''ਅੱਜ ਤੱਕ ਕਿਸੇ ਨੇ ਮੇਰੀ ਇੰਟਰਵਿਊ ਨਹੀਂ ਲਈ। ਅੱਜ ਤਾਂ ਮੈਂ ਸਭ ਕੁਝ ਦੱਸਾਂਗੀ...''
ਉਨ੍ਹਾਂ ਦੇ 'ਸਭ ਕੁਝ' ਕਹਿਣ ਤੋਂ ਭਾਵ ਹੈ ਮੁੰਬਈ ਦੇ ਖਾਰ ਵੈਸਟ ਇਲਾਕੇ ਵਿੱਚ 70 ਸਾਲਾਂ ਤੋਂ ਕਈ ਘਰਾਂ ਦੇ ਪਖ਼ਾਨੇ ਸਾਫ਼ ਕਰਨ, ਝਾੜੂ-ਪੋਚਾ ਮਾਰਨ ਅਤੇ ਧੁਆਈ ਕਰਨ ਤੋਂ ਹੈ, ਜੋ ਕੰਮ ਉਨ੍ਹਾਂ ਆਪਣੇ ਹੱਥੀਂ ਕੀਤੇ। ਭਟੇਰੀ ਸਰਬਜੀਤ ਲੋਹਟ ਨੂੰ 1980ਵਿਆਂ ਤੋਂ ਲੈ ਕੇ 1990 ਦੇ ਸ਼ੁਰੂ ਤੱਕ, 15-16 ਘਰਾਂ ਵਾਲ਼ੀ ਇੱਕ ਪੂਰੀ ਬਿਲਡਿੰਗ ਦੀ ਸਫ਼ਾਈ ਕਰਨ ਬਦਲੇ ਮਹੀਨੇ ਦੇ ਸਿਰਫ਼ 50 ਰੁਪਏ ਮਿਲ਼ਦੇ ਸਨ। ਨਿਗੂਣੇ ਪੈਸਿਆਂ ਦੇ ਨਾਲ਼ ਹੀ ਇਨ੍ਹਾਂ ਘਰਾਂ ਦੀ ਜੂਠ ਜਾਂ ਬਚਿਆ ਹੋਇਆ ਖਾਣਾ ਵੀ ਮਿਲ਼ਦਾ ਸੀ।
''ਮੇਰਾ ਨਾਮ ਭਟੇਰੀ ਦੇਵੀ ਹੈ। ਮੈਂ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਸਾਂਘੀ ਪਿੰਡ ਦੀ ਰਹਿਣ ਵਾਲ਼ੀ ਹਾਂ। ਮੈਨੂੰ ਇੰਨਾ ਨਹੀਂ ਚੇਤੇ ਕਿ ਮੈਂ ਮੁੰਬਈ ਕਦੋਂ ਆਈ, ਪਰ ਉਦੋਂ ਮੈਂ ਸੱਜ-ਵਿਆਹੀ ਸਾਂ। ਸੱਸ ਨੇ ਸਾਡੇ ਇੱਕ ਰਿਸ਼ਤੇਦਾਰ ਦੇ ਬਦਲੇ ਮੈਨੂੰ ਕੰਮ 'ਤੇ ਲੁਆ ਦਿੱਤਾ। ਕੁਝ ਸਾਲਾਂ ਬਾਅਦ ਮੇਰੇ ਪਤੀ (ਵੀ ਇੱਕ ਸਫ਼ਾਈਕਰਮੀ) ਦੀ ਮੌਤ ਹੋ ਗਈ ਉਦੋਂ ਮੇਰਾ ਬੇਟਾ ਸਿਰਫ਼ ਦੋ-ਤਿੰਨ ਸਾਲ ਦਾ ਸੀ। ਉਹ ਦਾਦਰ ਵਿਖੇ ਕੰਮ ਕਰਿਆ ਕਰਦੇ ਸਨ ਅਤੇ ਲੋਕਲ ਟ੍ਰੇਨ ਰਾਹੀਂ ਸਫ਼ਰ ਕਰਦੇ ਸਨ। ਇੱਕ ਦਿਨ ਰੇਲ ਅੰਦਰ ਭੀੜ ਹੋਣ ਕਾਰਨ ਉਹ ਬੂਹੇ 'ਤੇ ਖੜ੍ਹੇ ਸਨ ਅਤੇ ਬਿਜਲੀ ਦੇ ਇੱਕ ਖੰਭੇ ਨਾਲ਼ ਟਕਰਾ ਗਏ ਅਤੇ ਥਾਏਂ ਹੀ ਉਨ੍ਹਾਂ ਦੀ ਮੌਤ ਹੋ ਗਈ।''
ਹਾਦਸੇ ਨੂੰ ਹੋਇਆਂ ਕਈ ਦਹਾਕੇ ਬੀਤ ਚੁੱਕੇ ਹਨ, ਪਰ ਉਨ੍ਹਾਂ ਦੀਆਂ ਅੱਖਾਂ ਅੱਜ ਵੀ ਦਰਦ ਬਿਆਨ ਕਰ ਰਹੀਆਂ ਹਨ। ਭਟੇਰੀ ਦੇਵੀ ਨੇ ਡੂੰਘਾ ਸਾਹ ਭਰਿਆ। ਉਹ ਮੁੰਬਈ ਦੇ ਬਾਂਦਰਾ ਈਸਟ ਇਲਾਕੇ ਦੇ ਬਾਲਮੀਕੀ ਨਗਰ ਵਿਖੇ ਰਹਿੰਦੀ ਹਨ। ਉਨ੍ਹਾਂ ਦੇ ਆਧਾਰ ਕਾਰਡ ਮੁਤਾਬਕ ਉਨ੍ਹਾਂ ਦਾ ਜਨਮ 1932 ਵਿੱਚ ਹੋਇਆ ਜਿਸ ਮੁਤਾਬਕ ਉਨ੍ਹਾਂ ਦੀ ਉਮਰ 86 ਸਾਲ ਹੈ। ਪਰ ਉਨ੍ਹਾਂ ਦੇ ਝੁਰੜਾਏ ਚਿਹਰੇ ਨੂੰ ਦੇਖ ਕੇ ਉਹ 90 ਸਾਲ ਤੋਂ ਵੱਧ ਉਮਰ ਦੀ ਜਾਪਦੀ ਹਨ- ਇਹੀ ਉਨ੍ਹਾਂ ਦਾ ਵੀ ਮੰਨਣਾ ਹੈ। ਉਨ੍ਹਾਂ ਦਾ ਬੇਟਾ ਹਰੀਸ਼, ਜੋ ਆਪਣੀ ਉਮਰ ਦੇ 70ਵੇਂ ਸਾਲ ਵਿੱਚ ਹਨ, ਇਸੇ ਸਾਲ 30 ਜੂਨ ਨੂੰ ਉਨ੍ਹਾਂ ਦੀ ਵੀ ਮੌਤ ਹੋ ਗਈ। ਭਟੇਰੀ ਦਾ ਵਿਆਹ 12-13 ਸਾਲ ਦੀ ਛੋਟੀ ਜਿਹੀ ਉਮਰੇ ਹੀ ਹੋ ਗਿਆ ਸੀ, ਜਿਹਦੇ ਬਾਅਦ ਉਹ ਆਪਣੇ ਪਤੀ ਸਰਬਜੀਤ ਲੋਹਟ ਦੇ ਨਾਲ਼ ਮੁੰਬਈ ਆ ਗਈ ਸਨ।
ਹਰਿਆਣੇ ਤੋਂ ਆ ਕੇ ਉਨ੍ਹਾਂ ਦਾ ਪੂਰੇ ਦਾ ਪੂਰਾ ਟੱਬਰ ਮੁੰਬਈ ਹੀ ਵੱਸ ਗਿਆ ਸੀ। ਕਰੀਬ ਕਰੀਬ ਸਾਰੇ ਹੀ ਜਣੇ ਸਾਫ਼-ਸਫ਼ਾਈ ਦੇ ਕੰਮਾਂ ਵਿੱਚ ਲੱਗੇ ਹੋਏ ਸਨ ਅਤੇ ਪ੍ਰਾਈਵੇਟ ਨੌਕਰੀਆਂ ਹੀ ਕਰਦੇ ਸਨ। ਇਸ ਪੂਰੇ ਮੁਹੱਲੇ ਦੇ ਬਹੁਤੇਰੇ ਲੋਕੀਂ, ਭਟੇਰੀ ਵਾਂਗਰ ਹੀ, ਬਾਲਮੀਕੀ ਸਮਾਜ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਵੱਖੋ-ਵੱਖਰੇ ਦੌਰ ਵਿੱਚ ਕੰਮ ਦੀ ਭਾਲ ਵਿੱਚ ਹਰਿਆਣੇ ਤੋਂ ਪ੍ਰਵਾਸ ਕਰਕੇ ਮੁੰਬਈ ਆਏ। ਭਟੇਰੀ ਵਾਂਗਰ ਹੀ ਉਹ ਸਾਰੇ ਘਰੇ ਹਰਿਆਣਵੀ ਹੀ ਬੋਲਦੇ ਹਨ। ਪੂਰੇ ਮੁੰਬਈ ਵਿਖੇ ਸਾਫ਼-ਸਫ਼ਾਈ ਕਰਨ ਵਾਲ਼ੀਆਂ ਬਾਲਮੀਕੀ ਬਸਤੀਆਂ ਖ਼ਾਸ ਤੌਰ 'ਤੇ ਭਾਂਡੁਪ ਟੈਂਕ ਰੋਡ, ਡੋਂਬਿਵਲੀ, ਮਾਟੁੰਗਾ ਲੇਬਰ ਕੈਂਪ, ਵਿਕ੍ਰੋਲੀ ਅਤੇ ਚੇਂਬੂਰ ਵਿਖੇ ਰਹਿਣ ਵਾਲ਼ੇ ਦੇ ਬਾਸ਼ਿੰਦੇ ਹਰਿਆਣੇ ਤੋਂ ਆਏ ਹਨ।





