"ਸਾਨੂੰ ਸੋਮਵਾਰ (16 ਮਾਰਚ) ਬਾਅਦ ਤੋਂ ਹੀ ਕੋਈ ਕੰਮ ਨਹੀਂ ਮਿਲ਼ਿਆ ਹੈ। ਮੈਂ ਪੈਸਾ ਕਿੱਥੋਂ ਲਿਆਵਾਂ?" ਵੰਦਨਾ ਉਂਬਰਸਡਾ ਆਪਣੀ ਸੱਤ ਸਾਲ ਦੀ ਪੋਤੀ ਵੱਲ ਇਸ਼ਾਰਾ ਕਰਕੇ ਕਹਿੰਦੀ ਹਨ ਜੋ 5 ਰੁਪਏ ਵਾਸਤੇ ਲਗਾਤਾਰ ਜ਼ਿੱਦ ਕਰ ਰਹੀ ਹੈ।
ਪਾਲਘਰ ਜਿਲ੍ਹੇ ਦੇ ਕਵਟੇਪਾੜਾ ਵਿੱਚ ਆਪਣੇ ਘਰ ਦੇ ਵਿਹੜੇ ਵਿੱਚ ਬੈਠੀ 55 ਸਾਲਾ ਵੰਦਨਾ, ਜੋ ਮਹਾਂਰਾਸ਼ਟਰ ਦੇ ਵਾੜਾ ਤਾਲੁਕਾ ਵਿੱਚ ਵੱਖੋ-ਵੱਖ ਨਿਰਮਾਣ ਸਥਲਾਂ 'ਤੇ ਕੰਮ ਕਰਦੀ ਹਨ, ਕਹਿੰਦੀ ਹਨ,''ਸਾਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਮੇਰੇ ਬੇਟੇ ਨੇ ਮੈਨੂੰ ਘਰੇ ਰਹਿਣ ਲਈ ਕਿਹਾ ਕਿਉਂਕਿ ਸਾਡੇ ਆਸਪਾਸ ਇੱਕ ਬੀਮਾਰੀ ਫੈਲੀ ਹੋਈ ਹੈ ਅਤੇ ਸਰਕਾਰ ਨੇ ਕਿਹਾ ਹੈ ਕਿ ਅਸੀਂ ਘਰਾਂ ਤੋਂ ਬਾਹਰ ਨਾ ਨਿਕਲੀਏ।''
ਸ਼ਾਮ ਦੇ ਕਰੀਬ 4 ਵੱਜੇ ਹਨ ਅਤੇ ਵੰਦਨਾ ਦੇ ਕਈ ਗੁਆਂਢੀ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਵੱਖ-ਵੱਖ ਮਸਲਿਆਂ 'ਤੇ ਚਰਚਾ ਕਰ ਰਹੇ ਹਨ, ਇਹ ਚਰਚਾ ਖਾਸ ਕਰਕੇ ਕੋਵਿਡ-19 ਦੇ ਸੰਕਟ ਬਾਰੇ ਹੈ। ਉਨ੍ਹਾਂ ਵਿੱਚੋਂ ਸਿਰਫ਼ ਇੱਕ ਨੌਜਵਾਨ ਕੁੜੀ, ਕਹਿੰਦੀ ਹੈ ਕਿ ਗੱਲ ਕਰਦੇ ਸਮੇਂ ਹਰ ਕਿਸੇ ਨੂੰ ਇੱਕ-ਦੂਜੇ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਇੱਥੋਂ ਦੇ ਲੋਕਾਂ ਦਾ ਅਨੁਮਾਨ ਹੈ ਕਿ ਕਵਟੇਪਾੜਾ ਵਿੱਚ ਕਰੀਬ 70 ਘਰ ਹਨ ਅਤੇ ਹਰੇਕ ਪਰਿਵਾਰ ਦਾ ਸਬੰਧ ਆਦਿਵਾਸੀਆਂ ਦੇ ਵਰਲੀ ਭਾਈਚਾਰੇ ਨਾਲ਼ ਹੈ।
ਰਾਜ-ਵਿਆਪੀ ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ, ਵੰਦਨਾ ਅਤੇ ਉਨ੍ਹਾਂ ਦੇ ਗੁਆਂਢੀ ਮਨੀਤਾ ਉਂਬਰਸਡਾ ਸਵੇਰੇ 8 ਵਜੇ ਆਪਣੇ ਦਿਨ ਦੀ ਸ਼ੁਰੂਆਤ ਕਰਦੀ ਹਨ ਅਤੇ ਇੱਕ ਘੰਟੇ ਵਿੱਚ 10 ਕਿ:ਮੀ ਦੀ ਪੈਦਲ ਦੂਰੀ ਤੈਅ ਕਰਨ ਤੋਂ ਬਾਅਦ ਵਾੜਾ ਸ਼ਹਿਰ ਅਤੇ ਆਸਪਾਸ ਦੇ ਨਿਰਮਾਣ ਸਥਲਾਂ 'ਤੇ ਪਹੁੰਚਦੀ ਹਨ। ਉੱਥੇ, ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਮਜ਼ਦੂਰੀ ਕਰਨ ਤੋਂ ਬਾਅਦ, ਉਹ 200 ਰੁਪਏ ਕਮਾਉਂਦੀ ਸਨ। ਵੰਦਨਾ ਕਹਿੰਦੀ ਹਨ ਕਿ ਇੰਜ ਉਨ੍ਹਾਂ ਨੂੰ ਹਰ ਮਹੀਨੇ ਕਰੀਬ 4,000 ਰੁਪਏ ਮਿਲ਼ ਜਾਇਆ ਕਰਦੇ ਸਨ। ਪਰ ਹੁਣ ਨਿਰਮਾਣ ਸਥਲ ਦੇ ਠੇਕੇਦਾਰਾਂ ਦੇ ਕੋਲ਼ ਉਨ੍ਹਾਂ ਲਈ ਕੋਈ ਕੰਮ ਹੀ ਨਹੀਂ ਬਚਿਆ।
"ਮੇਰੇ ਪੁੱਤਾਂ ਨੂੰ ਵੀ ਕੋਈ ਕੰਮ ਨਹੀਂ ਮਿਲ਼ ਰਿਹਾ। ਸਾਨੂੰ ਖਾਣਾ ਖਰੀਦਣ ਦੀ ਲੋੜ ਹੈ, ਪਰ ਬਿਨਾ ਕੰਮ ਕੀਤੇ ਸਾਨੂੰ ਪੈਸਾ ਕਿਵੇਂ ਮਿਲੂਗਾ?" ਉਹ ਸਵਾਲ ਪੁੱਛਦੀ ਹਨ। "ਸਾਡਾ ਰਾਸ਼ਨ ਮੁੱਕ ਰਿਹਾ ਹੈ। ਕੀ ਅਸੀਂ ਸਿਰਫ਼ ਚਟਣੀ ਬਣਾ ਕੇ ਆਪਣੇ ਬੱਚਿਆਂ ਨੂੰ ਖੁਆਈਏ? ਮੈਂ ਚਾਹੁੰਦੀ ਹਾਂ ਕਿ ਇਹ ਸਭ ਛੇਤੀ ਹੀ ਮੁੱਕ ਜਾਵੇ।"
ਵੰਦਨਾ ਦੇ ਤਿੰਨ ਪੁੱਤ ਅਤੇ 11 ਪੋਤੇ-ਪੋਤੀਆਂ ਹਨ। ਉਨ੍ਹਾਂ ਦੇ ਪੁੱਤ ਵਾੜਾ ਵਿਖੇ ਇੱਟਾਂ ਦੇ ਭੱਠਿਆਂ ਜਾਂ ਨਿਰਮਾਣ ਸਥਲਾਂ 'ਤੇ ਕੰਮ ਕਰਦੇ ਹਨ- ਇੱਕ ਤਾਲੁਕਾ ਜਿਸ ਵਿੱਚ 154,416 ਦੀ ਆਬਾਦੀ ਵਾਲ਼ੇ 168 ਪਿੰਡ ਹਨ। ਵੰਦਨਾ ਦੇ ਪਤੀ ਲਕਸ਼ਮਣ, ਜੋ ਇੱਕ ਸਥਾਨਕ ਦੁਕਾਨ ਵਿੱਚ ਕੰਮ ਕਰਦੇ ਸਨ, ਦੀ ਮੌਤ 15 ਸਾਲ ਪਹਿਲਾਂ ਜ਼ਿਆਦਾ ਸ਼ਰਾਬ ਪੀਣ ਕਰਕੇ ਹੋ ਗਈ ਸੀ।







