ਉਸ ਦਿਨ ਨੋਸੂਮੁਦੀਨ ਨੇ ਬੜੇ ਹੰਝੂ ਕੇਰੇ। ਉਨ੍ਹਾਂ ਨੂੰ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਆਪਣੇ ਮਾਪਿਆਂ ਨੂੰ, ਆਪਣੇ ਘਰ ਨੂੰ ਪਿਛਾਂਹ ਛੱਡ ਕੇ 10-12 ਕਿਲੋਮੀਟਰ ਦੂਰ ਜਾਣਾ ਪੈ ਰਿਹਾ ਸੀ। ਸੋਚ ਕੇ ਦੇਖੋ, ਸੱਤ ਸਾਲ ਦੇ ਬੱਚੇ ਲਈ ਸੱਚੀਓ ਇਹ ਕਿੰਨੀ ਵੱਡੀ ਗੱਲ ਰਹੀ ਹੋਵੇਗੀ ਕਿ ਉਹ ਆਪਣੇ ਮਾਪਿਆਂ ਤੋਂ ਦੂਰ ਹੋ ਜਾਵੇ। “ਮੈਨੂੰ ਬੜਾ ਬੁਰਾ ਲੱਗਿਆ ਅਤੇ ਮੈਂ ਰੋਂਦਾ ਰਿਹਾ ਰੋਂਦਾ ਰਿਹਾ। ਘਰ ਅਤੇ ਪਰਿਵਾਰ ਨੂੰ ਇੰਝ ਛੱਡਣਾ ਮੇਰੇ ਲਈ ਬੜਾ ਤਕਲੀਫ਼ਦੇਹ ਸੀ ਅਤੇ ਮੈਂ ਰੋਈ ਗਿਆ,” ਉਹ ਚੇਤੇ ਕਰਦੇ ਹਨ।
ਉਨ੍ਹਾਂ ਨੂੰ ਰਖਾਲ (ਡੰਗਰਾਂ ਦੀ ਦੇਖਭਾਲ਼ ਕਰਨ ਵਾਲ਼ਾ ਆਜੜੀ) ਵਜੋਂ ਕੰਮ ਕਰਨ ਲਈ ਭੇਜਿਆ ਜਾ ਰਿਹਾ ਸੀ। ਅੱਜ 41 ਸਾਲਾ ਨੋਸੁਮੁਦੀਨ ਦੱਸਦੇ ਹਨ,“ਮੇਰੇ ਘਰ ਭੰਗ ਭੁੱਜਦੀ ਸੀ, ਬੜੀ ਕੰਗਾਲੀ ਸੀ ਅਤੇ ਮੇਰੇ ਮਾਪਿਆਂ ਸਾਹਮਣੇ ਹੋਰ ਕੋਈ ਚਾਰਾ ਨਹੀਂ ਸੀ। ਉਨ੍ਹਾਂ ਕੋਲ਼ ਸਾਨੂੰ ਖੁਆਉਣ ਜੋਗਾ ਭੋਜਨ ਤੱਕ ਨਾ ਹੁੰਦਾ। ਖੇਤਾਂ ਵਿੱਚ ਜੋ ਕੁਝ ਵੀ ਉਗ ਜਾਂਦਾ ਉਹੀ ਸਾਡੀ ਖ਼ੁਰਾਕ ਬਣ ਜਾਂਦਾ। ਅਸੀਂ ਦਿਨ ਵਿੱਚ ਇੱਕੋ ਡੰਗ ਹੀ ਖਾਂਦੇ ਸਾਂ। ਸਾਡੇ ਪਿੰਡ ਵਿੱਚ ਬੜੇ ਵਿਰਲੇ ਪਰਿਵਾਰ ਸਨ ਜੋ ਦਿਨ ਵਿੱਚ ਦੋ ਡੰਗ ਖਾਣਾ ਖਾ ਪਾਉਂਦੇ।” ਪੜ੍ਹਾਈ ਲਿਖਾਈ ਤਾਂ ਸਾਡੇ ਲਈ ਸੋਚ ਤੋਂ ਬਾਹਰੀ ਕੋਈ ਦੁਨੀਆ ਸੀ: “ਉਸ ਵੇਲ਼ੇ ਮੈਂ ਸਕੂਲ ਜਾਣ ਦਾ ਖ਼ਵਾਬ ਵੀ ਨਹੀਂ ਸਾ ਲੈ ਸਕਦਾ ਹੁੰਦਾ। ਇੱਕ ਕੰਗਾਲ ਪਰਿਵਾਰ ਦਾ ਬੱਚਾ ਸਕੂਲ ਜਾਣ ਬਾਰੇ ਸੋਚ ਵੀ ਕਿਵੇਂ ਸਕਦਾ ਸੀ?”
ਇਸਲਈ, ਉਨ੍ਹਾਂ ਨੂੰ ਅਸਾਮ (ਉਦੋਂ) ਦੇ ਧੁਬਰੀ ਜ਼ਿਲ੍ਹੇ ਦੇ ਉਰਾਰਭੁਈ ਪਿੰਡ ਵਿਖੇ ਆਪਣੀ ਕੱਖਾਂ ਦੀ ਕੁੱਲੀ ਪਿਛਾਂਹ ਛੱਡ ਰੋਟੀ ਦੀ ਭਾਲ਼ ਵਿੱਚ ਨਿਕਲ਼ਣਾ ਪਿਆ। ਉਹ ਬੱਸ ‘ਤੇ ਸਵਾਰ ਹੋਏ 3 ਰੁਪਏ ਟਿਕਟ ਖਰਚੀ ਅਤੇ ਮਨੁੱਲਾਪਾਰਾ ਪਿੰਡ ਪਹੁੰਚ ਗਏ, ਜਿੱਥੇ ਉਨ੍ਹਾਂ ਨੂੰ ਜਿਹੜੇ ਵਿਅਕਤੀ ਕੋਲ਼ ਕੰਮੇ ਲਾਇਆ ਗਿਆ ਸੀ ਉਹਦੇ ਕੋਲ਼ 7 ਗਾਵਾਂ ਅਤੇ 12 ਵਿਘੇ (ਕਰੀਬ 4 ਏਕੜ) ਜ਼ਮੀਨ ਸੀ। “ਰਖਾਲ ਵਜੋਂ ਕੰਮ ਕਰਨਾ ਬੇਹੱਦ ਕਸ਼ਟਦਾਇਕ ਰਿਹਾ। ਇੰਨੀ ਛੋਟੀ ਉਮਰੇ ਵੀ ਮੈਨੂੰ ਕਈ ਕਈ ਘੰਟੇ ਕੰਮ ਕਰਨਾ ਪਿਆ। ਕਦੇ ਮੈਨੂੰ ਰੱਜਵਾਂ ਭੋਜਨ ਤੱਕ ਨਾ ਮਿਲ਼ਦਾ ਅਤੇ ਜੇ ਮਿਲ਼ਦਾ ਵੀ ਤਾਂ ਬਾਸੀ। ਮਾਰੇ ਭੁੱਖ ਦੇ ਮੈਂ ਬੜਾ ਰੋਂਦਾ,” ਮੋਸੁਮੁਦੀਨ ਚੇਤੇ ਕਰਦੇ ਹਨ। “ਸ਼ੁਰੂ ਸ਼ੁਰੂ ਵਿੱਚ, ਮੈਨੂੰ ਕੰਮ ਬਦਲੇ ਕੋਈ ਪੈਸਾ ਨਾ ਦਿੱਤਾ ਜਾਂਦਾ, ਸਿਰਫ਼ ਰੋਟੀ ਮਿਲ਼ਦੀ ਅਤੇ ਸੌਣ ਨੂੰ ਥਾਂ। ਮੇਰਾ ਮਾਲਕ ਨੂੰ ਹਰ ਸਾਲ 100-120 ਮਨ ਚੌਲ਼ ਦਾ ਝਾੜ ਮਿਲ਼ ਜਾਇਆ ਕਰਦਾ। ਚਾਰ ਸਾਲਾਂ ਬਾਅਦ, ਜਦੋਂ ਉਪਜ ਵਧੀ ਤਾਂ ਮੈਨੂੰ ਵੀ ਦੋ ਮਨ ਚੌਲ਼ ਦਿੱਤੇ ਜਾਣ ਲੱਗੇ।” ਭਾਵ ਕਿ ਮਾਰਚ ਤੋਂ ਨਵੰਬਰ ਤੱਕ ਦੇ ਖੇਤੀ ਸੀਜ਼ਨ ਦੇ ਮੁੱਕਦਿਆਂ ਕਰੀਬ 80 ਕਿਲੋ ਚੌਲ਼ ਮਿਲ਼ਿਆ ਕਰਦੇ।
ਅਸਾਮ ਅਤੇ ਮੇਘਾਲਿਆ ਦੀ ਸਰਹੱਦੀ ਪੇਂਡੂ ਇਲਾਕਿਆਂ ਵਿੱਚ ਕੁਝ ਦਹਾਕੇ ਪਹਿਲਾਂ ਇੱਕ ਚਲਨ ਹੋਇਆ ਕਰਦਾ ਸੀ ਜਿੱਥੇ ਘਰ ਦੇ ਗਭਰੇਟ ਬੱਚਿਆਂ ਨੂੰ ‘ਰਖਾਲ’ ਦੀ ਹੈਸੀਅਤ ਨਾਲ਼ ਕੰਮ ਕਰਨ ਲਈ ਭੇਜਿਆ ਜਾਂਦਾ ਸੀ। ਗ਼ਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਆਮ ਕਰਕੇ ਅਮੀਰ ਕਿਸਾਨਾਂ ਕੋਲ਼ ਪਸ਼ੂਪਾਲਕਾਂ ਵਜੋਂ ‘ਕੰਮੀਂ’ ਰੱਖ ਦਿੱਤਾ ਜਾਂਦਾ, ਜਿੱਥੇ ਨਕਦ ਪੈਸਾ ਤਾਂ ਕੋਈ ਨਾ ਮਿਲ਼ਦਾ ਬੱਸ ਰੋਟੀ ਵਗੈਰਾ ਮਿਲ਼ ਜਾਇਆ ਕਰਦੀ। ਸਥਾਨਕ ਇਲਾਕਿਆਂ ਵਿੱਚ ਇਸ ਵਿਵਸਥਾ ਨੂੰ ‘ਪੇਟਭੱਤਾ’ (ਜਿਹਦਾ ਸ਼ਾਬਦਿਕ ਅਰਥ ਸੀ ‘ਚੌਲ਼ਾ ਨਾਲ਼ ਢਿੱਡ ਭਰਨਾ’) ਕਿਹਾ ਜਾਂਦਾ ਸੀ।











