ਪੂਰਾ ਮੀਡੀਆ ਢਾਂਚਾ ਤ੍ਰੇੜਾਂ ਨਾਲ਼ ਭਰਿਆ ਪਿਆ ਸੀ। ਉਹ ਹਰ ਰੋਜ਼ ਆਪਣੇ ਧੱਸਦੇ ਜਾਂਦੇ ਸ਼ਹਿਰ ਦੀ ਹਿੱਕ 'ਤੇ ਨਿੱਤ ਨਵੀਆਂ ਤ੍ਰੇੜਾਂ ਦੇ ਉੱਭਰ ਆਉਣ ਬਾਰੇ ਨਵੀਂਆਂ ਕਹਾਣੀਆਂ ਪੜ੍ਹਦੀ ਰਹਿੰਦੀ। ਉਹਦਾ ਸ਼ਹਿਰ ਜੋ ਚਮੋਲੀ ਜ਼ਿਲ੍ਹੇ ਵਿਖੇ ਪੈਣ ਵਾਲ਼ੀ ਪਹਾੜੀ 'ਤੇ ਸਥਿਤ ਹੈ। ਮੀਡੀਆ ਵਾਲ਼ੇ ਤ੍ਰੇੜਾਂ ਦੇਖਣ ਪਿੰਡੀਂ ਥਾਈਂ ਆਉਂਦੇ ਰਹੇ ਤੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਦੇਖਣ। ਪਿਛਲੇ ਹਫ਼ਤੇ ਉਹਨੇ ਆਪਣਾ ਘਰ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ, ਜਦੋਂ ਪ੍ਰਸ਼ਾਸਨ ਲੋਕਾਂ ਨੂੰ ਆਪੋ-ਆਪਣੇ ਘਰ ਖਾਲੀ ਕਰਨ ਨੂੰ ਕਹਿ ਰਿਹਾ ਸੀ। ਸ਼ਾਇਦ ਉਹਨੂੰ ਖਿੱਚ ਕੇ ਬਾਹਰ ਕੱਢਣਾ ਪਵੇ। ਪਰ ਉਹ ਡਰੀ ਨਹੀਂ ਸੀ।
ਉਹ ਜਾਣਦੀ ਸੀ ਇਹ ਤ੍ਰੇੜਾਂ ਹੋਰ ਕੁਝ ਨਹੀਂ, ਇੱਕ ਲਾਲਚ ਸੀ ਜਿਹਨੇ ਉਨ੍ਹਾਂ ਦੇ ਪਿੰਡ ਨੂੰ ਹੇਠਾਂ ਤੋਂ ਖੋਖਲਾ ਕਰ ਛੱਡਿਆ ਸੀ। ਵਿਕਾਸ ਦੇ ਨਾਮ 'ਤੇ ਪਹਾੜਾਂ ਦੀ ਹਿੱਕ ਚੀਰਨ ਵਾਲ਼ੇ ਨਵੇਂ ਨਵੇਂ ਪ੍ਰੋਜੈਕਟ ਅਤੇ ਸੜਕਾਂ ਕੋਈ ਪਹਿਲਾ ਹਮਲਾ ਤਾਂ ਨਹੀਂ ਸਨ। ਕੁਝ ਹੋਰ ਵੀ ਸੀ, ਬੜਾ ਡੂੰਘੇਰਾ, ਜਿਹਨੇ ਪੂਰੀ ਦੁਨੀਆ ਨੂੰ ਦਾਅ 'ਤੇ ਲਾ ਛੱਡਿਆ ਸੀ। ਇਹ ਪਾੜ, ਇਹ ਵੰਡ ਤਾਂ ਪਹਿਲਾਂ ਤੋਂ ਹੀ ਮੌਜੂਦ ਸੀ। ਜਦੋਂ ਉਨ੍ਹਾਂ ਨੇ ਪਹਾੜੀ ਵੇਲ਼ ਦੇ ਨਾਲ਼ ਲਮਕਦੇ ਆਪਣੇ ਸੁਪਨੇ ਦਾ ਪਿੱਛਾ ਕਰਦਿਆਂ ਕਰਦਿਆਂ ਖ਼ੁਦ ਨੂੰ ਕੁਦਰਤ ਨਾਲ਼ੋਂ, ਧਰਤੀ ਦੇ ਦੇਵਤਿਆਂ ਨਾਲ਼ੋਂ ਉੱਚੇਰਾ ਸਮਝ ਲਿਆ। ਹਾਲਾਂਕਿ ਇਹ ਵੇਲ਼ ਮਹਿਜ ਇੱਕ ਜਾਦੂ ਸੀ। ਉਸ ਮ੍ਰਿਗ-ਤ੍ਰਿਸ਼ਨਾ ਦੀ ਖ਼ੋਜ ਵਾਸਤੇ ਕਿਹਨੂੰ ਦੋਸ਼ੀ ਗਰਦਾਨਿਆ ਜਾਣਾ ਸੀ?



