ਅਨੀਤਾ ਘੋਟਲੇ ਲਈ, 21 ਮਾਰਚ, ਸ਼ਨੀਵਾਰ ਕੰਮ ਦੇ ਆਮ ਦਿਨਾਂ ਜਿਹਾ ਦਿਨ ਸੀ-ਹਾਲਾਂਕਿ ਸ਼ਹਿਰ ਦੀਆਂ ਬਹੁਤ ਸਾਰੀਆਂ ਦੁਕਾਨਾਂ ਬੰਦ ਸਨ, ਬਜ਼ਾਰ ਸੁੰਨਾ ਸੀ ਅਤੇ ਸੜਕਾਂ ਸ਼ਾਂਤ ਸਨ। ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਾਸਤੇ ਸਰਕਾਰ ਦੁਆਰਾ ਐਲਾਨੀ ਤਾਲਾਬੰਦੀ ਕਾਰਨ, ਉਸ ਦਿਨ ਮੁੰਬਈ ਵਿੱਚ ਕਾਫ਼ੀ ਸਾਰੇ ਲੋਕ ਘਰਾਂ ਵਿੱਚ ਬੰਦ ਸਨ।
ਪਰ ਅਨੀਤਾ ਉਸ ਦਿਨ ਵੀ ਸੜਕਾਂ 'ਤੇ ਇਕੱਠੇ ਹੋਏ ਸਿਆਹ ਅਤੇ ਗੰਦੇ ਪਾਣੀ ਵਿੱਚੋਂ ਕੂੜੇ ਨੂੰ ਹਟਾਉਂਦਿਆਂ ਉਨ੍ਹਾਂ ਸ਼ਾਂਤ ਗਲ਼ੀਆਂ ਦੀ ਸਫਾਈ ਕਰ ਰਹੀ ਸਨ। ਗੰਦੇ ਪਾਣੀ ਦੀਆਂ ਕੁਝ ਛਿੱਟਾਂ ਉਨ੍ਹਾਂ ਦੇ ਪੈਰਾਂ 'ਤੇ ਵੀ ਪੈ ਗਈਆਂ। "ਸਾਡੇ ਲਈ ਹਰ ਦਿਨ ਖ਼ਤਰੇ ਨਾਲ਼ ਭਰਿਆ ਹੁੰਦਾ ਹੈ। ਹੁਣ ਖ਼ਤਰਾ ਸਿਰਫ਼ ਇਸ ਕੋਰੋਨਾ ਦੇ ਕਾਰਨ ਨਹੀਂ ਸਗੋਂ ਕਈ ਪੀੜ੍ਹੀਆਂ (ਸਾਡੇ ਲਈ ਵੀ) ਤੋਂ ਇੰਝ ਹੀ ਹੁੰਦਾ ਆਇਆ ਹੈ," ਉਨ੍ਹਾਂ ਨੇ ਕਿਹਾ।
ਸਵੇਰ ਦੇ ਕਰੀਬ 9 ਵੱਜ ਚੁੱਕੇ ਸਨ ਅਤੇ ਉਹ ਦੋ ਘੰਟਿਆਂ ਤੋਂ ਕੰਮ 'ਤੇ ਤੈਨਾਤ ਸੀ, ਪੂਰਬੀ ਮੁੰਬਈ ਦੇ ਚੇਂਬੂਰ ਦੇ ਮਾਹੁਲ ਪਿੰਡ ਸਥਿਤ ਐੱਮ-ਵੈਸਟ ਵਾਰਡ ਦੀਆਂ ਸੜਕਾਂ ਅਤੇ ਫੁਟਪਾਥਾਂ 'ਤੇ ਝਾੜੂ ਮਾਰ ਰਹੀ ਸੀ।
ਇਸ ਭਿਆਨਕ ਹਾਲਤ ਵਿੱਚ ਉਹਦੀ ਆਪਣੀ ਸਿਹਤ ਕਿੱਦਾ ਹੈ? "ਸਾਨੂੰ ਇਹ ਮਾਸਕ ਕੱਲ੍ਹ ਹੀ (20 ਮਾਰਚ ਨੂੰ) ਹੀ ਮਿਲ਼ੇ ਹਨ, ਉਹ ਵੀ ਉਦੋਂ ਜਦੋਂ ਅਸੀਂ ਵਾਇਰਸ ਤੋਂ ਬਚਣ ਕਾਰਨ ਇਨ੍ਹਾਂ ਦੀ ਮੰਗ ਕੀਤੀ," ਉਨ੍ਹਾਂ ਨੇ ਕਿਹਾ। 35 ਸਾਲਾ ਅਨੀਤਾ ਦੇ ਲੱਕ 'ਤੇ ਟੰਗੀ ਸਾੜੀ ਨਾਲ਼ ਇੱਕ ਮਾਸਕ ਲਮਕ ਰਿਹਾ ਹੈ ਅਤੇ ਵਾਇਰਸ ਤੋਂ ਬਚਾਅ ਲਈ ਉਨ੍ਹਾਂ ਨੇ ਗਲ਼ੇ ਦੁਆਲੇ ਚੁੰਨੀ ਵਲੇਟੀ ਹੋਈ ਸੀ। "ਇਹ ਮਾਸਕ ਪਤਲੇ ਹਨ ਅਤੇ ਦੋਬਾਰਾ (ਦੋ ਦਿਨ ਪਾਉਣ ਤੋਂ ਬਾਅਦ) ਵਰਤਣਯੋਗ ਨਹੀਂ ਰਹਿੰਦੇ," ਉਨ੍ਹਾਂ ਨੇ ਕਿਹਾ। ਉਨ੍ਹਾਂ ਦੇ ਕੰਮ ਵਿੱਚ ਉਨ੍ਹਾਂ ਨੇ ਦਸਤਾਨਿਆਂ ਅਤੇ ਸੁਰੱਖਿਆਤਮਕ ਜੁੱਤਿਆਂ ਬਾਰੇ ਕਦੇ ਨਹੀਂ ਸੁਣਿਆ।
ਅਨੀਤਾ ਮਾਤੰਗ ਭਾਈਚਾਰੇ ਨਾਲ਼ ਸਬੰਧ ਰੱਖਦੀ ਹਨ- ਜੋ ਮਹਾਰਾਸ਼ਟਰ ਵਿੱਚ ਪਿਛੜੀ ਜਾਤੀ ਦੇ ਰੂਪ ਵਿੱਚ ਸੂਚੀਬੱਧ ਹੈ- ਅਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਸਫਾਈ ਦਾ ਕੰਮ ਕਰਦਾ ਆ ਰਿਹਾ ਹੈ। "ਮੇਰੇ ਦਾਦਾ ਜੀ ਖੁੱਲ੍ਹੀਆਂ ਨਾਲ਼ੀਆਂ (ਮੁੰਬਈ ਦੇ) ਵਿੱਚੋਂ ਮਨੁੱਖੀ ਮਲ ਨੂੰ ਆਪਣੇ ਸਿਰ 'ਤੇ ਢੋਂਹਦੇ ਸਨ," ਉਹ ਕਹਿੰਦੀ ਹਨ। "ਕੋਈ ਵੀ ਪੀੜ੍ਹੀ ਜਾਂ ਸਾਲ ਕਿਉਂ ਨਾ ਰਿਹਾ ਹੋਵੇ, ਸਾਡੇ ਲੋਕਾਂ ਨੂੰ ਸਦਾ ਆਪਣੇ ਮਨੁੱਖ ਹੋਣ ਦੇ ਬੁਨਿਆਦੀ ਅਧਿਕਾਰਾਂ ਲਈ ਲੜਨਾ ਹੀ ਪਿਆ ਹੈ।"
ਉਸ ਤੋਂ ਵੀ ਖ਼ਤਰਨਾਕ ਹਾਲਤ ਇਹ ਹੈ ਕਿ ਮਾਹੁਲ, ਜਿੱਥੇ ਅਨੀਤਾ ਰਹਿੰਦੀ ਅਤੇ ਕੰਮ ਕਰਦੀ ਹਨ, ਉਹ ਇਲਾਕਾ ਕੁਝ ਸਾਲਾਂ ਤੋਂ ਆਪਣੇ ਨੇੜੇ-ਤੇੜੇ ਦੀ ਰਸਾਇਣਿਕ ਉਦਯੋਗਾਂ ਅਤੇ ਰਿਫਾਇਨਰੀਆਂ ਦੇ ਸਬੱਬੀਂ ਹਵਾ ਵਿੱਚ ਉੱਚ ਮਾਤਰਾ ਵਿੱਚ ਫੈਲੇ ਜ਼ਹਿਰ ਕਾਰਨ ਚਰਚਾ ਵਿੱਚ ਹੈ।
ਅਨੀਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ 2017 ਵਿੱਚ ਬਸਤੀ (ਝੌਂਪੜ-ਪੱਟੀ) ਮੁੜ ਵਸੇਬਾ ਯੋਜਨਾ ਦੇ ਤਹਿਤ ਉੱਤਰ-ਪੂਰਬੀ ਮੁੰਬਈ ਦੇ ਵਿਕਰੋਲੀ ਪੂਰਬ ਤੋਂ ਇੱਥੇ ਮੁੰਤਕਲ (ਸਥਾਨਾਂਤਰਿਤ) ਕੀਤਾ ਗਿਆ ਸੀ। ਉਹ ਸੁਭਾਸ਼ ਨਗਰ ਵਿੱਚ ਇੱਕ ਕਮਰੇ ਅਤੇ ਰਸੋਈ ਵਾਲ਼ੇ ਮਕਾਨ ਵਿੱਚ ਰਹਿੰਦੇ ਹਨ। 6 ਤੋਂ 7 ਮੰਜਲਾਂ ਵਾਲ਼ੀ ਉਨ੍ਹਾਂ ਦੀ ਇਹ ਬਸਤੀ ਬੀਪੀਸੀਐੱਲ (ਭਾਰਤੀ ਪੈਟਰੋਲੀਅਮ ਕਾਰਪੋਰੇਸ਼ਨ ਲਿਮ.) ਦੀ ਰਿਫਾਇਨਰੀ ਤੋਂ ਮਹਿਜ਼ 15 ਮੀਟਰ ਦੂਰ, ਸੜਕ ਦੇ ਦੂਸਰੇ ਪਾਰ ਸਥਿਤ ਹੈ।
ਪਿਛਲੇ ਇੱਕ ਦਹਾਕੇ ਵਿੱਚ, 60,000 ਤੋਂ ਵੱਧ ਲੋਕਾਂ ਦੇ ਰਹਿਣ ਲਈ ਇੱਥੇ 17,205 ਘਰਾਂ ਵਾਲ਼ੀਆਂ 72 ਇਮਾਰਤਾਂ ਨੂੰ 'ਪ੍ਰਭਾਵਤ ਲੋਕ ਪਰਿਯੋਜਨਾ' ਦੀਆਂ ਕਲੋਨੀਆਂ ਦਾ ਰੂਪ ਦਿੱਤਾ ਗਿਆ। ਸ਼ਹਿਰ ਅੰਦਰ ਵੱਖ ਵੱਖ ਪਰਿਯੋਜਨਾਵਾਂ ਦੁਆਰਾ ਵਿਸਥਾਪਤ ਹੋਣ ਤੋਂ ਬਾਅਦ ਲੋਕਾਂ ਨੂੰ ਮੁੜ ਇੱਥੇ ਵਸਾਇਆ ਗਿਆ ਸੀ। ਭਾਰੀ ਮਾਤਰਾ ਵਿੱਚ ਪ੍ਰਦੂਸ਼ਣ ਫੈਲਾਉਣ ਵਾਲ਼ੇ ਉਦਯੋਗਾਂ ਦੇ ਐਨ ਨੇੜੇ ਅਤੇ ਲਗਾਤਾਰ ਐਕਸਪੋਜਰ ਕਾਰਨ ਇੱਥੋਂ ਦੇ ਨਿਵਾਸੀਆਂ ਨੇ-ਸਾਹ ਲੈਣ ਵਿੱਚ ਮੁਸ਼ਕਲ, ਫੇਫੜਿਆਂ ਨਾਲ਼ ਜੁੜੇ ਮਸਲੇ, ਖੰਘ, ਅੱਖਾਂ ਅਤੇ ਚਮੜੀ ਵਿੱਚ ਸਾੜ ਪੈਣਾ ਜਿਹੀਆਂ ਉੱਚ-ਪੱਧਰੀ ਬਿਮਾਰੀਆਂ ਦੀ ਰਿਪੋਰਟ ਕੀਤੀ ਹੈ।
ਲੰਬੇ ਸਮੇਂ ਤੱਕ ਵਿਰੋਧ ਕਰਨ ਅਤੇ ਅਦਾਲਤਾਂ ਵਿੱਚ ਅਪੀਲ ਦਾਇਰ ਕਰਨ ਤੋਂ ਬਾਅਦ, ਬੰਬੇ ਹਾਈ ਕੋਰਟ ਨੇ ਸਤੰਬਰ 2019 ਵਿੱਚ ਨਗਰ ਨਿਗਮ ਨੂੰ ਹੁਕਮ ਦਿੱਤਾ ਕਿ ਉਹ ਇਨ੍ਹਾਂ ਲਈ ਵਿਕਲਪਕ ਮੁੜ-ਵਸੇਬਾ ਉਪਲਬਧ ਕਰਾਏ ਜਾਣ ਤੱਕ ਇਨ੍ਹਾਂ ਪਰਿਵਾਰਾਂ ਨੂੰ ਟ੍ਰਾਂਜਿਟ ਕਿਰਾਏ ਦੇ ਰੂਪ ਵਿੱਚ 15,000 ਰੁਪਏ ਦੇਵੇ। ਪਰ ਅਨੀਤਾ ਕਹਿੰਦੀ ਹਨ, "ਬੀਐੱਮਸੀ ਨੇ ਪਿਛਲੇ ਚਾਰ ਮਹੀਨਿਆਂ ਵਿੱਚ ਕੁਝ ਨਹੀਂ ਕੀਤਾ। ਮੇਰਾ ਛੇ ਸਾਲਾਂ ਦਾ ਬੇਟਾ, ਸਾਹਿਲ ਅਕਸਰ ਬੀਮਾਰ ਰਹਿੰਦਾ ਹੈ ਅਤੇ ਉਹਨੂੰ ਇਸ ਗੰਦੀ ਹਵਾ ਅਤੇ ਰਸਾਇਣਾਂ ਦੀ ਹਵਾੜ ਕਾਰਨ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ। ਮੈਨੂੰ ਨਹੀਂ ਪਤਾ ਕਿ ਜੇ ਵਾਇਰਸ ਇੱਥੇ ਆ ਗਿਆ ਤਾਂ ਅਸੀਂ ਕੀ ਕਰਾਂਗੇ।"
ਅਨੀਤਾ ਬਤੌਰ ਦਿਹਾੜੀ ਮਜ਼ਦੂਰ 200 ਰੁਪਏ ਕਮਾਉਂਦੀ ਹਨ; ਜਿਸ ਦਿਨ ਉਹ ਦਿਹਾੜੀ ਨਹੀਂ ਲਾਉਂਦੀ, ਉਸ ਦਿਨ ਦਾ ਉਨ੍ਹਾਂ ਨੂੰ ਪੈਸਾ ਨਹੀਂ ਮਿਲ਼ਦਾ। ਹੋਰ ਤਾਂ ਹੋਰ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੋਂ ਮਜ਼ਦੂਰੀ ਵੀ ਨਹੀਂ ਮਿਲੀ ਹੈ। ਉਹ ਦੱਸਦੀ ਹਨ ਕਿ ਅਕਸਰ ਠੇਕੇਦਾਰ ਸਮੇਂ ਸਿਰ ਭੁਗਤਾਨ ਨਹੀਂ ਕਰਦੇ, ਅੱਗੋ ਇਹ ਤਰਕ ਦਿੰਦੇ ਹਨ ਕਿ ਗਰੇਟਰ ਮੁੰਬਈ ਮਿਊਂਸੀਪਲ ਦੇ ਸੌਲਿਡ ਵੇਸਟ ਮੈਨੇਜਮੈਂਟ ਵਿਭਾਗ-ਜਿਹਦੇ ਲਈ ਅਨੀਤਾ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੀ ਹਨ- ਨੇ ਪੈਸਾ ਰੋਕਿਆ ਹੋਇਆ ਹੈ।
ਉਨ੍ਹਾਂ ਦੀਆਂ ਦੋ ਧੀਆਂ ਅਤੇ ਦੋ ਪੁੱਤ ਮਾਹੁਲ ਦੇ ਇੱਕ ਮਿਊਂਸੀਪਲ ਸਕੂਲ ਵਿੱਚ ਪੜ੍ਹਦੇ ਹਨ। ਉਨ੍ਹਾਂ ਦੇ ਪਤੀ, 42 ਸਾਲਾ ਨਰੇਸ਼, ਚੇਂਬੂਰ ਦੀਆਂ ਕਲੌਨੀਆਂ ਵਿੱਚ ਘਰੋ-ਘਰੀ ਜਾ ਕੇ ਲਸਣ ਵੇਚਦੇ ਹਨ-ਅਤੇ ਉਹਦੇ ਬਦਲੇ ਬੇਕਾਰ ਪਈ ਪਲਾਸਟਿਕ ਦੀਆਂ ਚੀਜਾਂ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਕਿਸੇ ਕਬਾੜੀਏ ਕੋਲ਼ ਵੇਚ ਦਿੰਦੇ ਹਨ। ਉਨ੍ਹਾਂ ਦੀ ਸੱਸ ਚੇਂਬੂਰ ਦੇ ਕੂੜੇ ਦੇ ਢੋਰ ਵਿੱਚੋਂ ਪਲਾਸਟਿਕ ਨੂੰ ਵੱਖਰਾ ਕਰਦੀ ਹਨ, ਜਿਹਨੂੰ ਉਹ ਵੀ ਕਬਾੜੀਏ ਕੋਲ਼ ਹੀ ਵੇਚਦੀ ਹਨ।
"ਅਸੀਂ ਤਿੰਨੋਂ ਰਲ਼ ਕੇ ਵੀ ਮਹੀਨੇ ਦਾ 5,000-6,000 ਰੁਪਏ ਤੋਂ ਵੱਧ ਨਹੀਂ ਕਮਾ ਪਾਉਂਦੇ," ਅਨੀਤਾ ਕਹਿੰਦੀ ਹਨ। ਇਸ ਰਾਸ਼ੀ ਨਾਲ਼, ਸੱਤ ਮੈਂਬਰੀ ਟੱਬਰ ਆਪਣੇ ਮਹੀਨੇ ਦੇ ਰਾਸ਼ਨ, ਬਿਜਲੀ ਦੇ ਬਿੱਲ, ਹੋਰ ਖ਼ਰਚੇ ਅਤੇ ਵੱਖ ਵੱਖ ਬੀਮਾਰੀਆਂ ਅਤੇ ਸਿਹਤ ਦੇਖਭਾਲ ਦਾ ਪ੍ਰਬੰਧਨ ਕਰਦਾ ਹੈ।
ਪਰ ਅਨੀਤਾ ਨੂੰ ਤਨਖਾਹ ਮਿਲ਼ਣ ਵਿੱਚ ਦੇਰੀ ਦੇ ਕਾਰਨ, ਪਰਿਵਾਰ ਦੇ ਬਜਟ ਨੂੰ ਹਰ ਮਹੀਨੇ ਅੱਗੇ ਤੱਕ ਚਲਾਉਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ। "ਸਰਕਾਰ ਨਿਯੋਜਕਾਂ (ਰੁਜ਼ਗਾਰ-ਦਾਤਿਆਂ) ਨੂੰ ਕਹਿ ਰਹੀ ਹੈ ਕਿ ਉਹ ਮਜ਼ਦੂਰਾਂ ਨੂੰ ਪੇਸ਼ਗੀ ਮਜ਼ਦੂਰੀ ਦੇ ਦੇਣ," ਉਹ ਕਹਿੰਦੀ ਹਨ। "ਪਰ, ਸਾਡਾ ਜੋ ਮਹੀਨਿਆਂ ਤੋਂ ਬਕਾਇਆ ਪਿਆ ਹੈ ਉਹਦਾ ਕੀ ਬਣੂੰ?"
ਅਨੀਤਾ ਜਿੱਥੇ ਕੰਮ ਕਰਦੀ ਹਨ, ਉੱਥੋਂ ਕਰੀਬ ਅੱਧਾ ਕਿਲੋਮੀਟਰ ਦੂਰ, ਉਸੇ ਵਾਰਡ ਵਿੱਚ ਕੂੜਾ ਇਕੱਠਾ ਕਰਨ ਦੀ ਥਾਂ 'ਤੇ, ਕਤਿਨ ਗੰਜੇ ਕੂੜੇ ਦੇ ਢੇਰ ਵਿਚਕਾਰ ਖੜ੍ਹੇ ਹਨ ਅਤੇ ਉਨ੍ਹਾਂ ਨੇ ਪੈਰੀਂ ਸਿਰਫ਼ ਚੱਪਲ ਪਾਈ ਹੋਈ ਹੈ। ਅਨੀਤਾ ਵਾਂਗ, ਉਹ ਵੀ ਨਗਰ ਨਿਗਮ ਦੇ ਸੌਲਿਡ ਵੇਸਟ ਮੈਨੇਜਮੈਂਟ ਡਿਪਾਰਟਮੈਂਟ ਦੁਆਰਾ ਠੇਕੇ 'ਤੇ ਰੱਖੇ ਗਏ ਮਜ਼ਦੂਰ ਹਨ। ਨਗਰ ਨਿਗਮ ਨੇ ਇਸ ਕੰਮ ਲਈ 6,500 ਮਜ਼ਦੂਰ ਠੇਕੇ 'ਤੇ ਰੱਖੇ ਹਨ, ਉਸ ਵਿਭਾਗ ਦੇ ਮੁੱਖ ਨਿਗਰਾਨ ਜੈਵੰਤ ਪਰਾਡਕਰ ਕਹਿੰਦੇ ਹਨ।
ਕਤਿਨ ਜਿਹੜਾ ਕੂੜਾ ਚੁੱਕ ਰਹੇ ਹਨ, ਉਸ ਵਿੱਚ ਟੁੱਟੇ ਕੱਚ ਦੇ ਟੁਕੜੇ, ਜੰਗਾਲ਼ ਲੱਗੇ ਕਿੱਲ, ਇਸਤੇਮਾਲ ਕੀਤੇ ਜਾ ਚੁੱਕੇ ਸੈਨੇਟਰੀ ਨੈਪਕਿਨ ਅਤੇ ਸੜਿਆ ਹੋਇਆ ਭੋਜਨ ਸ਼ਾਮਲ ਹੈ। ਉਹ ਇਸ ਕੂੜੇ ਅਤੇ ਹੋਰਨਾਂ ਖ਼ਤਰਨਾਕ ਬੇਕਾਰ ਵਸਤਾਂ ਨੂੰ ਬਾਂਸ ਦੀ ਇੱਕ ਸੋਟੀ ਦੇ ਸਿਰੇ 'ਤੇ ਲੱਗੇ ਖੁਦਾਈ ਵਾਲੇ ਕੰਢਿਆਂ ਦੀ ਮਦਦ ਨਾਲ਼ ਇਕੱਠਾ ਕਰਦੇ ਹਨ ਅਤੇ ਪਲਾਸਟਿਕ ਦੇ ਇੱਕ ਤੱਪੜ ਦੇ ਉੱਪਰ ਉਨ੍ਹਾਂ ਦਾ ਢੇਰ ਲਗਾਈ ਜਾਂਦੇ ਹਨ। ਫਿਰ ਉਹ ਅਤੇ ਉਨ੍ਹਾਂ ਦਾ ਇੱਕ ਸਾਥੀ-ਟੀਮ ਵਿੱਚ ਕੁੱਲ ਪੰਜ ਆਦਮੀ ਹਨ-ਤੱਪੜ ਨੂੰ ਚੁੱਕ ਕੇ ਸਾਰਾ ਕੂੜਾ ਇੱਕ ਟਰੱਕ ਵਿੱਚ ਪਾ ਦਿੰਦੇ ਹਨ।
"ਸਾਨੂੰ (ਰਬੜ ਦੇ) ਇਹ ਦਸਤਾਨੇ ਕੱਲ੍ਹ ਹੀ (20 ਮਾਰਚ ਨੂੰ) ਮਿਲੇ ਹਨ," 28 ਸਾਲਾ ਕਤਿਨ ਕਹਿੰਦੇ ਹਨ, ਜਿਨ੍ਹਾਂ ਦਾ ਸਬੰਧ ਵੀ ਮਾਤੰਗ ਭਾਈਚਾਰੇ ਨਾਲ਼ ਹੀ ਹੈ। ਆਮ ਤੌਰ 'ਤੇ, ਉਹ ਆਪਣੇ ਨੰਗੇ ਹੱਥਾਂ ਨਾਲ਼ ਕੂੜਾ ਚੁੱਕਦੇ ਹਨ। ''ਇਹ ਨਵੇਂ ਦਸਤਾਨੇ ਹਨ, ਪਰ ਦੇਖੋ- ਆਹ ਇਹ ਇੱਕ ਫਟਿਆ ਹੋਇਆ ਹੈ। ਅਜਿਹੇ ਦਸਤਾਨੇ ਪਾ ਕੇ ਇਸ ਖ਼ਤਰਨਾਕ ਕੂੜੇ ਤੋਂ ਅਸੀਂ ਆਪਣੇ ਹੱਥ ਸੁਰੱਖਿਅਤ ਕਿਵੇਂ ਰੱਖੀਏ? ਅਤੇ ਹੁਣ ਇਹ ਵਾਇਰਸ ਆ ਗਿਆ ਹੈ। ਕੀ ਅਸੀਂ ਇਨਸਾਨ ਨਹੀਂ ਹਾਂ?"
ਸਵੇਰ ਦੇ 9.30 ਵਜ ਰਹੇ ਹਨ ਅਤੇ ਉਨ੍ਹਾਂ ਨੂੰ 2 ਵਜੇ ਤੱਕ ਮਾਹੁਲ ਦੇ ਵੱਖੋ ਵੱਖ ਹਿੱਸਿਆਂ ਵਿੱਚ ਕੂੜਾ ਸੁੱਟੇ ਜਾਣ ਵਾਲੀਆਂ 20 ਥਾਵਾਂ ਨੂੰ ਸਾਫ਼ ਕਰਨਾ ਹੈ। "ਆਪਣੇ ਜੀਵਨ ਨੂੰ ਖ਼ਤਰੇ ਵਿੱਚ ਪਾਉਣਾ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਹੈ। ਪਰ ਘੱਟ ਤੋਂ ਘੱਟ ਇਸ ਵਾਇਰਸ ਦੇ ਕਾਰਨ ਹੀ ਸਹੀ ਨਗਰ ਨਿਗਮ ਅਤੇ ਸਰਕਾਰ ਨੂੰ ਸਾਡੇ ਬਾਰੇ ਕੁਝ ਸੋਚਣਾ ਚਾਹੀਦਾ ਹੈ," ਉਹ ਕਹਿੰਦੇ ਹਨ। "ਅਸੀਂ ਲੋਕਾਂ ਦੀ ਸਿਹਤ ਕਾਰਨ ਹੀ ਇਸ ਕੂੜੇ ਦੇ ਢੇਰ ਵਿੱਚ ਖੜ੍ਹੇ ਹਾਂ, ਪਰ ਕੀ ਲੋਕ ਸਾਡੇ ਬਾਰੇ ਕੁਝ ਸੋਚਣਗੇ?"
ਅਣਗਿਣਤ ਖ਼ਤਰਿਆਂ ਨਾਲ਼ ਭਰੇ ਇਸ ਕੰਮ ਦੇ ਬਦਲੇ ਕਤਿਨ ਨੂੰ ਰੋਜਾਨਾ 250 ਰੁਪਏ ਮਿਲ਼ਦੇ ਹਨ। ਉਨ੍ਹਾਂ ਦੀ ਪਤਨੀ, 25 ਸਾਲਾ ਸੁਰੇਖਾ, ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਨ।
ਕਰੋਨਾ ਵਾਇਰਸ ਤਾਂ ਇਸ ਸ਼ਹਿਰ ਲਈ ਨਵਾਂ ਹੈ, ਪਰ ਉਨ੍ਹਾਂ ਦੀ ਅਤੇ ਹੋਰਨਾਂ ਸਫਾਈ ਕਰਮੀਆਂ ਵੱਲੋਂ ਸੁਰੱਖਿਅਤ ਅਤੇ ਸਥਾਈ ਨੌਕਰੀ, ਸਿਹਤ ਬੀਮਾ ਅਤੇ ਚਿਹਰੇ ਦੇ ਮਾਸਕ, ਦਸਤਾਨੇ ਅਤੇ ਬੂਟਾਂ ਵਰਗੇ ਸੁਰੱਖਿਆ ਉਪਕਰਣਾਂ ਦੀ ਨਿਰੰਤਰ ਸਪਲਾਈ ਨੂੰ ਲੈ ਕੇ ਬਾਰ ਬਾਰ ਚੁੱਕੀ ਜਾਣ ਵਾਲੀ ਇਹ ਮੰਗ ਕੋਈ ਨਵੀਂ ਨਹੀਂ ਹੈ।
ਸੁਰੱਖਿਆ ਦੀ ਲੋੜ ਹੁਣ ਹੋਰ ਲਾਜ਼ਮੀ ਹੋ ਗਈ ਹੈ। 18 ਮਾਰਚ ਨੂੰ, ਕਚਰਾ ਵਾਹਤੁਕ ਸ਼੍ਰਮਿਕ ਸੰਘ- ਮੁੰਬਈ ਸਥਿਤ ਇੱਕ ਸੰਗਠਨ ਜੋ ਸਫਾਈ ਕਰਮੀਆਂ ਦੇ ਅਧਿਕਾਰਾਂ ਲਈ ਕੰਮ ਕਰਦਾ ਹੈ-ਦੁਆਰਾ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਪੱਤਰ ਭੇਜਿਆ ਗਿਆ, ਜਿਸ ਵਿੱਚ ਜ਼ਮੀਨੀ ਕੰਮ ਕਰਨ ਵਾਲ਼ੇ ਮਜ਼ਦੂਰਾਂ ਦੇ ਲਈ ਲੋੜੀਂਦੇ ਸੁਰੱਖਿਆ ਉਪਕਰਣਾਂ ਦੀ ਮੰਗ ਕੀਤੀ ਗਈ ਸੀ। 20 ਮਾਰਚ ਨੂੰ, ਕੁਝ ਮਜ਼ਦੂਰਾਂ ਨੂੰ ਮਾਸਕ ਦਿੱਤੇ ਗਏ ਸਨ।
"ਵਾਇਰਸ ਦੇ ਕਾਰਨ, ਅਸੀਂ ਬੇਨਤੀ ਕੀਤੀ ਸੀ ਕਿ ਬੀਐੱਮਸੀ ਦੇ ਅਧਿਕਾਰੀ ਕੂੜਾ ਢੋਹਣ ਵਾਲੇ ਟਰੱਕਾਂ 'ਤੇ ਕੰਮ ਕਰਨ ਵਾਲ਼ੇ ਮਜ਼ਦੂਰਾਂ ਨੂੰ ਸਾਬਣ ਅਤੇ ਸੈਨੀਟਾਈਜ਼ਰ ਦੇਣ, ਪਰ ਸਾਨੂੰ ਕੁਝ ਵੀ ਨਹੀਂ ਮਿਲਿਆ," 45 ਸਾਲਾ ਦਾਦਾਰਾਓ ਪਾਟੇਕਰ ਕਹਿੰਦੇ ਹਨ, ਜੋ ਐੱਮ-ਵੈਸਟ ਵਾਰਡ ਵਿੱਚ ਟਰੱਕਾਂ 'ਤੇ ਕੰਮ ਕਰਦੇ ਹਨ ਅਤੇ ਨਵ ਬੌਧ ਹਨ। "ਜੋ ਕਰਮੀ ਦੂਸਰਿਆਂ ਦੀ ਗੰਦਗੀ ਸਾਫ਼ ਕਰ ਰਹੇ ਹਨ, ਉਨ੍ਹਾਂ ਦੀ ਸਿਹਤ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਵਾਇਰਸ ਨਾਲ਼ ਸੰਕ੍ਰਮਿਤ ਹੋਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੈ।"
ਹਾਲਾਂਕਿ, ਮੁੱਖ ਨਿਗਰਾਨ, ਪਰਾਡਕਰ ਕਹਿੰਦੇ ਹਨ,"ਅਸੀਂ ਆਪਣੇ ਸਾਰੇ ਮਜ਼ਦੂਰਾਂ ਨੂੰ ਚੰਗੀ ਗੁਣਵੱਤਾ ਵਾਲੇ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਦਿੱਤੇ ਹਨ ਅਤੇ ਵਾਇਰਸ ਦੇ ਫੈਲਾਓ ਨੂੰ ਦੇਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਾਂ।"
ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ 20 ਮਾਰਚ ਨੂੰ ਬੰਦੀ ਦੇ ਜਿਹੜੇ ਵੱਖ ਵੱਖ ਉਪਾਵਾਂ ਦਾ ਐਲਾਨ ਕੀਤਾ ਸੀ, ਉਹਨੂੰ ਅੱਗੇ ਵਧਾਉਂਦਿਆਂ 22 ਮਾਰਚ ਨੂੰ ਸਿਰਫ਼ ਲੋੜੀਂਦੀਆਂ ਸੇਵਾਵਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਨਾਲ਼ ਤਾਲਾਬੰਦੀ ਕਰ ਦਿੱਤੀ ਗਈ। 21 ਮਾਰਚ ਨੂੰ ਇਸ ਸਟੋਰੀ ਲਈ ਰਿਪੋਰਟਿੰਗ ਕਰਦੇ ਸਮੇਂ, ਸਥਾਈ ਅਤੇ ਠੇਕੇ 'ਤੇ ਰੱਖੇ ਗਏ, ਦੋਵਾਂ ਹੀ ਤਰ੍ਹਾਂ ਦੇ ਸਫਾਈ ਕਰਮੀ ਸਵੇਰੇ 6:30 ਵਜੇ ਹੀ ਸ਼ਹਿਰ ਦੇ ਵਾਰਡਾਂ ਦੀਆਂ ਚੌਕੀਆਂ 'ਤੇ ਇਕੱਠੇ ਹੋਣ ਲੱਗੇ ਸਨ, ਕਿਉਂਕਿ ਇੱਥੇ ਹੀ ਉਨ੍ਹਾਂ ਦੀ ਦਿਹਾੜੀ ਦੀ ਹਾਜ਼ਰੀ ਲਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਫਾਈ ਕਰਨ ਦੀ ਥਾਂ ਸੌਂਪੀ ਜਾਂਦੀ ਹੈ।
"ਸਾਡਾ ਕੰਮ ਲੋੜੀਂਦੀਆਂ ਸੇਵਾਵਾਂ ਦਾ ਹਿੱਸਾ ਹੈ। ਸਾਨੂੰ ਘਰਾਂ ਤੋਂ ਬਾਹਰ ਨਿਕਲ਼ਣਾ ਹੀ ਪੈਣਾ ਹੈ। ਜਿਵੇਂ ਸਰਹੱਦਾਂ 'ਤੇ ਤੈਨਾਤ ਫੌਜੀ ਸਾਡੀ ਰੱਖਿਆ ਕਰ ਰਹੇ ਹਨ, ਉਵੇਂ ਹੀ ਅਸੀਂ ਸਫਾਈ ਕਰਮੀਆਂ ਨੇ ਵੀ ਆਪਣੇ ਨਾਗਰਿਕਾਂ ਦੀ ਰੱਖਿਆ ਕਰਨੀ ਹੈ," ਪਾਟੇਕਰ ਕਹਿੰਦੇ ਹਨ।
ਪਰ ਸਫਾਈ ਕਰਮੀ ਆਪਣੀ ਸੁਰੱਖਿਆ ਕਿਵੇਂ ਕਰਨਗੇ? "ਸਰਕਾਰ ਕਹਿ ਰਹੀ ਹੈ ਕਿ ਆਪਣੇ ਹੱਥਾਂ ਨੂੰ ਲਗਾਤਾਰ ਧੋਂਦੇ ਰਹੋ। ਦੱਸੋ ਅਸੀਂ ਇਹ ਸਭ ਕਿਵੇਂ ਕਰੀਏ? ਇੱਥੇ ਤਾਂ ਪਾਣੀ ਹਰ ਦੋ ਦਿਨਾਂ ਬਾਅਦ ਆਉਂਦਾ ਹੈ ਅਤੇ ਉਸ ਤਰਲ (ਹੈਂਡ ਸੈਨੀਟਾਈਜਰ) ਦਾ ਖਰਚਾ ਕੌਣ ਝੱਲ ਸਕਦਾ ਹੈ? ਸਾਨੂੰ ਇੱਕੋ ਹੀ ਜਨਤਕ ਪਖਾਨਾ ਸੈਂਕੜੇ ਲੋਕਾਂ ਦੇ ਨਾਲ਼ ਸਾਂਝਾ ਕਰਨਾ ਪੈਂਦਾ ਹੈ," 38 ਸਾਲਾ ਅਰਚਨਾ ਚਾਬੂਕਸਵਾਰ ਕਹਿੰਦੀ ਹਨ, ਜੋ ਨਵ ਬੌਧ ਭਾਈਚਾਰੇ ਤੋਂ ਹਨ। ਉਹ ਸੁਭਾਸ਼ ਨਗਰ ਦੇ 40 ਤੋਂ ਵੱਧ ਘਰਾਂ ਵਿੱਚੋਂ ਕੂੜਾ ਇਕੱਠਾ ਕਰਦੀ ਹਨ ਅਤੇ ਬਤੌਰ ਮਜ਼ਦੂਰ 200 ਰੁਪਏ ਦਿਹਾੜੀ ਪਾਉਂਦੀ ਹਨ।
ਉਨ੍ਹਾਂ ਦਾ 100 ਵਰਗ ਫੁੱਟ ਦਾ ਘਰ, ਚੇਂਬੂਰ ਦੇ ਅਨੰਦ ਨਗਰ ਦੀ ਇੱਕ ਭੀੜੀ ਗਲ਼ੀ ਵਿੱਚ ਹੈ, ਜੋ ਮਾਹੁਲ ਵਿੱਚ ਸਥਿਤ ਸੁਭਾਸ਼ ਨਗਰ ਤੋਂ ਚਾਰ ਕਿਲੋਮੀਟਰ ਦੂਰ ਹੈ। ਇਸ ਝੌਂਪੜੀ ਬਸਤੀ ਵਿੱਚ ਬਹੁਤ ਸਾਰੇ ਸਫਾਈ ਕਰਮੀਆਂ ਦੇ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਵਿੱਚ ਕਈ 1972 ਦੇ ਸੌਕੇ ਦੌਰਾਨ ਜਾਲਨਾ, ਸਤਾਰਾ ਅਤੇ ਸੋਲਾਪੁਰ ਤੋਂ ਇੱਥੇ ਆਏ ਸਨ। ਕੁਝ ਸਾਲ ਪਹਿਲਾਂ, ਅਰਚਨਾ ਦੇ ਪਤੀ ਰਜਿੰਦਰ ਦਾ ਪੈਰ ਧਾਤੂ ਦੇ ਬਣੇ ਭਾਰੇ ਕੂੜੇਦਾਨ ਹੇਠ ਦੱਬੇ ਜਾਣ ਕਾਰਨ ਟੁੱਟ ਗਿਆ ਸੀ, ਜਦੋਂ ਉਹ ਉਹਨੂੰ ਹੋਰ ਕਰਮਚਾਰੀਆਂ ਦੇ ਨਾਲ਼ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਫੇਫੜੇ ਦੀ ਬੀਮਾਰੀ ਕਾਰਨ 2017 ਵਿੱਚ ਉਨ੍ਹਾਂ ਦੀ ਮੌਤ ਹੋ ਗਈ।
"ਸਾਡੇ ਲੋਕ ਤਾਂ ਉਂਜ ਵੀ ਹਰ ਦਿਨ ਮਰਦੇ ਹੀ ਰਹਿੰਦੇ ਹਨ ਅਤੇ ਕੋਈ ਸਾਡੀ ਸਾਰ ਨਹੀਂ ਲੈਂਦਾ," ਅਰਚਨਾ ਕਹਿੰਦੀ ਹਨ। "ਹੁਣ ਜੇਕਰ ਵਾਇਰਸ ਨਾਲ਼ ਸਾਡੀ ਮੌਤ ਹੋ ਵੀ ਜਾਵੇ ਤਾਂ ਕੀ ਫ਼ਰਕ ਪੈਂਦਾ ਹੈ?"
ਤਰਜਮਾ: ਕਮਲਜੀਤ ਕੌਰ