ਆਪਣੀ ਦੁਕਾਨ ਵਿੱਚ ਬੈਠੀ ਭਾਮਾਬਾਈ, ਚੱਪਲ ਦੀ ਮੁਰੰਮਤ ਕਰ ਰਹੀ ਹਨ ਅਤੇ ਲੋਹੇ ਦੀ ਰਾਂਪੀ ਉਨ੍ਹਾਂ ਦੇ ਸਾਹਮਣੇ ਭੁੰਜੇ ਪਈ ਹੈ। ਸਿਲਾਈ ਕਰਨ ਤੋਂ ਪਹਿਲਾਂ ਇਸ ਚੱਪਲ ਨੂੰ ਸਹਾਰਾ ਦੇਣ ਵਾਸਤੇ ਲੱਕੜ ਦੇ ਆਇਤਾਕਾਰ ਟੁਕੜੇ ਦਾ ਇਸਤੇਮਾਲ ਕਰਦੀ ਹਨ, ਫਿਰ ਚੱਪਲ ਨੂੰ ਹਿੱਲ਼ਣ ਤੋਂ ਬਚਾਉਣ ਲਈ ਆਪਣੇ ਪੈਰ ਦੀ ਅੰਗੂਠੇ ਦੀ ਤੜੀਨ ਦਿੰਦੀ ਹਨ। ਫਿਰ ਸੂਈ ਦੇ ਸਹਾਰੇ ਚੱਪਲ ‘ਤੇ ਟਾਂਕੇ ਲਾਉਂਦੀ ਹਨ। ਕੋਈ ਛੇ ਟਾਂਕੇ ਲਾਉਣ ਤੋਂ ਬਾਅਦ ਚੱਪਲ ਸਹੀ ਹੋ ਗਈ-ਇਸ ਕੰਮ ਬਦਲੇ ਉਹ ਪੰਜ ਰੁਪਏ ਕਮਾਉਂਦੀ ਹਨ।
ਇਸ ਕਹਾਣੀ ਵਿੱਚ ਅਸੀਂ ਭਾਮਾਬਾਈ ਨੂੰ ਮਿਲ਼ਾਂਗੇ ਜੋ ਇੱਕ ਮਹਿਲਾ-ਮੋਚੀ ਹਨ ਅਤੇ ਬੇਹੱਦ ਕੰਗਾਲ਼ੀ ਭਰਿਆ ਜੀਵਨ ਬਿਤਾਉਂਦੀ ਹਨ। ਦਹਾਕੇ ਪਹਿਲਾਂ ਤੀਕਰ, ਉਹ ਅਤੇ ਉਨ੍ਹਾਂ ਦੇ ਪਤੀ ਓਸਮਾਨਾਬਾਦ ਜ਼ਿਲ੍ਹੇ ਦੇ ਮਰਾਠਵਾੜਾ ਇਲਾਕੇ ਦੇ ਬੇਜ਼ਮੀਨੇ ਮਜ਼ਦੂਰ ਸਨ। 1972 ਨੂੰ ਆਏ ਭਿਆਨਕ ਅਕਾਲ ਨੇ ਮਹਾਰਾਸ਼ਟਰ ਵਿੱਚ ਭਾਰੀ ਤਬਾਹੀ ਮਚਾਈ ਅਤੇ ਖੇਤੀ ਬਰਬਾਦ ਹੋ ਗਈ। ਅਖ਼ੀਰ ਰੋਜ਼ੀਰੋਟੀ ਉਨ੍ਹਾਂ ਨੂੰ ਪੂਨੇ ਵੱਲ ਖਿੱਚ ਲਿਆਈ।
ਇੱਥੇ ਉਨ੍ਹਾਂ ਨੂੰ ਜੋ ਕੰਮ ਮਿਲ਼ਦਾ ਕਰ ਲੈਂਦੇ, ਕਈ ਵਾਰੀ ਸੜਕ ਅਤੇ ਨਿਰਮਾਣ ਕਾਰਜਾਂ ਵਿਖੇ ਦਿਹਾੜੀਆਂ ਮਿਲ਼ਣ ਲੱਗੀਆਂ। ਉਸ ਵੇਲ਼ੇ ਪੂਨੇ ਵਿੱਚ ਇੱਕ ਮਜ਼ਦੂਰ ਨੂੰ 2 ਰੁਪਏ ਤੋਂ 5 ਰੁਪਏ ਦਿਹਾੜੀ ਮਿਲ਼ਿਆ ਕਰਦੀ। “ਮੈਂ ਆਪਣੀ ਪੂਰੀ ਕਮਾਈ ਆਪਣੇ ਪਤੀ ਨੂੰ ਫੜ੍ਹਾ ਦਿੰਦੀ। ਉਹ ਸ਼ਰਾਬ ਪੀਂਦਾ ਤੇ ਮੇਰੀ ਕੁੱਟਮਾਰ ਕਰਦੀ” 70 ਸਾਲਾਂ ਨੂੰ ਢੁਕੀ ਭਾਮਾਬਾਈ ਕਹਿੰਦੀ ਹਨ। ਅਖ਼ੀਰ ਪਤੀ ਨੂੰ ਛੱਡ ਦਿੱਤਾ ਅਤੇ ਪੂਨੇ ਨੇੜੇ ਆਪਣੀ ਦੂਸਰੀ ਪਤਨੀ ਅਥੇ ਬੱਚਿਆਂ ਨਾਲ਼ ਰਹਿੰਦਾ ਹੈ। “ਮੇਰੇ ਲਈ, ਉਹ ਮਰੇ ਤੋਂ ਘੱਟ ਨਹੀਂ। ਸਾਡਾ ਛੁੱਟ-ਛਟਾਅ ਹੋਇਆਂ 35 ਸਾਲ ਬੀਤ ਚੁੱਕੇ ਹਨ।” ਜੇ ਜਨਮ ਦੌਰਾਨ ਭਾਮਾਬਾਈ ਦੇ ਦੋ ਬੱਚੇ ਮਰੇ ਨਾ ਹੁੰਦੇ ਤਾਂ ਅੱਜ ਉਹ ਕਿੰਨੇ ਵੱਡੇ ਹੋ ਗਏ ਹੁੰਦੇ। ਉਹ ਕਹਿੰਦੀ ਹਨ,“ਇੱਥੇ ਮੇਰੇ ਨਾਲ਼ ਕੋਈ ਨਹੀਂ। ਮੇਰਾ ਸਹਾਰਾ ਕੋਈ ਨਹੀਂ।”
ਪਤੀ ਦੇ ਛੱਡਣ ਤੋਂ ਬਾਅਦ ਭਾਮਾਬਾਈ ਨੇ ਮੋਚੀ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਜੁੱਤੀਆਂ ਗੰਢਣ ਦਾ ਕੰਮ ਉਨ੍ਹਾਂ ਨੇ ਆਪਣੇ ਪਿਤਾ ਪਾਸੋਂ ਸਿੱਖਿਆ ਸੀ। ਉਨ੍ਹਾਂ ਦੀ ਇਹ ਦੁਕਾਨ ਪੂਨੇ ਦੇ ਕਰਵੇ ਰੋਡ ਦੇ ਕੰਢੇ ‘ਤੇ ਹੈ ਅਤੇ ਹਾਊਸਿੰਗ ਕਲੋਨੀ ਦੇ ਐਨ ਨਾਲ਼ ਕਰਕੇ। “ਨਗਰ ਨਿਗਮ ਦੇ ਕਰਮੀਆਂ ਨੇ ਉਹਨੂੰ ਢਾਹ ਦਿੱਤਾ। ਇਸਲਈ ਮੈਨੂੰ ਦੋਬਾਰਾ ਉਸਾਰੀ ਕਰਨੀ ਪਈ। ਉਨ੍ਹਾਂ ਦੋਬਾਰਾ ਤੋੜ ਸੁੱਟਿਆ।”
ਭਾਮਾਬਾਈ ਦੱਸਦੀ ਹਨ ਕਿ ਬਿਪਤਾ ਦੀ ਘੜੀ ਵਿੱਚ ਕਲੋਨੀ ਵਾਸੀਆਂ ਨੇ ਮੇਰੀ ਕਾਫ਼ੀ ਮਦਦ ਕੀਤੀ। “ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਕੋਲ਼ ਹੋਰ ਕੋਈ ਥਾਂ ਨਹੀਂ। ਕੋਈ ਹੋਰ ਕੰਮ ਵੀ ਮੈਨੂੰ ਕਰਨਾ ਨਹੀਂ ਆਉਂਦਾ।” ਮੇਰੀ ਕਹਾਣੀ ਸੁਣ ਸਾਰੇ ਅੱਗੇ ਆਏ ਅਤੇ ਨਗਰ ਨਿਗਰ ਅਧਿਕਾਰੀਆਂ ਨਾਲ਼ ਮਿਲ਼ ਕੇ ਗੱਲ਼ ਕੀਤੀ। ਉਦੋਂ ਤੋਂ ਹੀ ਭਾਮਾਬਾਈ ਇੱਥੇ ਕੰਮ ਕਰਦੀ ਆਈ ਹਨ।








