"ਸਾਡਾ ਕੰਮ ਪਹਿਲਾਂ ਹੀ ਪ੍ਰਭਾਵਤ ਹੋ ਰਿਹਾ ਸੀ", ਜਗਮੋਹਨ ਦੱਸਦਾ ਹੈ, ਜੋ ਕਿ ਪੱਛਮੀ ਦਿੱਲੀ ਦੇ ਉੱਤਮ ਨਗਰ ਇਲਾਕੇ ਦਾ ਘੁਮਿਆਰ ਹੈ, ਉਹਨੇ ਲਗਭਗ ਇੱਕ ਸਾਲ ਪਹਿਲਾਂ ਰਾਜ ਅਧਿਕਾਰੀਆਂ ਦੁਆਰਾ ਲੱਕੜ ਅਤੇ ਬੂਰੇ ਨਾਲ਼ ਚੱਲਣ ਵਾਲ਼ੀਆਂ ਦੀ ਭੱਠੀਆਂ (ਮਿੱਟੀ ਦੇ ਭਾਂਡੇ ਪਕਾਉਣ ਵਾਲ਼ੀਆਂ) ਨੂੰ ਖ਼ਤਮ ਕਰਨ ਦੇ ਆਰਡਰ ਦਾ ਹਵਾਲਾ ਦਿੰਦਿਆਂ ਕਿਹਾ। "ਇਸ ਕਾਰਨ ਕਰਕੇ, ਕੁਝ ਘੁਮਿਆਰ ਬਹੁਤ ਘੱਟ ਮਾਤਰਾ ਵਿੱਚ ਸਮਾਨ ਬਣਾ ਰਹੇ ਹਨ, ਕੁਝ ਤਾਂ ਫੇਰੀ ਵਾਲ਼ੇ ਬਣ ਕੇ ਰਹਿ ਗਏ ਹਨ ਅਤੇ ਕੁਝ ਕੁ ਘੁਮਿਆਰਾਂ ਨੇ ਇਹ ਕੰਮ ਹੀ ਛੱਡ ਦਿੱਤਾ ਹੈ ਅਤੇ ਹੁਣ ਆਈ ਇਸ ਮਹਾਂਮਾਰੀ ਅਤੇ ਤਾਲਾਬੰਦੀ ਨੇ ਤਾਂ ਸਾਡੀ ਵਿਕਰੀ ਦੇ ਸਿਖਰਲੇ ਮੌਸਮ (ਮਾਰਚ ਤੋਂ ਜੁਲਾਈ) ਦਾ ਬੇੜਾ ਹੀ ਗਰਕ ਕਰ ਛੱਡਿਆ ਹੈ।
ਜਗਮੋਹਨ (ਕਵਰ ਫ਼ੋਟੋ ਵਿੱਚ ਐਨ ਉੱਪਰ; ਉਹ ਆਪਣਾ ਛੋਟਾ ਨਾਮ ਵਰਤਦਾ ਹੈ) ਦੀ ਉਮਰ 48 ਹੈ ਅਤੇ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਮਿੱਟੀ ਦੇ ਭਾਂਡੇ ਬਣਾਉਂਦਾ ਰਿਹਾ ਹੈ। "ਜੋ ਚੰਗੀ ਗੱਲ ਅਸਾਂ ਮਹਿਸੂਸ ਕੀਤੀ ਉਹ ਇਹ ਸੀ ਇਸ ਸਾਲ ਮਟਕਿਆਂ ਦੀ ਚੰਗੀ ਮੰਗ ਦਾ (ਬਹੁਤ ਜ਼ਿਆਦਾ) ਹੋਣਾ, ਕਾਰਨ ਸੀ ਲੋਕ ਵੱਲੋਂ ਫਰਿਜ ਦਾ ਠੰਡਾ ਪਾਣੀ ਪੀਣ ਤੋਂ ਗੁਰੇਜ਼ ਕਰਨਾ (ਕੋਵਿਡ-19 ਦੇ ਡਰੋਂ)। ਪਰ ਭਾਵੇਂ ਕਿ ਅਸੀਂ ਤਾਲਾਬੰਦੀ ਦੌਰਾਨ ਮਿੱਟੀ ਦੀ ਕਮੀ ਕਰਕੇ ਕਿੰਨੀ ਵੀ ਭੱਜਨੱਸ ਕੀਤੀ ਹੋਵੇ, ਪਰ ਫਿਰ ਵੀ ਅਸੀਂ ਲੋੜੀਂਦਾ ਸਟਾਕ ਤਿਆਰ ਨਾ ਰੱਖ ਸਕੇ।" ਆਮ ਤੌਰ 'ਤੇ ਇੱਕ ਘੁਮਿਆਰ ਆਪਣੇ ਪੂਰੇ ਪਰਿਵਾਰ ਦੀ ਮਦਦ ਲੈ ਕੇ 2-3 ਦਿਨਾਂ ਵਿੱਚ ਔਸਤਨ 150-200 ਮਟਕੇ ਬਣਾ ਸਕਦਾ ਹੈ।
ਬਸਤੀ ਦੀਆਂ ਗਲ਼ੀਆਂ ਦੇ ਨਾਲ਼-ਨਾਲ਼ ਸੁੱਕੀ ਮਿੱਟੀ ਦੇ ਢੇਰ ਲੱਗੇ ਹੋਏ ਹਨ-ਅਤੇ, ਰੁਝੇਵੇਂ ਭਰੇ ਦਿਨਾਂ ਵਿੱਚ, ਬੂਹਿਆਂ ਦੇ ਮਗਰੋਂ ਘੜੇ ਬਣਾਉਂਦੇ ਘੁਮਿਆਰਾਂ ਦੇ ਚੱਕਿਆਂ ਦੀ ਚੀਂ-ਚੀਂ ਅਤੇ ਵਿਹੜੇ ਅਤੇ ਸ਼ੈਡਾਂ 'ਤੇ ਸੈਂਕੜੇ ਹੀ ਸੁੱਕਣੇ ਪਏ ਘੜਿਆਂ, ਲੈਂਪਾਂ, ਮੂਰਤੀਆਂ ਅਤੇ ਹੋਰ ਵੀ ਚੀਜ਼ਾਂ ਦੀਆਂ ਟੁਣਕਾਰਾਂ ਸੁਣੀਂਦੀਆਂ ਹਨ। ਇਨ੍ਹਾਂ ਵਸਤਾਂ ਨੂੰ ਭੱਠੀ ਵਿੱਚ ਪਕਾਉਣ ਤੋਂ ਪਹਿਲਾਂ ਗੇਰੂ ਰੋਗਣ (ਤਰਲ ਲਾਲ ਮਿੱਟੀ ਜੋ ਕਿ ਇਨ੍ਹਾਂ ਟੇਰਾਕੋਟਾ ਚੀਜ਼ਾਂ ਨੂੰ ਕੁਦਰਤੀ ਰੰਗਤ ਦਿੰਦੀ ਹੈ)ਨਾਲ਼ ਰੰਗਿਆ ਜਾਂਦਾ ਹੈ। ਇਹ ਪਰੰਪਰਾਗਤ ਕੱਚੀਆਂ ਭੱਠੀਆਂ ਅਕਸਰ ਘਰਾਂ ਦੀਆਂ ਛੱਤਾਂ 'ਤੇ ਹੀ ਬਣੀਆਂ ਹੁੰਦੀਆਂ ਹਨ। ਬਾਹਰਲੇ ਪਾਸੇ, ਵੰਨ-ਸੁਵੰਨੀਆਂ ਤਿਆਰ ਵਸਤਾਂ ਗਾਹਕਾਂ ਅਤੇ ਫੇਰੀ ਵਾਲ਼ਿਆਂ ਦੇ ਖ਼ਰੀਦਣ ਲਈ ਸਜਾਈਆਂ ਜਾਂਦੀਆਂ ਹਨ।
ਗੁਆਂਢੀ ਇਲਾਕੇ ਨੂੰ ਵੀ ਪ੍ਰਜਾਪਤੀ ਬਸਤੀ ਜਾਂ ਕੁਮ੍ਹਾਹ ਗ੍ਰਾਮ ਵੀ ਕਿਹਾ ਜਾਂਦਾ ਹੈ, ਇਸ ਬਸਤੀ ਵਿੱਚ 400-500 ਪਰਿਵਾਰ ਰਹਿੰਦੇ ਹਨ, ਹਰਕ੍ਰਿਸ਼ਨ ਪ੍ਰਜਾਪਤੀ, ਜੋ ਕਿ ਬਸਤੀ ਦਾ ਪ੍ਰਧਾਨ ਹੈ ਉਹਦੇ ਅੰਦਾਜੇ ਮੁਤਾਬਕ "ਕਈ ਘੁਮਿਆਰ ਜੋ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਨ ਉਹ ਕੰਮ ਨਾ ਹੋਣ ਕਰਕੇ ਆਪਣੇ ਪਿੰਡਾਂ ਨੂੰ ਵਾਪਸ ਮੁੜ ਗਏ ਹਨ," 63 ਸਾਲਾ ਪ੍ਰਜਾਪਤੀ ਜੋ ਕਿ 1990 ਦਾ ਰਾਸ਼ਟਰੀ ਅਵਾਰਡ ਅਤੇ 2012 ਵਿੱਚ ਸਰਕਾਰੀ ਸ਼ਿਲਪ ਗੁਰੂ ਅਵਾਰਡ ਜੇਤੂ ਹੈ।"ਇਹ ਸਮਾਂ ਗਣੇਸ਼ ਚੁਤਰਥੀ ਦਾ ਹੈ ਅਤੇ ਜਦੋਂ ਦੀਵਾਲੀ ਦਾ ਕੰਮ ਸ਼ੁਰੂ ਹੁੰਦਾ, ਹਰ ਕੋਈ ਰੁਝਿਆ ਹੁੰਦਾ, ਉਹ ਅੱਗੇ ਦੱਸਦਾ ਹੈ।" "ਇਸ ਸਾਲ, ਬਜ਼ਾਰ ਨੂੰ ਲੈ ਕੇ ਹਰ ਕੋਈ ਖ਼ਦਸ਼ੇ/ਬੇਯਕੀਨੀ ਵਿੱਚ ਹੀ ਰਿਹਾ ਕਿ ਕੀ ਲੋਕ ਚੀਜ਼ਾਂ ਖਰੀਦਣਗੇ ਵੀ ਜਾਂ ਨਹੀਂ। ਉਹ ਬਹੁਤਾ ਪੈਸਾ ਲਾ ਕੇ (ਮੂਰਤੀ ਅਤੇ ਹੋਰ ਵਸਤਾਂ ਬਣਾਉਣ ਲਈ) ਜੋਖਮ ਨਹੀਂ ਲੈਣਾ ਚਾਹੁੰਦੇ। ਮੈਂ ਘੁਮਿਆਰਾਂ ਨੂੰ ਕੰਮ ਕਰਦਾ ਦੇਖ ਸਕਦੀ ਹਾਂ, ਪਰ ਉਹ ਪੂਰੀ ਤਰ੍ਹਾਂ ਬੇਉਮੀਦੇ ਹਨ..."
ਪ੍ਰਜਾਪਤੀ ਦੀ ਪਤਨੀ, ਰਾਮਰਾਤੀ, 58, ਅਤੇ ਉਨ੍ਹਾਂ ਦੀਆਂ ਧੀਆਂ ਰੇਖਆ, 28, ਵੀ ਦੀਵੇ ਬਣਾਉਂਦੀਆਂ ਰਹੀਆਂ ਹਨ,"ਪਰ," ਉਹ ਦੱਸਦਾ ਹੈ, "ਖ਼ੁਸ਼ੀ ਗਾਇਬ ਹੈ।" ਉੱਤਮ ਨਗਰ ਦੇ ਘੁਮਿਆਰ ਪਰਿਵਾਰਾਂ ਦੀਆਂ ਔਰਤਾਂ ਆਮ ਤੌਰ 'ਤੇ ਮਿੱਟੀ ਤਿਆਰ ਕਰਨ, ਗੁੰਨ੍ਹਣ ਅਤੇ ਸਾਂਚੇ ਭਰਦੀਆਂ ਅਤੇ ਲੈਂਪ ਬਣਾਉਣੀਆਂ ਹਨ ਅਤੇ ਇਸ ਤੋਂ ਇਲਾਵਾ ਉਹ ਮਿੱਟੀ ਦੇ ਭਾਂਡਿਆਂ ਨੂੰ ਰੋਗਣ ਅਤੇ ਨੱਕਾਸ਼ੀ ਵੀ ਕਰਦੀਆਂ ਹਨ।
"ਤਾਲਾਬੰਦੀ ਦੇ ਸ਼ੁਰੂਆਤੀ ਮਹੀਨਿਆਂ (ਮਾਰਚ-ਅਪ੍ਰੈਲ) ਵਿੱਚ ਕੋਈ ਕੰਮ ਨਹੀਂ ਸੀ ਪਰ ਸਾਨੂੰ ਮਿੱਟੀ ਵੀ ਨਹੀਂ ਮਿਲ਼ ਸਕੀ। ਅਸੀਂ ਜਿਵੇਂ-ਕਿਵੇਂ ਕਰਕੇ ਆਪਣੀ ਬਚਤ ਦੇ ਪੈਸਿਆਂ ਨਾਲ਼ ਘਰ ਦੇ ਡੰਗ ਟਪਾਏ," 44 ਸਾਲਾ ਸ਼ੀਲਾ ਦੇਵੀ ਦੱਸਦੀ ਹੈ। ਉਹਦੇ ਕੰਮ ਵਿੱਚ ਕੱਚੀ ਮਿੱਟੀ ਨੂੰ ਕੁੱਟ ਕੇ ਪਾਊਡਰ ਬਣਾਉਣਾ, ਫਿਰ ਉਹਨੂੰ ਛਾਣਨਾ, ਫਿਰ ਮਿੱਟੀ ਦੇ ਤੌਣ ਬਣਾਉਣ ਲਈ ਉਹਨੂੰ ਹੱਥਾਂ ਨਾਲ਼ ਗੁੰਨ੍ਹਣਾ ਸ਼ਾਮਲ ਹੁੰਦਾ ਹੈ।
ਉਹਦੇ ਪਰਿਵਾਰ ਦੀ 10000 ਰੁਪਏ ਤੋਂ 15000 ਪ੍ਰਤੀ ਮਹੀਨਾ ਰਹਿਣ ਵਾਲ਼ੀ ਆਮਦਨੀ, ਅਪ੍ਰੈਲ ਤੋਂ ਜੂਨ ਤੱਕ ਡਿੱਗ ਕੇ 3,000-4,000 ਹੋ ਗਈ। ਫਿਰ ਤਾਲਾਬੰਦੀ ਦੀ ਹਦਾਇਤਾਂ ਵਿੱਚ ਢਿੱਲ ਮਿਲ਼ਦਿਆਂ ਹੀ, ਹੌਲ਼ੀ-ਹੌਲ਼ੀ ਫ਼ੇਰੀ ਵਾਲ਼ਿਆਂ ਨੇ ਸਮਾਨ ਖ਼ਰੀਦਣ ਵਾਸਤੇ ਬਸਤੀ ਆਉਣਾ ਸ਼ੁਰੂ ਕਰ ਦਿੱਤਾ।
ਪਰ ਤਾਲਾਬੰਦੀ ਦੇ ਮਾੜੇ ਅਸਰ ਨੂੰ ਲੈ ਕੇ ਸ਼ੀਲਾ ਦੇਵੀ ਦੀ ਚਿੰਤਾਵਾਂ ਦੀ ਗੂੰਜ ਪੂਰੀ ਬਸਤੀ ਵਿੱਚ ਗੂੰਜ ਰਹੀ ਹੈ-ਸ਼ਾਇਦ ਘੁਮਿਆਰਾਂ ਦੇ ਚੱਕਿਆਂ ਦੀ ਚੀਂ-ਚੀਂ ਨਾਲ਼ੋਂ ਵੀ ਕਿਤੇ ਤੇਜ਼। "22 ਅਗਸਤ ਨੂੰ ਗਣੇਸ਼ ਚਤੁਰਥੀ ਹੈ," ਨਰਿੰਦਰ ਪ੍ਰਜਾਪਤੀ ਦੱਸਦਾ ਹੈ ਜੋ 29 ਸਾਲ ਦਾ ਇੱਕ ਘੁਮਿਆਰ ਹੈ। "ਪਰ ਇਸ ਵਾਇਰਸ ਨੇ ਸਾਡੇ ਕੰਮ ਨੂੰ ਮਾਰ ਮਾਰੀ ਹੈ। ਸੋ, ਜਿੱਥੇ ਅਸੀਂ ਹਰ ਸਾਲ ਗਣੇਸ਼ ਦੀਆਂ 100 ਮੂਰਤੀਆਂ ਤੱਕ ਵੇਚ ਲੈਂਦੇ ਸਾਂ, ਉੱਥੇ ਹੀ ਇਸ ਸਾਲ ਇਹ ਗਿਣਤੀ ਘੱਟ ਕੇ ਸਿਰਫ਼ 30 ਰਹਿ ਗਈ ਹੈ। ਤਾਲਾਬੰਦੀ ਦੌਰਾਨ ਮਿੱਟੀ ਤੇ ਬਾਲ਼ਣ (ਫ਼ਾਲਤੂ ਲੱਕੜਾਂ ਅਤੇ ਬੂਰੇ) ਦੇ ਭਾਅ ਵੀ ਵੱਧ ਗਏ ਹਨ- ਜਿੱਥੇ ਪਹਿਲਾਂ ਇੱਕ ਟਰਾਲੀ (ਟਰੈਕਟਰ ਦੇ ਅਕਾਰ ਦੀ)ਦੀ ਕੀਮਤ 6000 ਰੁਪਏ ਸੀ ਹੁਣ ਇਹ 9000 ਰੁਪਏ ਦੀ ਹੋ ਗਈ ਹੈ।" (ਉੱਤਮ ਨਗਰ ਵਿੱਚ ਬਣਨ ਵਾਲ਼ੇ ਘੜਿਆਂ ਅਤੇ ਬਾਕੀ ਵਸਤਾਂ ਲਈ ਵਰਤੀਂਦੀ ਮਿੱਟੀ ਮੁੱਖ ਰੂਪ ਵਿੱਚ ਹਰਿਆਣਾ ਦੇ ਝੱਜਰ ਜ਼ਿਲ੍ਹੇ ਤੋਂ ਆਉਂਦੀ ਹੈ।)"ਸਰਕਾਰ ਇੱਕ ਪਾਸੇ ਤਾਂ ਸਥਾਨਕ ਕਾਰੋਬਾਰਾਂ ਨੂੰ ਵਿਕਸਿਤ ਕੀਤੇ ਜਾਣ ਬਾਰੇ ਗੱਲ ਕਰਦੀ ਹੈ, ਪਰ ਦੂਜੇ ਪਾਸੇ ਸਾਨੂੰ ਸਾਡੀਆਂ ਭੱਠੀਆਂ ਬੰਦ ਕਰਨ ਨੂੰ ਕਹਿੰਦੀ ਹੈ। ਦੱਸੋ ਭਲ਼ਾ ਭੱਠੀਆਂ ਤੋਂ ਬਿਨਾ ਸਾਡਾ ਕੰਮ ਕਿਵੇਂ ਸੰਭਵ ਹੈ?" ਪਰੰਪਰਾਗਤ ਮਿੱਟੀ ਦੀ ਭੱਠੀ ਜੋ ਹੁਣ ਵਿਵਾਦ ਬਣੀ ਹੋਈ ਹੈ, ਉਸ 'ਤੇ ਲਗਭਗ 20,000-25,000 ਤੱਕ ਲਾਗਤ ਆਉਂਦੀ ਹੈ, ਜਦੋਂਕਿ ਇਹਦਾ ਵਿਕਲਪ ਭਾਵ ਕਿ ਗੈਸ ਵਾਲ਼ੀ ਭੱਠੀ 'ਤੇ ਲਗਭਗ 1 ਲੱਖ ਰੁਪਿਆ ਖਰਚ ਹੋਵੇਗਾ। ਪ੍ਰਜਾਪਤੀ ਦੀ ਬਸਤੀ ਦੇ ਬਹੁਤੇਰੇ ਘੁਮਿਆਰ ਇਹ ਰਾਸ਼ੀ ਨਹੀਂ ਝੱਲ ਸਕਦੇ।
"ਉਹ ਤਾਂ ਮਾੜਾ-ਮੋਟਾ ਵੀ ਯੋਗਦਾਨ ਨਹੀਂ ਪਾ ਸਕਦੇ," ਹਰਿਕ੍ਰਿਸ਼ਨ ਪ੍ਰਜਾਪਤੀ ਉਸ ਘੁਮਿਆਰ ਭਾਈਚਾਰੇ ਦਾ ਹਵਾਲਾ ਦਿੰਦਿਆਂ ਕਹਿੰਦਾ ਹੈ ਜੋ ਪ੍ਰਤੀ ਦਿਨ ਸਿਰਫ਼ 250 ਰੁਪਏ ਕਮਾਉਣ ਲਈ ਮਿੱਟੀ ਨਾਲ਼ ਮਿੱਟੀ ਹੁੰਦੇ ਹਨ ਉਹ ਭਲਾ ਨੈਸ਼ਨਲ ਗਰੀਨ ਟ੍ਰਬਿਊਨਲ ਆਰਡਰ (ਅਪ੍ਰੈਲ 2019) ਦੇ ਖਿਲਾਫ਼ ਅਪੀਲ ਕਿੱਥੋਂ ਪਾ ਸਕਦੇ ਹਨ। ਆਰਡਰ ਵਿੱਚ ਦਿੱਲੀ ਪ੍ਰਦੂਸ਼ਣ ਨਿਯੰਤਰਣ ਕਮੇਟੀ ਨੂੰ ਲੱਕੜ ਦੀਆਂ ਭੱਠੀਆਂ ਦੇ ਮਾਮਲੇ ਵਿੱਚ ਤਥਾ 'ਤੇ ਅਧਾਰਤ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸੇ ਆਰਡਰ ਦੇ ਅਧਾਰ 'ਤੇ, ਕਮੇਟੀ ਨੇ ਜੁਲਾਈ 2019 ਵਿੱਚ ਨਿਰਦੇਸ਼ ਜਾਰੀ ਕੀਤੇ ਕਿ ਇਹ ਭੱਠੀਆਂ ਬੰਦ ਹੋਣੀਆਂ ਚਾਹੀਦੀਆਂ ਹਨ। ਘੁਮਿਆਰਾਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ।
ਇਹ ਅਨਿਸ਼ਚਿਤਤ ਤਾਲਾਬੰਦੀ ਦੇ ਨਾਲ਼ ਹੋਰ ਡੂੰਘੇਰੀ ਹੋ ਗਈ- ਅਤੇ ਉੱਤਮ ਨਗਰ ਵਿਚਲੀ ਇਹ ਅਣਕਿਆਸੀ ਗਿਰਾਵਟ ਦੇਸ਼ ਭਰ ਦੇ ਘੁਮਿਆਰਾਂ ਦੀਆਂ ਬਸਤੀਆਂ ਵਿੱਚ ਝਲਕਦੀ ਹੈ।
"ਹਰੇਕ ਸਾਲ, ਇਸ ਸਮੇਂ (ਮਾਰਚ ਤੋਂ ਜੂਨ, ਮਾਨਸੂਨ ਤੋਂ ਪਹਿਲਾਂ) ਅਸੀਂ ਆਪਣਾ ਗੱਲਿਆਂ (ਪਿਗੀ ਬੈਂਕਾਂ), ਗਮਲਿਆਂ, ਘੜਿਆਂ ਅਤੇ ਤਵੜੀ (ਚਪਾਤੀ ਪੈਨ) ਤਿਆਰ ਰੱਖਦੇ ਸਾਂ," ਕੁੰਭਰ ਰਾਮਜੂ ਨੇ ਕੁਝ ਹਫ਼ਤੇ ਪਹਿਲਾਂ ਮੈਨੂੰ ਦੱਸਿਆ। "ਪਰ ਤਾਲਾਬੰਦੀ ਤੋਂ ਬਾਅਦ, ਲੋਕ ਅਜਿਹੀਆਂ ਚੀਜ਼ਾਂ 'ਤੇ ਪੈਸੇ ਖਰਚਣੋਂ ਝਿਜਕਦੇ ਹਨ, ਇਸੇ ਕਰਕੇ ਫ਼ੇਰੀ ਵਾਲ਼ੇ ਵੀ ਬਹੁਤੀ ਮੰਗ ਨਹੀਂ ਕਰਦੇ। ਹਰੇਕ ਸਾਲ, ਰਮਜਾਨ ਦੇ ਮਹੀਨੇ, ਅਸੀਂ ਦਿਨ ਸਮੇਂ ਅਰਾਮ ਕਰਦੇ ਅਤੇ ਰਾਤ ਨੂੰ ਕੰਮ ਕਰਦੇ ਸਾਂ। ਤੁਸੀਂ ਪੂਰੀ ਰਾਤ ਘੜਿਆਂ ਦੀ ਟੁਣਕਾਰ ਸੁਣ ਸਕਦੇ ਸੀ। ਪਰ ਇਸ ਸਾਲ ਰਮਜਾਨ (24 ਅਪ੍ਰੈਲ ਤੋਂ 24 ਮਈ) ਪਹਿਲਾਂ ਵਾਂਗ ਨਹੀਂ ਰਹੀ..."ਰਾਮਜੂਭਾਈ, 56, ਗੁਜਰਾਤ ਦੇ ਕੱਛ ਜ਼ਿਲ੍ਹੇ ਸਥਿਤ ਭੁਜ ਵਿੱਚ ਰਹਿੰਦਾ ਅਤੇ ਕੰਮ ਕਰਦਾ ਹੈ। ਉਹ ਫ਼ੇਰੀ ਵਾਲ਼ਿਆਂ ਨੂੰ ਹਾਜੀਪੁਰ ਦੇ ਸਲਾਨਾ ਮੇਲੇ ਵਾਸਤੇ ਵੇਚੇ 25,000 ਰੁਪਏ ਦੇ ਮਿੱਟੀ ਦੇ ਮਾਲ਼ ਨੂੰ ਯਾਦ ਕਰਦਾ ਹੈ, ਇਹ ਮੇਲਾ ਚੇਤਰ (ਅਪ੍ਰੈਲ) ਦੇ ਪਹਿਲੇ ਸੋਮਵਾਰ ਨੂੰ ਕੱਛ ਸਥਿਤ ਬਾਨੀ ਵਿੱਚ ਲੱਗਦਾ ਹੈ। ਪਰ ਇਸ ਸਾਲ, ਤਾਲਾਬੰਦੀ ਕਰਕੇ ਮੇਲਾ ਰੱਦ ਹੋ ਗਿਆ।
ਉਹਦਾ 27 ਸਾਲਾ ਪੁੱਤਰ, ਕੁੰਭਰ ਅਮਦ, ਅੱਗੇ ਕਹਿੰਦਾ ਹੈ,"ਤਾਲਾਬੰਦੀ ਕਾਰਨ ਹੋਟਲਾਂ ਅਤੇ ਭੋਜਨ ਕਾਰੋਬਾਰਾਂ ਦੇ ਬੰਦ ਹੋਣ ਕਰਕੇ ਮਿੱਟੀ ਦੇ ਭਾਂਡਿਆਂ ਜਿਵੇਂ ਕੁੱਲ੍ਹੜ (ਕੱਪਾਂ) ਅਤੇ ਵਾਦਕੀ (ਕਟੋਰੀਆਂ) ਦੀ ਮੰਗ ਘੱਟ ਗਈ ਹੈ। ਅਤੇ ਗ੍ਰਾਮੀਣ ਇਲਾਕਿਆਂ ਵਿੱਚ ਕਈ ਘੁਮਿਆਰਾ ਰੋਜ਼ੀ-ਰੋਟੀ ਵਾਸਤੇ ਸਿਰਫ਼ ਕੁੱਲ੍ਹੜ ਬਣਾਉਣ ਦਾ ਕੰਮ ਕਰਦੇ ਹਨ।"
ਇੱਕ ਹੋਰ ਵੱਧ ਰਹੀ ਚਿੰਤਾ 'ਤੇ ਗੱਲ ਕਰਦਿਆਂ ਰਾਮਜੂ ਅਲੀ ਕਹਿੰਦਾ ਹੈ,"ਸਾਡੇ ਕੰਮ ਵਾਸਤੇ ਹੁਣ ਮਿੱਟੀ ਤੱਕ ਹਾਸਲ ਕਰਨਾ ਵੀ ਸੌਖਾ ਨਹੀਂ। ਇੱਟ (ਭੱਠਾ) ਸਨਅਤ ਸਾਡੇ ਸਾਹਮਣੇ ਸਭ ਤੋਂ ਵੱਡੀ ਅਸ਼ੰਕਾ ਹੈ ਕਿਉਂਕਿ ਉਹ ਪੂਰੀ ਮਿੱਟੀ ਪੁੱਟ ਲੈ ਜਾਂਦੇ ਹਨ (ਖ਼ਾਸ ਕਰਕੇ ਹਰੀਪੁਰ ਇਲਾਕੇ ਦੇ ਆਸਪਾਸ ਤੋਂ) ਅਤੇ ਸਾਡੇ ਲਈ ਲਗਭਗ ਕੁਝ ਵੀ ਨਹੀਂ ਬੱਚਦਾ।"
ਬੁਜ ਸਥਿਤ ਲਾਖੁਰਾਏ ਇਲਾਕੇ ਵਿੱਚ ਰਾਮਜੁ ਭਾਈ ਦੇ ਘਰ ਤੋਂ ਕੁਝ ਘਰ ਛੱਡ ਕੇ ਹੀ, 62 ਸਾਲਾ ਕੁੰਭਰ ਅਲਾਰਖਾ ਸੁਮੇਰ ਰਹਿੰਦਾ ਹੈ, ਜੋ ਅੰਸ਼ਕ ਤੌਰ 'ਤੇ ਦ੍ਰਿਸ਼ਟੀਹੀਣ ਹੈ। ਉਹਨੇ ਮੈਨੂੰ ਦੱਸਿਆ,"ਮੈਂ ਲੋਕਲ ਬੈਂਕ ਕੋਲ਼ ਆਪਣੀ ਸੋਨੇ ਦੀ ਚੇਨ ਗਹਿਣੇ ਰੱਖ ਦਿੱਤੀ ਅਤੇ ਰਾਸ਼ਨ ਦੀ ਦੁਕਾਨ ਦਾ ਉਧਾਰ ਚੁਕਾਉਣ ਅਤੇ ਬਾਕੀ ਖ਼ਰਚੇ (ਤਾਲਾਬੰਦੀ ਦੌਰਾਨ) ਪੂਰੇ ਕਰਨ ਵਾਸਤੇ ਕੁਝ ਪੈਸਾ ਉਧਾਰ ਲਿਆ। ਮੇਰੇ ਬੇਟਿਆਂ ਦੇ ਕੰਮ ਲਈ ਬਾਹਰ ਨਿਕਲ਼ਣ ਤੋਂ ਬਾਅਦ ਮੈਂ ਹੌਲ਼ੀ-ਹੌਲ਼ੀ ਇਹ ਉਧਾਰ ਲਾਹੁਣਾ ਸ਼ੁਰੂ ਕਰ ਦਿੱਤਾ ਹੈ।" ਉਹਦੇ ਤਿੰਨ ਪੁੱਤਰ ਹਨ; ਦੋ ਤਾਂ ਨਿਰਮਾਣ ਥਾਵਾਂ 'ਤੇ ਮਜ਼ਦੂਰੀ ਕਰਦੇ ਹਨ, ਅਤੇ ਇੱਕ ਘੁਮਿਆਰ ਹੈ। "ਤਾਲਾਬੰਦੀ ਦੇ ਸ਼ੁਰੂਆਤੀ ਮਹੀਨਿਆਂ (ਮਾਰਚ ਤੋਂ ਮਈ) ਦੌਰਾਨ, ਮੈਂ ਗੱਲੇ ਬਣਾਉਂਦਾ ਸਾਂ, ਪਰ ਕੁਝ ਸਮੇਂ ਬਾਅਦ, ਜਦੋਂ ਪੂਰੇ ਦਾ ਪੂਰਾ ਮਾਲ਼ ਜਿਓਂ ਦਾ ਤਿਓਂ ਹੀ ਪਿਆ ਰਿਹਾ ਅਤੇ ਘਰ ਵਿੱਚ ਹੋਰ ਮਾਲ਼ ਰੱਖਣ ਦੀ ਕੋਈ ਥਾਂ ਨਾ ਬਚੀ, ਤਾਂ ਮੇਰੇ ਕੋਲ਼ ਵਿਹਲੇ ਬੈਠਣ ਅਤੇ ਕਈ ਦਿਨ ਬਿਨਾਂ ਕੰਮ ਕੀਤੇ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਰਿਹਾ।"
ਬੁਜ ਤੋਂ ਲਗਭਗ 35 ਕਿਲੋਮੀਟਰ ਦੂਰ ਲੋਡਾਈ ਪਿੰਡ ਵਿੱਚ 56 ਸਾਲ ਦੇ ਕੁੰਭਰ ਇਜ਼ਮਾਇਲ ਹੁਸੈਨ ਦਾ ਘਰ ਹੈ। ਉਹਨੇ ਦੱਸਿਆ,"ਅਸੀਂ ਅਕਸਰ ਖਾਣਾ ਪਕਾਉਣ ਅਤੇ ਪਰੋਸਣ ਵਾਲ਼ੇ ਭਾਂਡੇ ਬਣਾਉਂਦੇ ਜੋ ਕਿ ਸਾਡੀ ਆਪਣੀ ਪਰੰਪਰਾਗਤ ਕੁਚੀ ਪੇਟਿੰਗ (ਪਰਿਵਾਰ ਵਿਚਲੀਆਂ ਔਰਤਾਂ ਦੁਆਰਾ ਕੀਤੀ ਜਾਂਦੀ ਹੈ) ਨਾਲ਼ ਸਜਾਏ ਹੁੰਦੇ। ਅਸੀਂ ਉਨ੍ਹਾਂ ਸੈਲਾਨੀ ਤੋਂ ਵੀ ਆਰਡਰ ਲਿਆ ਕਰਦੇ ਜੋ ਸਾਡਾ ਕੰਮ ਦੇਖਣ ਆਉਂਦੇ। ਪਰ ਤਾਲਾਬੰਦੀ ਕਰਕੇ, ਪਿਛਲੇ ਕੁਝ ਮਹੀਨਿਆਂ ਤੋਂ ਪਿੰਡ ਵਿੱਚ ਕੋਈ ਵੀ ਨਹੀਂ ਆਇਆ..." ਇਜ਼ਮਾਇਲ ਨੇ ਕਿਹਾ ਉਹਨੇ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਇੱਕ ਰੁਪਏ ਦੀ ਵਿਕਰੀ ਤੱਕ ਨਹੀਂ ਦੇਖੀ, ਜਦੋਂਕਿ ਉਹ ਹਰ ਮਹੀਨੇ 10,000 ਤੱਕ ਕਮਾ ਲਿਆ ਕਰਦਾ ਸੀ। ਉਹ ਹਾਲੇ ਤੀਕਰ ਕੰਮ ਵਿੱਚ ਵਾਪਸ ਨਹੀਂ ਲੱਗਿਆ, ਉਹਨੇ ਦੱਸਿਆ, ਇਹਦੇ ਪਿੱਛੇ ਕੁਝ ਪਰਿਵਾਰਕ ਮਸਲੇ ਹਨ।ਇਸ ਬਾਰੇ ਦੱਸਿਆ ਕਿ ਕਿਵੇਂ ਇਹ ਸਾਲ ਉਹਦੇ ਪਰਿਵਾਰ ਲਈ ਅਨੁਕੂਲ ਨਹੀਂ ਰਿਹਾ, 31 ਸਾਲਾ ਕੁੰਭਰ ਸਾਲੇਹ ਮੰਮਦ ਨੇ, ਜੋ ਵੀ ਲੋਦਾਈ ਦਾ ਵਾਸੀ ਹੈ, ਦੱਸਿਆ,"ਤਾਲਾਬੰਦੀ ਦੀ ਸ਼ੁਰੂਆਤ ਵੇਲ਼ੇ ਹੀ, ਸਾਡੀ ਭੈਣ ਦੀ ਕੈਂਸਰ ਨਾਲ਼ ਮੌਤ ਹੋ ਗਈ। ਅਤੇ ਅੰਮੀ ਦੀ ਅੰਤੜੀ ਦਾ ਓਪਰੇਸ਼ਨ ਵੀ ਕਰਵਾਇਆ ਸੀ ਪਰ ਉਹਦੀ ਜਾਨ ਨਹੀਂ ਬਚੀ... ਪਰਿਵਾਰ ਕੋਲ਼ ਪਿਛਲੇ ਪੰਜ ਮਹੀਨਿਆਂ ਤੋਂ ਕੋਈ ਕੰਮ ਨਹੀਂ ਹੈ।"
ਉਹਦੀ ਮਾਂ, ਹੁਰਬਾਈ ਮੰਮਦ ਕੁੰਭਰ ਜਿਨ੍ਹਾਂ ਦੀ ਉਮਰ 60 ਸਾਲ ਸੀ, ਉਹਦੇ ਹੱਥਾਂ ਵਿੱਚ ਭਾਂਡੇ ਬਣਾਉਣ ਦੇ ਹੈਰਾਨੀਜਨਕ ਹੁਨਰ ਸਨ ਅਤੇ ਉਹ ਪਰੰਪਰਾਗਤ ਕੁਛੀ ਮੋਟਿਫ਼ ਬਣਾਉਣ ਦੀ ਸਲਾਹੀਅਤ ਰੱਖਦੀ ਸੀ। ਉਹ ਪਿਛਲੇ ਸਾਲ ਆਪਣੇ ਪਤੀ ਦੇ ਲਕਵਾ ਗ੍ਰਸਤ ਹੋ ਜਾਣ ਤੋਂ ਬਾਅਦ ਆਪਣੇ ਪਰਿਵਾਰ ਦੀ ਥੰਮ੍ਹ ਰਹੀ ਸੀ।
ਅਤੇ ਦੇਸ਼ ਅੰਦਰ, ਹਰੇਕ ਘੁਮਿਆਰ ਬਸਤੀ ਵਿੱਚ ਸੰਨਾਟਾ ਪਸਰਿਆ ਹੈ, ਉਨ੍ਹਾਂ ਵਿੱਚੋਂ ਇੱਕ ਪੱਛਮ ਬੰਗਾਲ ਦੀ ਬਸਤੀ ਹੈ, ਬਾਨਕੂਰਾ ਜ਼ਿਲ੍ਹੇ ਦੇ ਪਿੰਡ ਪੰਚਮੂਰਾ ਦੇ 55 ਸਾਲ ਦੇ ਬਾਉਲਦਾਸ ਕੁੰਭਰਾਕਰ ਨੇ ਮੈਨੂੰ ਦੱਸਿਆ,"ਪਿਛਲੇ ਕੁਝ ਮਹੀਨਿਆਂ ਤੋਂ ਪਿੰਡ ਵੀਰਾਨ ਪਿਆ ਹੈ। ਤਾਲਾਬੰਦੀ ਕਰਕੇ ਨਾ ਕੋਈ ਯਾਤਰੂ ਸਾਡੇ ਪਿੰਡ ਆ ਸਕਿਆ ਅਤੇ ਨਾ ਹੀ ਕੋਈ ਬਾਹਰ ਹੀ ਜਾ ਸਕਿਆ। ਕਈ ਲੋਕ ਸਾਡਾ ਕੰਮ ਦੇਖਣ, ਚੀਜ਼ਾਂ ਖ਼ਰੀਦਣ ਅਤੇ ਆਰਡਰ ਦੇਣ ਆਇਆ ਕਰਦੇ ਸਨ। ਪਰ ਇਸ ਸਾਲ ਮੈਨੂੰ ਨਹੀਂ ਲੱਗਦਾ ਕੋਈ ਵਿਰਲਾ ਆਇਆ ਹੋਊਗਾ।" ਬਾਊਲਦਾਸ ਪੰਚਮੂਰਾ ਮ੍ਰਿਤਸ਼ਿਲਪੀ ਸਾਮਾਭੇ ਕਮੇਟੀ ਦੇ 200 ਮੈਂਬਰਾਂ ਵਿੱਚੋਂ ਹਨ, ਜੋ ਮਾਰਕਟਿੰਗ ਅਤੇ ਵਿਕਰੀ ਲਈ ਘੁਮਿਆਰਾਂ ਦੁਆਰਾ ਸੰਚਾਲਤ ਅਤੇ ਪ੍ਰਬੰਧਤ ਕੀਤੇ ਜਾਂਦੇ ਹਨ।
ਉਸੇ ਪਿੰਡ ਵਿੱਚ, ਤਲਡਾਂਗਰਾ ਤਾਲੁਕਾ ਵਿੱਚ ਸਥਿਤ, 28 ਸਾਲ ਦੇ ਜਗਨਨਾਥ ਕੁੰਭਾਕਰ, ਨੇ ਕਿਹਾ,"ਅਸੀਂ ਜ਼ਿਆਦਾ ਕਰਕੇ ਮੂਰਤੀਆਂ, ਕੰਧਾਂ ਦੀਆਂ ਟਾਈਲਾਂ ਅਤੇ ਇਨਟੀਰੀਅਰ ਵਾਸਤੇ ਸਜਾਉਟੀ ਚੀਜ਼ਾਂ ਬਣਾਉਂਦੇ ਹਾਂ। ਤਾਲਾਬੰਦੀ ਦੇ ਪਹਿਲੇ ਦੋ ਮਹੀਨੇ ਵਿੱਚ ਕੋਈ ਆਰਡਰ ਨਹੀਂ ਸੀ ਅਤੇ ਸਾਡੇ ਇਕਲੌਤੇ ਖਰੀਦਦਾਰ ਸਥਾਨਕ ਕਬੀਲਾਈ ਭਾਈਚਾਰੇ ਸਨ, ਜਿਨ੍ਹਾਂ ਨੇ ਸਾਨੂੰ ਭਾਂਡੇ, ਘੋੜੇ ਅਤੇ ਮੰਨਤ ਦੇ ਹਾਥੀ ਬਣਾਉਣ ਦੇ ਨਿੱਜੀ ਆਰਡਰ ਦਿੱਤੇ। ਕਈ ਘੁਮਿਆਰਾਂ ਨੇ ਅਪ੍ਰੈਲ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਅਤੇ ਇਸ ਉਮੀਦ 'ਤੇ ਮਾਲ ਤਿਆਰ ਰੱਖਿਆ ਕਿ ਸ਼ਾਇਦ ਆਉਣ ਵਾਲ਼ੇ ਤਿਓਹਾਰਾਂ ਦੇ ਦਿਨਾਂ ਵਿੱਚ ਕੁਝ ਵਿਕਰੀ ਹੋ ਹੀ ਜਾਵੇ। ਪਰ ਇਸ ਸਮੇਂ ਸਾਡੇ ਕੋਲ਼ ਪੂਜਾ (ਸਲਾਨਾ ਦੁਰਗਾ ਪੂਜਾ) ਵਾਸਤੇ ਦੇਵੀ ਮਾਨਸਾਚਲੀ ਅਤੇ ਦੁਰਗਾ ਠਾਕੁਰ ਦੀਆਂ ਮੂਰਤੀਆਂ ਦੇ ਆਰਡਰ ਨਾ-ਮਾਤਰ ਹੀ ਹਨ। ਇਸ ਸਮੇਂ, ਕਲਕੱਤਾ ਅਤੇ ਹੋਰਨਾਂ ਥਾਵਾਂ 'ਤੇ ਜਸ਼ਨ ਹੋਰਨਾਂ ਸਾਲਾਂ ਵਾਂਗ ਸ਼ਾਨਦਾਰ ਨਹੀਂ ਹੋਵੇਗਾ।"
ਤਰਜਮਾ: ਕਮਲਜੀਤ ਕੌਰ