ਇਹ 1998 ਦੀ ਹਿਟ ਫ਼ਿਲਮ, ਏ ਬਗਸ ਲਾਈਫ਼ ਦੇ ਸੀਕਵਲ ਜਿਹਾ ਹੈ। ਹਾਲੀਵੁਡ ਦੀ ਮੂਲ਼ ਫ਼ਿਲਮ, ਫਲਿਕ ਅੰਦਰ ਕੀੜੀ ਆਪਣੇ ਦੀਪ ਨੂੰ ਦੁਸ਼ਮਣ-ਟਿੱਡਿਆਂ ਤੋਂ ਬਚਾਉਣ ਲਈ ਹਜ਼ਾਰਾਂ ਹਜ਼ਾਰ ਬਹਾਦਰ ਸੂਰਮਿਆਂ ਦੀ ਸੈਨਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਭਾਰਤ ਦੇ ਅਸਲ ਜੀਵਨ ਦੇ ਇਸ ਸੀਕਵਲ ਅੰਦਰ, ਅਦਾਕਾਰਾਂ ਦੀ ਗਿਣਤੀ ਖਰਬਾਂ ਵਿੱਚ ਹੈ, ਜਿਨ੍ਹਾਂ ਵਿੱਚੋਂ 130 ਕਰੋੜ ਮਨੁੱਖ ਹਨ। ਛੋਟੇ ਸਿੰਙਾਂ ਵਾਲ਼ੇ ਟਿੱਡਿਆਂ ਦਾ ਦਲ ਇਸ ਸਾਲ ਮਈ ਵਿੱਚ ਆਇਆ, ਹਰੇਕ ਦਲ ਵਿੱਚ ਲੱਖਾਂ ਟਿੱਡੇ ਸਨ। ਦੇਸ਼ ਦੇ ਖੇਤੀ ਕਮਿਸ਼ਨਰ ਦਾ ਕਹਿਣਾ ਹੈ ਕਿ ਉਨ੍ਹਾਂ ਟਿੱਡੀ ਦਲਾਂ ਨੇ ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਕਰੀਬ ਕਰੀਬ ਇੱਕ ਚੌਥਾਈ ਮਿਲੀਅਨ ਏਕੜ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਤਬਾਹ ਕਰ ਦਿੱਤਾ।
ਇਨ੍ਹਾਂ ਹਵਾਈ ਲੜਾਕੂ ਦਲਾਂ ਵਾਸਤੇ ਰਾਸ਼ਟਰੀ ਸੀਮਾਵਾਂ ਕੋਈ ਮਾਅਨੇ ਨਹੀਂ ਰੱਖਦੀਆਂ। ਸੰਯੁਕਤ ਰਾਸ਼ਟਰ ਦੇ ਅਨਾਜ ਅਤੇ ਖੇਤੀ ਸੰਗਠਨ (ਐਫ਼ਏਓ) ਮੁਤਾਬਕ, ਪੱਛਮੀ ਅਫਰੀਕਾ ਤੋਂ ਭਾਰਤ ਤੀਕਰ ਇਹ ਟਿੱਡੀ ਦਲ 30 ਦੇਸ਼ਾਂ ਅਤੇ 16 ਮਿਲੀਅਨ ਵਰਗ ਕਿਲੋਮੀਟਰ ਵਿੱਚ ਮੌਜੂਦ ਹੈ ਅਤੇ ਟਿੱਡਿਆਂ ਦਾ ਇੱਕ ਛੋਟਾ ਦਲ ਜੋ 1 ਵਰਗ ਕਿਲੋਮੀਟਰ ਫੈਲਿਆ ਹੋਇਆ ਹੋਵੇ ਅਤੇ ਉਸ ਵਿੱਚ ਵੀ ਕਰੀਬ 40 ਮਿਲੀਅਨ ਮੈਂਬਰ ਹੁੰਦੇ ਹਨ ਜੋ ਸਭ ਰਲ਼ ਕੇ ਇੱਕ ਦਿਨ ਵਿੱਚ ਓਨਾ ਅਨਾਜ ਚਟਮ ਕਰ ਸਕਦੇ ਹਨ ਜਿੰਨਾ ਕਿ 35,000 ਲੋਕ, 20 ਊਠ ਜਾਂ ਛੇ ਹਾਥੀ ਕਰ ਸਕਦੇ ਹਨ।
ਇਸਲਈ ਇਸ ਵਿੱਚ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੈ ਕਿ ਰਾਸ਼ਟਰੀ ਟਿੱਡੀ ਦਲ ਚੇਤਾਵਨੀ ਸੰਗਠਨ ਦੇ ਮੈਂਬਰ ਰੱਖਿਆ, ਖੇਤੀ, ਗ੍ਰਹਿ, ਵਿਗਿਆਨ ਅਤੇ ਤਕਨਾਲੋਜੀ, ਨਾਗਰਿਕ ਹਵਾਬਾਜ਼ੀ ਅਤੇ ਸੰਚਾਰ ਮੰਤਰਾਲਿਆਂ ਨਾਲ਼ ਸਬੰਧਤ ਮੈਂਬਰ ਹੁੰਦੇ ਹਨ।
ਇਸ ਉਭਰਦੀ ਹੋਈ ਸਕ੍ਰਿਪਟ ਵਿੱਚ ਟਿੱਡੇ ਇਕੱਲੇ ਹੀ ਖਲਨਾਇਕ ਨਹੀਂ ਹਨ ਕਿਉਂਕਿ ਲੱਖਾਂ ਕੀੜਿਆਂ ਦੇ ਇਸ ਦਲ ਨੇ ਨਾਜ਼ੁਕ ਸੰਤੁਲਨ ਖ਼ਤਰੇ ਵਿੱਚ ਪਾ ਦਿੱਤਾ ਹੈ। ਭਾਰਤ ਅੰਦਰ, ਕੀਟ ਵਿਗਿਆਨੀ ਅਤੇ ਆਦਿਵਾਸੀ ਅਤੇ ਹੋਰ ਕਿਸਾਨ ਇਨ੍ਹਾਂ ਕੀੜਿਆਂ ਨੂੰ ਦੁਸ਼ਮਣ ਕੀੜਿਆਂ ਅਤੇ ਕਦੇ-ਕਦੇ ਵਿਦੇਸ਼ੀ ਨਸਲਾਂ ਵਜੋਂ ਸੂਚੀਬੱਧ ਕਰ ਰਹੇ ਹਨ। ਕੁਝ ਚੰਗੇ ਕੀੜੇ ਅਨਾਜ ਉਤਪਾਦਨ ਵਾਸਤੇ ਅਨੁਕੂਲ 'ਲਾਭਕਾਰੀ ਕੀੜੇ' ਵੀ ਓਦੋਂ ਬੁਰੇ ਬਣ ਸਕਦੇ ਹਨ ਜਦੋਂ ਜਲਵਾਯੂ ਦੀ ਤਬਦੀਲੀ ਉਨ੍ਹਾਂ ਦੇ ਘਰਾਂ ਨੂੰ ਤਬਾਹ ਕਰ ਰਹੀ ਹੋਵੇ।
ਕੀੜੀਆਂ ਦੀਆਂ ਵੀ ਕਰੀਬ ਦਰਜਨ ਕੁ ਨਸਲਾਂ ਖ਼ਤਰਨਾਕ ਕੀਟਾਂ ਵਿੱਚ ਤਬਦੀਲ ਹੋ ਗਈਆਂ ਹਨ ਜੋ ਰੌਲ਼ਾ ਪਾਉਂਦੇ ਟਿੱਡੇ ਬਣ ਗਏ ਹਨ ਅਤੇ ਨਵੇਂ ਨਵੇਂ ਇਲਾਕਿਆਂ 'ਤੇ ਹੱਲ੍ਹਾ ਬੋਲ ਰਹੇ ਹਨ, ਤਿੱਖੇ ਦੰਦਾਂ ਵਾਲ਼ੇ ਸਿਓਂਕ ਦੇ ਕੀੜੇ ਹਨ੍ਹੇਰੇ ਜੰਗਲਾਂ ਵਿੱਚ ਜਾ ਜਾ ਕੇ ਚੰਗੀਆਂ ਲੱਕੜਾਂ ਨੂੰ ਚਟਮ ਕਰ ਕਰ ਚੂਰਾ ਬਣਾਈ ਜਾਂਦੇ ਹਨ। ਕਿਉਂਕਿ ਮਧੂਮੱਖੀਆਂ ਦੀ ਗਿਣਤੀ ਘੱਟ ਗਈ ਹੈ ਅਤੇ ਡ੍ਰੈਗਨਫਲਾਈ ਬਿਨ-ਮੌਸਮ ਦਿੱਸਣ ਲੱਗੇ ਹਨ ਇਸੇ ਲਈ ਤਾਂ ਸਜੀਵ ਪ੍ਰਾਣੀਆਂ ਦੀ ਭੋਜਨ ਸੁਰੱਖਿਆ ਘਟਣ ਲੱਗੀ ਹੈ। ਇੱਥੋਂ ਤੱਕ ਕਿ ਮਲੂਕ ਲਾਲ-ਧੱਬੇਦਾਰ ਜੇਜ਼ੇਬਲ ਤਿਤਲੀਆਂ ਪੂਰਬੀ ਹਿਮਾਲਿਆ ਤੋਂ ਪੱਛਮੀ ਹਿਮਾਲਿਆ ਵਿਚਾਲੇ ਤੇਜ਼ੀ ਨਾਲ਼ ਉੱਡਣ ਕਾਰਨ ਆਪਣੇ ਪੈਰ ਪਸਾਰਦੀਆਂ ਜਾ ਰਹੀਆਂ ਹਨ ਅਤੇ ਨਵੇਂ-ਨਵੇਂ ਇਲਾਕਿਆਂ ਨੂੰ ਆਪਣੇ ਕਬਜ਼ੇ ਹੇਠ ਕਰੀ ਜਾਂਦੀਆਂ ਹਨ ਅਤੇ 'ਚੰਗੀਆਂ' ਸਵਦੇਸੀ ਨਸਲਾਂ ਨੂੰ ਭਜਾਉਣ ਵਿੱਚ ਰੁਝੀਆਂ ਹੋਈਆਂ ਹਨ। ਇਸ ਤਰ੍ਹਾਂ ਯੁੱਧ ਦਾ ਇਹ ਮੈਦਾਨ ਪੂਰੇ ਭਾਰਤ ਵਿੱਚ ਫੈਲਦਾ ਜਾ ਰਿਹਾ ਹੈ।
ਸਵਦੇਸ਼ੀ ਕੀਟ-ਪਤੰਗਿਆਂ ਦੀ ਗਿਣਤੀ ਵਿੱਚ ਆਉਂਦੀ ਗਿਰਾਵਟ ਕਾਰਨ ਮੱਧ ਭਾਰਤ ਦੇ ਸ਼ਹਿਦ ਇਕੱਠਾ ਕਰਨ ਵਾਲ਼ਿਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ''ਇੱਕ ਸਮਾਂ ਸੀ ਜਦੋਂ ਅਸੀਂ ਢਾਲ਼ੂ ਚੱਟਾਨਾਂ ਵੱਲ ਨਜ਼ਰ ਮਾਰਦੇ ਸਾਂ ਤਾਂ ਮਧੂਮੱਖੀਆਂ ਦੇ ਸੈਂਕੜੇ ਹੀ ਛੱਤੇ ਨਜ਼ਰ ਆ ਜਾਂਦੇ ਹੁੰਦੇ ਸਨ। ਪਰ ਅੱਜ, ਉਨ੍ਹਾਂ ਨੂੰ ਲੱਭਣਾ ਤੱਕ ਮੁਸ਼ਕਲ ਹੋ ਗਿਆ ਹੈ,'' ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ 40 ਸਾਲਾ ਭਾਰੀਆ ਆਦਿਵਾਸੀ, ਬ੍ਰਿਜ ਕਿਸ਼ਨ ਭਾਰਤੀ ਕਹਿੰਦੇ ਹਨ।
ਸ਼੍ਰੀਹੋਤ ਪਿੰਡ ਦੇ ਵਾਸੀ ਉਹ ਅਤੇ ਸ਼ਹਿਦ ਇਕੱਠਾ ਕਰਨ ਵਾਲ਼ੇ ਹੋਰ ਲੋਕ ਗ਼ਰੀਬੀ ਰੇਖਾ ਦੇ ਹੇਠਾਂ ਆਉਂਦੇ ਪਰਿਵਾਰਾਂ ਨਾਲ਼ ਸਬੰਧ ਰੱਖਦੇ ਹਨ ਜੋ ਸ਼ਹਿਦ ਇਕੱਠਾ ਕਰਨ ਲਈ ਚੱਟਾਨਾਂ 'ਤੇ ਚੜ੍ਹਦੇ ਹਨ, ਜਿਹਨੂੰ ਉਹ 20 ਕਿਲੋਮੀਟਰ ਦੂਰ ਤਾਮਿਆ ਬਲਾਕ ਮੁੱਖ ਅੱਡੇ ਦੀ ਹਫ਼ਤਾਵਰ ਮੰਡੀ ਵਿੱਚ ਵੇਚਦੇ। ਉਹ ਇਸ ਕੰਮ ਵਾਸਤੇ ਸਾਲ ਵਿੱਚ ਦੋ ਵਾਰੀਂ ਭਾਵ ਦੋ ਸੀਜ਼ਨ (ਨਵੰਬਰ- ਦਸੰਬਰ ਅਤੇ ਮਈ-ਜੂਨ) ਵਿੱਚ ਘਰੋਂ ਬਾਹਰ ਨਿਕਲ਼ਦੇ ਹਨ ਅਤੇ ਖੇਤਾਂ ਵਿੱਚ ਕਈ-ਕਈ ਦਿਨ ਬਿਤਾਉਂਦੇ ਹਨ।
ਇੱਕ ਦਹਾਕੇ ਵਿੱਚ ਉਨ੍ਹਾਂ ਦੇ ਸ਼ਹਿਦ ਦੀ ਕੀਮਤ ਭਾਵੇਂ 60 ਰੁਪਏ ਤੋਂ 400 ਰੁਪਏ ਤੱਕ ਅੱਪੜ ਗਈ ਹੋਵੇ ਪਰ ਬ੍ਰਿਜ ਕਿਸ਼ਨ ਦੇ 35 ਸਾਲਾ ਭਰਾ ਜੈ ਕਿਸ਼ਨ ਦਾ ਕਹਿਣਾ ਹੈ,''ਸਾਨੂੰ ਸਾਰਿਆਂ ਨੂੰ ਹੀ ਇਨ੍ਹਾਂ ਦੋ ਫ਼ੇਰੀਆਂ ਨਾਲ਼ ਕਰੀਬ 25-30 ਕੁਵਿੰਟਲ ਸ਼ਹਿਦ ਮਿਲ਼ ਜਾਂਦਾ ਹੁੰਦਾ ਸੀ ਪਰ ਹੁਣ ਜੇ 10 ਕਿਲੋ ਵੀ ਹੱਥ ਲੱਗੇ ਤਾਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝੀਦਾ ਹੈ। ਜੰਗਲ ਵਿੱਚ ਜਾਮਣ, ਬਹੇੜਾ, ਅੰਬ ਅਤੇ ਸਾਲ ਜਿਹੇ ਰੁੱਖ ਘੱਟ ਹੋ ਗਏ ਹਨ। ਘੱਟ ਹੁੰਦੇ ਰੁੱਖਾਂ ਦਾ ਮਤਲਬ ਹੈ ਘੱਟ ਫੁੱਲਾਂ ਦਾ ਹੋਣਾ ਅਤੇ ਘੱਟਦੇ ਫੁੱਲਾਂ ਦਾ ਮਤਲਬ ਮਧੂਮੱਖੀਆਂ ਅਤੇ ਹੋਰਨਾਂ ਕੀਟਾਂ ਲਈ ਭੋਜਨ ਦਾ ਘੱਟ ਹੋਣਾ।'' ਬੱਸ ਇਹੀ ਕਾਰਨ ਹੈ ਸ਼ਹਿਦ ਦੇ ਸ਼ਿਕਾਰੀਆਂ ਦੀ ਆਮਦਨੀ ਘੱਟਦੀ ਜਾਣ ਦਾ।
ਚਿੰਤਾ ਦਾ ਵਿਸ਼ਾ ਸਿਰਫ਼ ਫੁੱਲਾਂ ਦਾ ਘੱਟਦਾ ਜਾਣਾ ਹੀ ਨਹੀਂ। ''ਅਸੀਂ ਜਲਵਾਯੂ ਦੀ ਮਾਰ ਕਾਰਨ ਪ੍ਰਾਣੀਆਂ ਅਤੇ ਬਨਸਪਤੀ ਭਾਵ ਫੁੱਲਾਂ ਦੇ ਖਿੜਨ ਦੇ ਸਮੇਂ ਅਤੇ ਕੀੜਿਆਂ ਦੇ ਸਮੇਂ ਕਾਲ ਵਿੱਚ ਅਸੰਤੁਲਨ ਨੂੰ ਦੇਖ ਰਹੇ ਹਾਂ,'' NCBS, ਜੰਗਲੀ ਜੀਵ ਵਿਗਿਆਨ ਅਤੇ ਸੰਭਾਲ਼ ਪ੍ਰੋਗਰਾਮ, ਬੰਗਲੁਰੂ ਦੀ ਡਾਕਟਰ ਜਯਸ਼੍ਰੀ ਰਤਨਮ ਕਹਿੰਦੀ ਹਨ। ''ਦਰਮਿਆਨੇ ਮੌਸਮ ਵਾਲ਼ੇ ਇਲਾਕਿਆਂ ਵਿੱਚ ਫ਼ੁਟਾਲੇ (ਬਸੰਤ) ਦੀ ਰੁੱਤ ਛੇਤੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਫੁੱਲ ਵੀ ਛੇਤੀ ਲੱਗ ਜਾਂਦੇ ਹਨ, ਪਰ ਜ਼ਰੂਰੀ ਨਹੀਂ ਕਿ ਪਰਾਗ ਵਾਲ਼ੇ ਕੀਟ-ਪਤੰਗਿਆਂ ਦਾ ਜਨਮ ਵੀ ਉਸੇ ਸਮੇਂ ਹੀ ਹੁੰਦਾ ਹੋਵੇ। ਇਹਦਾ ਮਤਲਬ ਇਹ ਹੈ ਕਿ ਇਨ੍ਹਾਂ ਕੀੜਿਆਂ ਨੂੰ ਉਹ ਭੋਜਨ ਨਹੀਂ ਮਿਲ਼ ਪਾਉਂਦਾ ਜਿਹਦੀ ਉਨ੍ਹਾਂ ਨੂੰ ਉਸ ਵੇਲ਼ੇ ਲੋੜ ਹੁੰਦੀ ਹੈ। ਇਹ ਸਾਰਾ ਕੁਝ ਜਲਵਾਯੂ ਤਬਦੀਲੀ ਨਾਲ਼ ਜੁੜਿਆ ਹੋਇਆ ਹੋ ਸਕਦਾ ਹੈ।''
ਜਿਵੇਂ ਕਿ ਡਾਕਟਰ ਰਤਨਮ ਕਹਿੰਦੀ ਹਨ, ਹਾਲਾਂਕਿ ਇਹਦਾ ਸਿੱਧਾ ਅਸਰ ਸਾਡੀ ਭੋਜਨ ਸੁਰੱਖਿਆ 'ਤੇ ਪੈਂਦਾ ਹੈ,''ਸਾਡਾ ਜਿੰਨਾ ਲਗਾਅ ਥਣਧਾਰੀ ਪਸ਼ੂਆਂ ਨਾਲ਼ ਹੁੰਦਾ ਹੈ, ਓਨਾ ਕੀੜਿਆਂ ਨਾਲ਼ ਨਹੀਂ ਹੁੰਦਾ।''
*****
''ਮੇਰੇ ਨਾ ਸਿਰਫ਼ ਅਮਰੂਦ ਦੇ ਬੂਟੇ 'ਤੇ ਹੀ ਫਲ ਘੱਟ ਲੱਗਦੇ ਹਨ ਸਗੋਂ ਔਲ਼ੇ ਅਤੇ ਮਹੂਏ ਦੇ ਰੁੱਖਾਂ 'ਤੇ ਵੀ ਘੱਟ ਫਲ ਲੱਗਦੇ ਹਨ। ਅਚਾਰ (ਜਾਂ ਚਿਰੌਂਜੀ) ਦਾ ਰੁੱਖ ਕਈ ਸਾਲਾਂ ਤੋਂ ਫਲ ਨਹੀਂ ਦੇ ਰਿਹਾ,'' 52 ਸਾਲਾ ਰਣਜੀਤ ਸਿੰਘ ਮਰਸ਼ਕੋਲੇ ਸਾਨੂੰ ਦੱਸਦੇ ਹਨ, ਜੋ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਦੀ ਕਟਿਆਦਾਨਾ ਬਸਤੀ ਵਿੱਚ ਰਹਿੰਦੇ ਹਨ। ਗੋਂਡ ਆਦਿਵਾਸੀ ਕਿਸਾਨ, ਰਣਜੀਤ ਪਿਪਰਿਯਾ ਤਹਿਸੀਲ ਦੇ ਮਟਕੁਲੀ ਪਿੰਡ ਦੇ ਕੋਲ਼ ਆਪਣੇ ਪਰਿਵਾਰ ਦੀ ਨੌ ਏਕੜ ਜ਼ਮੀਨ 'ਤੇ ਕਣਕ ਅਤੇ ਛੋਲੇ ਉਗਾਉਂਦੇ ਹਨ।
''ਜਦੋਂ ਮਧੂਮੱਖੀਆਂ ਘੱਟ ਹੋਣਗੀਆਂ ਤਾਂ ਫੁੱਲ ਅਤੇ ਫਲ ਵੀ ਘੱਟ ਹੋਣਗੇ ਹੀ,'' ਰਣਜੀਤ ਸਿੰਘ ਕਹਿੰਦੇ ਹਨ।
ਸਾਡੀ ਭੋਜਨ ਸੁਰੱਖਿਆ ਸਵਦੇਸ਼ੀ ਕੀਟ-ਪਤੰਗਿਆਂ 'ਤੇ ਨਿਰਭਰ ਕਰਦੀ ਹੈ ਜਿਵੇਂ ਕੀੜੀਆਂ, ਮਧੂਮੱਖੀਆਂ, ਮੱਖੀਆਂ, ਭਰਿੰਡਾਂ, ਹੌਕ ਕੀਟ, ਤਿਤਲੀਆਂ, ਭੌਰੇ ਅਤੇ ਪਰਾਗ ਕਰਨ ਵਿੱਚ ਸਹਾਇਤਾ ਕਰਨ ਵਾਲ਼ੇ ਅਜਿਹੇ ਹੋਰ ਵੀ ਕਈ ਕੀਟਾਂ ਦੇ ਪੰਖਾਂ, ਪੈਰਾਂ, ਸੁੰਡਾਂ ਅਤੇ ਐਂਟੀਨਾ ਨਾਲ਼ ਲੱਗ ਕੇ ਕੇਸਰ ਫ਼ੈਲਦਾ ਹੈ। ਜਿਵੇਂ ਕਿ ਐੱਫ਼ਏਓ ਬੁਲੇਟਿਨ ਸਾਨੂੰ ਦੱਸਦਾ ਹੈ ਕਿ ਪੂਰੀ ਦੁਨੀਆ ਵਿੱਚ ਇਕੱਲੀਆਂ ਜੰਗਲੀ ਮਧੂਮੱਖੀਆਂ ਦੀਆਂ 20,000 ਤੋਂ ਵੱਧ ਨਸਲਾਂ, ਨਾਲ਼ ਹੀ ਕਈ ਹੋਰ ਨਸਲਾਂ ਹਨ- ਪੰਛੀਆਂ, ਚਮਗਿੱਦੜਾਂ ਅਤੇ ਹੋਰਨਾਂ ਜਾਨਵਰਾਂ ਦੀਆਂ ਨਸਲਾਂ ਵੀ ਸ਼ਾਮਲ ਹਨ, ਜੋ ਪਰਾਗ ਕਰਨ ਵਿੱਚ ਯੋਗਦਾਨ ਪਾਉਂਦੀਆਂ ਹਨ। ਸਾਰੇ ਅਨਾਜ ਫ਼ਸਲਾਂ ਦਾ 75 ਫ਼ੀਸਦ ਅਤੇ ਸਾਰੇ ਜੰਗਲੀ ਪੌਦਿਆਂ ਦਾ 90 ਫ਼ੀਸਦ ਉਸੇ ਪਰਾਗ ਸਿਰ ਨਿਰਭਰ ਹੈ ਅਤੇ ਸੰਸਾਰ ਪੱਧਰ 'ਤੇ ਇਹਨੂੰ ਪ੍ਰਭਾਵਤ ਫ਼ਸਲਾਂ ਦਾ ਸਲਾਨਾ ਮੁੱਲ 235 ਤੋਂ 577 ਬਿਲੀਅਨ ਡਾਲਰ ਵਿਚਾਲੇ ਅੰਗਿਆ ਗਿਆ ਹੈ।
ਸਾਡੀ ਭੋਜਨ ਸੁਰੱਖਿਆ ਸਵਦੇਸ਼ੀ ਕੀਟ-ਪਤੰਗਿਆਂ 'ਤੇ ਨਿਰਭਰ ਕਰਦੀ ਹੈ ਜਿਵੇਂ ਕੀੜੀਆਂ, ਮਧੂਮੱਖੀਆਂ, ਮੱਖੀਆਂ, ਭਰਿੰਡਾਂ, ਹਾਕ ਕੀਟ, ਤਿਤਲੀਆਂ, ਭੌਰੇ ਅਤੇ ਪਰਾਗਣ ਵਿੱਚ ਸਹਾਇਤਾ ਕਰਨ ਵਾਲ਼ੇ ਅਜਿਹੇ ਹੋਰ ਵੀ ਕਈ ਕੀਟਾਂ ਦੇ ਪੰਖਾਂ, ਪੈਰਾਂ, ਸੁੰਡਾਂ ਅਤੇ ਐਂਟੀਨਾ ਨਾਲ਼ ਲੱਗ ਕੇ ਕੇਸਰ ਫ਼ੈਲਦਾ ਹੈ
ਅਨਾਜ ਦੀ ਫ਼ਸਲ ਦੇ ਪਰਾਗ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਨ ਤੋਂ ਛੁੱਟ, ਕੀੜੇ ਜੰਗਲਾਂ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦੇ ਹਨ ਕਿਉਂਕਿ ਉਹ ਲੱਕੜਾਂ ਅਤੇ ਲਾਸ਼ਾਂ (ਜਾਨਵਰਾਂ/ਪੰਛੀਆਂ ਦੇ ਸਰੀਰਾਂ ਦੀ ਰਹਿੰਦ-ਖੂੰਹਦ) ਨੂੰ ਛਿਲਦੇ ਹਨ, ਨਿੱਕਾ ਨਿੱਕਾ ਕੁਤਰਦੇ ਹਨ ਅਤੇ ਮਿੱਟੀ ਨੂੰ ਪਲਟਦੇ ਹਨ ਤੇ ਬੀਜਾਂ ਨੂੰ ਅੱਡ ਕਰਦੇ ਹਨ। ਭਾਰਤ ਵਿੱਚ, ਲੱਖਾਂ ਆਦਿਵਾਸੀ ਅਤੇ ਹੋਰ ਲੋਕ ਜੰਗਲਾਂ ਦੇ ਨਾਲ਼ ਲੱਗਦੇ ਕਰੀਬ 170,000 ਪਿੰਡਾਂ ਵਿੱਚ ਵਾਸ ਕਰਦੇ ਹਨ, ਜਿੱਥੇ ਉਹ ਬਾਲ਼ਣ ਦੀ ਲੱਕੜ ਇਕੱਠੀ ਕਰਨ ਦੇ ਨਾਲ਼ ਨਾਲ਼ ਹੋਰ ਜੰਗਲੀ ਉਤਪਾਦਾਂ ਦੀ ਵੀ ਵਰਤੋਂ ਕਰਦੇ ਹਨ ਜਾਂ ਵੇਚਦੇ ਹਨ। ਇਸ ਤੋਂ ਇਲਾਵਾ, ਦੇਸ਼ ਵਿੱਚ ਪਸ਼ੂਆਂ ਦੀ ਅਬਾਦੀ 536 ਮਿਲੀਅਨ ਹੈ, ਜਿਨ੍ਹਾਂ ਵਿੱਚੋਂ ਬਹੁਤੇਰੇ ਪਸ਼ੂ ਆਪਣੇ ਚਾਰੇ ਵਾਸਤੇ ਜੰਗਲਾਂ 'ਤੇ ਹੀ ਨਿਰਭਰ ਕਰਦੇ ਹਨ।
''ਜੰਗਲ ਮਰ ਰਿਹਾ ਹੈ,'' ਇੱਕ ਰੁੱਖ ਦੀ ਛਾਵੇਂ ਬੈਠੇ ਵਿਜੈ ਸਿੰਘ ਸਾਨੂੰ ਦੱਸਦੇ ਹਨ, ਜਦੋਂਕਿ ਉਨ੍ਹਾਂ ਦੀਆਂ ਮੱਝਾਂ ਉਨ੍ਹਾਂ ਦੇ ਨੇੜੇ ਹੀ ਚਰ ਰਹੀਆਂ ਹਨ। 70 ਸਾਲਾ ਇਸ ਗੋਂਡ ਕਿਸਾਨ ਦੇ ਕੋਲ਼, ਪਿਪਰਿਯਾ ਤਹਿਸੀਲ ਦੇ ਸਿੰਗਨਮਾ ਪਿੰਡ ਵਿੱਚ 30 ਏਕੜ ਜ਼ਮੀਨ ਹੈ, ਜਿੱਥੇ ਉਹ ਕਦੇ ਛੋਲੇ ਅਤੇ ਕਦੇ ਕਣਕ ਉਗਾਉਂਦੇ ਹਨ। ਕੁਝ ਸਾਲਾਂ ਲਈ ਉਨ੍ਹਾਂ ਨੇ ਜ਼ਮੀਨ ਨੂੰ ਬੰਜਰ ਹੀ ਰਹਿਣ ਦਿੱਤਾ। ''ਮੀਂਹ ਜਾਂ ਤਾਂ ਬਹੁਤ ਜ਼ਿਆਦਾ ਪੈਂਦਾ ਹੈ ਅਤੇ ਛੇਤੀ ਛੇਤੀ ਵਰ੍ਹ ਕੇ ਰੁੱਕ ਜਾਂਦਾ ਹੈ ਜਾਂ ਫਿਰ ਇੰਨਾ ਥੋੜ੍ਹਾ ਪੈਂਦਾ ਹੈ ਕਿ ਜ਼ਮੀਨ ਤੱਕ ਗਿੱਲੀ ਨਹੀਂ ਹੁੰਦੀ।'' ਉਨ੍ਹਾਂ ਨੇ ਕੀਟ-ਪਤੰਗਿਆਂ ਦੀਆਂ ਸਮੱਸਿਆਵਾਂ ਦਾ ਨਿਰੀਖਣ ਕੀਤਾ। ''ਪਾਣੀ ਹੀ ਨਹੀਂ ਹੈ, ਦੱਸੋ ਭਲ਼ਾ ਕੀੜੀਆਂ ਆਪਣੀਆਂ ਬਾਂਬੀਆਂ ਕਿਵੇਂ ਬਣਾਉਣ?''
ਪਿਪਰਿਯਾ ਤਹਿਸੀਲ ਦੇ ਪੰਚਮੜੀ ਛਾਉਣੀ ਇਲਾਕੇ ਵਿੱਚ, 45 ਸਾਲਾ ਨੰਦੂ ਲਾਲ ਧੁਰਬੇ ਸਾਨੂੰ ਗੋਲ਼ਾਕਾਰ ਬਾਮੀ (ਕੀੜੀਆਂ ਦੇ ਸਿਓਂਕ ਦੇ ਘਰਾਂ ਦਾ ਸਥਾਨਕ ਨਾਮ) ਦਿਖਾਉਂਦੇ ਹਨ। '' ਬਾਮੀ ਨੂੰ ਨਰਮ ਮਿੱਟੀ ਅਤੇ ਠੰਡੀ ਨਮੀ ਦੀ ਲੋੜ ਹੁੰਦੀ ਹੈ। ਪਰ ਹੁਣ ਲਗਾਤਾਰ ਮੀਂਹ ਨਾ ਪੈਣ ਕਾਰਨ ਮੌਸਮ ਹੋਰ ਗਰਮ ਹੋ ਗਿਆ ਹੈ, ਇਸਲਈ ਤੁਹਾਨੂੰ ਇਹ ਹੁਣ ਨਹੀਂ ਦਿੱਸਣੀਆਂ।
''ਅੱਜਕੱਲ੍ਹ ਠੰਡ ਜਾਂ ਮੀਂਹ ਬੇਮੌਸਮੀ ਹੋ ਗਿਆ ਹੈ ਭਾਵ ਕਿ ਜਾਂ ਤਾਂ ਬਹੁਤ ਜ਼ਿਆਦਾ ਪੈਂਦਾ ਹੈ ਜਾਂ ਬਹੁਤ ਘੱਟ, ਜਿਸ ਕਾਰਨ ਫੁੱਲ ਮੁਰਝਾ ਜਾਂਦੇ ਹਨ,'' ਧੁਰਬੇ ਕਹਿੰਦੇ ਹਨ, ਜੋ ਇੱਕ ਗੋਂਡ ਆਦਿਵਾਸੀ ਹਨ ਅਤੇ ਇੱਕ ਮਾਲੀ ਵੀ ਹਨ, ਜਿਨ੍ਹਾਂ ਕੋਲ਼ ਆਪਣੇ ਇਲਾਕੇ ਦੇ ਵਾਤਾਵਰਣ ਬਾਬਤ ਕਾਫ਼ੀ ਜਾਣਕਾਰੀ ਹੈ। ''ਇਸਲਈ ਫ਼ਲਦਾਰ ਰੁੱਖ ਫ਼ਲ ਵੀ ਘੱਟ ਦਿੰਦੇ ਹਨ ਅਤੇ ਕੀੜਿਆਂ ਨੂੰ ਭੋਜਨ ਵੀ ਘੱਟ ਹੀ ਮਿਲ਼ਦਾ ਹੈ।''
ਸਤਪੁੜਾ ਰੇਂਜ ਅੰਦਰ 1,100 ਮੀਟਰ ਦੀ ਉੱਚਾਈ 'ਤੇ ਸਥਿਤ ਪੰਚਮੜ੍ਹੀ ਇੱਕ ਯੂਨੈਸਕੋ ਜੀਵਮੰਡਲ ਰਿਜਰਵ ਹੈ ਜਿਸ ਵਿੱਚ ਰਾਸ਼ਟਰੀ ਪਾਰਕਾਂ ਅਤੇ ਟਾਈਗਰ ਸੈਂਚੁਰੀਆਂ ਹਨ। ਮੈਦਾਨੀ ਇਲਾਕਿਆਂ ਵਿੱਚ ਹਰ ਸਾਲ ਗਰਮੀ ਤੋਂ ਬਚਣ ਲਈ ਵੱਡੀ ਗਿਣਤੀ ਵਿੱਚ ਲੋਕ ਮੱਧ ਭਾਰਤ ਦੇ ਇਸੇ ਹਿੱਲ ਸਟੇਸ਼ਨ ਵੱਲ ਖਿੱਚੇ ਆਉਂਦੇ ਹਨ। ਧੁਰਬੇ ਅਤੇ ਵਿਜੈ ਸਿੰਘ ਦਾ ਕਹਿਣਾ ਹੈ ਕਿ ਹੁਣ ਇਹ ਇਲਾਕਾ ਵੀ ਗਰਮ ਹੋਣ ਲੱਗਿਆ ਹੈ- ਅਤੇ ਉਨ੍ਹਾਂ ਦੇ ਇਸ ਵਿਚਾਰ ਦੇ ਕਈ ਹਮਾਇਤੀ ਹਨ।
ਆਲਮੀ ਤਪਸ਼ ਨੂੰ ਲੈ ਕੇ ਨਿਊਯਾਰਕ ਟਾਈਮਸ ਦੇ ਇੱਕ ਇੰਟਰੈਕਟਿਵ ਪੋਰਟਲ ਦੇ ਡਾਟਾ ਤੋਂ ਪਤਾ ਚੱਲਦਾ ਹੈ ਕਿ 1960 ਵਿੱਚ, ਪਿਪਰਿਯਾ ਵਿੱਚ ਇੱਕ ਸਾਲ ਵਿੱਚ 157 ਦਿਨਾਂ ਤੱਕ ਤਾਪਮਾਨ 32 ਡਿਗਰੀ ਜਾਂ ਉਸ ਤੋਂ ਵੱਧ ਹੁੰਦਾ ਸੀ। ਅੱਜ ਉਨ੍ਹਾਂ ਗਰਮ ਦਿਨਾਂ ਦੀ ਗਿਣਤੀ 157 ਤੋਂ ਵੱਧ ਕੇ 201 ਹੋ ਚੁੱਕੀ ਹੈ।
ਜਲਵਾਯੂ ਅੰਦਰਲੀਆਂ ਜਿਨ੍ਹਾਂ ਵੀ ਤਬਦੀਲੀਆਂ ਵੱਲ ਕਿਸਾਨਾਂ ਅਤੇ ਵਿਗਿਆਨੀਆਂ ਦਾ ਧਿਆਨ ਜਾਂਦਾ ਹੈ ਉਹ ਕਈ ਨਸਲਾਂ ਲਈ ਨੁਕਸਾਨਦੇਹ ਹੈ ਅਤੇ ਉਨ੍ਹਾਂ ਦੇ ਗਾਇਬ ਹੋਣ ਮਗਰਲਾ ਮੁੱਖ ਕਾਰਨ ਹੈ। ਜਿਵੇਂ ਕਿ ਇੱਕ ਐੱਫ਼ਏਓ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ: ''ਪੂਰੀ ਦੁਨੀਆ ਵਿੱਚ ਨਸਲਾਂ ਦੇ ਅਲੋਪ ਹੋਣ ਦੀ ਦਰ ਵਰਤਮਾਨ ਮਨੁੱਖੀ ਦਖ਼ਲਅੰਦਾਜ਼ੀ ਦੇ ਕਾਰਨ ਸਧਾਰਣ ਤੋਂ 100 ਤੋਂ 1,000 ਗੁਣਾ ਵੱਧ ਹੈ।''
*****
''ਮੇਰੇ ਕੋਲ਼ ਅੱਜ ਵੇਚਣ ਲਈ ਕੀੜੀਆਂ ਨਹੀਂ ਹਨ,'' ਗੋਂਡ ਆਦਿਵਾਸੀ ਮੁੰਨੀਬਾਈ ਕਚਲਨ, ਸਾਨੂੰ ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਦੇ ਛੋਟੇਡੋਂਗਰ ਹਫ਼ਤਾਵਰੀ ਹਾਟ (ਮੰਡੀ) ਵਿੱਚ ਬਿਤਾਉਂਦੀ ਹਨ। 50 ਸਾਲਾ ਮੁੰਨੀਬਾਈ ਛੋਟੀ ਉਮਰੇ ਹੀ ਬਸਤਰ ਦੇ ਜੰਗਲਾਂ ਵਿੱਚੋਂ ਘਾਹ ਅਤੇ ਕੀੜੀਆਂ ਚੁਗ ਰਹੀ ਹਨ। ਉਹ ਇੱਕ ਵਿਧਵਾ ਹਨ ਅਤੇ ਉਨ੍ਹਾਂ ਦੀਆਂ ਚਾਰ ਧੀਆਂ ਹਨ। ਇੱਥੋਂ ਕਰੀਬ 9 ਕਿਲੋਮੀਟਰ ਦੂਰ, ਰੋਹਤਾਦ ਪਿੰਡ ਵਿੱਚ ਉਨ੍ਹਾਂ ਕੋਲ਼ ਦੋ ਏਕੜ ਜ਼ਮੀਨ ਹੈ, ਜਿਸ ਜ਼ਮੀਨ 'ਤੇ ਇਹ ਪਰਿਵਾਰ ਆਪਣੇ ਜੋਗਾ ਅਨਾਜ ਉਗਾਉਂਦਾ ਹੈ।
ਬਜ਼ਾਰ ਵਿੱਚ, ਉਹ ਲੰਬਾ ਘਾਹ (ਜਿਸ ਤੋਂ ਝਾੜੂ ਬਣਦਾ ਹੈ), ਕੀੜੀਆਂ ਅਤੇ ਕਦੇ-ਕਦਾਈਂ ਕੁਝ ਕਿਲੋ ਚੌਲ ਵੇਚ ਕੇ 50-60 ਰੁਪਏ ਨਗਦ ਕਮਾਉਣ ਦੀ ਕੋਸ਼ਿਸ਼ ਕਰਦੀ ਹਨ ਤਾਂਕਿ ਲੋੜੀਂਦੀਆਂ ਵਸਤਾਂ ਖ਼ਰੀਦ ਸਕੇ। ਉਹ ਦੱਸਦੀ ਹਨ ਕਿ ਥੋੜ੍ਹੀਆਂ ਜਿਹੀਆਂ ਕੀੜੀਆਂ ਵੇਚਣ ਨਾਲ਼ ਉਨ੍ਹਾਂ ਨੂੰ 20 ਰੁਪਏ ਮਿਲ਼ ਜਾਂਦੇ ਹਨ। ਪਰ ਜਿਸ ਦਿਨ ਅਸੀਂ ਉਨ੍ਹਾਂ ਨੂੰ ਮਿਲ਼ੇ, ਉਸ ਦਿਨ ਉਨ੍ਹਾਂ ਕੋਲ਼ ਕੀੜੀਆਂ ਨਹੀਂ ਬੱਸ ਘਾਹ ਦਾ ਇੱਕ ਛੋਟਾ ਜਿਹਾ ਬੰਡਲ ਸੀ।
''ਅਸੀਂ ਹਲੌਂਗੀ (ਲਾਲ ਕੀੜੀਆਂ) ਖਾਂਦੇ ਹਾਂ,'' ਮੁੰਨੀ ਕਹਿੰਦੇ ਹਨ। ''ਇੱਕ ਸਮਾਂ ਸੀ ਜਦੋਂ ਸਾਨੂੰ ਔਰਤਾਂ ਨੂੰ ਇਹ ਕੀੜੀਆਂ ਸੌਖਿਆਂ ਹੀ ਮਿਲ਼ ਜਾਂਦੀਆਂ ਸਨ। ਹੁਣ ਬੜੀਆਂ ਹੀ ਘੱਟ ਕੀੜੀਆਂ ਬਚੀਆਂ ਹਨ ਜੋ ਉਤਾਂਹ ਰੁੱਖਾਂ 'ਤੇ ਰਹਿੰਦੀਆਂ ਹਨ। ਉਨ੍ਹਾਂ ਨੂੰ ਇਕੱਠਾ ਕਰਨਾ ਮੁਸ਼ਕਲ ਕੰਮ ਹੈ। ਸਾਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਉਨ੍ਹਾਂ ਕੀੜੀਆਂ ਤੱਕ ਅਪੜਨ ਦੀ ਕੋਸ਼ਿਸ਼ ਵਿੱਚ ਸਾਡੇ ਬੰਦਿਆਂ ਨੂੰ ਸੱਟ ਹੀ ਨਾ ਲੱਗ ਜਾਵੇ।''
ਭਾਰਤ ਅੰਦਰ ਅਸੀਂ ਕੀਟਾਂ ਦੀ ਤਬਾਹੀ ਨੂੰ ਆਪਣੀ ਅੱਖੀਂ ਦੇਖ ਰਹੇ ਹਾਂ। ''ਕੀੜੇ ਮਹੱਤਵਪੂਰਨ ਨਸਲਾਂ ਹਨ। ਉਨ੍ਹਾਂ ਦੇ ਗਾਇਬ ਹੋਣ ਨਾਲ਼ ਪੂਰਾ ਸਿਸਟਮ ਵਿਗੜ ਜਾਵੇਗਾ,'' ਐੱਨਸੀਬੀਐੱਸ ਦੇ ਐਸੋਸੀਏਟ ਪ੍ਰੋਫ਼ੈਸਰ ਡਾਕਟਰ ਸੰਜੈ ਸਾਨੇ ਕਹਿੰਦੇ ਹਨ। ਉਹ ਜੰਗਲੀ ਜੀਵ ਇਲਾਕੇਕ ਨੂੰ ਦੋ ਸਟੇਸ਼ਨਾਂ- ਪੰਚਮੜ੍ਹੀ (ਮੱਧ ਪ੍ਰਦੇਸ਼) ਅਤੇ ਅਗੁੰਬੇ (ਕਰਨਾਟਕ) ਵਿਖੇ ਹੌਕ ਕੀਟ ਦਾ ਅਧਿਐਨ (ਨਿਰੀਖਣ) ਕਰ ਰਹੇ ਹਨ। ''ਬਨਸਪਤੀ, ਖੇਤੀ ਪੱਧਤੀਆਂ ਅਤੇ ਤਾਪਮਾਨ ਵਿੱਚ ਤਬਦੀਲੀ ਕਾਰਨ ਸਾਰੀਆਂ ਨਸਲਾਂ/ਪ੍ਰਜਾਤੀਆਂ ਦੇ ਕੀਟ-ਪਤੰਗਿਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਪੂਰੀ ਅਬਾਦੀ ਅਲੋਪ ਹੋ ਰਹੀ ਹੈ।''
''ਕੀੜੇ ਤਾਪਮਾਨ ਨੂੰ ਇੱਕ ਹੱਦ ਤੱਕ ਹੀ ਝੱਲ ਸਕਦੇ ਹਨ,'' ਜ਼ੂਲੌਜਿਕਲ ਸਰਵੇਅ ਆਫ਼ ਇੰਡੀਆ (ਜੈਡਐੱਸਆਈ) ਦੇ ਨਿਰਦੇਸ਼ਕ ਡਾਕਟਰ ਕੈਲਾਸ ਚੰਦਰਾ ਕਹਿੰਦੇ ਹਨ। ''ਇੱਥੋਂ ਤੱਕ ਕਿ 0.5 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਵੀ ਉਨ੍ਹਾਂ ਦੇ ਵਾਤਾਵਰਣਕ ਢਾਂਚੇ ਨੂੰ ਹਮੇਸ਼ਾ ਲਈ ਅਸੰਤੁਲਤ ਅਤੇ ਤਬਦੀਲ ਕਰ ਸਕਦੀ ਹੈ।'' ਪਿਛਲੇ ਤਿੰਨ ਦਹਾਕਿਆਂ ਵਿੱਚ, ਇਸ ਕੀਟ-ਵਿਗਿਆਨੀ ਨੇ ਭੌਰੇ ਦੀ ਗਿਣਤੀ ਵਿੱਚ 70 ਫ਼ੀਸਦ ਦੀ ਕਮੀ ਦਰਜ ਕੀਤੀ ਗਈ ਹੈ, ਜੋ ਤਿਤਲੀਆਂ ਅਤੇ ਡ੍ਰੈਗਨਫਲਾਈ ਦੇ ਨਾਲ਼, ਕੁਦਰਤੀ ਸੰਰਖਣ ਵਾਸਤੇ ਅੰਤਰਰਾਸ਼ਟਰੀ ਸੰਘ (ਆਈਯੂਸੀਐੱਨ) ਦੀ ਰੈਡ ਲਿਸਟ ਵਿੱਚ 'ਸੰਕਟ ਵਿੱਚ' ਦੇ ਰੂਪ ਚਿੰਨ੍ਹਿਤ ਹਨ। ''ਕੀਟਨਾਸ਼ਕਾਂ ਦੇ ਅੰਨ੍ਹੇਵਾਹ ਇਸਤੇਮਾਲ ਕਾਰਨ ਇਹ ਸਾਡੀ ਮਿੱਟੀ ਅਤੇ ਪਾਣੀ ਵਿੱਚ ਜਾ ਰਲ਼ਿਆ ਹੈ, ਇਹਨੇ ਸਵਦੇਸ਼ੀ ਕੀੜਿਆਂ, ਜਲੀ ਜੀਵਾਂ ਅਤੇ ਵਿਲੱਖਣ ਨਸਲਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਸਾਡੀ ਕੀਟ ਜੀਵ ਵੰਨ-ਸੁਵੰਨਤਾ ਖਤਮ ਕਰ ਦਿੱਤੀ ਹੈ,'' ਡਾਕਟਰ ਚੰਦਰਾ ਕਹਿੰਦੇ ਹਨ।
''ਪੁਰਾਣੇ ਕੀਟ ਗਾਇਬ ਹੋ ਗਏ ਹਨ, ਪਰ ਅਸੀਂ ਨਵੇਂ ਕੀਟ ਵੀ ਦੇਖ ਰਹੇ ਹਾਂ,'' ਮਵਾਸੀ ਭਾਈਚਾਰੇ ਦੇ ਆਦਿਵਾਸੀ ਕਿਸਾਨ, 35 ਸਾਲਾ ਲੋਟਨ ਰਾਜਭੋਪਾ ਨੇ ਦੱਸਿਆ ਜਦੋਂ ਅਸੀਂ ਮੱਧ ਪ੍ਰਦੇਸ਼ ਦੀ ਤਾਮਿਯਾ ਤਹਿਸੀਲ ਦੀ ਘਾਟਿਆ ਬਸਤੀ ਵਿਖੇ ਮੌਜੂਦ ਸਾਂ। ''ਉਹ ਇੰਨੇ ਵੱਡੇ ਦਲ ਵਿੱਚ ਆਉਂਦੇ ਹਨ ਕਿ ਪੂਰੀ ਫ਼ਸਲ 'ਤੇ ਹੂੰਝਾ ਫੇਰ ਸਕਦੇ ਹਨ। ਅਸੀਂ ਉਨ੍ਹਾਂ ਨੂੰ 'ਭਿਨ ਭੀਨੀ' (ਬਹੁਤ ਜ਼ਿਆਦਾ) ਕਹਿੰਦੇ ਹਾਂ,'' ਉਨ੍ਹਾਂ ਨੇ ਵਿਅੰਗ ਕਰਦਿਆਂ ਕਿਹਾ। ''ਇਹ ਨਵੀਂ ਨਸਲ ਸ਼ੈਤਾਨਾਂ ਦੀ ਫ਼ੌਜ ਹੈ, ਕੀਟਨਾਸ਼ਕ ਛਿੜਕੋ ਤਾਂ ਹੋਰ ਵੱਧ ਜਾਂਦੇ ਹਨ।''
ਉਤਰਾਖੰਡ ਦੇ ਭੀਮਤਾਲ ਵਿੱਚ ਤਿਤਲੀ ਖ਼ੋਜ ਕੇਂਦਰ ਦੇ ਮੋਢੀ, 55 ਸਾਲਾ ਪੀਟਰ ਸਮੇਟਾਚੇਕ ਦੀ ਲੰਬੇ ਸਮੇਂ ਤੋਂ ਇਹੀ ਮਾਨਤਾ ਰਹੀ ਹੈ ਕਿ ਆਲਮੀ ਤਪਸ਼ ਕਾਰਨ ਹਿਮਾਲਿਆ ਦੇ ਪੱਛਮੀ ਭਾਗ ਵਿੱਚ ਹੁੰਮਸ ਅਤੇ ਤਾਪਮਾਨ ਵਿੱਚ ਵਾਧਾ ਹੋਇਆ ਹੈ। ਇਸਲਈ ਪਹਿਲਾਂ ਜੋ ਸਰਦੀਆਂ ਖ਼ੁਸ਼ਕ ਅਤੇ ਠੰਡੀਆਂ ਹੋਇਆ ਕਰਦੀਆਂ ਸਨ ਹੁਣ ਨਿੱਘੀਆਂ ਅਤੇ ਗਿੱਲੀਆਂ ਹੋ ਗਈਆਂ ਹਨ। ਇਸਲਈ ਪੱਛਮੀ ਹਿਮਾਲਿਆ ਦੀਆਂ ਤਿਤਲੀਆਂ ਦੀਆਂ ਨਸਲਾਂ (ਜੋ ਗਰਮ ਅਤੇ ਨਮ ਜਲਵਾਯੂ ਦੀਆਂ ਆਦੀ ਹਨ) ਪੂਰਬੀ ਹਿਮਾਲਿਆ ਵੱਲ ਖ਼ਿਸਕ ਆਈਆਂ ਹਨ ਅਤੇ ਉੱਥੇ ਆਪਣੇ ਨਵੇਂ ਪ੍ਰਦੇਸ਼ ਵਸਾਉਣੇ ਸ਼ੁਰੂ ਕਰ ਦਿੱਤੇ ਹਨ।
ਧਰਤੀ ਦੀ 2.4 ਫ਼ੀਸਦ ਭੂਮੀ ਦੇ ਨਾਲ਼ ਭਾਰਤ ਜੀਵ ਵੰਨ-ਸੁਵੰਤਨਾ ਦਾ ਪ੍ਰਮੁੱਖ ਕੇਂਦਰ ਹੈ ਪਰ ਇੱਥੇ ਇਹਦੀਆਂ 7 ਤੋਂ 8 ਫ਼ੀਸਦ ਨਸਲਾਂ ਹੀ ਹਨ। ਜ਼ੈਡਐੱਸਆਈ ਦੇ ਡਾਕਟਰ ਚੰਦਰਾ ਦੱਸਦੇ ਹਨ ਕਿ ਦਸੰਬਰ 2019 ਤੱਕ ਭਾਰਤ ਵਿੱਚ ਕੀਟ ਪ੍ਰਜਾਤੀਆਂ ਦੀ ਗਿਣਤੀ 65,466 ਸੀ। ਹਾਲਾਂਕਿ, ''ਇਹ ਇੱਕ ਰੂੜੀਵਾਦੀ ਅਨੁਮਾਨ ਹੈ। ਸੰਭਾਵਤ ਅੰਕੜਾ ਘੱਟ ਤੋਂ ਘੱਟ 4-5 ਗੁਣ ਵੱਧ ਹੈ। ਪਰ ਕਈ ਨਸਲਾਂ ਰਿਕਾਰਡ ਵਿੱਚ ਆਉਣ ਤੋਂ ਪਹਿਲਾਂ ਹੀ ਅਲੋਪ ਹੋ ਜਾਣਗੀਆਂ।''
*****
'' ਜੰ ਗਲਾਂ ਦੀ ਕਟਾਈ ਅਤੇ ਵਿਭਾਜਨ ਦੋਵਾਂ ਦੇ ਨਾਲ਼ ਜਲਵਾਯੂ ਤਬਦੀਲੀ ਨੇ ਰਲ਼ ਕੇ ਅਵਾਸਾਂ ਨੂੰ ਉਜਾੜ ਸੁੱਟਿਆ ਹੈ,'' ਪੰਜਾਬੀ ਯੂਨੀਵਰਸਿਟੀ, ਪਟਿਆਲੇ ਦੇ ਵਿਕਾਸਵਾਦੀ ਜੀਵ ਵਿਗਿਆਨੀ ਡਾ. ਹਿਮੇਂਦਰ ਭਾਰਤੀ ਕਹਿੰਦੇ ਹਨ, ਜੋ ਭਾਰਤ ਦੇ ਐਂਟ ਮੈਨ ਦੇ ਨਾਮ ਨਾਲ਼ ਪ੍ਰਸਿੱਧ ਹਨ। ''ਕੀੜੀਆਂ ਹੋਰਨਾਂ ਹੱਡੀਧਾਰੀ ਜੀਵਾਂ ਦੇ ਮੁਕਾਬਲੇ ਵਿੱਚ ਵੱਧ ਸੂਖਮਤਾ ਨਾਲ਼ ਤਾਪਮਾਨ ਤਬਦੀਲੀ ਪ੍ਰਤੀ ਪ੍ਰਤਿਕਿਰਿਆ ਕਰਦੀਆਂ ਹਨ ਅਤੇ ਇਲਾਕੇ ਅਤੇ ਨਸਲਾਂ ਦੀ ਵੰਨ-ਸੁਵੰਨਤਾ ਵਿੱਚ ਤਬਦੀਲੀ ਨੂੰ ਮਾਪਣ ਲਈ ਵਿਆਪਕ ਰੂਪ ਨਾਲ਼ ਇਸਤੇਮਾਲ ਕੀਤੀ ਜਾਂਦੀਆਂ ਹਨ।''
ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਪ੍ਰਮੁੱਖ ਡਾ. ਭਾਰਤੀ ਨੂੰ ਭਾਰਤ ਵਿੱਚ ਕੀੜੀਆਂ ਦੀਆਂ 828 ਵੈਧ ਨਸਲਾਂ ਅਤੇ ਉਪ-ਨਸਲਾਂ ਦੀ ਪਹਿਲੀ ਸੂਚੀ ਤਿਆਰ ਕਰਨ ਦਾ ਮਾਣ ਪ੍ਰਾਪਤ ਹੈ। ਉਹ ਚੇਤਾਵਨੀ ਦਿੰਦੇ ਹਨ ਕਿ ''ਹਮਲਾਵਰ ਨਸਲਾਂ ਛੇਤੀ ਹੀ ਤਬਦੀਲੀ ਦੇ ਅਨੁਕੂਲ ਹੋ ਜਾਂਦੀਆਂ ਅਤੇ ਦੇਸੀ ਨਸਲਾਂ ਨੂੰ ਵਿਸਥਾਪਤ ਕਰ ਰਹੀਆਂ ਹਨ। ਉਹ ਸਾਰੇ ਇਲਾਕਿਆਂ 'ਤੇ ਆਪਣਾ ਕਬਜ਼ਾ ਜਮ੍ਹਾਂ ਲੈਣਗੀਆਂ।''
ਇੰਝ ਜਾਪਦਾ ਹੈ ਕਿ ਇਹ ਸ਼ੈਤਾਨ ਜਿੱਤ ਰਹੇ ਹਨ, 50 ਸਾਲਾ ਮਵਾਸੀ ਆਦਿਵਾਸੀ ਪਾਰਬਤੀ ਬਾਈ ਕਹਿੰਦੀ ਹਨ। ਹੋਸ਼ੰਗਾਬਾਦ ਜ਼ਿਲ੍ਹੇ ਦੇ ਆਪਣੇ ਪਿੰਡ, ਪਗਾਰਾ ਵਿਖੇ ਉਹ ਕਹਿੰਦੀ ਹਨ,''ਹੁਣ ਅਸੀਂ ਇੰਨ੍ਹਾਂ ' ਫੁੰਦੀ ਕੀੜਿਆਂ ' ਨੂੰ ਦੇਖ ਰਹੇ ਹਾਂ। ਪਿਛਲੇ ਸਾਲ ਇਹ ਮੇਰੀ ਇੱਕ ਏਕੜ ਵਿੱਚ ਲੱਗੀ ਝੋਨੇ ਦੀ ਫ਼ਸਲ ਦਾ ਬਹੁਤੇਰਾ ਹਿੱਸਾ ਚਟਮ ਕਰ ਗਿਆ।'' ਉਨ੍ਹਾਂ ਦਾ ਅੰਦਾਜ਼ਾ ਹੈ ਕਿ ਉਸ ਸੀਜ਼ਨ ਵਿੱਚ ਉਨ੍ਹਾਂ ਨੂੰ ਕਰੀਬ 9,000 ਰੁਪਏ ਦਾ ਨੁਕਸਾਨ ਹੋਇਆ ਸੀ।
ਪਾਰਵਤੀ ਬਾਈ ਤੋਂ ਇੱਕ ਹਜ਼ਾਰ ਕਿਲੋਮੀਟਰ ਦੂਰ ਦੱਖਣ ਭਾਰਤ ਦੀ ਨੀਲਗਿਰੀ ਪਰਬਤ ਲੜੀ ਵਿੱਚ, ਬਨਸਪਤੀ ਸ਼ਾਸਤਰੀ ਡਾ. ਅਨੀਤਾ ਵਰਗੀਸ ਦਾ ਨਿਰੀਖਣ ਹੈ: ''ਸਵਦੇਸ਼ੀ ਭਾਈਚਾਰੇ ਪਹਿਲੇ ਹਨ ਜੋ ਇਨ੍ਹਾਂ ਤਬਦੀਲੀਆਂ ਵੱਲ ਧਿਆਨ ਦਿੰਦੇ ਹਨ।'' ਨੀਲਗਿਰੀ ਵਿੱਚ ਕੀਸਟੋਨ ਫ਼ਾਊਂਡੇਸ਼ਨ ਦੀ ਉਪ-ਨਿਰਦੇਸ਼ਕ, ਅਨੀਤਾ ਦੱਸਦੀ ਹਨ ਕਿ ''ਕੇਰਲ ਵਿੱਚ ਸ਼ਹਿਦ ਇਕੱਠਾ ਕਰਨ ਵਾਲ਼ਿਆਂ ਨੇ ਦੇਖਿਆ ਹੈ ਕਿ ਐਪਿਸ ਕੇਰਾਨਾ (ਏਸ਼ੀਆਈ ਮਧੂਮੱਖੀਆਂ) ਜ਼ਮੀਨ ਵਿੱਚ ਨਹੀਂ ਸਗੋਂ ਰੁੱਖਾਂ ਦੀਆਂ ਖੁੱਡਾਂ ਵਿੱਚ ਛੱਤੇ ਬਣਾ ਰਹੀਆਂ ਹਨ, ਜਿਹਦੇ ਵਾਸਤੇ ਉਨ੍ਹਾਂ ਨੇ ਸ਼ਿਕਾਰੀ ਭਾਲੂਆਂ ਅਤੇ ਮਿੱਟੀ ਵਿਚਲੇ ਵੱਧਦੇ ਤਾਪਮਾਨ ਨੂੰ ਜ਼ਿੰਮੇਦਾਰ ਮੰਨਿਆ। ਆਪਣੀ ਪਰੰਪਰਾਗਤ ਜਾਣਕਾਰੀ ਵਾਲ਼ੇ ਭਾਈਚਾਰਿਆਂ ਅਤੇ ਵਿਗਿਆਨਕਾਂ ਨੂੰ ਸਾਂਝਿਆਂ ਰਲ਼ ਕੇ ਗੁਫ਼ਤਗੂ ਦਾ ਨਵਾਂ ਰਾਹ ਲੱਭਣਾ ਹੋਵੇਗਾ।''
ਨੀਲਗਿਰੀ ਵਿੱਚ ਵੀ, ਕੱਟੂਨਾਯਕਨ ਆਦਿਵਾਸੀ ਭਾਈਚਾਰੇ ਦੀ 62 ਸਾਲਾ ਕਾਂਚੀ ਕੋਇਲ ਖ਼ੁਸ਼ੀ ਖ਼ੁਸ਼ੀ ਆਪਣੇ ਬਚਪਨ ਦੀਆਂ ਰਾਤਾਂ ਰੌਸ਼ਨ ਕਰਨ ਵਾਲ਼ੇ ਜੁਗਨੂੰਆਂ ਬਾਰੇ ਦੱਸਦੀ ਹਨ। '' ਮਿਨਮਿਨੀ ਪੂਚੀ (ਜੁਗਨੂੰ) ਰੁੱਖਾਂ 'ਤੇ ਕਿਸੇ ਰੱਥ ਵਾਂਗਰ ਨਜ਼ਰ ਆਉਂਦੇ। ਜਦੋਂ ਮੈਂ ਛੋਟੀ ਸਾਂ ਤਾਂ ਉਹ ਵੱਡੀ ਗਿਣਤੀ ਵਿੱਚ ਆਉਂਦੇ ਸਨ ਅਤੇ ਰੁੱਖ ਕਿੰਨੇ ਸੋਹਣੇ ਲੱਗਣ ਲੱਗਦੇ। ਹੁਣ ਉਹ ਟਾਂਵੇਂ ਟਾਂਵੇਂ ਹੀ ਨਜ਼ਰ ਆਉਂਦੇ ਹਨ।''
ਓਧਰ, ਛੱਤੀਸਗੜ੍ਹ ਵਿਖੇ ਧਮਤਰੀ ਜ਼ਿਲ੍ਹੇ ਦੇ ਜਬਰਾ ਜੰਗਲ ਵਿੱਚ, 50 ਸਾਲਾ ਗੋਂਡ ਆਦਿਵਾਸੀ ਕਿਸਾਨ ਵਿਸ਼ਾਲ ਰਾਮ ਮਰਖਨ, ਜੰਗਲਾਂ ਦੀ ਹੁੰਦੀ ਮੌਤ ਨੂੰ ਲੈ ਕੇ ਦੁੱਖ ਪ੍ਰਗਟਾਉਂਦੇ ਹਨ: ''ਜ਼ਮੀਨ ਅਤੇ ਜੰਗਲ ਹੁਣ ਮਨੁੱਖਾਂ ਦੇ ਕਬਜ਼ੇ ਹੇਠ ਹਨ। ਅਸੀਂ ਅੱਗ ਬਾਲਦੇ ਹਾਂ, ਅਸੀਂ ਖੇਤਾਂ ਵਿੱਚ ਅਤੇ ਪਾਣੀ ਵਿੱਚ ਡੀਏਪੀ (ਡਾਇਅਮੋਨੀਅਮਯ ਫਾਸਫੇਟ) ਛਿੜਕਦੇ ਹਾਂ। ਜ਼ਹਿਰੀਲਾ ਪਾਣੀ ਪੀਣ ਨਾਲ਼ ਹਰ ਸਾਲ 7-10 ਡੰਗਰ ਮਰ ਜਾਂਦੇ ਹਨ। ਜਦੋਂ ਇਸ ਹਾਲਤ ਵਿੱਚ ਮੱਛੀਆਂ ਅਤੇ ਪੰਛੀ ਹੀ ਜਿਊਂਦੇ ਨਹੀਂ ਰਹਿ ਸਕਦੇ ਤਾਂ ਛੋਟੇ ਕੀਟ-ਪਤੰਗੇ ਕਿਵੇਂ ਬਚਣਗੇ?''
ਕਵਰ ਫ਼ੋਟੋ : ਯਸ਼ਵੰਤ ਐੱਚ.ਐੱਮ.
ਰਿਪੋਰਟਰ ਇਸ ਸਟੋਰੀ ਵਿੱਚ ਆਪਣੇ ਅਨਮੋਲ ਯੋਗਦਾਨ ਵਾਸਤੇ ਮਹੁੰਮਦ ਆਰਿਫ਼ ਖ਼ਾਨ, ਰਾਜੇਂਦਰ ਕੁਮਾਰ ਮਹਾਂਵੀਰ, ਅਨੂਪ ਪ੍ਰਕਾਸ਼, ਡਾ. ਸਵਿਤਾ ਚਿਬ ਅਤੇ ਭਾਰਤ ਮੇਰੂਗੁ ਨੂੰ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਨ। ਆਪਣੀ ਅੰਤਰਦ੍ਰਿਸ਼ਟੀ ਸਾਂਝਾ ਕਰਨ ਲਈ ਫ਼ੌਰੈਂਸਿਕ ਕੀਟ-ਵਿਗਿਆਨੀ ਡਾ. ਮੀਨਾਕਸ਼ੀ ਭਾਰਤੀ ਦਾ ਵੀ ਤਹਿ-ਦਿਲੋਂ ਧੰਨਵਾਦ।
ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ ( PARI ) ਦੀ ਰਾਸ਼ਟਰਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP -ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਪ੍ਰਕਾਸ਼ਤ ਕਰਨਾ ਚਾਹੁੰਦੇ ਹੋ ? ਕ੍ਰਿਪਾ ਕਰਕੇ [email protected] ਨੂੰ ਲਿਖੋ ਅਤੇ ਲੇਖ ਦੀ ਇੱਕ ਕਾਪੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ