''ਮੇਰੇ ਪਿਤਾ ਨੇ ਮੇਰੀਆਂ ਉਂਗਲਾਂ ਵਿੱਚ ਧਾਗੇ ਬੰਨ੍ਹੇ ਅਤੇ ਕਠਪੁਤਲੀਆਂ ਨੂੰ ਨਚਾਉਣ ਦਾ ਹੁਨਰ ਸਿਖਾਇਆ ਸੀ,'' ਕਰੀਬ ਛੇ ਦਹਾਕੇ ਪਹਿਲਾਂ ਦਾ ਦੌਰ ਚੇਤੇ ਕਰਦਿਆਂ 74 ਸਾਲਾ ਪ੍ਰੇਮਰਾਮ ਭਾਟ ਕਹਿੰਦੇ ਹਨ।
ਉਹ ਕਹਿੰਦੇ ਹਨ, ''ਜਦੋਂ ਮੈਂ ਨੌਂ ਸਾਲ ਦਾ ਸਾਂ ਉਦੋਂ ਤੋਂ ਮੇਰੇ ਪਿਤਾ ਵੱਖੋ-ਵੱਖ ਪਿੰਡਾਂ ਵਿੱਚ ਕਠਪੁਤਲੀ ਸ਼ੋਅ ਵਿੱਚ ਮੈਨੂੰ ਆਪਣੇ ਨਾਲ਼ ਲਿਜਾਂਦੇ ਸਨ। ਮੈਂ ਢੋਲ਼ ਵਜਾਉਂਦਾ ਸਾਂ। ਹੌਲ਼ੀ-ਹੌਲ਼ੀ ਕਠਪੁਤਲੀ ਦੇ ਖੇਡ ਵਿੱਚ ਮੇਰੀ ਰੁਚੀ ਵਧਣ ਲੱਗੀ। ਮੇਰੇ ਪਿਤਾ ਲਾਲੂਰਾਮ ਭਾਟ ਨੇ ਮੈਨੂੰ ਕਠਪੁਤਲੀਆਂ ਨੂੰ ਹਿਲਾਉਣਾ-ਡੁਲਾਉਣਾ ਸਿਖਾਇਆ ਅਤੇ ਮੈਂ ਵੀ ਕਠਪੁਤਲੀਆਂ ਨੂੰ ਨਚਾਉਣਾ ਸ਼ੁਰੂ ਕਰ ਦਿੱਤਾ।''
ਪ੍ਰੇਮਰਾਮ ਪੱਛਮੀ ਜੋਧਪੁਰ ਦੇ ਪ੍ਰਤਾਪ ਨਗਰ ਇਲਾਕੇ ਵਿੱਚ ਫੁਟਪਾਥ 'ਤੇ ਬਣੀ ਝੁੱਗੀ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਜੁਗਨੀਬਾਈ (70), ਉਨ੍ਹਾਂ ਦੇ ਬੇਟੇ ਸੁਰੇਸ਼, ਨੂੰਹ ਸੁਨੀਤਾ ਅਤੇ ਉਨ੍ਹਾਂ ਦੇ ਚਾਰ ਬੱਚੇ, ਜਿਨ੍ਹਾਂ ਦੀ ਉਮਰ 3 ਤੋਂ 12 ਸਾਲ ਦੇ ਵਿਚਕਾਰ ਹੈ, ਸਾਰਿਆਂ ਦੇ ਨਾਲ਼ ਰਹਿੰਦੇ ਹਨ। ਉਨ੍ਹਾਂ ਦਾ ਪਰਿਵਾਰ ਭਾਟ ਭਾਈਚਾਰੇ (ਰਾਜਸਥਾਨ ਵਿੱਚ ਓਬੀਸੀ ਵਜੋਂ ਸੂਚੀਬੱਧ) ਨਾਲ਼ ਸਬੰਧ ਰੱਖਦਾ ਹੈ। ਭਾਈਚਾਰੇ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਕਈ ਭਾਟ ਪਰਿਵਾਰ ਕਰੀਬ 100 ਸਾਲ ਪਹਿਲਾਂ, ਰਾਜ ਦੇ ਨਾਗੌਰ ਜ਼ਿਲ੍ਹੇ ਤੋਂ ਚਲੇ ਗਏ ਅਤੇ ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ, ਜਿਵੇਂ ਜੋਧਪੁਰ, ਜੈਪੁਰ, ਜੈਸਲਮੇਰ ਅਤੇ ਬੀਕਾਨੇਰ ਵਿੱਚ ਜਾ ਵੱਸੇ।
39 ਸਾਲਾ ਸੁਰੇਸ਼ ਕਹਿੰਦੇ ਹਨ,''ਮੈਂ ਕਠਪੁਤਲੀ ਬਣਾਉਣ ਜਾਂ ਕਠਪੁਤਲੀ ਦੇ ਖੇਡ ਦੀ ਕੋਈ ਸਿਖਲਾਈ ਨਹੀਂ ਲਈ। ਮੈਂ ਉਹ ਕਲਾ ਆਪਣੇ ਪਿਤਾ ਦੀ ਪੇਸ਼ਕਾਰੀ ਨੂੰ ਦੇਖ ਦੇਖ ਕੇ ਸਿੱਖੀ ਹੈ।'' ਉਹ ਵੀ ਪ੍ਰੇਮਰਾਮ ਦੇ ਨਾਲ਼ ਪਿੰਡਾਂ ਵਿੱਚ ਜਾਂਦੇ ਸਨ ਅਤੇ ਤਕਰੀਬਨ 10 ਸਾਲ ਦੀ ਉਮਰ ਤੋਂ ਸ਼ੋਅ ਵਿੱਚ ਸ਼ਾਮਲ ਹੋਣ ਲੱਗੇ। ਘਰੇ ਉਹ ਕਠਪੁਤਲੀ ਬਣਾਉਣ ਵਿੱਚ ਮਦਦ ਕਰਦੇ ਸਨ। ਉਹ ਅੱਗੇ ਕਹਿੰਦੇ ਹਨ,''ਅਤੇ ਜਦੋਂ ਤੱਕ ਮੈਂ 15 ਸਾਲ ਦਾ ਹੋਇਆ, ਉਦੋਂ ਤੱਕ ਮੈਂ ਕਠਪੁਤਲੀ ਨੂੰ ਚੰਗੀ ਤਰ੍ਹਾਂ ਨਾਲ਼ ਨਚਾਉਣਾ ਸਿੱਖ ਲਿਆ ਸੀ। ਮੈਂ ਖੁਦ ਪਿੰਡਾਂ ਵਿੱਚ ਜਾਂਦਾ ਸਾਂ ਅਤੇ ਸ਼ੋਅ ਕਰਦਾ ਸਾਂ।''
ਉਨ੍ਹਾਂ ਦਾ 12 ਸਾਲਾ ਬੇਟਾ ਮੋਹਿਤ ਹੁਣ ਉਨ੍ਹਾਂ ਦਾ ਸਾਥ ਦਿੰਦਾ ਹੈ। ਸੁਰੇਸ਼ ਕਹਿੰਦੇ ਹਨ,''ਜਦੋਂ ਵੀ ਸਾਨੂੰ ਕੋਈ ਕੰਮ ਮਿਲ਼ਦਾ ਹੈ, ਮੋਹਿਤ ਮੇਰੇ ਨਾਲ਼ ਢੋਲ਼ ਵਜਾਉਂਦਾ ਹੈ। ਉਹ ਜਮਾਤ 5 ਵਿੱਚ ਪੜ੍ਹਦਾ ਹੈ, ਪਰ ਸਕੂਲ ਬੰਦ (ਮਹਾਂਮਾਰੀ-ਤਾਲਾਬੰਦੀ ਕਰਕੇ) ਹਨ।''
ਕੰਮ ਮਿਲ਼ਣਾ ਹੁਣ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇੱਕ ਲੰਬੇ ਅਰਸੇ ਤੱਕ, ਰਾਜਸਥਾਨ ਦੇ ਹੋਟਲਾਂ ਵਿੱਚ ਕਠਪੁਤਲੀ ਦੇ ਖੇਡ ਦੇ ਦਰਸ਼ਕ ਮੁੱਖ ਰੂਪ ਨਾਲ਼ ਵਿਦੇਸ਼ੀ ਸੈਲਾਨੀ ਸਨ। ਇੱਕ ਤਿੰਨ-ਪੁਰਖੀ ਮੰਡਲੀ ਸੈਲਾਨੀਆਂ ਦੇ ਨਾਲ਼ ਇੱਕ ਘੰਟੇ ਤੱਕ ਚੱਲਣ ਵਾਲ਼ੇ ਸ਼ੋਅ ਕਰਦੀ ਸੀ- ਇੱਕ ਕਠਪੁਤਲੀ ਨੂੰ ਸੰਭਾਲ਼ਦਾ ਸੀ ਅਤੇ ਬਾਕੀ ਹਰਮੋਨੀਅਮ ਅਤੇ ਢੋਲਕੀ ਵਜਾਉਂਦੇ ਸਨ। ਇਸ ਤਰੀਕੇ ਦੇ ਪ੍ਰੋਗਰਾਮ ਆਮ ਤੌਰ 'ਤੇ ਲੋਕ ਗੀਤਾਂ ਅਤੇ ਸ਼ਾਹੀ ਸਾਜ਼ਸ਼ਾਂ ਅਤੇ ਸੰਘਰਸ਼ਾਂ ਦੇ ਵਰਣਨ ਨੂੰ ਦਰਸਾਉਂਦੇ ਹਨ। (ਸਟੋਰੀ ਵਿੱਚ ਸ਼ਾਮਲ ਵੀਡਿਓ ਦੇਖੋ)।
ਇਨ੍ਹਾਂ ਸ਼ੋਆਂ ਤੋਂ ਹਰੇਕ ਕਲਾਕਾਰ ਨੂੰ ਮਹੀਨੇ ਵਿੱਚ ਲਗਭਗ 3-4 ਵਾਰ 300 ਰੁਪਏ ਤੋਂ 500 ਤੱਕ ਰੁਪਏ ਮਿਲ਼ਦੇ ਸਨ। ਤਾਲਾਬੰਦੀ ਦੌਰਾਨ ਇਸ ਤਰ੍ਹਾਂ ਦੇ ਸੱਦੇ ਮਿਲ਼ਣੇ ਬੰਦ ਹੋ ਗਏ ਅਤੇ ਕਠਪੁਤਲੀ ਕਲਾਕਾਰਾਂ ਨੂੰ ਸੜਕ ਦੇ ਕੰਢੇ ਆਪਣਾ ਖੇਡ ਦਿਖਾਉਣਾ ਸ਼ੁਰੂ ਕਰਨਾ ਪਿਆ। ਇਸ ਨਾਲ਼ ਇਨ੍ਹਾਂ ਨੂੰ ਬਾਮੁਸ਼ਕਲ ਪ੍ਰਤੀ ਸ਼ੋਅ 100-150 ਰੁਪਏ ਮਿਲ਼ਦੇ ਹਨ। ਇਨ੍ਹਾਂ ਦੀ ਕੁਝ ਆਮਦਨੀ ਕੱਖ-ਮਖਮਲ਼ ਤੋਂ ਬਣਨ ਵਾਲ਼ੇ ਸਮਾਨ ਨੂੰ ਵੇਚਣ ਤੋਂ ਹੁੰਦੀ ਹੈ। (See Jaipur toy makers: stuck under a grass ceiling )
ਤਾਲਾਬੰਦੀ ਦੌਰਾਨ ਇਸ ਭਾਈਚਾਰੇ ਨੂੰ ਰਾਸ਼ਨ ਅਤੇ ਹੋਰ ਲਾਜ਼ਮੀ ਵਸਤਾਂ ਵਾਸਤੇ ਚੈਰਿਟੀ ਕਰਨ ਵਾਲੇ ਸੰਗਠਨਾਂ 'ਤੇ ਨਿਰਭਰ ਰਹਿਣਾ ਪਿਆ। ਹਾਲਾਂਕਿ, ਸੂਬੇ ਅੰਦਰ ਪਾਬੰਦੀਆਂ ਵਿੱਚ ਢਿੱਲ ਦੇ ਨਾਲ਼ ਕੰਮ ਹੁਣ ਹੌਲ਼ੀ-ਹੌਲ਼ੀ ਵਾਪਸ ਲੀਹ 'ਤੇ ਆ ਰਿਹਾ ਹੈ।
ਜੋਧਪੁਰ ਦੇ ਪ੍ਰਤਾਪ ਨਗਰ ਵਿੱਚ ਫੁਟਪਾਥ ਦੇ ਪਾਰ ਇੱਕ ਝੌਂਪੜੀ ਵਿੱਚ ਰਹਿਣ ਵਾਲ਼ੀ 38 ਸਾਲਾ ਮੰਜੂ ਭਾਟ ਕੱਪੜੇ ਸਿਊਂਦੀ ਹਨ ਅਤੇ ਕਠਪੁਤਲੀਆਂ ਵਾਸਤੇ ਗਹਿਣੀ ਤਿਆਰ ਕਰਦੀ ਹਨ, ਜਿਨ੍ਹਾਂ ਦਾ ਇਸਤੇਮਾਲ ਉਨ੍ਹਾਂ ਦੇ 41 ਸਾਲਾ ਪਤੀ ਬਨਵਾਰੀ ਲਾਲ ਭਾਟ ਆਪਣੇ ਕਠਪੁਤਲੀ ਸ਼ੋਅ ਵਿੱਚ ਕਰਦੇ ਹਨ।
ਉਹ ਕਹਿੰਦੀ ਹਨ,''ਇਹ ਕਲਾ ਅਖੀਰਲੇ ਸਾਹਾਂ 'ਤੇ ਹੈ। ਪਹਿਲਾਂ ਸਾਨੂੰ ਇੱਕ ਮਹੀਨੇ ਵਿੱਚ 3-4 ਸ਼ੋਅ ਮਿਲ਼ ਜਾਇਆ ਕਰਦੇ ਸਨ, ਪਰ ਕਰੋਨਾ ਤੋਂ ਬਾਅਦ ਤੋਂ ਅਸੀਂ ਜ਼ਿਆਦਾਤਰ ਵਿਹਲੇ ਹੀ ਰਹੇ ਹਾਂ। ਇਸ ਕਲਾ ਨੂੰ ਹੁਣ ਸਰਕਾਰ ਹੀ ਬਚਾ ਸਕਦੀ ਹੈ। ਅਸੀਂ ਨਹੀਂ ਬਚਾ ਸਕਦੇ। ਹੁਣ ਮਨੋਰੰਜਨ ਦੇ ਨਵੇਂ-ਨਵੇਂ ਵਸੀਲੇ ਹਨ ਅਤੇ ਸਾਡੀ ਸੁਣਨ ਵਾਲ਼ਾ ਜਾਂ ਸਾਡੇ ਸ਼ੋਅ ਦੇਖਣ ਵਾਲ਼ਾ ਕੋਈ ਨਹੀਂ ਹੈ।''
ਇਸ ਤੋਂ ਇਲਾਵਾ, ਉਹ ਕਹਿੰਦੀ ਹਨ, ਉਨ੍ਹਾਂ ਦੀਆਂ ਰਵਾਇਤੀ ਕਹਾਣੀਆਂ ਦੇ ਨਾਲ਼ ਛੇੜਛਾੜ ਕੀਤੀ ਜਾ ਰਹੀ ਹੈ। ''ਸਾਡੇ ਕੋਲ਼ ਅਸਲੀ ਕਹਾਣੀਆਂ ਹਨ। ਇਹ ਪੜ੍ਹੇ-ਲਿਖੇ ਲੋਕ ਸਾਡੇ ਕੋਲ਼ ਆਉਂਦੇ ਹਨ ਅਤੇ ਸਾਡੀਆਂ ਕਹਾਣੀਆਂ ਸੁਣਦੇ ਹਨ ਅਤੇ ਫਿਰ ਉਨ੍ਹਾਂ ਨੂੰ ਜੋ ਪਸੰਦ ਆਉਂਦਾ ਹੈ ਉਸ ਵਿੱਚ ਆਪਣੀ ਮਰਜ਼ੀ ਮੁਤਾਬਕ ਕਾਂਟ-ਛਾਂਟ ਕਰਕੇ ਟੈਲੀਵਿਯਨ ਸੀਰੀਅਲ, ਨਾਟਕ ਜਾਂ ਫ਼ਿਲਮ ਬਣਾ ਲੈਂਦੇ ਹਨ। ਇਸ ਵਿੱਚ ਝੂਠ ਜ਼ਿਆਦਾ ਅਤੇ ਸੱਚ ਘੱਟ ਹੁੰਦਾ ਹੈ।''
ਪ੍ਰੇਮਰਾਮ ਦਾ ਵੀ ਇਹੀ ਕਹਿਣਾ ਹੈ ਕਿ ਟੈਲੀਵਿਯਨ ਅਤੇ ਮੋਬਾਇਲ ਫ਼ੋਨ ਜਿਹੀਆਂ ਨਵੀਆਂ ਤਕਨੀਕਾਂ ਨੇ ਉਨ੍ਹਾਂ ਜਿਹੇ ਕਲਾਕਾਰਾਂ ਦੀ ਅਹਿਮੀਅਤ ਨੂੰ ਘੱਟ ਕਰ ਦਿੱਤਾ ਹੈ। ''ਸਾਡੇ ਪੁਰਖੇ ਰਾਜੇ ਅਤੇ ਸਮਰਾਟਾਂ ਦੇ ਦਰਬਾਰ ਵਿੱਚ ਮਨੋਰੰਜਨ ਕਰਦੇ ਸਨ। ਬਦਲੇ ਵਿੱਚ ਉਨ੍ਹਾਂ ਨੂੰ ਅੰਨ, ਧਨ ਅਤੇ ਵੰਨ-ਸੁਵੰਨੀਆਂ ਵਸਤਾਂ ਮਿਲ਼ਦੀਆਂ ਸਨ, ਜਿਨ੍ਹਾਂ ਕਰਕੇ ਅਸੀਂ ਸਾਲ ਭਰ ਸੌਖੇ ਰਹਿੰਦੇ ਸਾਂ। ਮੇਰੇ ਪਿਤਾ ਅਤੇ ਦਾਦਾ ਜੀ ਪਿੰਡ-ਪਿੰਡ ਜਾ ਕੇ ਲੋਕਾਂ ਦਾ ਮਨੋਰੰਜਨ ਕਰਿਆ ਕਰਦੇ ਸਨ। ਪਿੰਡ ਦੇ ਲੋਕ ਹੁਣ ਵੀ ਸਾਡਾ ਸਨਮਾਨ ਕਰਦੇ ਹਨ, ਪਰ ਦੁਨੀਆ ਬਦਲ ਗਈ ਹੈ। ਪਹਿਲਾਂ ਵਾਂਗਰ ਹੁਣ ਸਾਡੀ ਕਲਾ ਦਾ ਕੋਈ ਸਨਮਾਨ ਨਹੀਂ ਕਰਦਾ। ਇਹ ਕਲ਼ਾ ਆਪਣੇ ਸਾਹ ਪੂਰੇ ਕਰ ਰਹੀ ਹੈ ਅਤੇ ਮੈਨੂੰ ਹੁਣ ਕਠਪੁਤਲੀ ਦੀ ਪੇਸ਼ਕਾਰੀ ਵਿੱਚ ਉਹ ਮਜ਼ਾ ਨਹੀਂ ਆਉਂਦਾ।''
ਤਰਜਮਾ : ਕਮਲਜੀਤ ਕੌਰ