ਸੋਮਵਾਰ ਦੀ ਸਵੇਰ ਦੇ ਕਰੀਬ 11 ਵੱਜੇ ਹਨ ਜਦੋਂ 41 ਸਾਲਾ ਮੁਨੇਸ਼ਵਰ ਮਾਂਝੀ ਆਪਣੇ ਟੁੱਟੇ-ਭੱਜੇ ਅਤੇ ਪਲੱਸਤਰ ਤੋਂ ਸੱਖਣੇ ਘਰ ਦੇ ਬਾਹਰ ਬਣੀ ਚੌਕੀ 'ਤੇ ਅਰਾਮ ਕਰ ਰਹੇ ਹਨ। ਕਮਰੇ ਦੇ ਬਾਹਰ ਖੁੱਲ੍ਹੀ ਥਾਵੇਂ ਸਿੱਧੀ ਧੁੱਪ ਅਤੇ ਸੂਰਜ ਦੀ ਤਪਸ਼ ਤੋਂ ਬਚਣ ਲਈ ਬਾਂਸ ਗੱਡ ਕੇ ਨੀਲ਼ੇ ਰੰਗੇ ਲਿਫ਼ਾਫ਼ੇ ਨਾਲ਼ ਛੰਨ ਜਿਹੀ ਪਾਈ ਹੋਈ ਹੈ। ਪਰ ਇਹ ਛੰਨ ਵੀ ਮੁਸ਼ਕਲ ਹੀ ਤਪਸ਼ ਤੋਂ ਕੋਈ ਰਾਹਤ ਦਿੰਦੀ ਹੋਣੀ। ''ਪਿਛਲੇ 15 ਦਿਨਾਂ ਤੋਂ ਮੇਰੇ ਕੋਲ਼ ਕੋਈ ਕੰਮ ਨਹੀਂ,'' ਮੁਨੇਸ਼ਵਰ ਕਹਿੰਦੇ ਹਨ ਜੋ ਪਟਨਾ ਤੋਂ ਕੋਈ 50 ਕਿਲੋਮੀਟਰ ਦੂਰ ਕਾਕੋ ਕਸਬੇ ਦੇ ਮੁਸਾਹਰੀ ਟੋਲੇ ਵਿੱਚ ਰਹਿੰਦੇ ਹਨ।
ਮੁਸਾਹਰੀ ਟੋਲਾ ਕਹਿਣ ਤੋਂ ਭਾਵ ਉਸ ਥਾਂ ਤੋਂ ਹੈ ਜਿੱਥੇ ਮੁਸਾਹਰ ਜਾਤੀ ਨਾਲ਼ ਤਾਅਲੁੱਕ ਰੱਖਣ ਵਾਲ਼ਾ ਭਾਈਚਾਰਾ ਰਹਿੰਦਾ ਹੈ, ਇਸ ਟੋਲੇ ਵਿੱਚ 60 ਪਰਿਵਾਰ ਵੱਸਦੇ ਹਨ। ਮੁਨੇਸ਼ਵਰ ਅਤੇ ਇਸ ਟੋਲੇ ਦੇ ਹੋਰਨਾਂ ਲੋਕਾਂ ਦਾ ਗੁਜ਼ਾਰਾ ਨੇੜਲੇ ਖੇਤਾਂ ਵਿੱਚ ਦਿਹਾੜੀ-ਧੱਪਾ ਕਰਕੇ ਹੁੰਦੀ ਕਮਾਈ ਸਿਰ ਚੱਲਦਾ ਹੈ। ਪਰ ਇਹ ਕੰਮ ਵੀ ਲਗਾਤਾਰ ਨਹੀਂ ਮਿਲ਼ਦਾ, ਮੁਨੇਸ਼ਵਰ ਕਹਿੰਦੇ ਹਨ। ਇਹ ਕੰਮ ਸਾਲ ਦੇ 3-4 ਮਹੀਨੇ ਹੀ ਮਿਲ਼ਦਾ ਹੈ, ਜਦੋਂ ਸਾਉਣੀ ਅਤੇ ਹਾੜੀ ਦੀਆਂ ਫ਼ਸਲਾਂ ਬੀਜਣ ਅਤੇ ਵੱਢਣ ਦਾ ਸਮਾਂ ਹੁੰਦਾ ਹੈ।
ਪਿਛਲੀ ਵਾਰੀ ਉਨ੍ਹਾਂ ਨੂੰ ਜਿੱਥੇ ਕੰਮ ਮਿਲ਼ਿਆ ਉਹ ਇੱਕ 'ਬਾਬਾ ਸਾਹਬ ' ਦਾ ਖੇਤ ਸੀ, ਜ਼ਮੀਨ ਮਾਲਕ ਰਾਜਪੂਤ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਸੀ। ''ਅੱਠ ਘੰਟੇ ਦਿਹਾੜੀ ਬਦਲੇ ਸਾਨੂੰ 150 ਰੁਪਏ ਨਕਦ ਜਾਂ 5 ਕਿਲੋ ਚੌਲ਼ ਮਿਲ਼ਦੇ। ਬੱਸ ਇੰਨਾ ਹੀ,'' ਮੁਨੇਸ਼ਵਰ ਖੇਤ ਮਜ਼ਦੂਰੀ ਬਦਲੇ ਮਿਲ਼ਣ ਵਾਲ਼ੀ ਦਿਹਾੜੀ ਬਾਰੇ ਦੱਸਦੇ ਹਨ। ਨਕਦੀ ਦੇ ਬਦਲੇ ਮਿਲ਼ਣ ਵਾਲ਼ੇ ਚੌਲਾਂ ਨੂੰ ਦੁਪਹਿਰ ਦੇ ਖਾਣੇ ਵਿੱਚ ਜੋੜਿਆ ਜਾਂਦਾ ਹੈ ਜਿਸ ਵਿੱਚ 4-5 ਰੋਟੀਆਂ ਜਾਂ ਚੌਲ਼ ਅਤੇ ਦਾਲ ਦੇ ਨਾਲ਼ ਹਰੀ ਸਬਜ਼ੀ ਹੁੰਦੀ ਹੈ।
ਭਾਵੇਂ ਕਿ ਉਨ੍ਹਾਂ ਦੇ ਦਾਦਾ ਜੀ ਨੂੰ 1955 ਵਿੱਚ ਚੱਲੀ ਭੂਦਾਨ ਲਹਿਰ ਦੌਰਾਨ ਤਿੰਨ ਵਿਘੇ (ਦੋ ਏਕੜ ਦੇ ਕਰੀਬ) ਮਿਲ਼ੀ ਸੀ-ਜਦੋਂ ਭੂ-ਮਾਲਕਾਂ ਨੇ ਮੁੜ-ਵੰਡ ਪ੍ਰਣਾਲੀ ਹੇਠ ਆਪਣੀਆਂ ਜ਼ਮੀਨਾਂ ਦਾ ਕੁਝ ਕੁ ਹਿੱਸਾ ਬੇਜ਼ਮੀਨੇ ਲੋਕਾਂ ਨੂੰ ਦਿੱਤਾ- ਸੀ ਪਰ ਉਸ ਜ਼ਮੀਨ ਦੀ ਵੀ ਕੋਈ ਵਰਤੋਂ ਨਹੀਂ ਹੁੰਦੀ। ''ਜ਼ਮੀਨ ਉਨ੍ਹਾਂ ਦੇ ਘਰਾਂ ਤੋਂ ਕੋਈ ਤਿੰਨ ਕਿਲੋਮੀਟਰ ਦੂਰ ਹੈ। ਜਦੋਂ ਕਦੇ ਵੀ ਅਸੀਂ ਫ਼ਸਲ ਬੀਜੀ, ਉਹ ਜਾਨਵਰਾਂ ਨੇ ਹੀ ਨਿਗਲ਼ ਲਈ ਅਤੇ ਸਾਨੂੰ ਘਾਟਾ ਪੈਂਦਾ ਰਿਹਾ,'' ਮੁਨੇਸ਼ਵਰ ਕਹਿੰਦੇ ਹਨ।
ਜ਼ਿਆਦਾਤਰ ਦਿਨ ਅਜਿਹੇ ਹੁੰਦੇ ਹਨ ਜਦੋਂ ਮੁਨੇਸ਼ਵਰ ਦਾ ਪਰਿਵਾਰ ਅਤੇ ਟੋਲੇ ਦੇ ਬਾਕੀ ਹੋਰ ਪਰਿਵਾਰ ਮਹੂਆ ਦਾਰੂ (ਅਜਿਹੀ ਸ਼ਰਾਬ ਜੋ ਮਹੂਆ ਰੁੱਖ 'ਤੇ ਲੱਗੇ ਫੁੱਲਾਂ ਤੋਂ ਬਣਦੀ ਹੈ) ਕੱਢ ਕੇ ਵੇਚਦੇ ਹਨ ਅਤੇ ਉਸੇ ਆਮਦਨੀ ਦੇ ਸਿਰ ਜਿਊਂਦੇ ਹਨ। ਮਧੁਕਾ ਲੋਂਗਿਫੋਲਿਆ ਵਰ. ਲਾਤਿਫੇਲਿਆ ਮਹੂਏ ਦਾ ਵਿਗਿਆਨਕ ਨਾਮ ਹੈ।
ਭਾਵੇਂ ਕਿ ਇਹ ਜ਼ੋਖਮ ਭਰਿਆ ਕਾਰੋਬਾਰ ਹੈ। ਰਾਜ ਦਾ ਇੱਕ ਸਖ਼ਤ ਕਨੂੰਨ- ਬਿਹਾਰ ਪਾਬੰਦੀ ਅਤੇ ਆਬਕਾਰੀ ਐਕਟ, 2016- ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੇ ਨਿਰਮਾਣ, ਕਬਜ਼ੇ, ਵਿਕਰੀ ਜਾਂ ਸੇਵਨ ਕਰਨ 'ਤੇ ਪਾਬੰਦੀ ਲਾਉਂਦਾ ਹੈ। ਇੱਥੋਂ ਤੱਕ ਕਿ ਮਹੂਆ ਦਾਰੂ, ਜਿਹਨੂੰ 'ਦੇਸੀ ਜਾਂ ਰਵਾਇਤੀ ਸ਼ਰਾਬ' ਮੰਨਿਆ ਜਾਂਦਾ ਹੈ, ਵੀ ਇਸੇ ਕਨੂੰਨ ਦੇ ਦਾਇਰੇ ਅਧੀਨ ਆਉਂਦੀ ਹੈ।










