ਇਹਦਾ ਅਕਾਰ ਉਂਗਲ ਦੇ ਨਹੂੰ ਨਾਲ਼ੋਂ ਵੱਡਾ ਨਹੀਂ ਹੁੰਦਾ ਤੇ ਹਰੇਕ ਡੋਡੀ ਪੀਲ਼ੇ, ਚਿੱਟੇ ਰੰਗੀ ਤੇ ਬਹੁਤ ਹੀ ਪਿਆਰੀ ਹੁੰਦੀ ਹੈ। ਇਨ੍ਹਾਂ ਦੇ ਖੇਤ ਇਨ੍ਹਾਂ ਫੁੱਲਾਂ ਦੇ ਝੁੰਡਾਂ ਨਾਲ਼ ਲਹਿਰਾ ਉੱਠਦੇ ਹਨ ਤੇ ਇਹਦੀ ਮਹਿਕ ਬੜੀ ਦੇਰ ਤੱਕ ਤੁਹਾਡੇ ਅੰਦਰ ਮਹਿਕਦੀ ਰਹਿੰਦੀ ਹੈ। ਚਮੇਲੀ ਦਾ ਫੁੱਲ ਕੁਦਰਤੀ ਤੋਹਫ਼ਾ ਹੈ। ਇਹ ਤੋਹਫ਼ਾ ਜੋ ਧੂੜ ਭਰੀ ਧਰਤੀ, ਮੋਟੇ ਪੌਦਿਆਂ ਤੇ ਬੱਦਲਾਂ ਨਾਲ਼ ਘਿਰੇ ਅੰਬਰ ਜ਼ਰੀਏ ਪ੍ਰਾਪਤ ਹੁੰਦਾ ਹੈ।
ਪਰ ਇਨ੍ਹਾਂ ਖੇਤਾਂ ਵਿੱਚ ਕੰਮ ਕਰਨ ਵਾਲ਼ੇ ਮਜ਼ਦੂਰਾਂ ਕੋਲ਼ ਇਸ ਸਭ ਨੂੰ ਮਾਣਨ ਦੀ ਵਿਹਲ ਹੀ ਕਿੱਥੇ ਹੁੰਦੀ ਹੈ। ਉਨ੍ਹਾਂ ਨੇ ਤਾਂ ਜਿਵੇਂ-ਕਿਵੇਂ ਇਸ ਮੱਲੀ (ਚਮੇਲੀਆਂ) ਨੂੰ ਖਿੜਨ ਤੋਂ ਪਹਿਲਾਂ ਹੀ ਪੂਕਡਈ (ਫੁੱਲਾਂ ਦੇ ਬਜ਼ਾਰ) ਤੱਕ ਪਹੁੰਚਾਉਣਾ ਹੁੰਦਾ ਹੈ। ਵਿਨਾਇਕ ਚਤੁਰਥੀ, ਭਾਵ ਭਗਵਾਨ ਗਣੇਸ਼ ਦਾ ਜਨਮਦਿਨ ਆਉਣ ਵਿੱਚ ਸਿਰਫ਼ 4 ਦਿਨ ਬਾਕੀ ਹਨ ਤੇ ਫੁੱਲਾਂ ਦਾ ਚੰਗਾ ਭਾਅ ਮਿਲ਼ਣ ਦੀ ਉਮੀਦ ਰੱਖੀ ਜਾਂਦੀ ਹੈ।
ਇਨ੍ਹਾਂ ਕਲ਼ੀਆਂ ਨੂੰ ਤੋੜਨ ਵਾਸਤੇ ਪੁਰਸ਼-ਇਸਤਰੀ ਸਿਰਫ਼ ਆਪਣੀ ਪਹਿਲੀ ਉਂਗਲ ਤੇ ਅੰਗੂਠੇ ਦੀ ਮਦਦ ਲੈਂਦੇ ਹਨ। ਤੋੜਨ ਤੋਂ ਬਾਅਦ ਉਹ ਇਨ੍ਹਾਂ ਕਲ਼ੀਆਂ ਨੂੰ ਪਹਿਲਾਂ ਸਾੜੀ ਜਾਂ ਧੋਤੀ ਦੇ ਮਰੋੜੇ ਸਿਰਿਆਂ ਦੇ ਬਣਾਏ ਗੁੱਥਲਿਆਂ ਵਿੱਚ ਰੱਖੀ ਜਾਂਦੇ ਰਹਿੰਦੇ ਹਨ ਤੇ ਫਿਰ ਬਾਅਦ ਵਿੱਚ ਬੋਰੀਆਂ ਵਿੱਚ ਭਰ ਦਿੰਦੇ ਹਨ। ਇਸ ਪੂਰੀ ਪ੍ਰਕਿਰਿਆ ਵਿੱਚ ਨਜ਼ਾਕਤ ਵਰਤੀ ਜਾਂਦੀ ਹੈ: ਸਭ ਤੋਂ ਪਹਿਲਾਂ ਪੌਦੇ ਨੂੰ ਬੜੇ ਅਰਾਮ ਨਾਲ਼ ਟਹਿਣੀ ਤੋਂ ਫੜ੍ਹਿਆ ਜਾਂਦਾ ਹੈ, ਉਹਦੇ ਬਾਅਦ ਉਂਗਲ ਤੇ ਅੰਗੂਠੇ ਦੀ ਬਣੀ ਚੁਟਕੀ ਨਾਲ਼ ਤੋੜ ਲਿਆ ਜਾਂਦਾ ਹੈ ਤੇ ਫਿਰ ਅਗਲੇ ਪੌਦੇ ਦੀ ਵਾਰੀ ਆਉਂਦੀ ਹੈ। ਇਨ੍ਹਾਂ ਪੌਦਿਆਂ ਦੀ ਉੱਚਾਈ ਤਿੰਨ ਸਾਲ ਦੇ ਬੱਚੇ ਦੇ ਕੱਦ ਬਰਾਬਰ ਹੋ ਜਾਂਦੀ ਹੈ। ਕਲ਼ੀਆਂ ਤੋੜਨ ਵੇਲ਼ੇ ਗੱਲਾਂ ਦਾ ਅਦਾਨ-ਪ੍ਰਦਾਨ ਵੀ ਚੱਲਦਾ ਰਹਿੰਦਾ ਹੈ। ਪੂਰਬ ਵਿੱਚੋਂ ਉੱਗਦਾ ਸੂਰਜ ਵੱਧਦੀ ਤਪਸ਼... ਕਿਸੇ ਖੂੰਜਿਓਂ ਰੇਡਿਓ 'ਤੇ ਵੱਜਦਾ ਤਮਿਲ ਗੀਤ...
ਛੇਤੀ ਹੀ ਇਹ ਫੁੱਲ ਮਦੁਰਈ ਸ਼ਹਿਰ ਦੇ ਮੱਟੂਤਵਾਨੀ ਬਜ਼ਾਰ ਅੱਪੜ ਜਾਣਗੇ, ਜਿੱਥੋਂ ਉਹ ਤਮਿਲਨਾਡੂ ਦੇ ਦੂਜੇ ਸ਼ਹਿਰਾਂ ਵਿੱਚ ਭੇਜ ਦਿੱਤੇ ਜਾਣਗੇ। ਇਨ੍ਹਾਂ ਫੁੱਲਾਂ ਦੀਆਂ ਕੁਝ ਖੇਪਾਂ ਸਮੁੰਦਰ ਰਾਹੀਂ ਹੁੰਦੀਆਂ ਹੋਈਆਂ ਦੂਜੇ ਦੇਸ਼ ਨੂੰ ਵੀ ਭੇਜੀਆਂ ਜਾਣਗੀਆਂ।
ਪਾਰੀ ਨੇ ਸਾਲ 2021, 2022 ਤੇ 2023 ਵਿੱਚ ਮਦੁਰਈ ਜ਼ਿਲ੍ਹੇ ਦੇ ਤੀਰੂਮੰਗਲਮ ਅਤੇ ਉਸਿਲਮਪੱਟੀ ਤਾਲੁਕਾਵਾਂ ਦੀ ਯਾਤਰਾ ਕੀਤੀ। ਮਦੁਰਈ ਸ਼ਹਿਰੋਂ ਚਮੇਲੀ ਦੇ ਖੇਤਾਂ ਤੱਕ ਸੜਕ ਰਸਤਿਓਂ ਅਪੜਨ ਵਾਸਤੇ ਘੰਟੇ ਤੋਂ ਵੀ ਘੱਟ ਸਮਾਂ ਲੱਗਦਾ ਹੈ। ਆਪਣੇ ਇਤਿਹਾਸਕ ਮੀਨਾਕਸ਼ੀ ਅੰਮਾ ਮੰਦਰ ਅਤੇ ਫੁੱਲਾਂ ਦੇ ਵੱਡੇ ਬਜ਼ਾਰ ਕਾਰਨ ਇੱਥੇ ਮੱਲੀ ਦਾ ਵਪਾਰ ਤੇਜ਼ੀ ਨਾਲ਼ ਪੈਰ ਪਸਾਰ ਰਿਹਾ ਹੈ।




























