਨ ਕਿ ਉਹ ਪਿਛਲੇ 11 ਮਹੀਨਿਆਂ ਦੌਰਾਨ ਸਿੱਖਿਆ ਹੋਇਆ ਸਭ ਭੁੱਲ ਗਿਆ ਹੈ। ਉਹ ਦੱਸਦੀ ਹਨ ਕਿ ਪ੍ਰਤੀਕ ਨੇ ਦਸੰਬਰ ਤੋਂ ਅੱਖਰ ਲਿਖਣੇ ਛੱਡ ਦਿੱਤੇ ਹਨ। ''ਜਦੋਂ ਉਹ ਮਾਰਚ ਮਹੀਨੇ ਵਿੱਚ ਵਾਪਸ ਘਰ ਆਇਆ ਤਾਂ ਬੜਾ ਸ਼ਾਂਤ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਉਹ ਚਿੜਚਿੜਾ ਹੋਈ ਜਾਂਦਾ ਹੈ ਅਤੇ ਪਿਆਰ ਨਾਲ਼ ਪੁੱਛੀ ਗੱਲ ਦਾ ਜਵਾਬ ਵੀ ਗੁੱਸੇ ਵਿੱਚ ਦਿੰਦਾ ਹੈ,'' ਉਹ ਕਹਿੰਦੀ ਹਨ।
ਡਾ. ਮੋਨਾ ਗਾਜਰੇ, ਇੱਕ ਪੀਡੀਆਟ੍ਰਿਕ ਨਿਓਰੋਲੋਜਿਸਟ, ਬੌਧਿਕ ਅਪੰਗ ਬੱਚਿਆਂ ਦੀ ਮਾਹਰ ਅਤੇ ਲੋਕਮਾਨਯ ਤਿਲਕ ਜਨਰਲ ਹਸਪਤਾਲ (ਉੱਤਰ-ਮੱਧ ਮੁੰਬਈ ਦੇ ਸ਼ਿਓਨ ਵਿੱਚ ਪੈਂਦੇ) ਦੀ ਪ੍ਰੋਫ਼ੈਸਰ ਦਾ ਕਹਿਣਾ ਹੈ ਕਿ ਬੌਧਿਕ ਅਪੰਗ ਬੱਚਿਆਂ ਵਾਸਤੇ ਸਕੂਲੀ ਸਿਖਲਾਈ ਅਤੇ ਨਿਯਮ ਬੜੇ ਅਹਿਮ ਹੁੰਦੇ ਹਨ। ਸਪੈਸ਼ਲ ਸਕੂਲ ਦੀ ਮਹੱਤਤਾ ਬਾਰੇ ਸਮਝਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਇੱਥੇ ''ਹਰ ਕੰਮ ਨੂੰ ਕਈ ਛੋਟੇ- ਛੋਟੇ ਹਿੱਸਿਆਂ ਵਿੱਚ ਤੋੜਿਆ ਜਾਂਦਾ ਹੈ ਅਤੇ ਹਰੇਕ ਪੜਾਅ ਨੂੰ ਬਾਰੰਬਾਰ ਦਹੁਰਾਉਣ ਦੀ ਪ੍ਰਕਿਰਿਆ ਕਿਸੇ ਵੀ ਕੰਮ ਨੂੰ ਚੇਤੇ ਰੱਖਣ ਵਿੱਚ ਸਹਾਈ ਹੁੰਦੀ ਹੈ ਅਤੇ ਸੁੱਤੇਸਿੱਧ ਕੰਮ ਸੌਖਾ ਲੱਗਣ ਲੱਗਦਾ ਹੈ। ਜੇਕਰ ਇਸ ਟ੍ਰੇਨਿੰਗ ਵਿੱਚ ਕੋਈ ਬ੍ਰੇਕ ਲੱਗ ਜਾਵੇ ਤਾਂ ਇਹ ਬੱਚੇ (ਬੌਧਿਕ ਅਪੰਗ) ਕੁਝ ਮਹੀਨਿਆਂ ਵਿੱਚ ਹੀ ਸਾਰਾ ਸਿੱਖਿਆ-ਸਿਖਾਇਆ ਭੁੱਲ ਜਾਂਦੇ ਹਨ।''
ਬੱਚਿਆਂ ਨੂੰ ਪੜ੍ਹਾਈ ਨਾਲ਼ ਜੋੜੀ ਰੱਖਣ ਲਈ ਪ੍ਰਤੀਕ ਦੇ ਸਕੂਲ ਵੱਲੋਂ ਬੱਚਿਆਂ ਨੂੰ ਘਰੇ ਮੁੜਦੇ ਵੇਲ਼ੇ ਪੜ੍ਹਨ ਦਾ ਕਾਫ਼ੀ ਸਮਾਨ ਦਿੱਤਾ ਗਿਆ। ਪਰ ਸ਼ਰਧਾ ਵਾਸਤੇ ਪ੍ਰਤੀਕ ਨੂੰ ਇਨ੍ਹਾਂ ਕੰਮਾਂ ਨਾਲ਼ ਜੋੜਨਾ ਔਖ਼ਾ ਹੈ। ''ਉਸ ਦੇ ਅਧਿਆਪਕ ਨੇ ਸਾਨੂੰ ਰੰਗਾਂ ਅਤੇ ਵਰਣਮਾਲਾਵਾਂ ਦੇ ਚਾਰਟ ਦਿੱਤੇ, ਪਰ ਉਹ ਸਾਡੀ ਗੱਲ ਸੁਣਦਾ ਹੀ ਨਹੀਂ ਅਤੇ ਸਾਨੂੰ ਆਪਣੇ ਕੰਮ ਵੱਲ਼ ਵੀ ਧਿਆਨ ਦੇਣਾ ਪੈਂਦਾ ਹੈ,'' ਉਹ ਕਹਿੰਦੀ ਹਨ। ਸ਼ਾਰਧਾ ਜਿਨ੍ਹਾਂ ਨੇ ਦਸਵੀਂ ਤੱਕ ਪੜ੍ਹਾਈ ਕੀਤੀ ਹੈ, ਉਹ ਘਰ ਦੇ ਕੰਮ ਅਤੇ ਪਰਿਵਾਰ ਦੀ ਦੇਖਭਾਲ਼ ਕਰਨ ਦੇ ਨਾਲ਼ ਨਾਲ਼ ਆਪਣੇ ਪਤੀ ਦੱਤਾਤਰੇਯ ਰਾਉਤ (ਉਮਰ ਦੇ ਚਾਲ੍ਹੀਵੇਂ ਸਾਲ ਵਿੱਚ) ਨਾਲ਼ ਪਰਿਵਾਰ ਦੀ ਦੋ ਏਕੜ ਦੀ ਪੈਲ਼ੀ ਵਿੱਚ ਵੀ ਕੰਮ ਕਰਨ ਵਿੱਚ ਮਦਦ ਕਰਦੀ ਹਨ।
ਪਰਿਵਾਰ ਦੇ ਗੁਜ਼ਾਰੇ ਵਾਸਤੇ ਉਹ ਖ਼ਰੀਫ਼ ਦੇ ਮੌਸਮ ਵਿੱਚ ਜਵਾਰ ਅਤੇ ਬਾਜਰੇ ਦੀ ਕਾਸ਼ਤ ਕਰਦੇ ਹਨ। ਸ਼ਾਰਧਾ ਕਹਿੰਦੀ ਹਨ,''ਨਵੰਬਰ ਤੋਂ ਲੈ ਕੇ ਮਈ ਤੀਕਰ ਅਸੀਂ ਮਹੀਨੇ ਦੇ 20-25 ਦਿਨ ਹੋਰਨਾਂ ਦੇ ਖੇਤਾਂ ਵਿੱਚ ਕੰਮ ਕਰਦੇ ਹਾਂ।'' ਉਨ੍ਹਾਂ ਦੀ ਮਹੀਨੇ ਦੀ ਕਮਾਈ 6,000 ਤੋਂ ਵੱਧ ਨਹੀਂ। ਇਸਲਈ ਕਿਸੇ ਵੀ ਸੂਰਤ ਵਿੱਚ ਮਾਂ-ਬਾਪ ਘਰੇ ਬੈਠ ਕੇ ਆਪਣੇ ਬੇਟੇ ਦਾ ਧਿਆਨ ਨਹੀਂ ਰੱਖਦੇ ਸਕਦੇ। ਜੇਕਰ ਉਹ ਇੰਝ ਕਰ ਵੀ ਲੈਣ ਤਾਂ ਸਮਝੋ ਕਿ ਪਰਿਵਾਰ ਦਾ ਪਹਿਲਾਂ ਤੋਂ ਤੰਗ ਹੱਥ ਹੋਰ ਤੰਗ ਹੋ ਜਾਵੇਗਾ।
ਪ੍ਰਤੀਕ ਦਾ ਵੱਡਾ ਭਰਾ, 18 ਸਾਲਾ ਵਿੱਕੀ ਆਪਣੀ ਤਾਲੁਕਾ ਵਿੱਚ ਪੈਂਦੇ ਕਾਲਜ ਵਿੱਚ 12ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਉਸ ਕੋਲ਼ ਵੀ ਆਪਣੇ ਭਰਾ ਦੀ ਮਦਦ ਕਰਨ ਵਾਸਤੇ ਸਮਾਂ ਨਹੀਂ ਹੁੰਦਾ। ਉਹ ਤਾਲਾਬੰਦੀ ਤੋਂ ਬਾਅਦ ਤੋਂ ਆਨਲਾਈਨ ਕਲਾਸਾਂ ਲਾਉਂਦਾ ਰਿਹਾ ਹੈ ਪਰ ਕਿਉਂਕਿ ਘਰ ਵਿੱਚ ਕਿਸੇ ਕੋਲ਼ ਵੀ ਸਮਾਰਟਫੋ਼ਨ ਨਹੀਂ ਹੈ ਸੋ ਉਹਨੂੰ ਕਲਾਸਾਂ ਲਾਉਣ ਵਾਸਤੇ ਪਿੰਡ ਦੇ ਆਪਣੇ ਕਿਸੇ ਦੋਸਤ ਘਰ ਜਾਣਾ ਪੈਂਦਾ ਹੈ।
ਭਾਵੇਂ ਕਿ ਆਨਲਾਈਨ ਪੜ੍ਹਾਈ ਹਰੇਕ ਬੱਚੇ ਵਾਸਤੇ ਕਿਸੇ ਚੁਣੌਤੀ ਤੋਂ ਘੱਟ ਨਹੀਂ (ਦੇਖੋ ਸਟੋਰੀ: ਆਨਲਾਈਨ ਸਿੱਖਿਆ: ਇੱਕ ਵਾਰ ਫਿਰ... ਵਾਂਝੇ ਵਰਗ ਹੀ ਵਾਂਝੇ ਰਹੇ ) ਪਰ ਜੇ ਗੱਲ ਬੌਧਿਕ ਅਪੰਗ ਬੱਚਿਆਂ ਦੀ ਕਰੀਏ ਤਾਂ ਇਹ ਇੱਕ ਵੱਡੀ ਰੁਕਾਵਟ ਹੈ ਜਿਨ੍ਹਾਂ ਦਾ ਪਹਿਲਾਂ ਹੀ ਦਾਖਲਾ ਬਾਮੁਸ਼ਕਲ ਹੋਇਆ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ, ਭਾਰਤ ਵਿੱਚ 5 ਸਾਲ ਤੋਂ 19 ਸਾਲ ਉਮਰ ਵਰਗ ਦੇ ਕੁੱਲ 400,000 ਬੌਧਿਕ ਅਪੰਗ ਬੱਚਿਆਂ ਵਿੱਚੋਂ ਮੁਸ਼ਕਲ ਨਾਲ਼ 185,086 ਬੱਚੇ ਹੀ ਕਿਸੇ ਵਿੱਦਿਅਕ ਸੰਸਥਾ ਵਿੱਚ ਜਾਂਦੇ ਹਨ (ਉਂਝ ਭਾਰਤ ਅੰਦਰ 500,000 ਲੱਖ ਤੋਂ ਵੱਧ ਬੌਧਿਕ ਅਪੰਗ ਬੱਚੇ ਹਨ) ।ਤਾਲਾਬੰਦੀ ਦੌਰਾਨ ਇਨ੍ਹਾਂ ਵਿੱਚੋਂ ਬਹੁਤੇਰੀਆਂ ਸੰਸਥਾਵਾਂ ਨੂੰ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਮਿਲ਼ੇ ਸਨ। ਕਮਿਸ਼ਨਰੇਟ ਫਾਰ ਪਰਸਨ ਵਿਦ ਡਿਸਏਬਿਲਿਟੀ/ਅਪੰਗ ਵਿਅਕਤੀਆਂ ਵਾਸਤੇ ਕਮਿਸ਼ਨਰੇਟ (ਮਹਾਰਾਸ਼ਟਰ ਸਰਕਾਰ) ਨੇ ਮਹਾਂਮਾਰੀ ਦੌਰਾਨ ਇਨ੍ਹਾਂ ਵਿਸ਼ੇਸ਼ ਬੱਚਿਆਂ ਲਈ ਆਨਲਾਈਨ ਕਲਾਸਾਂ ਚਲਾਉਣ ਲਈ ਸਮਾਜਿਕ ਨਿਆਂ ਅਤੇ ਵਿਸ਼ੇਸ਼ ਸਹਾਇਤਾ ਵਿਭਾਗ ਪਾਸੋਂ ਇਜਾਜ਼ਤ ਮੰਗੀ। ਪੱਤਰ ਵਿੱਚ ਕਿਹਾ ਗਿਆ: ''ਨੈਸ਼ਨਲ ਇੰਸਟੀਚਿਊਟ ਫ਼ਾਰ ਇੰਮਪਾਰਵਮੈਂਟ ਆਫ਼ ਪਰਸਨਜ਼ ਵਿੱਦ ਇੰਟੇਲੇਕਚੁਅਲ ਡਿਸਏਬਿਲਟੀਜ਼, ਖਾਰਘਰ, ਨਵੀਂ ਮੁੰਬਈ, ਜ਼ਿਲ੍ਹਾ ਠਾਣੇ ਦੀ ਵੈੱਬਸਾਈਟ 'ਤੇ ਉਪਲਬਧ ਵਿੱਦਿਅਕ ਸਮੱਗਰੀ ਦੀ ਵਰਤੋਂ ਕਰਕੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਰਾਹੀਂ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਨ ਲਈ ਪਹਿਲ ਕੀਤੀ ਜਾਣੀ ਚਾਹੀਦੀ ਹੈ ਅਤੇ ਲੋੜ ਮੁਤਾਬਕ ਮਾਪਿਆਂ ਤੀਕਰ ਸਿੱਖਿਆ ਸਮੱਗਰੀ ਵੀ ਪਹੁੰਚਾਈ ਜਾਣੀ ਚਾਹੀਦੀ ਹੈ।''
ਪ੍ਰਤੀਕ ਦੇ ਸਕੂਲ, ਗਿਆਨ ਪ੍ਰਬੋਧਨ ਵਿਦਿਆਲੇ ਵੱਲੋਂ ਅੱਖਰਾਂ, ਅੰਕਾਂ ਅਤੇ ਵੱਖ-ਵੱਖ ਵਸਤੂਆਂ ਨੂੰ ਦਰਸਾਉਂਦੇ ਚਾਰਟ, ਕਵਿਤਾ ਅਤੇ ਗੀਤ ਦੇ ਅਭਿਆਸ ਪਾਠ ਅਤੇ ਸਿੱਖਿਆ ਸਬੰਧੀ ਹੋਰ ਵੀ ਸਮੱਗਰੀ ਮਾਪਿਆਂ ਨੂੰ ਸੌਂਪੀ ਗਈ। ਸਕੂਲ ਦੇ ਪ੍ਰੋਗਰਾਮ ਕੋਆਰਡੀਨੇਟਰ ਰੋਹਿਤ ਬਾਗਰੇ ਨੇ ਕਿਹਾ ਕਿ ਉਹ ਨਿਯਮਿਤ ਰੂਪ ਵਿੱਚ ਬੱਚਿਆਂ ਦੇ ਮਾਪਿਆਂ ਨਾਲ਼ ਫ਼ੋਨ ਰਾਹੀਂ ਗੱਲਬਾਤ ਕਰਕੇ ਬੱਚਿਆਂ ਬਾਰੇ ਅਪਡੇਟ ਲੈਂਦੇ ਰਹਿੰਦੇ ਹਨ ਅਤੇ ਲੋੜੀਂਦੀਆਂ ਹਦਾਇਤਾਂ ਵੀ ਦਿੰਦੇ ਹਨ।
ਬਾਗਰੇ ਇਹ ਵੀ ਦੱਸਦੇ ਹਨ ਕਿ ਇਨ੍ਹਾਂ 25 ਬੱਚਿਆਂ ਦੇ ਮਾਪੇ ਜਾਂ ਤਾਂ ਭੱਠਾ ਮਜ਼ਦੂਰ ਹਨ ਜਾਂ ਖ਼ੇਤ ਮਜ਼ਦੂਰ। ''ਪੜ੍ਹਾਈ ਦੌਰਾਨ ਮਾਪਿਆਂ ਨੂੰ ਬੱਚਿਆਂ ਦੇ ਨਾਲ਼ ਬੈਠਣਾ ਚਾਹੀਦਾ ਹੈ ਪਰ ਜੇਕਰ ਉਹ ਇੰਝ ਕਰਦੇ ਹਨ ਤਾਂ ਉਨ੍ਹਾਂ ਦੀ ਦਿਹਾੜੀ ਟੁੱਟਦੀ ਹੈ। ਇਸਲਈ ਪ੍ਰਤੀਕ ਅਤੇ ਬਾਕੀ ਬੱਚਿਆਂ ਕੋਲ਼ ਵਿਹਲੇ ਬੈਠੇ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ। ਜਿੱਥੇ ਰੋਜ਼ਮੱਰਾ ਦੀਆਂ ਗਤੀਵਿਧੀਆਂ, ਖੇਡਾਂ ਉਨ੍ਹਾਂ ਨੂੰ ਸਵੈ-ਵਿਸ਼ਵਾਸੀ ਬਣਾਉਂਦੀਆਂ ਹਨ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਹਮਲਾਵਰ ਰਵੱਈਏ ਨੂੰ ਕਾਬੂ ਕਰਨ ਵਿੱਚ ਮਦਦ ਵੀ ਕਰਦੀਆਂ ਹਨ। ਇਹੋ ਜਿਹੀਆਂ ਗਤੀਵਿਧੀਆਂ ਆਨਲਾਈਨ ਹੋਣੀਆਂ ਮੁਸ਼ਕਲ ਹਨ, ਬੱਚਿਆਂ ਨੂੰ ਉਚੇਚਾ ਧਿਆਨ ਚਾਹੀਦਾ ਹੈ।''
ਸਕੂਲ ਦੇ ਬੰਦ ਹੋਣ ਕਾਰਨ ਇੱਕ ਹੋਰ ਬੌਧਿਕ ਅਪੰਗ ਬੱਚੇ, 18 ਸਾਲਾ ਸੰਕੇਤ ਹੰਬੇ ਦਾ ਜੀਵਨ ਵੀ ਪ੍ਰਭਾਵਤ ਹੋਇਆ ਹੈ, ਜੋ 12,600 ਲੋਕਾਂ ਦੀ ਅਬਾਦੀ ਵਾਲ਼ੇ ਰਾਸ਼ਨ ਪਿੰਡ ਵਿੱਚ ਰਹਿੰਦਾ ਹੈ। ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਉਹ ਪੂਰਾ ਪੂਰਾ ਦਿਨ ਆਪਣੇ ਪੱਕੇ ਮਕਾਨ ਅਤੇ ਐਸਬੈਸਟਸ ਦੀ ਛੱਤ ਹੇਠ ਡੱਠੀ ਲੋਹੇ ਦੀ ਮੰਜੀ 'ਤੇ ਬਹਿ ਕੇ ਗੁਜ਼ਾਰਦਾ ਹੈ। (ਵੈਸੇ ਵੀ ਇਹ ਸਕੂਲ ਸਿਰਫ਼ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਹੀ ਦਾਖਲਾ ਦਿੰਦਾ ਹੈ/ਪੜ੍ਹਾਈ ਕਰਾਉਂਦਾ ਹੈ; ਉਸ ਤੋਂ ਬਾਅਦ ਤਾਂ ਇਹ ਬੱਚੇ ਆਪਣੇ ਘਰੇ ਹੀ ਰਹਿੰਦੇ ਹਨ। ਕਰਜਤ ਤਾਲੁਕਾ ਵਿੱਚ ਕੁਝ ਕੁ ਹੀ ਕਿੱਤਾਮੁਖੀ ਸਿਖਲਾਈ ਕੇਂਦਰ ਹਨ, ਪਰ ਇਨ੍ਹਾਂ ਵਿੱਚ ਆਉਂਦਾ ਖ਼ਰਚਾ ਇਹ ਮਜ਼ਦੂਰ ਮਾਪੇ ਝੱਲ ਨਹੀਂ ਸਕਦੇ)।
ਛੇ ਸਾਲ ਦੀ ਉਮਰ ਵਿੱਚ ਸੰਕੇਤ ਦੀ 'ਡੂੰਘੀ ਮੰਦਬੁੱਧੀ' (ਮੈਡੀਕਲ ਰਿਪੋਰਟ ਮੁਤਾਬਕ) ਦਾ ਪਤਾ ਲੱਗਿਆ, ਜਿਸ ਦੇ ਫ਼ਲਸਰੂਪ ਉਹ ਬੋਲ ਨਹੀਂ ਸਕਦਾ ਸੀ ਅਤੇ ਬਾਰ ਬਾਰ ਮਿਰਗੀ ਦੇ ਦੌਰੇ ਪੈਂਦੇ ਰਹਿੰਦੇ ਸਨ ਜਿਸਦੀ ਕਿ ਨਿਯਮਤ ਦਵਾਈ ਲੈਣੀ ਪੈਂਦੀ ਸੀ। 2017 ਵਿੱਚ 15 ਸਾਲ ਦੀ ਉਮਰੇ ਸੰਕੇਤ ਦੀ ਮਾਂ ਮਨੀਸ਼ਾ (39 ਸਾਲਾ) ਨੇ ਪਿੰਡ ਦੀ ਇੱਕ ਆਸ਼ਾ ਵਰਕਰ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਰਮੀ) ਦੀ ਸਲਾਹ 'ਤੇ ਉਹਨੂੰ ਸਕੂਲ ਦਾਖ਼ਲ ਕਰਵਾਇਆ।
''ਪਹਿਲਾਂ ਸਾਨੂੰ ਉਹਨੂੰ ਕੱਪੜੇ ਪੁਆਉਣੇ ਪੈਂਦੇ ਸਨ, ਨਹਿਲਾਉਣਾ ਪੈਂਦਾ ਸੀ ਅਤੇ ਗੁਸਲ ਜਾਣ ਲੱਗਿਆਂ ਵੀ ਉਹਦੀ ਮਦਦ ਕਰਨੀ ਪੈਂਦੀ ਸੀ। ਉਹ ਆਪਣੇ ਆਸ ਪਾਸ ਦੇ ਲੋਕਾਂ ਨੂੰ ਦੇਖ ਕੇ ਬੇਚੈਨ ਹੋ ਜਾਇਆ ਕਰਦਾ। ਪਰ ਸਕੂਲ ਜਾਣ ਤੋਂ ਬਾਅਦ ਤੋਂ ਉਸ ਵਿੱਚ ਵੱਡਾ ਸੁਧਾਰ ਹੋਇਆ ਹੈ,'' ਮਨੀਸ਼ਾ ਕਹਿੰਦੀ ਹਨ।
11 ਮਹੀਨਿਆਂ ਤੋਂ ਸਕੂਲ ਬੰਦ ਹੈ ਅਤੇ ਹੁਣ ਉਹ ਖ਼ੁਦ-ਬ-ਖ਼ੁਦ ਗੁਸਲ ਵਰਤਣ ਦੀ ਸਿਖਲਾਈ ਵੀ ਭੁੱਲ ਗਿਆ ਹੈ। ਮਨੀਸ਼ਾ ਕਹਿੰਦੀ ਹਨ,''ਮਾਰਚ ਵਿੱਚ ਘਰ ਪਰਤਣ ਦੇ ਕੁਝ ਹਫ਼ਤੇ ਬਾਅਦ, ਉਹ ਆਪਣੇ ਕੱਪੜੇ ਲਬੇੜ ਲੈਂਦਾ ਅਤੇ ਮਲ਼ ਨੂੰ ਸਰੀਰ ਅਤੇ ਕੰਧਾਂ 'ਤੇ ਲਾ ਦਿਆ ਕਰਦਾ।''
ਉਨ੍ਹਾਂ ਦੀ ਚਿੰਤਾ ਵੱਧਦੀ ਹੀ ਜਾ ਰਹੀ ਸੀ ਕਿਉਂਕਿ ਸਕੂਲ ਪਹਿਲਾਂ ਕੁਝ ਹਫ਼ਤਿਆਂ ਲਈ ਬੰਦ ਸਨ ਅਤੇ ਫਿਰ ਮਹੀਨਿਆਂ ਦੇ ਮਹੀਨੇ ਲੰਘ ਗਏ। ਸੰਕੇਤ ਅਕਸਰ ਬੜਾ ਹਮਲਾਵਰ, ਜ਼ਿੱਦੀ ਹੋ ਜਾਂਦਾ ਹੈ ਅਤੇ ਰਾਤ ਰਾਤ ਭਰ ਸੌਂਦਾ ਵੀ ਨਹੀਂ। ''ਕਈ ਵਾਰ ਉਹ ਪੂਰੀ ਪੂਰੀ ਰਾਤ ਜਾਗਦਾ ਰਹਿੰਦਾ ਹੈ। ਮੰਜੇ 'ਤੇ ਬੈਠਾ ਅੱਗੇ ਪਿੱਛੇ ਹਿੱਲਦਾ ਰਹਿੰਦਾ ਹੈ,'' ਮਨੀਸ਼ਾ ਦੱਸਦੀ ਹਨ।
ਮਨੀਸ਼ਾ ਆਪਣੇ ਬੇਟੇ ਅਤੇ 19 ਸਾਲਾ ਧੀ ਰੁਤੁਜਾ ਦੇ ਨਾਲ਼ ਆਪਣੇ ਪੇਕੇ ਘਰ ਰਹਿੰਦੀ ਹਨ ਕਿਉਂਕਿ ਸਾਲ 2010 ਵਿੱਚ ਉਨ੍ਹਾਂ ਦੇ ਕਿਸਾਨ ਪਤੀ ਨੇ ਆਤਮਹੱਤਿਆ ਕਰ ਲਈ ਸੀ। ਉਦੋਂ ਉਨ੍ਹਾਂ ਦੀ ਉਮਰ ਸਿਰਫ਼ 30 ਸਾਲ ਸੀ। (ਰੁਤੁਜਾ ਬੀ.ਏ. ਦੀ ਪੜ੍ਹਾਈ ਕਰ ਰਹੀ ਹੈ ਇਸਲਈ ਪੜ੍ਹਾਈ ਵਾਸਤੇ ਉਹ ਠਾਣੇ ਜ਼ਿਲ੍ਹੇ ਦੇ ਬਦਲਪੁਰ ਸ਼ਹਿਰ ਵਿਖੇ ਆਪਣੀ ਮਾਸੀ ਘਰ ਰਹਿੰਦੀ ਹੈ)। ਮਨੀਸ਼ਾ ਪੂਰਾ ਸਾਲ ਆਪਣੇ ਮਾਪਿਆਂ ਦੀ ਸੱਤ ਏਕੜ ਦੀ ਪੈਲ਼ੀ ਵਿੱਚ ਖੇਤੀ ਦਾ ਕੰਮ ਕਰਦੀ ਹਨ। ਖੇਤ ਮਜ਼ਦੂਰਾਂ ਦੀ ਮਦਦ ਨਾਲ਼ ਇਹ ਪਰਿਵਾਰ ਖ਼ਰੀਫ਼ ਅਤੇ ਰਬੀ ਸੀਜ਼ਨ ਵਿੱਚ ਮੱਕਾ ਅਤੇ ਜਵਾਰ ਦੀ ਖੇਤੀ ਕਰਦਾ ਹੈ।
''ਮੇਰੇ ਮਾਂ ਅਤੇ ਬਾਪ ਦੋਵਾਂ ਦੀ ਉਮਰ 80 ਤੋਂ ਪਾਰ ਹੈ ਅਤੇ ਉਹ ਸੰਕੇਤ ਨੂੰ ਸੰਭਾਲ਼ ਨਹੀਂ ਸਕਦੇ। ਇੱਥੋਂ ਤੱਕ ਕਿ ਜਦੋਂ ਕਦੇ ਵੀ ਉਹ ਉਹਨੂੰ ਪਿਆਰ ਨਾਲ਼ ਕੁਝ ਕਹਿੰਦੇ ਹਨ ਤਾਂ ਉਹ ਉਨ੍ਹਾਂ ਨੂੰ ਧੱਕਾ ਮਾਰਦਾ ਹੈ, ਵਗ੍ਹਾਤੀਆਂ ਚੀਜ਼ਾਂ ਮਾਰਦਾ ਹੈ ਅਤੇ ਉੱਚੀ ਉੱਚੀ ਚੀਕਣ ਲੱਗਦਾ ਹੈ,''ਮਨੀਸ਼ਾ ਕਹਿੰਦੀ ਹਨ। ਮਸਲਾ ਇਹ ਹੈ ਕਿ ਉਹ ਖ਼ੁਦ ਪੂਰਾ ਪੂਰਾ ਦਿਨ ਘਰੇ ਨਹੀਂ ਰਹਿ ਸਕਦੀ। ''ਦੱਸੋ ਫਿਰ ਮੇਰੀ ਥਾਂ 'ਤੇ ਹੋਰ ਕੌਣ ਕੰਮ ਕਰੇਗਾ? ਅਸੀਂ ਖਾਵਾਂਗੇ ਕੀ?'' ਮਨੀਸ਼ਾ ਪੁੱਛਦੀ ਹਨ।
ਮਾਰਚ ਵਿੱਚ ਜਦੋਂ ਸੰਕੇਤ ਘਰ ਮੁੜਿਆ ਤਾਂ ਉਹਦਾ ਵਤੀਰਾ ਇੰਨਾ ਹਮਲਾਵਰ ਨਹੀਂ ਸੀ। ''ਉਹ ਮੇਰੇ ਨਾਲ਼ ਖੇਤਾਂ ਵਿੱਚ ਵੀ ਆ ਜਾਇਆ ਕਰਦਾ ਅਤੇ ਮੇਰੇ ਸਿਰ 'ਤੇ ਪੱਠਿਆਂ ਦੀ ਪੰਡ ਚੁਕਾਉਣ ਵਿੱਚ ਮੇਰੀ ਮਦਦ ਕਰਦਾ। ਪਰ ਸਤੰਬਰ ਮਹੀਨੇ ਵਿੱਚ ਉਹਨੇ ਅਚਾਨਕ ਆਉਣਾ ਬੰਦ ਕਰ ਦਿੱਤਾ,'' ਮਨੀਸ਼ਾ ਕਹਿੰਦੀ ਹਨ। ਜੇਕਰ ਮਨੀਸ਼ਾ ਬਾਰ ਬਾਰ ਉਹਨੂੰ ਨਾਲ ਆਉਣ ਵਾਸਤੇ ਕਹਿੰਦੀ ਤਾਂ ਉਹ ਮਾਂ ਦੇ ਠੁੱਡ ਮਾਰਦਾ। ''ਮੈਂ ਉਸ ਨਾਲ਼ ਗੁੱਸੇ ਨਹੀਂ ਹੋ ਸਕਦੀ। ਇੱਕ ਮਾਂ ਲਈ ਉਹਦੇ ਸਾਰੇ ਬੱਚੇ ਬਰਾਬਰ ਹਨ। ਉਹ ਜਿਹੋ-ਜਿਹਾ ਵੀ ਹੈ ਮੇਰੇ ਜਿਗਰ ਦਾ ਟੁਕੜਾ ਹੈ,'' ਉਹ ਕਹਿੰਦੀ ਹਨ।
ਮਨੀਸ਼ਾ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ। ਉਹ ਸਕੂਲ ਵੱਲੋਂ ਦਿੱਤੇ ਗਏ ਚਾਰਟ ਦੇ ਸਹਾਰੇ ਸੰਕੇਤ ਨੂੰ ਵੱਖ ਵੱਖ ਤਸਵੀਰਾਂ ਦਿਖਾ ਕੇ ਚੀਜ਼ਾਂ ਨੂੰ ਪਛਾਣਨ ਵਿੱਚ ਮਦਦ ਕਰਦੀ ਹਨ। ਜਦੋਂ ਉਹ ਖੇਤਾਂ ਵਿੱਚੋਂ ਵਾਪਸ ਮੁੜਦੀ ਹਨ ਅਤੇ ਘਰ ਦੇ ਕੰਮਾਂ ਵਿੱਚ ਰੁੱਝੀ ਹੁੰਦੀ ਹਨ ਤਾਂ ਵੀ ਇਹ ਪੜ੍ਹਾਈ ਜਾਰੀ ਰਹਿੰਦੀ ਹੈ। ''ਜਦੋਂ ਮੈਂ ਉਹਨੂੰ ਚਾਰਟ ਦਿਖਾਉਂਦੀ ਹਾਂ ਤਾਂ ਉਹ ਦੂਰ ਭੱਜ ਜਾਂਦਾ ਹੈ ਅਤੇ ਕਿਤੇ ਹੋਰ ਜਾ ਕੇ ਬਹਿ ਜਾਂਦਾ ਹੈ। ਮੇਰੀ ਹਰ ਗੱਲ ਨੂੰ ਅਣਸੁਣੀ ਕਰਦਾ ਰਹਿੰਦਾ ਹੈ,'' ਉਹ ਕਹਿੰਦੀ ਹਨ।
ਘਰੇ ਮੁੜਨ ਤੋਂ ਬਾਅਦ ਸਕੂਲ ਦੀਆਂ ਨਿਯਮਿਤ ਗਤੀਵਿਧੀਆਂ, ਬਾਕੀ ਬੱਚਿਆਂ ਨਾਲ਼ ਖੇਡਾਂ ਖੇਡਣ, ਸਿੱਖਣ ਦੇ ਉਪਕਰਣਾਂ ਅਤੇ ਖ਼ੁਦ ਦੀ ਦੇਖਭਾਲ਼ ਕਰਨ ਦੀ ਸਿਖਲਾਈ ਵਿੱਚ ਕਮੀ ਆਉਣ ਨਾਲ਼ ਇਨ੍ਹਾਂ ਬੌਧਿਕ ਅਪੰਗ ਬੱਚਿਆਂ ਦੇ ਵਤੀਰੇ 'ਤੇ ਮਾੜਾ ਅਸਰ ਪੈ ਸਕਦਾ ਹੈ, ਰੋਹਿਤ ਬਾਗਰੇ ਕਹਿੰਦੇ ਹਨ।
ਭਾਵੇਂ ਉਨ੍ਹਾਂ ਦੇ ਘਰਾਂ ਵਿੱਚ ਸਮਾਰਟਫ਼ੋਨ, ਲੈਪਟਾਪ ਅਤੇ ਇੰਟਰਨੈਟ ਦਾ ਵਧੀਆ ਕੁਨੈਕਸ਼ਨ ਕਿਉਂ ਨਾ ਹੋਵੇ, ਫਿਰ ਵੀ ਇਨ੍ਹਾਂ ਬੌਧਿਕ ਅਪੰਗ ਬੱਚਿਆਂ ਲਈ ਆਹਮਣੇ-ਸਾਹਮਣੇ ਕਲਾਸਾਂ ਹੋਣੀਆਂ ਬਹੁਤ ਜ਼ਰੂਰੀ ਹਨ। ਬਾਗਰੇ ਕਹਿੰਦੇ ਹਨ,''ਇਸ ਤੋਂ ਇਲਾਵਾ, ਇਨ੍ਹਾਂ ਵਿਸ਼ੇਸ਼ ਲੋੜਾਂ ਵਾਲ਼ੇ ਬੱਚੇ ਨੂੰ ਪੜ੍ਹਾਉਣ ਲਈ ਬੜੇ ਧੀਰਜ ਦੀ ਲੋੜ ਹੁੰਦੀ ਹੈ ਅਤੇ ਇਹ ਕੰਮ ਮਾਪਿਆਂ ਦੇ ਵੱਸ ਦਾ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਕਿ ਉਹ ਬੱਚੇ ਨੂੰ ਰਾਜ਼ੀ ਕਰਨ ਅਤੇ ਕੋਈ ਖ਼ਾਸ ਸਬਕ ਨੂੰ ਸਮਝਾਉਣ ਵਿੱਚ ਸਫ਼ਲ ਨਹੀਂ ਹੋ ਜਾਂਦੇ। ਮਾਪੇ ਇਸ ਸਭ ਦੇ ਆਦੀ ਨਹੀਂ ਹੁੰਦੇ... ਨਤੀਜੇ ਵਜੋਂ ਉਨ੍ਹਾਂ ਦਾ ਧੀਰਜ ਮੁੱਕ ਜਾਂਦਾ ਹੈ ਅਤੇ ਉਹ ਕਹਿਣ ਲੱਗਦੇ ਹਨ ਕਿ ਬੱਚਾ ਉਨ੍ਹਾਂ ਦੀ ਗੱਲ ਨਹੀਂ ਸੁਣਦਾ।''
ਮੁੰਬਈ ਦੇ ਲੋਕਮਾਨਯ ਤਿਲਕ ਹਸਪਤਾਲ ਦੇ ਡਾ. ਗਾਜਰੇ ਕਹਿੰਦੇ ਹਨ,''ਬੌਧਿਕ ਅਪੰਗ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਚਾਬੀ ਹੈ ਨਿਰੰਤਰਤਾ...।'' ਨਾਲ਼ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮਹਾਂਮਾਰੀ ਕਾਰਨ ਸਕੂਲਾਂ ਦੇ ਬੰਦ ਹੋਣ ਕਾਰਨ ਕਈ ਅਪੰਗ ਬੱਚੇ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ ਅਤੇ ਜਿਓਂ ਜਿਓਂ ਸਕੂਲ ਬੰਦ ਰਹਿਣ ਦਾ ਸਮਾਂ ਵੱਧਦਾ ਜਾਂਦਾ ਹੈ ਉਨ੍ਹਾਂ ਦੀ ਦੂਜਿਆਂ 'ਤੇ ਨਿਰਭਰਤਾ ਵੀ ਵੱਧਦੀ ਜਾਂਦੀ ਹੈ। ''ਆਨਲਾਈਨ ਪੜ੍ਹਾਈ ਜਮਾਤ ਵਿਚਲੀ ਪੜ੍ਹਾਈ ਅਤੇ ਸਿਖਲਾਈ ਦੀ ਥਾਂ ਨਹੀਂ ਲੈ ਸਕਦੀ। ਮਾਰਚ ਦੇ ਸ਼ੁਰੂ ਤੋਂ ਹੀ ਅਸੀਂ 35 ਵਿਸ਼ੇਸ਼ ਬੱਚਿਆਂ ਦੀ ਆਨਲਾਈਨ ਸਿਖਲਾਈ ਸ਼ੁਰੂ ਕੀਤੀ। ਅਕਤੂਬਰ ਆਉਂਦੇ ਆਉਂਦੇ ਅਸੀਂ ਦੇਖਿਆ ਕਿ ਬੱਚਿਆਂ ਦੀ ਗਿਣਤੀ ਘੱਟ ਕੇ ਸਿਰਫ਼ 8-10 ਰਹਿ ਗਈ,'' ਡਾ. ਗਾਜਰੇ ਹਸਪਤਾਲ ਦੇ ਔਟਿਜਮ ਦੇਖਭਾਲ ਕੇਂਦਰ ਵਿਖੇ ਭਰਤੀ ਬੱਚਿਆਂ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ।
ਯਸ਼ਵੰਤ ਰਾਓ ਚੱਵਾਨ ਫਾਊਂਡੇਸ਼ਨ (ਗ਼ੈਰ-ਸਰਕਾਰੀ) ਦੇ ਵਿਕਲਾਂਗ ਅਧਿਕਾਰ ਮੰਚ ਦੇ ਕੋਆਰਡੀਨੇਟਰ ਵਿਜੈ ਕਾਨ੍ਹੇਕਰ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਨੇਤਰਹੀਣ, ਸੁਣਨ ਤੋਂ ਅਸਮਰੱਥ ਜਾਂ ਬੌਧਿਕ ਅਪੰਗ ਬੱਚਿਆਂ ਲਈ 1,100 ਵਿਸ਼ੇਸ਼ ਰਿਹਾਇਸ਼ੀ ਸਕੂਲ (ਸਹਾਇਤਾ-ਪ੍ਰਾਪਤ ਅਤੇ ਗ਼ੈਰ-ਸਹਾਇਤਾ ਪ੍ਰਾਪਤ) ਹਨ। ਕਾਨ੍ਹੇਕਰ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਅੰਦਰ ਇਹ ਸਾਰੇ ਦੇ ਸਾਰੇ ਸਕੂਲ ਫ਼ਿਲਹਾਲ ਬੰਦ ਹਨ।
ਪਰ ਪ੍ਰਤੀਕ ਅਤੇ ਸੰਕੇਤ ਦੇ ਸਕੂਲਾਂ ਲਈ ਦੋਬਾਰਾ ਖੁੱਲ੍ਹਣਾ ਅਤੇ ਪਹਿਲਾਂ ਵਾਂਗਰ ਕਲਾਸਾਂ ਚਲਾਉਣਾ ਮੁਸ਼ਕਲ ਹੈ। ਇੰਝ ਇਸਲਈ ਹੈ ਕਿਉਂਕਿ ਸਰਕਾਰ ਦੀ ਮਨਜ਼ੂਰੀ ਦੇ ਬਾਵਜੂਦ ਵੀ ਉਨ੍ਹਾਂ ਨੇ ਬਾਰ ਬਾਰ ਰਾਜ ਦੇ ਸਿੱਖਿਆ ਅਤੇ ਖੇਡ ਵਿਭਾਗ ਨੂੰ ਬਿਨੈ ਕੀਤਾ ਹੈ ਪਰ ਉਨ੍ਹਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਮਿਲ਼ੀ। ਮਾਰਚ ਤੋਂ ਬਾਅਦ ਤੋਂ ਸਕੂਲਾਂ ਨੂੰ ਕਿਸੇ ਵੀ ਵਿਅਕਤੀ ਜਾਂ ਸੰਗਠਨ ਵੱਲੋਂ ਕੋਈ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਹੋਈ, ਜਿਸ ਕਾਰਨ ਸਕੂਲ ਨੂੰ ਦੋਬਾਰਾ ਸ਼ੁਰੂ ਕਰਨਾ ਮੁਸ਼ਕਲ ਬਣਿਆ ਹੋਇਆ ਹੈ।
''ਅਸੀਂ ਬੱਚਿਆਂ ਦੇ ਮਾਪਿਆਂ ਕੋਲ਼ੋਂ ਕੋਈ ਪੈਸਾ ਨਹੀਂ ਲੈਂਦੇ। ਇਸਲਈ ਸਾਡੇ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨਾ ਕਾਫ਼ੀ ਅਹਿਮ ਹੁੰਦਾ ਹੈ। ਖ਼ਾਸ ਕਰਕੇ ਮਹਾਂਮਾਰੀ ਦੌਰਾਨ, ਸਕੂਲ ਦੀ ਸਿਹਤ ਦੇਖਭਾਲ਼ ਪ੍ਰਣਾਲੀ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਜਿੱਥੇ ਅਧਿਆਪਕਾਂ ਅਤੇ ਸਹਾਇਕਾਂ ਵਾਸਤੇ ਪੀਪੀਈ ਕਿੱਟ ਨਾਲ਼ ਲੈਸ ਹੋਣਾ ਜ਼ੂਰਰੀ ਹੈ ਕਿਉਂਕਿ ਸਾਡੇ ਵਿਦਿਆਰਥੀਆਂ ਨੂੰ ਤਾਂ ਪਹਿਲਾਂ ਤੋਂ ਹੀ ਸਿਹਤ ਸਮੱਸਿਆਵਾਂ ਹਨ,'' ਬਾਗਰੇ ਕਹਿੰਦੇ ਹਨ।
''ਮਹਾਰਾਸ਼ਟ ਦੇ ਸਾਰੇ ਰਿਹਾਇਸ਼ੀ ਸਕੂਲ ਫ਼ਿਲਹਾਲ ਬੰਦ ਹਨ, ਇਸਲਈ ਬੱਚਿਆਂ ਕੋਲ਼ ਘਰ ਰਹਿ ਕੇ ਕਰਨ ਲਈ ਕੁਝ ਵੀ ਨਹੀਂ ਹੈ। ਬੱਸ ਇਸੇ ਦੇ ਸਿੱਟੇ ਵਜੋਂ ਬੱਚੇ ਗੁਸੈਲ ਹੁੰਦੇ ਜਾ ਰਹੇ ਹਨ ਅਤੇ ਦੂਜੇ ਪਾਸੇ ਆਪਣੇ ਇਨ੍ਹਾਂ ਅਸਮਰੱਥ ਬੱਚਿਆਂ ਦੀ ਦੇਖਭਾਲ਼ ਕਰਦੇ ਕਰਦੇ ਮਾਂ-ਬਾਪ ਦੀ ਮਾਨਿਸਕ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ,''ਕਾਨ੍ਹੇਕਰ ਕਹਿੰਦੇ ਹਨ।
ਉਨ੍ਹਾਂ (ਕਾਨ੍ਹੇਕਰ) ਨੇ ਕਿਹਾ ਕਿ ਉਨ੍ਹਾਂ ਦਾ ਫ਼ੋਰਮ ਸੁਰੱਖਿਅਤ ਸਪੈਸ਼ਲ ਸਕੂਲਾਂ ਦੀ ਸ਼ੁਰੂਆਤ ਲਈ ਜ਼ੋਰ ਦੇ ਰਿਹਾ ਹੈ- ਭਾਵ ''ਕੋਵਿਡ-ਕਾਊਂਟਰ ਕੇਂਦਰ ਸਪੈਸ਼ਲ ਸਕੂਲ ਜੋ ਸਾਰੇ ਨਿਯਮਾਂ ਅਤੇ ਕਾਇਦਿਆਂ ਦਾ ਪਾਲਣ ਕਰੇਗਾ।'' ਉਨ੍ਹਾਂ ਨੇ ਇਸ ਮਕਸਦ ਵਾਸਤੇ ਮਹਾਰਾਸ਼ਟਰ ਦੇ ਸਮਾਜਿਕ ਨਿਆ ਅਤੇ ਵਿਸ਼ੇਸ਼ ਸਹਾਇਤਾ ਵਿਭਾਗ ਨੂੰ ਵੀ ਬਿਨੈ ਕੀਤਾ ਹੈ। ਇਸ ਤੋਂ ਇਲਾਵਾ, ਕਾਨ੍ਹੇਕਰ ਮੁਤਾਬਕ, ਅਪੰਗ ਬੱਚਿਆਂ ਨੂੰ ਪਹਿਲਾਂ ਕੋਵਿਡ-19 ਟੀਕਾ ਲਾਉਣਾ ਚਾਹੀਦਾ ਹੈ।
ਹੁਣ ਜਦੋਂ ਕਿ ਕੋਈ ਸਕੂਲ ਨਹੀਂ ਲੱਗ ਰਿਹਾ, ਕੋਈ ਗਤੀਵਿਧੀ ਨਹੀਂ ਹੋ ਰਹੀ, ਨਾ ਕੋਈ ਦੋਸਤ ਨਾ ਹੀ ਸਿੱਖਣ ਅਤੇ ਕਰਨ ਨੂੰ ਕੁਝ ਹੈ ਤਾਂ ਅਜਿਹੀ ਹਾਲਤ ਵਿੱਚ ਪ੍ਰਤੀਕ ਅਤੇ ਸੰਕੇਤ ਜਿਹੇ ਬੱਚਿਆਂ ਕੋਲ਼ ਆਪਣੇ ਘਰਾਂ ਦੇ ਦਲਾਨਾਂ ਵਿੱਚ ਬੈਠੇ ਰਹਿਣ ਅਤੇ ਦਿਨ ਗੁਜਾਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਨੂੰ ਮਹਾਂਮਾਰੀ ਬਾਰੇ ਤਾਂ ਕੁਝ ਪਤਾ ਨਹੀਂ ਹੈ... ਹਾਂ ਪਰ ਜਦੋਂ ਪ੍ਰਤੀਕ ਟੀਵੀ 'ਤੇ ਕੋਵਿਡ ਨਾਲ਼ ਜੁੜੀ ਕੋਈ ਖ਼ਬਰ ਸੁਣ ਲੈਂਦਾ ਹੈ ਤਾਂ ''ਕਲੋਨਾ... ਕਲੋਨਾ... ਕਲੋਨਾ...'' ਕਹਿਣ ਲੱਗਦਾ ਹੈ।
ਤਰਜਮਾ: ਕਮਲਜੀਤ ਕੌਰ