28 ਸਾਲਾ ਅਰੁਣਾ ਦੀ ਪੱਥਰ ਨਜ਼ਰ ਨੇੜੇ ਹੀ ਖੇਡ ਰਹੀ ਆਪਣੀ ਛੇ ਸਾਲਾ ਧੀ ਵੱਲ ਗੱਡੀ ਹੋਈ ਹੈ ਤੇ ਉਹ ਕਹਿੰਦੀ ਹੈ,''ਉਹ ਤਾਂ ਮੈਨੂੰ ਮਾਰ ਹੀ ਘੱਤਦੇ...।'' 'ਉਹ' ਕੋਈ ਹੋਰ ਨਹੀਂ ਅਰੁਣਾ ਦੇ ਪਰਿਵਾਰਕ ਮੈਂਬਰ ਹੀ ਹਨ ਜੋ ਇਹ ਸਮਝਣ ਵਿੱਚ ਅਸਮਰਥ ਸਨ ਕਿ ਆਖ਼ਰ ਉਹ ਅਜਿਹਾ ਵਿਵਹਾਰ ਕਰ ਕਿਉਂ ਰਹੀ ਹੈ। ''ਮੈਂ ਚੀਜ਼ਾਂ ਚੁੱਕ-ਚੁੱਕ ਮਾਰਨ ਲੱਗਦੀ, ਬੱਸ ਮੈਂ ਘਰ ਨਾ ਰਹਿਣਾ ਚਾਹੁੰਦੀ। ਕੋਈ ਵੀ ਸਾਡੇ ਘਰ ਦੇ ਨੇੜੇ ਨਾ ਲੱਗਦਾ...''
ਤਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਵਿਖੇ ਪੈਂਦੇ ਆਪਣੇ ਘਰ ਨੇੜਲੀਆਂ ਪਹਾੜੀਆਂ ਹੀ ਉਹਦੇ ਟਹਿਲਣ ਦੀ ਥਾਂ ਬਣਦੇ। ਉਹਨੂੰ ਇੰਝ ਘੁੰਮਦਿਆਂ ਦੇਖ ਲੋਕੀਂ ਉਹਦੇ ਕੋਲ਼ੋਂ ਦੂਰ ਭੱਜ ਜਾਂਦੇ ਕਿ ਕਿਤੇ ਉਹ ਉਨ੍ਹਾਂ ਨੂੰ ਮਾਰ ਨਾ ਸੁੱਟੇ, ਕੁਝ ਲੋਕੀਂ ਉਹਦੇ 'ਤੇ ਪੱਥਰ ਵਗਾਹ ਮਾਰਦੇ। ਅਖ਼ੀਰ ਉਹਦਾ ਪਿਤਾ ਉਹਨੂੰ ਘਰ ਧੂਹ ਲਿਆਉਂਦਾ ਤੇ ਕੁਰਸੀ ਨਾਲ਼ ਬੰਨ੍ਹ ਦਿੰਦਾ ਤਾਂਕਿ ਉਹ ਘਰੋਂ ਬਾਹਰ ਜਾ ਹੀ ਨਾ ਸਕੇ।
ਉਦੋਂ ਅਰੁਣਾ (ਅਸਲੀ ਨਾਮ ਨਹੀਂ) 18 ਸਾਲ ਸੀ ਜਦੋਂ ਉਹਦੇ ਅੰਦਰ ਸਕਿਜ਼ੋਫਰੇਨੀਆ (ਦੁਫ਼ਾੜ ਮਾਨਸਿਕਤਾ\ਮਨੋਭਾਜਨ) ਦੀ ਤਸ਼ਖ਼ੀਸ ਹੋਈ। ਇਹ ਰੋਗ ਉਹਦੇ ਸੋਚਣ, ਮਹਿਸੂਸ ਕਰਨ ਤੇ ਉਹਦੇ ਸੁਭਾਅ 'ਤੇ ਅਸਰ ਪਾਉਂਦਾ।
ਕਾਂਚੀਪੁਰਮ ਦੀ ਚੇਂਗਲਪੱਟੂ ਤਾਲੁਕਾ ਦੇ ਪਿੰਡ ਕੋਂਡਾਂਗੀ ਦੀ ਦਲਿਤ ਬਸਤੀ ਵਿੱਚ ਸਥਿਤ ਆਪਣੇ ਘਰ ਦੇ ਬਾਹਰ ਬੈਠੀ ਅਰੁਣਾ ਆਪਣੇ ਔਖ਼ੇ ਦਿਨਾਂ ਬਾਰੇ ਚੱਲ ਰਹੀ ਗੱਲਬਾਤ ਬੰਦ ਕਰ ਦਿੰਦੀ ਹੈ ਤੇ ਅਚਾਨਕ ਉੱਠ ਕੇ ਤੁਰ ਪੈਂਦੀ ਹੈ। ਗੁਲਾਬੀ ਰੰਗ ਦੀ ਨਾਈਟੀ (ਰਾਤਰੀ ਲਿਬਾਸ) ਪਾਈ ਅਤੇ ਛੋਟੇ-ਛੋਟੇ ਕਟੇ ਵਾਲ਼ਾਂ ਵਾਲ਼ੀ ਇਹ ਸਾਂਵਲੀ ਜਿਹੀ ਔਰਤ ਤੁਰਦੇ ਵੇਲ਼ੇ ਯਕਦਮ ਲੜਖੜਾ ਜਾਂਦੀ ਹੈ। ਉਹ ਕਾਨਿਆਂ ਦੀ ਬਣੀ ਆਪਣੀ ਛੋਟੀ ਜਿਹੀ ਝੌਂਪੜੀ ਅੰਦਰ ਜਾਂਦੀ ਹੈ ਤੇ ਹੱਥ ਵਿੱਚ ਡਾਕਟਰ ਦੀ ਪਰਚੀ ਤੇ ਗੋਲ਼ੀਆਂ ਦੇ ਦੋ ਪੱਤੇ ਫੜ੍ਹੀ ਵਾਪਸ ਮੁੜਦੀ ਹੈ। ਦਵਾਈਆਂ ਦੇ ਪੱਤੇ ਮੇਰੇ ਵੱਲ ਵਧਾਉਂਦਿਆਂ ਉਹ ਕਹਿੰਦੀ ਹੈ,''ਇੱਕ ਗੋਲ਼ੀ ਨੀਂਦ ਵਾਸਤੇ ਹੈ ਤੇ ਦੂਜੀ ਗੋਲ਼ੀ ਤੰਤੂ-ਸਬੰਧੀ ਵਿਗਾੜ ਤੋਂ ਬਚਾਅ ਕਰਨ ਲਈ ਹੈ। ਵੈਸੇ ਹੁਣ ਮੈਨੂੰ ਚੰਗੀ ਨੀਂਦ ਆਉਂਦੀ ਹੈ। ਮੈਂ ਦਵਾਈ ਲੈਣ ਲਈ ਹਰ ਮਹੀਨੇ ਸੇਮਬੱਕਮ (ਪ੍ਰਾਇਮਰੀ ਸਿਹਤ ਕੇਂਦਰ) ਜਾਂਦੀ ਹਾਂ।''
ਜੇ ਕਿਤੇ ਸ਼ਾਂਤੀ ਸੇਸ਼ਾ ਨਾ ਹੁੰਦੀ ਤਾਂ ਅਰੁਣਾ ਦੀ ਬੀਮਾਰੀ ਦਾ ਕਦੇ ਪਤਾ ਹੀ ਨਹੀਂ ਲੱਗਣਾ ਸੀ।



