ਜਿਗਰ ਦੇਦ ਇਕਲਾਪੇ ਦੀ ਆਦੀ ਹੈ। ਉਹ ਸ਼੍ਰੀਨਗਰ ਦੀ ਡਲ ਝੀਲ ਦੇ ਇੱਕ ਘਾਟ 'ਤੇ ਆਪਣੀ ਹਾਊਸਬੋਟ ਦੇ ਕੋਲ ਇੱਕ ਲੱਕੜ ਦੀ ਝੌਂਪੜੀ ਵਿੱਚ ਇਕੱਲੀ ਰਹਿੰਦੀ ਹੈ। ਉਸ ਨੂੰ ਆਪਣੇ ਪਤੀ ਅਤੇ ਫਿਰ ਆਪਣੇ ਪੁੱਤਰ ਨੂੰ ਗੁਆਇਆਂ ਤਿੰਨ ਦਹਾਕੇ ਹੋ ਗਏ ਨੇ, ਇਸ ਲੰਮੇ ਅਰਸੇ ਦੌਰਾਨ ਉਸ ਨੇ ਇਕੱਲਿਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ।
ਫਿਰ ਵੀ, ਉਹ ਆਖਦੀ ਹੈ, “ਭਾਵੇਂ ਇਸ ਜ਼ਿੰਦਗੀ ਵਿਚ ਮੈਂ 30 ਸਾਲਾਂ ਤੋਂ ਇਕੱਲੀ ਰਹਿ ਰਹੀ ਹਾਂ, ਬਾਵਜੂਦ ਇਹਦੇ ਮੈਂ ਇਸ ਪਿਛਲੇ ਸਾਲ ਜਿੰਨੀ ਮੁਸ਼ਕਲ ਕਦੇ ਨਹੀਂ ਹੰਢਾਈ। ਬੰਦ ਤੋਂ ਬਾਅਦ, ਜਿਉਂ ਹੀ ਸੈਲਾਨੀ ਆਉਣੇ ਸ਼ੁਰੂ ਹੋਏ ਸਨ, ਇਹ ਕੋਰੋਨਾ ਆਇਆ ਅਤੇ ਫਿਰ ਲਾਕਡਾਊਨ, ਜਿਸ ਨੇ ਸਾਨੂੰ ਸਾਰਿਆਂ ਨੂੰ ਪਿੰਜਰੇ ਪਾਈ ਰੱਖਿਆ।”
ਜਦੋਂ ਸਰਕਾਰ ਨੇ 5 ਅਗਸਤ, 2019 ਨੂੰ ਕਸ਼ਮੀਰ ਵਿੱਚ ਧਾਰਾ 370 ਖਤਮ ਕੀਤੀ, ਤਾਂ ਉਸ ਤੋਂ ਬਾਅਦ ਹੋਏ ਬੰਦ ਨੇ ਬਹੁਤ ਵੱਡਾ ਨੁਕਸਾਨ ਕੀਤਾ। “ਮੈਂ ਉਦੋਂ ਤੋਂ ਇੱਕ ਵੀ ਗਾਹਕ ਨਹੀਂ ਦੇਖਿਆ,” ਜਿਗਰ ਕਹਿੰਦੀ ਹੈ। ਉਸ ਵੇਲੇ ਸਾਰੇ ਗ਼ੈਰ-ਸਥਾਨਕ ਲੋਕਾਂ ਨੂੰ ਇੱਥੋਂ ਚਲੇ ਜਾਣ ਦੀ ਅਧਿਕਾਰਤ ਸਲਾਹ ਦਾ ਮਤਲਬ ਸੀ ਕਿ ਸਾਰੇ ਸੈਲਾਨੀ ਵੀ ਘਾਟੀ ਛੱਡ ਦੇਣ। “ਇਹਨੇ ਸਾਨੂੰ ਭੁੰਜੇ ਲਾ ਦਿੱਤਾ,” ਉਹ ਜੋੜਦੀ ਹੈ। “ਇਸ ਨੇ ਸਾਡੇ ਕਾਰੋਬਾਰ ਨੂੰ ਬਹੁਤ ਨੁਕਸਾਨ ਪਹੁੰਚਾਇਆ। ਇਹਨੇ ਮੇਰੀ ਪਹਿਲਾਂ ਹੀ ਉੱਜੜੀ ਹੋਈ ਜ਼ਿੰਦਗੀ ਵਿੱਚ ਹੋਰ ਤਬਾਹੀ ਲਿਆਂਦੀ।”
ਉਹ ਆਪਣੀ ਉਸ ਤਬਾਹੀ ਨੂੰ ਚੇਤੇ ਕਰਦੀ ਹੈ ਜਿਹਨੇ ਉਹਨੂੰ ਇੰਨੀ ਲੰਬੀ ਇਕੱਲਤਾ ਵਿੱਚ ਵਗਾਹ ਮਾਰਿਆ: "ਮੇਰੀ ਭੈਣ ਦੀ ਕੁੜਮਾਈ ਦੀ ਰਸਮ ਸੀ ਅਤੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋਏ ਸਨ, ਖੁਸ਼ੀ ਵਿੱਚ ਗਾ ਤੇ ਨੱਚ ਰਹੇ ਸਨ," ਜਿਗਰ ਦੱਸਦੀ ਹਨ, ਜਿਨ੍ਹਾਂ ਦੇ ਅੰਦਾਜ਼ੇ ਮੁਤਾਬਕ ਉਹ ਆਪਣੀ ਉਮਰ ਦੇ 80ਵਿਆਂ ਵਿੱਚ ਹੈ। “ਮੇਰਾ ਪਤੀ, ਅਲੀ ਮੁਹੰਮਦ ਠੁੱਲਾ, ਮੇਰੇ ਕੋਲ ਆਇਆ ਅਤੇ ਆਪਣੀ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਅਤੇ ਫਿਰ, ਜਦੋਂ ਮੈਂ ਉਹਨੂੰ ਆਪਣੀ ਗੋਦੀ ਵਿੱਚ ਲਿਟਾਇਆ ਤਾਂ ਮੈਨੂੰ ਉਹਦਾ ਸਰੀਰ ਠੰਡਾ ਹੁੰਦਾ ਜਾਪਿਆ… ਉਸ ਪਲ ਮੈਨੂੰ ਮਹਿਸੂਸ ਹੋਇਆ ਜਿਵੇਂ ਸਾਰਾ ਅਸਮਾਨ ਮੇਰੇ ਉੱਤੇ ਡਿੱਗ ਪਿਆ ਹੋਵੇ।”
ਅਲੀ ਮੁਹੰਮਦ, ਜੋ ਆਪਣੇ 50ਵਿਆਂ ਵਿਚ ਸੀ, ਆਪਣੇ ਪਿੱਛੇ ਜਿਗਰ ਅਤੇ ਆਪਣੇ ਇਕਲੌਤੇ ਬੱਚੇ, ਮਨਜ਼ੂਰ ਨੂੰ, "ਦੁੱਖਾਂ ਸੰਗ ਜਿਉਣ ਲਈ" ਨੂੰ ਛੱਡ ਗਿਆ। ਜਿਗਰ ਆਪਣੇ ਬੇਟੇ ਨੂੰ ਮੰਨਾ ਕਹਿ ਬੁਲਾਉਂਦੀ ਸੀ, ਜੋ ਉਸ ਵੇਲ਼ੇ ਮਹਿਜ਼ 17 ਵਰ੍ਹਿਆਂ ਦਾ ਸੀ। ਅਤੇ ਉਨ੍ਹਾਂ ਕੋਲ ਪਰਿਵਾਰਕ ਹਾਊਸਬੋਟ ਸੀ, ਜਿਸ 'ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨਿਰਭਰ ਸੀ, ਚਾਰ ਕਮਰਿਆਂ ਵਾਲੀ ਇੰਦੌਰਾ (Indoora), ਉਨ੍ਹਾਂ ਦੀ ਝੌਂਪੜੀ ਕੋਲ਼ ਨਿੱਕੇ ਜਿਹੇ ਪੁਲ ਦੇ ਪਾਰ ਖੜ੍ਹੀ ਸੀ।
“ਜਦੋਂ ਵੀ ਮੇਰਾ ਮੁੰਡਾ ਸੈਲਾਨੀਆਂ ਨੂੰ ਸਾਡੀ ਕਿਸ਼ਤੀ ਵਿੱਚ ਠਹਿਰਾਉਣ ਲਈ ਲੈਣ ਜਾਂਦਾ ਸੀ, ਤਾਂ ਉਹ ਸਾਡੇ ਗੁਆਂਢੀਆਂ ਨੂੰ ਮੇਰੀ ਦੇਖਭਾਲ ਕਰਨ ਲਈ ਆਖ ਜਾਂਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਮੈਂ ਉਹਦੇ ਪਿਉ ਨੂੰ ਯਾਦ ਕਰ ਰੋਵਾਂਗੀ,” ਇੱਕ ਕਮਰੇ ਦੀ ਝੌਂਪੜੀ ਵਿੱਚ ਬਿਸਤਰੇ 'ਤੇ ਬੈਠੀ, ਦਰਵਾਜੇ ਦੇ ਬਾਹਰ ਝਾਕਦੀ ਹੋਈ, ਜਿਗਰ ਕਹਿੰਦੀ ਹੈ। ਉਹਦੇ ਘਰਵਾਲੇ ਤੇ ਮੁੰਡੇ ਦੀਆਂ ਫੋਟੋਆਂ ਲੱਕੜ ਦੀਆਂ ਕੰਧਾਂ ਦਾ ਸ਼ਿੰਗਾਰ ਹਨ।
ਉਹ ਹਾਲੇ ਅਲੀ ਨੂੰ ਗੁਆਉਣ ਦੇ ਦੁੱਖ ਨਾਲ ਜੂਝ ਹੀ ਰਹੀ ਸੀ ਕਿ ਸੱਤ ਮਹੀਨਿਆਂ ਬਾਅਦ ਮਨਜ਼ੂਰ ਦਾ ਵੀ ਦਿਹਾਂਤ ਹੋ ਗਿਆ। ਜਿਗਰ ਨੂੰ ਤਾਰੀਖ ਜਾਂ ਵਜ੍ਹਾ ਤਾਂ ਯਾਦ ਨਹੀਂ, ਪਰ ਉਹਦਾ ਮੰਨਣਾ ਹੈ ਕਿ ਇਹ ਉਹਦੇ ਆਪਣੇ ਪਿਉ ਨੂੰ ਗੁਆਉਣ ਦਾ ਦਰਦ ਸੀ ਜੋ ਉਸਦੇ ਜਵਾਨ ਮੁੰਡੇ ਨੂੰ ਵੀ ਲੈ ਗਿਆ।
“ਮੇਰੀਆਂ ਅੱਖਾਂ ਸਾਹਮਣੇ ਮੇਰੀ ਪੂਰੀ ਦੁਨੀਆ ਉਲਟ-ਪੁਲਟ ਹੋ ਗਈ,” ਉਹ ਕਹਿੰਦੀ ਹੈ। “ਮੇਰੀ ਜ਼ਿੰਦਗੀ ਦੇ ਦੋ ਨਾਇਕਾਂ ਨੇ ਮੈਨੂੰ ਉਨ੍ਹਾਂ ਦੀਆਂ ਯਾਦਾਂ ਨਾਲ ਭਰੀ ਹਾਊਸਬੋਟ ਨਾਲ ਇਕੱਲੀ ਛੱਡ ਦਿੱਤਾ।” ਉਹ ਅੱਗੇ ਕਹਿੰਦੀ ਹੈ, “ਇਹ ਯਾਦਾਂ ਹਰ ਵੇਲੇ ਮੈਨੂੰ ਤੰਗ ਕਰਦੀਆਂ ਨੇ। ਮੇਰੀ ਬਿਮਾਰੀਆਂ ਦੇ ਕਾਰਨ, ਮੇਰੀਆਂ ਬਹੁਤੀਆਂ ਯਾਦਾਂ ਧੁੰਦਲੀਆਂ ਪੈ ਗਈਆਂ ਨੇ, ਪਰ ਮੈਨੂੰ ਹਰ ਰੋਜ਼ ਸਤਾਉਣ ਵਾਲ਼ੀਆਂ ਯਾਦਾਂ ਹਰ ਬੀਤਦੇ ਦਿਨ ਤਾਜ਼ਾ ਹੋ ਜਾਂਦੀਆਂ ਨੇ।”
ਸਾਡੇ ਗੱਲ ਕਰਦਿਆਂ-ਕਰਦਿਆਂ ਕੁਝ ਯਾਦਾਂ ਤਾਜ਼ਾ ਹੋ ਆਈਆਂ। “ਮੇਰਾ ਮੰਨਾ ਇਸ ਬਿਸਤਰੇ ’ਤੇ ਸੌਂਦਾ ਸੀ,” ਉਹ ਯਾਦ ਕਰਦੀ ਹੈ। “ਉਹ ਬਹੁਤ ਸ਼ਰਾਰਤੀ ਮੁੰਡਾ ਸੀ। ਇਕਲੌਤਾ ਬੱਚਾ ਹੋਣ ਕਰਕੇ, ਉਹ ਸਾਡਾ ਬਹੁਤ ਮੋਹ ਕਰਦਾ ਸੀ। ਮੈਨੂੰ ਯਾਦ ਹੈ ਕਿ ਇੱਕ ਵਾਰ ਅਸੀਂ ਉਸਨੂੰ ਬਿਨਾਂ ਦੱਸੇ ਨਵਾਂ ਸੋਫਾ ਖਰੀਦ ਲਿਆ ਸੀ ਅਤੇ ਜਦੋਂ ਉਸਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਉਦੋਂ ਤਕ ਖਾਣਾ ਨਹੀਂ ਖਾਧਾ ਜਦੋਂ ਤੱਕ ਉਸਦੇ ਪਿਉ ਨੇ ਅਤੇ ਮੈਂ ਉਸ ਕੋਲ਼ੋਂ ਮਾਫੀ ਨਾ ਮੰਗ ਲਈ। ਹੇ ਖੁਦਾ, ਮੈਨੂੰ ਆਪਣੇ ਬੱਚੇ ਦੀ ਯਾਦ ਆਉਂਦੀ ਹੈ!”
ਉਦੋਂ ਤੋਂ, ਜਿਗਰ ਦੇਦ ਡਲ ਝੀਲ ਦੇ ਪਾਣੀਆਂ 'ਤੇ ਪੂਰੀ ਤਰ੍ਹਾਂ ਇਕੱਲਿਆਂ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ, ਘਰਵਾਲੇ ਦੇ ਪਿੱਛੋਂ ਰਹਿ ਗਈ ਹਾਊਸਬੋਟ ਤੋਂ ਕਮਾਈ ਕਰ ਰਹੀ ਹੈ। ਉਹ ਆਮ ਤੌਰ 'ਤੇ, ਅਪ੍ਰੈਲ ਤੋਂ ਅਗਸਤ ਤੱਕ, ਸੈਰ-ਸਪਾਟਾ ਸੀਜ਼ਨ ਦੌਰਾਨ 15,000-20,000 ਰੁਪਏ ਪ੍ਰਤੀ ਮਹੀਨਾ ਕਮਾ ਲਿਆ ਕਰਦੀ।
ਪਰ ਪਿਛਲੇ ਸਾਲ ਦੇ ਬੰਦ ਅਤੇ ਕਮਾਈ ਦੇ ਹੋਏ ਨੁਕਸਾਨ ਦੇ ਨਾਲ਼-ਨਾਲ, ਉਸਨੂੰ ਅਗਸਤ 2019 ਤੋਂ ਲਗਭਗ ਦੋ ਮਹੀਨਿਆਂ ਬਾਅਦ ਇੱਕ ਹੋਰ ਝਟਕੇ ਦਾ ਸਾਹਮਣਾ ਕਰਨਾ ਪਿਆ, ਜਦੋਂ ਹਾਊਸਬੋਟ ਦੀ ਸਾਂਭ-ਸੰਭਾਲ ਕਰਨ ਵਾਲਾ ਉਸਦਾ ਪੁਰਾਣਾ ਸਹਾਇਕ ਉਸਨੂੰ ਛੱਡ ਕੇ ਚਲਿਆ ਗਿਆ। “ਮੇਰੇ ਕੋਲ ਇੱਕ ਕਰਮਚਾਰੀ ਸੀ, ਗੁਲਾਮ ਰਸੂਲ, ਜੋ ਸੈਲਾਨੀਆਂ ਦੀ ਦੇਖਭਾਲ ਕਰਦਾ ਸੀ। ਉਹ ਮੇਰੇ ਲਈ ਪੁੱਤਰ ਵਰਗਾ ਸੀ ਅਤੇ ਉਹ ਮੇਰੀ ਕਿਸ਼ਤੀ ਦੀ ਦੇਖਭਾਲ ਵੀ ਕਰਦਾ ਸੀ ਅਤੇ ਬਾਹਰੋਂ ਖਾਣਾ ਅਤੇ ਹੋਰ ਸਮਾਨ ਲਿਆਉਣ ਵਿੱਚ ਮੇਰੀ ਮਦਦ ਕਰਦਾ ਸੀ।
ਹੁਣ ਜਦੋਂ ਜਿਗਰ ਉਸਨੂੰ 4500-5000 ਰੁਪਏ ਪ੍ਰਤਿ ਮਹੀਨਾ ਤਨਖਾਹ ਦੇਣ ਦੇ ਸਮਰੱਥ ਨਾ ਰਹੀ (ਅਤੇ ਉਹ ਸੈਲਾਨੀਆਂ ਤੋਂ ਟਿਪਸ ਵੀ ਨਹੀਂ ਕਮਾ ਸਕਦਾ ਸੀ), ਗੁਲਾਮ ਰਸੂਲ ਉਹਨੂੰ ਛੱਡ ਚਲਾ ਗਿਆ। “ਮੈਂ ਉਸਨੂੰ ਇਕੱਲੇ ਛੱਡ ਕੇ ਜਾਣ ਤੋਂ ਰੋਕਣ ਦੀ ਹਿੰਮਤ ਨਾ ਕਰ ਸਕੀ, ਉਸਦਾ ਵੀ ਇੱਕ ਪਰਿਵਾਰ ਹੈ,” ਉਹ ਕਹਿੰਦੀ ਹੈ।
ਆਪਣੀ ਵੱਧਦੀ ਉਮਰ ਦੇ ਨਾਲ, ਜਿਗਰ ਦੇਦ ਆਪਣੀ ਹਾਊਸਬੋਟ ‘ਚੋਂ ਬਾਹਰ ਨਿਕਲ਼ ਕੇ ਕੰਮ ਕਰਨ ਜਾਂ ਡਲ ਝੀਲ ਦੇ ਬਾਹਰ ਜਾ ਕੇ ਕਰਿਆਨੇ ਦਾ ਸਮਾਨ ਲਿਆਉਣ ਜਾਣ ਵਿੱਚ ਅਸਮਰੱਥ ਹੈ, ਅਤੇ ਉਸਨੂੰ ਕਿਸੇ ਐਸੇ ਵਿਅਕਤੀ ਦੀ ਲੋੜ ਹੈ ਜੋ ਉਸਨੂੰ ਬਜ਼ਾਰੋਂ ਚੀਜ਼ਾਂ ਲਿਆ ਦੇਵੇ। ਆਮ ਤੌਰ 'ਤੇ, ਇੱਕ ਪੁਰਾਣਾ ਪਰਿਵਾਰਕ ਦੋਸਤ ਇਸ ਵਿੱਚ ਮਦਦ ਕਰਦਾ ਹੈ, ਪਰ ਕਈ ਵਾਰ ਉਸਨੂੰ ਮਦਦ ਲਈ ਘੰਟਿਆਂ ਬੱਧੀ ਹਾਊਸਬੋਟ ਦੇ ਬਾਹਰ ਇੰਤਜ਼ਾਰ ਕਰਨਾ ਪੈਂਦਾ ਹੈ। “ਮੈਂ ਕਿਸੇ ਨੂੰ ਉਹਦਾ ਆਪਣਾ ਕੰਮ ਛੱਡਣ ਅਤੇ ਮੇਰਾ ਕੰਮ ਕਰਨ ਲਈ ਮਜਬੂਰ ਨਹੀਂ ਕਰ ਸਕਦੀ। ਮੈਂ ਬਸ ਇੰਤਜ਼ਾਰ ਕਰ ਸਕਦੀ ਹਾਂ ਜਦੋਂ ਤੱਕ ਕੋਈ ਮਦਦ ਲਈ ਨਹੀਂ ਆ ਜਾਂਦਾ,” ਉਹ ਕਹਿੰਦੀ ਹੈ।
“ਪਹਿਲਾਂ, ਜਦੋਂ ਮੇਰੇ ਕੋਲ ਪੈਸੇ ਹੁੰਦੇ ਸਨ, ਤਾਂ ਲੋਕ [ਆਸਾਨੀ ਨਾਲ] ਚੀਜ਼ਾਂ ਲਿਆ ਦਿੰਦੇ ਸਨ," ਉਹ ਅੱਗੇ ਕਹਿੰਦੀ ਹੈ, "ਪਰ ਹੁਣ ਮੈਨੂੰ ਕਦੇ-ਕਦੇ ਲੋੜੀਂਦੀ ਚੀਜ਼ ਪ੍ਰਾਪਤ ਕਰਨ ਲਈ ਲੰਬੇ ਸਮੇਂ ਤੱਕ ਕੋਸ਼ਿਸ਼ ਕਰਨੀ ਪੈਂਦੀ ਹੈ ਕਿਉਂਕਿ ਉਹ ਸੋਚਦੇ ਹਨ ਕਿ ਮੇਰੇ ਕੋਲ ਪੈਸੇ ਦੀ ਕਮੀ ਹੈ ਅਤੇ ਮੈਂ ਉਨ੍ਹਾਂ ਨੂੰ ਪੈਸੇ ਨਹੀਂ ਦੇਵਾਂਗੀ।”
ਅਤੇ ਹੁਣ, 30 ਸਾਲਾਂ ਵਿੱਚ ਪਹਿਲੀ ਵਾਰ, ਦੋ ਲਗਾਤਾਰ ਲੱਗੀਆਂ ਤਾਲਾਬੰਦੀਆਂ ਅਤੇ ਉਹਦੇ ਹਾਊਸਬੋਟ ਨੂੰ ਕਿਸੇ ਵੀ ਸੈਲਾਨੀ ਵੱਲੋਂ ਕਿਰਾਏ 'ਤੇ ਨਾ ਲੈਣ ਕਾਰਨ, ਜਿਗਰ ਦੇਦ ਦੀ ਲਗਭਗ ਸਾਰੀ ਜਮ੍ਹਾਂ-ਪੂੰਜੀ ਖਰਚ ਹੋ ਗਈ ਹੈ। ਇਸ ਲਈ ਹੁਣ ਉਹ ਦਿਨ ਵਿੱਚ ਦੋ ਡੰਗ ਦੀ ਬਜਾਏ ਸਿਰਫ਼ ਇੱਕੋ ਵੇਲੇ ਖਾਣਾ ਖਾਂਦੀ ਹੈ - ਆਮ ਤੌਰ 'ਤੇ ਰਾਤ ਦੇ ਖਾਣੇ ਵਿੱਚ ਦਾਲ ਤੇ ਚੌਲ ਅਤੇ ਦੁਪਹਿਰੇ ਸਿਰਫ਼ ਸਥਾਨਕ ਨੂਨ-ਚਾਹ (ਨਮਕੀਨ ਚਾਹ)। ਕਈ ਵਾਰ, ਡਲ ਝੀਲ ਦੇ ਗੁਆਂਢੀ ਉਸ ਦੀ ਝੌਂਪੜੀ ਜਾਂ ਕਿਸ਼ਤੀ 'ਤੇ ਖਾਣੇ ਦੇ ਪੈਕੇਟ ਸੁੱਟ ਦਿੰਦੇ ਹਨ।
"ਮੈਂ ਲੋਕਾਂ ਦੇ ਹਾੜੇ ਕੱਢਣ ਦੀ ਬਜਾਇ ਭੁੱਖਿਆਂ ਮਰਨਾ ਪਸੰਦ ਕਰਾਂਗੀ; ਨਹੀਂ ਤਾਂ ਇਹ ਮੇਰੇ ਅਲੀ ਅਤੇ ਮੰਨਾ ਦੇ ਨਾਂ ਨੂੰ ਦਾਗ਼ ਲਾਵੇਗਾ,” ਉਹ ਕਹਿੰਦੀ ਹੈ। “ਮੈਂ ਕਿਸੇ ’ਤੇ ਦੋਸ਼ ਨਹੀਂ ਮੜ੍ਹ ਰਹੀ, ਕਿਉਂਕਿ ਇਸ ਸਮੇਂ ਸਥਿਤੀ ਸਾਰਿਆਂ ਲਈ ਇੱਕੋ ਜਿਹੀ ਹੈ। ਇਨ੍ਹਾਂ ਤਾਲਾਬੰਦੀਆਂ ਨਾਲ, ਸਾਡਾ ਕਾਰੋਬਾਰ ਠੱਪ ਹੋ ਗਿਆ ਹੈ, ਸਾਡੇ ਕੋਲ ਕੋਈ ਪੈਸਾ ਨਹੀਂ ਬਚਿਆ। ਇਹ ਸਿਰਫ਼ ਮੈਂ ਹੀ ਨਹੀਂ ਜਿਸ ਨੇ ਪਿਛਲੇ ਸਾਲ ਅਗਸਤ ਤੋਂ ਇੱਕ ਵੀ ਗਾਹਕ ਨਹੀਂ ਦੇਖਿਆ ਹੈ, ਬਹੁਤ ਸਾਰੇ ਹਾਊਸਬੋਟ ਮਾਲਕ ਅਤੇ ਸ਼ਿਕਾਰਾ-ਵਾਲੇ ਵੀ ਮੇਰੇ ਵਾਂਗ ਇਸੇ ਮੁਕੱਦਰ ਦੇ ਭਾਈਵਾਲ ਹਨ।"
ਸਰਦੀਆਂ ਦੇ ਤੇਜ਼ੀ ਨਾਲ ਨੇੜੇ ਆਉਣ ਨਾਲ, ਜਿਗਰ ਦੇਦ ਨੂੰ ਚਿੰਤਾ ਹੈ ਕਿ ਕੀ ਹਾਊਸਬੋਟ ਠੰਡ ਵਿੱਚ ਬਚ ਸਕੇਗੀ, ਕਿਉਂਕਿ ਉਸ ਕੋਲ ਇਸਦੀ ਸਾਂਭ-ਸੰਭਾਲ ਲਈ ਕੋਈ ਪੈਸਾ ਨਹੀਂ ਹੈ। ਹੁਣ ਜਦੋਂ ਵੀ ਮੌਸਮ ਖ਼ਰਾਬ ਹੁੰਦਾ ਹੈ, ਉਹ ਕਹਿੰਦੀ ਹੈ ਕਿ ਉਹ ਸੌਂ ਨਹੀਂ ਪਾਉਂਦੀ। “ਮੈਨੂੰ ਡਰ ਹੈ ਕਿ ਜੇ ਮੀਂਹ ਪੈਣ ਲੱਗ ਗਿਆ ਤਾਂ ਮੈਂ ਕੀ ਕਰਾਂਗੀ? ਮੈਨੂੰ ਡਰ ਹੈ ਕਿ ਮੇਰੇ ਸਣੇ ਮੇਰੀ ਹਾਊਸਬੋਟ ਡੁੱਬ ਜਾਵੇਗੀ ਕਿਉਂਕਿ ਇਨ੍ਹਾਂ ਸਰਦੀਆਂ ਵਿੱਚ ਬਚੀ ਰਹਿਣ ਲਈ ਇਸਨੂੰ ਬਹੁਤ ਮੁਰੰਮਤ ਦੀ ਲੋੜ ਹੈ। ਮੈਂ ਖੁਦਾ ਨੂੰ ਦੁਆ ਕਰਦੀ ਹਾਂ ਕਿ ਸਰਦੀਆਂ ਦੇ ਕੁਰੱਖਤ ਹੋਣ ਤੋਂ ਪਹਿਲਾਂ ਮੈਨੂੰ ਕੁਝ ਗਾਹਕ ਮਿਲ ਜਾਣ, ਤਾਂ ਜੋ ਮੈਂ ਆਪਣੇ ਜਿਉਣ ਦਾ ਇਕਲੌਤਾ ਸਾਧਨ ਅਤੇ ਮੇਰੇ ਅਲੀ ਦਾ ਤੋਹਫ਼ਾ ਨਾ ਗੁਆ ਬੈਠਾਂ।"
ਪੋਸਟਸਕਰਿਪਟ : 25 ਦਸੰਬਰ , 2020 ਦੀ ਸਵੇਰ , ਕ੍ਰਿਸਮਿਸ ਦੇ ਦਿਨ , ਜਿਗਰ ਦੇਦ ਦਾ ਦਿਹਾਂਤ ਹੋ ਗਿਆ , ਸੰਭਵ ਤੌਰ ' ਤੇ ਉਸ ਦੀ ਮੌਤ ਕਸ਼ਮੀਰ ਵਿੱਚ ਪਈ ਸਖਤ ਅਤੇ ਅਸਹਿ ਸਰਦੀ ਕਾਰਨ ਹੋਈ ਹੈ।
ਤਰਜਮਾ: ਅਰਸ਼