ਜਦੋਂ ਉਹ ਗੱਲ ਕਰਦੀ ਹਨ ਤਾਂ ਉਨ੍ਹਾਂ ਦੇ ਮੱਥੇ ਦੇ ਵੱਟ ਹੋਰ ਡੂੰਘੇ ਦਿੱਸਣ ਲੱਗਦੇ ਹਨ, ਇਹ ਲੀਕਾਂ ਬੀਮਾਰੀ ਕਾਰਨ ਪੀਲ਼ੇ-ਭੂਕ ਹੋਏ ਚਿਹਰੇ ਨੂੰ ਹੋਰ ਵੱਧ ਉਭਾਰਦੇ ਹਨ। ਉਹ ਝੁਕ ਕੇ ਅਤੇ ਲੜਖੜਾ ਕੇ ਤੁਰਦੀ ਹਨ ਅਤੇ ਕੁਝ ਸੌ ਕਦਮ ਤੁਰਨ ਤੋਂ ਬਾਅਹ ਦੀ ਰੁੱਕ ਕੇ ਹੰਭਣ ਲੱਗਦੀ ਹਨ। ਫਿਰ ਜਿਵੇਂ ਕਿਵੇਂ ਸਾਹ ਲੈ ਕੇ ਖ਼ੁਦ ਨੂੰ ਸੰਭਾਲ਼ਣ ਦੀ ਕੋਸ਼ਿਸ਼ ਕਰਦੀ ਹਨ। ਉਨ੍ਹਾਂ ਦੇ ਚਿਹਰੇ 'ਤੇ ਆਣ ਡਿੱਗੇ ਚਿੱਟੇ ਵਾਲ਼ ਹਵਾ ਦੇ ਬੁੱਲ੍ਹੇ ਨਾਲ਼ ਉੱਡ ਰਹੇ ਹਨ।
ਇਹ ਗੱਲ ਯਕੀਨੋ ਬਾਹਰੀ ਲੱਗਦੀ ਹੈ ਕਿ ਇੰਦਰਾਵਤੀ ਜਾਧਵ ਅਜੇ ਮਹਿਜ਼ 31 ਸਾਲਾਂ ਦੀ ਹਨ।
ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਵੱਸੀ ਇੱਕ ਝੁੱਗੀ ਬਸਤੀ ਵਿੱਚ ਰਹਿਣ ਵਾਲ਼ੀ ਜਾਧਵ ਕ੍ਰੋਨਿਕ ਆਬਸਟ੍ਰਿਕਟਵ ਪਲਮੋਨਰੀ ਡਿਜ਼ੀਜ਼ (ਸੀਓਪੀਡੀ) ਦੇ ਰੋਗੀ ਹਨ ਤੇ ਆਪਣੇ ਇਸ ਰੋਗ ਦੀ ਮਾਰੂ ਅਵਸਥਾ ਵਿੱਚ ਜਾ ਪੁੱਜੀ ਹਨ। ਇਸ ਬੀਮਾਰੀ ਵਿੱਚ ਫੇਫੜਿਆਂ ਵਿੱਚ ਹਵਾ ਦਾ ਵਹਾਓ ਘੱਟ ਜਾਂਦਾ ਹੈ, ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਤੇ ਰੋਗੀ ਨੂੰ ਨਿਰੰਤਰ ਖੰਘ ਦੇ ਦੌਰੇ ਜਿਹੇ ਪੈਂਦੇ ਹਨ। ਛਾਤੀ ਵਿੱਚ ਪੁਰਾਣਾ ਬਲਗ਼ਮ ਇਕੱਠਾ ਹੋ ਹੋ ਕੇ ਅਖ਼ੀਰ ਫੇਫੜਿਆਂ ਨੂੰ ਤਬਾਹ ਕਰ ਸੁੱਟਦਾ ਹੈ। ਇਹਨੂੰ ਸਧਾਰਣ ਤੌਰ 'ਤੇ 'ਸਿਗਰੇਟ ਪੀਣ ਵਾਲ਼ਿਆਂ' ਦਾ ਰੋਗ ਵੀ ਮੰਨਿਆ ਜਾਂਦਾ ਹੈ ਕਿਉਂਕਿ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਮੁਤਾਬਕ ਨਿਮਨ ਤੇ ਦਰਮਿਆਨੀ ਆਮਦਨੀ ਵਾਲ਼ੇ ਦੇਸ਼ਾਂ ਵਿੱਚ ਸੀਓਪੀਡੀ ਦੇ 30 ਤੋਂ 40 ਫ਼ੀਸਦ ਮਾਮਲੇ ਤੰਬਾਕੂਨੋਸ਼ੀ ਨਾਲ਼ ਸਬੰਧਤ ਹੁੰਦੇ ਹਨ।
ਜਾਧਵ ਨੇ ਅੱਜ ਤੱਕ ਕਦੇ ਸਿਗਰੇਟ ਜਾਂ ਬੀੜੀ ਨੂੰ ਹੱਥ ਤੱਕ ਨਹੀਂ ਲਾਇਆ ਹੋਣਾ, ਪਰ ਉਨ੍ਹਾਂ ਦਾ ਖੱਬਾ ਫੇਫੜਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਡਬਲਿਊਐੱਚਓ ਦਾ ਕਹਿਣਾ ਹੈ ਕਿ ਘਰੇਲੂ ਵਾਯੂ ਪ੍ਰਦੂਸ਼ਣ ਦਾ ਸਿੱਧਾ ਕਾਰਨ ਲੱਕੜੀ ਜਾਂ ਕੋਲ਼ੇ ਨਾਲ਼ ਬਲ਼ਣ ਵਾਲ਼ੇ ਚੁੱਲ੍ਹਿਆਂ 'ਤੇ ਭੋਜਨ ਰਿੰਨ੍ਹਣਾ ਹੁੰਦਾ ਹੈ।
ਜਾਧਵ ਕੋਲ਼ ਖਾਣਾ ਪਕਾਉਣ ਲਈ ਸਾਫ਼ ਸੁੱਧਰਾ ਬਾਲ਼ਣ ਕਦੇ ਨਸੀਬ ਨਹੀਂ ਹੋਇਆ। ਉਹ ਕਹਿੰਦੀ ਹਨ,''ਖਾਣਾ ਪਕਾਉਣਾ ਹੋਵੇ ਜਾਂ ਪਾਣੀ ਗਰਮ ਕਰਨਾ ਹੋਵੇ, ਅਸੀਂ ਹਮੇਸ਼ਾ ਚੁੱਲ੍ਹੇ ਦਾ ਹੀ ਇਸਤੇਮਾਲ ਕਰਦੇ ਹਾਂ।'' ਚੁਲੀਵਰ ਜੇਵਣ ਬਨਵੁਨ ਮਾਝੀ ਫੁੱਪਸਾ ਨੀਕਾਮੀ ਝਾਲੀ ਆਹੇਤ (ਖੁੱਲ੍ਹੇ ਚੁੱਲ੍ਹੇ 'ਤੇ ਖਾਣਾ ਪਕਾਉਣ ਨਾਲ਼ ਮੇਰੇ ਫੇਫੜੇ ਖ਼ਰਾਬ ਹੋ ਚੁੱਕੇ ਹਨ),'' ਡਾਕਟਰ ਦੇ ਕਹੇ ਅਲਫ਼ਾਜ਼ ਦਹੁਰਾਉਂਦਿਆਂ ਉਹ ਕਹਿੰਦੀ ਹਨ। ਬਾਇਓਮਾਸ (ਜੈਵ ਬਾਲ਼ਣ) ਨਾਲ਼ ਬਲ਼ਣ ਵਾਲ਼ੇ ਚੁੱਲ੍ਹੇ 'ਚੋਂ ਨਿਕਲ਼ਣ ਵਾਲ਼ੇ ਧੂੰਏਂ ਨੇ ਉਨ੍ਹਾਂ ਦੇ ਫੇਫੜਿਆਂ ਨੂੰ ਖ਼ਰਾਬ ਕਰ ਸੁੱਟਿਆ ਹੈ।
ਸਾਲ 2019 ਵਿੱਚ ਲੈਂਸੇਟ ਦੇ ਇੱਕ ਅਧਿਐਨ ਦੇ ਅਨੁਮਾਨ ਮੁਤਾਬਕ, ਹਰ ਸਾਲ ਤਕਰੀਬਨ ਛੇ ਲੱਖ ਭਾਰਤੀ ਵਾਯੂ ਪ੍ਰਦੂਸ਼ਣ ਕਾਰਨ ਮੌਤ ਦੇ ਮੂੰਹ ਜਾ ਪੈਂਦੇ ਹਨ ਅਤੇ ਘਰੇਲੂ ਵਾਯੂ ਪ੍ਰਦੂਸ਼ਣ ਪੂਰੇ ਚੁਗਿਰਦੇ ਦੀ ਹਵਾ ਨੂੰ ਵੀ ਪ੍ਰਦੂਸ਼ਿਤ ਕਰਨ ਦਾ ਸਭ ਤੋਂ ਮੁੱਖ ਕਾਰਕ ਬਣਦਾ ਹੈ।
ਚਿਖਲੀ ਝੁੱਗੀ ਦੇ ਪਾਂਗੁਲ ਮੁਹੱਲੇ ਵਿੱਚ ਆਪਣੇ ਇੱਕ ਕਮਰੇ ਦੀ ਝੌਂਪੜੀ ਦੇ ਬਾਹਰ ਪਲਾਸਟਿਕ ਦੀ ਕੁਰਸੀ 'ਤੇ ਬੈਠੀ ਜਾਧਵ ਜਦੋਂ ਆਪਣੀ ਬੀਮਾਰੀ ਬਾਰੇ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਚਿਹਰੇ 'ਤੇ ਫ਼ਿਕਰਾਂ ਦੀਆਂ ਲਕੀਰਾਂ ਫਿਰ ਜਾਂਦੀਆਂ ਹਨ।
ਜੇ ਉਹ ਰਾਜ਼ੀ ਹੋਣਾ ਚਾਹੁੰਦੀ ਹਨ ਤਾਂ ਉਨ੍ਹਾਂ ਨੂੰ ਆਪਣੀ ਸਰਜਰੀ ਕਰਾਉਣੀ ਪੈਣੀ ਹੈ, ਪਰ ਇਹ ਕਦਮ ਖ਼ਤਰੇ ਤੋਂ ਖਾਲੀ ਨਹੀਂ। ਉਨ੍ਹਾਂ ਦੇ ਪਤੀ ਆਮ ਕਰਕੇ ਨਸ਼ੇ ਵਿੱਚ ਹੀ ਰਹਿੰਦੇ ਹਨ ਤੇ ਹਰ 10-15 ਦਿਨਾਂ ਬਾਅਦ ਹੀ ਕਿਤੇ ਘਰੇ ਮੁੜਦੇ ਹਨ।
ਜਾਧਵ ਨੂੰ ਸਭ ਤੋਂ ਵੱਧ ਫ਼ਿਕਰ ਆਪਣੇ ਦੋਵਾਂ ਬੱਚਿਆਂ- ਕਾਰਤਿਕ (13 ਸਾਲਾ) ਤੇ ਅਨੂ (12 ਸਾਲਾ) ਦੀ ਹੀ ਸਤਾਉਂਦੀ ਹੈ। ਉਹ ਠੰਡਾ ਸਾਹ ਲੈਂਦਿਆਂ ਕਹਿੰਦੀ ਹਨ,''ਮੈਂ ਨਹੀਂ ਜਾਣਦੀ ਮੇਰੇ ਪਤੀ ਕੰਮ ਕੀ ਕਰਦੇ ਹਨ ਤੇ ਜਦੋਂ ਉਹ ਘਰ ਨਹੀਂ ਹੁੰਦੇ ਤਾਂ ਕਿੱਥੇ ਜਾਂਦੇ ਹਨ, ਕਿੱਥੇ ਖਾਂਦੇ ਹਨ ਤੇ ਕਿੱਥੇ ਸੌਂਦੇ ਹਨ। ਮੇਰੇ ਅੰਦਰ ਤਾਂ ਇਹ ਤੱਕ ਦੇਖਣ ਦੀ ਊਰਜਾ ਨਹੀਂ ਬੱਚਦੀ ਕਿ ਮੇਰੇ ਬੱਚੇ ਸਕੂਲ ਜਾਂਦੇ ਵੀ ਹਨ ਜਾਂ ਨਹੀਂ। ਮੈਂ ਇਸਲਈ ਵੀ ਆਪਣੀ ਸਰਜਰੀ ਦਾ ਫੈਸਲਾ ਟਾਲ਼ ਦਿੱਤਾ ਹੈ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਦੋਵੇਂ ਬੱਚੇ ਯਤੀਮ ਹੋ ਜਾਣਗੇ।''
ਜਾਧਵ ਕੂੜਾ ਚੁੱਗਣ ਦਾ ਕੰਮ ਕਰਦੀ ਸਨ। ਉਹ ਕੂੜੇ ਦੇ ਢੇਰ ਵਿੱਚੋਂ ਦੋਬਾਰਾ ਇਸਤੇਮਾਲ ਵਿੱਚ ਲਿਆਂਦੀਆਂ ਜਾ ਸਕਣ ਵਾਲ਼ੀਆਂ ਚੀਜ਼ਾਂ ਚੁਗਿਆ ਕਰਦੀ ਤੇ ਉਨ੍ਹਾਂ ਨੂੰ ਵੇਚ ਕੇ ਮਹੀਨੇ ਦਾ 2,500 ਰੁਪਿਆ ਤੱਕ ਕਮਾ ਲੈਂਦੀ ਸਨ। ਸਾਲ ਕੁ ਹੋਇਆ ਆਪਣੀ ਬੀਮਾਰੀ ਕਾਰਨ ਉਹ ਇਸ ਆਮਦਨੀ ਤੋਂ ਵੀ ਸੱਖਣੀ ਹੋ ਕੇ ਰਹਿ ਗਈ ਹਨ।
''ਮੈਂ ਆਰਥਿਕ ਤੌਰ 'ਤੇ ਗੈਸ ਸਿਲੰਡਰ ਦਾ ਖ਼ਰਚਾ ਚੁੱਕਣ ਦੀ ਸਮਰੱਥ ਨਹੀਂ ਹਾਂ,'' ਬੜੇ ਹਿਰਖੇ ਮਨ ਨਾਲ਼ ਉਹ ਕਹਿੰਦੀ ਹਨ। ਆਮ ਤੌਰ 'ਤੇ ਐੱਲਪੀਜੀ ਦਾ ਸਿਲੰਡਰ ਭਰਵਾਉਣ ਲਈ 1,000 ਰੁਪਿਆ ਲੱਗਦਾ ਹੈ। ''ਜੇ ਮੈਂ ਆਪਣੀ ਅੱਧੀ ਕਮਾਈ ਸਿਲੰਡਰ ਭਰਵਾਉਣ ਲਈ ਹੀ ਫੂਕ ਛੱਡੀ ਤਾਂ ਦੱਸੋ ਮੈਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਤੋਰਾਂਗੀ?''
ਅੰਤਰਰਾਸ਼ਟਰੀ ਊਰਜਾ ਏਜੰਸੀ ਦੀ 2021 ਦੀ ਇੱਕ ਰਿਪੋਰਟ ਮੁਤਾਬਕ ਸੰਸਾਰ ਅਬਾਦੀ ਵਿੱਚੋਂ ਵਿਕਾਸਸ਼ੀਲ ਏਸ਼ੀਆਈ ਦੇਸ਼ਾਂ ਦੀ ਕੁੱਲ ਅਬਾਦੀ ਦਾ 60 ਫ਼ੀਸਦ ਹਿੱਸਾ ਅਜਿਹਾ ਹੈ ਜਿਨ੍ਹਾਂ ਦੀ ਆਰਥਿਕ ਕਾਰਨਾਂ ਕਰਕੇ ਖਾਣਾ ਪਕਾਉਣ ਲਈ ਇਸਤੇਮਾਲ ਹੁੰਦੇ ਸਾਫ਼ ਬਾਲ਼ਣ ਤੱਕ ਪਹੁੰਚ ਨਹੀਂ ਬਣ ਪਾਉਂਦੀ।
ਦੂਜੇ ਸ਼ਬਦਾਂ ਵਿੱਚ ਕਹੀਏ, ਤਾਂ ਏਸ਼ੀਆ ਦੇ 1.5 ਅਰਬ ਲੋਕ ਜੈਵ ਬਾਲ਼ਣ ਦੇ ਕਾਰਨ ਘਰੇਲੂ ਹਵਾ ਵਿੱਚ ਮੌਜੂਦ ਜ਼ਹਿਰੀਲੇ ਅਤੇ ਪ੍ਰਦੂਸ਼ਕ ਤੱਤਾਂ ਦੇ ਸਿੱਧਿਆਂ ਹੀ ਸੰਪਰਕ ਵਿੱਚ ਆ ਜਾਂਦੇ ਹਨ ਤੇ ਇਸੇ ਕਾਰਨ ਕਰਕੇ ਸੀਓਡੀਪੀ, ਫੇਫੜਿਆਂ ਦੇ ਕੈਂਸਰ, ਤਪੇਦਿਕ ਤੇ ਸਾਹ ਸਬੰਧੀ ਦੂਜੀਆਂ ਅਲਾਮਤਾਂ ਦੇ ਸ਼ਿਕਾਰ ਹੋ ਜਾਂਦੇ ਹਨ।
*****
ਮੱਧ ਭਾਰਤ ਦੇ ਨਾਗਪੁਰ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਵੱਸੀ ਚਿਖਲੀ ਝੁੱਗੀ ਬਸਤੀ ਇਸ ਨਿਰੰਤਰ ਫ਼ੈਲਦੀ ਤ੍ਰਾਸਦੀ ਦਾ ਇੱਕ ਛੋਟਾ ਜਿਹਾ ਦ੍ਰਿਸ਼ ਹੀ ਪੇਸ਼ ਕਰਦੀ ਹੈ। ਇੱਥੋਂ ਦੀਆਂ ਤਕਰੀਬਨ ਸਾਰੀਆਂ ਔਰਤਾਂ ਅੱਖਾਂ ਵਿੱਚ ਸਾੜ ਪੈਣ ਤੇ ਵਗਦੇ ਪਾਣੀ, ਸਾਹ ਲੈਣ ਵਿੱਚ ਤਕਲੀਫ਼ ਤੇ ਖੰਘ ਦੀ ਪਰੇਸ਼ਾਨੀ ਨਾਲ਼ ਜੂਝ ਰਹੀਆਂ ਹਨ।
ਝੌਂਪੜੀ ਤੇ ਸੀਮੇਂਟ, ਟੀਨ ਦੀਆਂ ਸ਼ੀਟਾਂ ਤੇ ਇੱਟਾਂ ਨਾਲ਼ ਬਣੇ ਅੱਧਪੱਕੇ ਕਮਰਿਆਂ ਦੀ ਇਸ ਬਸਤੀ ਦੇ ਹਰ ਘਰ ਵਿੱਚ ਤੁਹਾਨੂੰ ਸੀ-ਅਕਾਰ ਵਿੱਚ ਚਿਣੀਆਂ ਇੱਟਾਂ ਨਜ਼ਰ ਆਉਣਗੀਆਂ, ਜਿਨ੍ਹਾਂ ਦੀ ਵਰਤੋਂ ਉਹ ਚੁੱਲ੍ਹੇ ਦੇ ਰੂਪ ਵਿੱਚ ਕਰਦੇ ਹਨ। ਬਾਹਰ, ਚੁੱਲ੍ਹੇ ਵਿੱਚ ਅੱਗ ਬਾਲ਼ਣ ਲਈ ਕੰਮ ਆਉਣ ਵਾਲ਼ੇ ਘਾਹ-ਝਾੜੀਆਂ ਰੱਖੀਆਂ ਹੋਈਆਂ ਹਨ।
ਸਭ ਤੋਂ ਮੁਸ਼ਕਲ ਕੰਮ ਇਨ੍ਹਾਂ ਚੁੱਲ੍ਹਿਆਂ ਵਿੱਚ ਅੱਗ ਬਾਲ਼ਣਾ ਹੈ, ਕਿਉਂਕਿ ਚੰਗੀ ਤਰ੍ਹਾਂ ਅੱਗ ਬਾਲ਼ਣ ਵਾਸਤੇ ਫੂਕਣੀ ਨਾਲ਼ ਕੁਝ ਦੇਰ ਫੂਕਾਂ ਮਾਰਦੇ ਰਹਿਣਾ ਪੈਂਦਾ ਹੈ। ਇਸ ਕੰਮ ਲਈ ਸਾਹ ਖਿੱਚਣ ਤੇ ਛੱਡਣ ਵਾਸਤੇ ਤੰਦਰੁਸਤ ਫੇਫੜਿਆਂ ਦਾ ਹੋਣਾ ਜ਼ਰੂਰੀ ਹੈ।
ਜਾਧਵ ਖ਼ੁਦ ਚੁੱਲ੍ਹੇ ਅੱਗ ਨਹੀਂ ਬਾਲ਼ ਪਾਉਂਦੀ। ਉਨ੍ਹਾਂ ਦੇ ਫੇਫੜਿਆਂ ਅੰਦਰ ਇੰਨੀ ਤਾਕਤ ਹੀ ਕਿੱਥੇ ਬਚੀ ਹੈ ਕਿ ਉਹ ਫੂਕਣੀ ਨਾਲ਼ ਫੂਕ ਮਾਰ ਸਕਣ। ਉਨ੍ਹਾਂ ਨੂੰ ਜਨਤਕ ਵੰਡ ਪ੍ਰਣਾਲੀ ਤਹਿਤ ਮੁਫ਼ਤ ਰਾਸ਼ਨ ਮਿਲ਼ਦਾ ਹੈ। ਉਹ ਉਨ੍ਹਾਂ 80 ਕਰੋੜ ਗ਼ਰੀਬ ਭਾਰਤੀਆਂ ਵਿੱਚੋਂ ਹਨ ਜੋ ਇਸ ਯੋਜਨਾ ਦੇ ਲਾਭਪਾਤਰੀ ਹਨ। ਖ਼ੈਰ, ਖਾਣਾ ਪਕਾਉਣ ਲਈ ਜਾਧਵ ਨੂੰ ਆਪਣੇ ਕਿਸੇ ਗੁਆਂਢੀ ਦੀ ਮਦਦ ਨਾਲ਼ ਚੁੱਲ੍ਹਾ ਬਾਲ਼ਣਾ ਪੈਂਦਾ ਹੈ। ''ਕਈ ਵਾਰੀਂ ਮੇਰੇ ਭਰਾ ਆਪਣੇ ਘਰੋਂ ਮੇਰੇ ਪਰਿਵਾਰ ਵਾਸਤੇ ਵੀ ਖਾਣਾ ਪਕਵਾ ਕੇ ਦੇ ਜਾਂਦੇ ਹਨ,'' ਉਹ ਦੱਸਦੀ ਹਨ।
ਏਸ਼ੀਆ ਦੇ 1.5 ਅਰਬ ਲੋਕ ਜੈਵ ਬਾਲ਼ਣ ਦੇ ਕਾਰਨ ਘਰੇਲੂ ਹਵਾ ਵਿੱਚ ਮੌਜੂਦ ਜ਼ਹਿਰੀਲੇ ਅਤੇ ਪ੍ਰਦੂਸ਼ਕ ਤੱਤਾਂ ਦੇ ਸਿੱਧਿਆਂ ਹੀ ਸੰਪਰਕ ਵਿੱਚ ਆ ਜਾਂਦੇ ਹਨ ਤੇ ਇਸੇ ਕਾਰਨ ਕਰਕੇ ਸੀਓਡੀਪੀ, ਫੇਫੜਿਆਂ ਦੇ ਕੈਂਸਰ, ਤਪੇਦਿਕ ਤੇ ਸਾਹ ਸਬੰਧੀ ਦੂਜੀਆਂ ਅਲਾਮਤਾਂ ਦੇ ਸ਼ਿਕਾਰ ਹੋ ਜਾਂਦੇ ਹਨ
ਨਾਗਪੁਰ ਸ਼ਹਿਰ ਦੇ ਪਲਮੋਨੋਲੌਜਿਸਟ ਡਾ. ਸਮੀਰ ਅਰਬਤ ਕਹਿੰਦੇ ਹਨ ਕਿ ਫੂਕਣੀ ਸਹਾਰੇ ਚੁੱਲ੍ਹੇ ਵਿੱਚ ਅੱਗ ਬਾਲ਼ਣ ਦੀ ਪ੍ਰਕਿਰਿਆ ਸੀਪੀਓਡੀ ਅਤੇ ਸਾਹ ਸਬੰਧੀ ਹੋਰਨਾਂ ਅਲਾਮਤਾਂ ਦਾ ਮੁੱਖ ਕਾਰਕ ਹੈ। ਉਹ ਦੱਸਦੇ ਹਨ,''ਦਰਅਸਲ ਫੂਕਣੀ ਨੂੰ ਜ਼ੋਰ ਦੇਣੀ ਫੂਕਣ ਦੇ ਫ਼ੌਰਨ ਬਾਅਦ, ਫਿਰ ਤੋਂ ਫੂਕ ਮਾਰਨ ਲਈ ਮੂੰਹ ਨਾਲ਼ ਸਾਹ ਖਿੱਚਣਾ ਪੈਂਦਾ ਹੈ। ਇਸ ਕਾਰਨ ਪਾਈਪ ਦੇ ਸਿਰੇ 'ਤੇ ਜਮ੍ਹਾ ਕਾਲਖ਼ ਤੇ ਕਾਰਬਨ ਸਾਹ ਜ਼ਰੀਏ ਫੇਫੜਿਆਂ ਵਿੱਚ ਬੜੇ ਸੌਖਿਆਂ ਪਹੁੰਚ ਜਾਂਦਾ ਹੈ।''
ਡਬਲਿਊਐੱਚਓ ਨੇ 2004 ਵਿੱਚ ਹੀ ਇਹ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ 2030 ਤੱਕ ਸੀਓਪੀਡੀ ਸੰਸਾਰ ਪੱਧਰ 'ਤੇ ਮੌਤ ਦਾ ਤੀਜਾ ਵੱਡਾ ਕਾਰਨ ਬਣ ਜਾਵੇਗੀ। ਪਰ, ਇਹ ਬੀਮਾਰੀ ਤਾਂ 2019 ਵਿੱਚ ਹੀ ਖ਼ਤਰਨਾਕ ਪੱਧਰ 'ਤੇ ਜਾ ਪੁੱਜੀ।
ਡਾ. ਅਰਬਤ ਕਹਿੰਦੇ ਹਨ,''ਵਾਯੂ ਪ੍ਰਦੂਸ਼ਣ ਦੇ ਰੂਪ ਵਿੱਚ ਅਸੀਂ ਪਹਿਲਾਂ ਤੋਂ ਹੀ ਇੱਕ ਮਹਾਂਮਾਰੀ ਨਾਲ਼ ਲੜ ਰਹੇ ਹਾਂ। ਪਿਛਲੇ 10 ਸਾਲਾਂ ਵਿੱਚ ਸਾਹਮਣੇ ਆਏ ਸੀਓਪੀਡੀ ਦੇ ਅੱਧੇ ਮਾਮਲੇ ਉਨ੍ਹਾਂ ਮਰੀਜ਼ਾਂ ਨਾਲ਼ ਸਬੰਧਤ ਹਨ ਜੋ ਤੰਬਾਕੂਨੋਸ਼ੀ ਨਹੀਂ ਕਰਦੇ। ਝੁੱਗੀਆਂ ਵਿੱਚ ਘਰੇਲੂ ਪ੍ਰਦੂਸ਼ਣ ਇਹਦਾ ਸਭ ਤੋਂ ਵੱਡਾ ਕਾਰਨ ਹੈ ਤੇ ਇਸ ਪ੍ਰਦੂਸ਼ਣ ਦੀ ਵਜ੍ਹਾ ਖਾਣਾ ਪਕਾਉਣ ਲਈ ਬਾਲ਼ਣ ਵਜੋਂ ਲੱਕੜ ਦਾ ਇਸਤੇਮਾਲ ਹੋਣਾ ਹੈ। ਇਨ੍ਹਾਂ ਦਮ-ਘੋਟੂ ਝੁੱਗੀ ਬਸਤੀਆਂ ਵਿੱਚ ਬਣੇ ਘਰਾਂ ਵਿੱਚ ਹਵਾ ਦੇ ਆਉਣ-ਜਾਣ ਦਾ ਢੁੱਕਵਾਂ ਪ੍ਰਬੰਧ ਨਹੀਂ ਹੁੰਦਾ। ਇਸ ਗੱਲ ਦਾ ਸਭ ਤੋਂ ਬੁਰਾ ਅਸਰ ਔਰਤਾਂ 'ਤੇ ਪੈਂਦਾ ਹੈ ਕਿਉਂਕਿ ਪਰਿਵਾਰ ਲਈ ਖਾਣਾ ਪਕਾਉਣ ਦੀ ਜ਼ਿੰਮੇਦਾਰੀ ਤਾਂ ਉਨ੍ਹਾਂ ਸਿਰ ਹੀ ਹੁੰਦੀ ਹੈ।''
65 ਸਾਲਾ ਸ਼ਕੁੰਤਲਾ ਲੋਂਧੇ, ਜੋ ਬੋਲ਼ ਨਹੀਂ ਪਾਉਂਦੀ, ਦੱਸਦੀ ਹਨ ਕਿ ਉਨ੍ਹਾਂ ਦਿਹਾੜੀ ਦੇ 2-3 ਘੰਟੇ ਖਾਣਾ ਪਕਾਉਣ ਲਈ ਚੁੱਲ੍ਹੇ ਅੱਗੇ ਬੈਠਦੀ ਹਨ ਤੇ ਉਨ੍ਹਾਂ ਨੂੰ ਨਿਕਲ਼ਣ ਵਾਲ਼ੇ ਧੂੰਏਂ ਵਿੱਚ ਹੀ ਸਾਹ ਲੈਣਾ ਪੈਂਦਾ ਹੈ। ਉਹ ਕਹਿੰਦੀ ਹਨ,''ਮੈਨੂੰ ਆਪਣੇ ਅਤੇ ਆਪਣੇ ਪੋਤੇ ਲਈ ਦਿਹਾੜੀ ਵਿੱਚ ਦੋ ਵਾਰੀਂ ਖਾਣਾ ਪਕਾਉਣਾ ਪੈਂਦਾ ਹੈ। ਨਹਾਉਣ ਲਈ ਪਾਣੀ ਗਰਮ ਕਰਨਾ ਪੈਂਦਾ ਹੈ। ਸਾਡੇ ਕੋਲ਼ ਗੈਸ ਕੁਨੈਕਸ਼ਨ ਨਹੀਂ ਹੈ।''
ਲੋਂਧੇ ਦੇ ਬੇਟੇ ਦੀ ਮੌਤ ਲੰਬੀ ਬੀਮਾਰੀ ਤੋਂ ਬਾਅਦ 15 ਸਾਲ ਪਹਿਲਾਂ ਹੀ ਹੋ ਗਈ ਸੀ। ਉਨ੍ਹਾਂ ਦੀ ਨੂੰਹ ਕੁਝ ਦਿਨਾਂ ਬਾਅਦ ਘਰੋਂ ਬਾਹਰ ਗਈ ਪਰ ਦੋਬਾਰਾ ਕਦੇ ਨਾ ਮੁੜੀ।
ਲੋਂਧੇ ਦਾ 18 ਸਾਲਾ ਪੋਤਾ ਸੁਮਿਤ ਡਰੰਮਵਾਸ਼ਰ ਵਜੋਂ ਕੰਮ ਕਰਦਾ ਹੈ ਤੇ ਹਫ਼ਤੇ ਵਿੱਚ 1,800 ਰੁਪਏ ਕਮਾਉਂਦਾ ਹੈ। ਪਰ ਉਹ ਆਪਣੀ ਦਾਦੀ ਨੂੰ ਇੱਕ ਨਵਾਂ ਪੈਸਾ ਤੱਕ ਨਹੀਂ ਦਿੰਦਾ। ਉਹ ਕਹਿੰਦੀ ਹਨ,''ਮੈਨੂੰ ਜਦੋਂ ਪੈਸਿਆਂ ਦੀ ਲੋੜ ਪੈਂਦੀ ਹੈ, ਉਦੋਂ ਮੈਂ ਸੜਕਾਂ 'ਤੇ ਖੜ੍ਹ ਭੀਖ ਮੰਗਣ ਲੱਗਦੀ ਹਾਂ। ਤੁਸੀਂ ਦੱਸੋ ਅਜਿਹੇ ਹਾਲਾਤਾਂ ਵਿੱਚ ਗੈਸ ਕੁਨੈਕਸ਼ਨ ਕਿੱਥੋਂ ਲਵਾਂ?''
ਕੁਝ ਮਦਦਗਾਰ ਗੁਆਂਢੀ ਉਨ੍ਹਾਂ ਨੂੰ ਆਪਣੇ ਹਿੱਸੇ ਦੇ ਬਾਲ਼ਣ ਵਿੱਚੋਂ ਕੁਝ ਕੁ ਲੱਕੜਾਂ ਕੱਟ ਕੇ ਦੇ ਦਿੰਦੇ ਹਨ। ਉਹ ਬਾਲ਼ਣ ਉਨ੍ਹਾਂ ਨੇ ਨੇੜਲੇ ਪਿੰਡਾਂ ਵਿੱਚੋਂ ਚੁਗਿਆ ਹੁੰਦਾ ਹੈ। ਘੰਟੇ ਤੋਂ ਵੱਧ ਸਮੇਂ ਵਿੱਚ ਇਕੱਠਾ ਕੀਤਾ ਬਾਲ਼ਣ ਉਹ ਆਪਣੇ ਸਿਰਾਂ 'ਤੇ ਲੱਦ ਕੇ ਲਿਆਉਂਦੇ ਹਨ।
ਲੋਂਧੇ ਨੂੰ ਹਰ ਵਾਰੀਂ ਚੁੱਲ੍ਹਾ ਬਾਲਣਾ ਪੈਂਦਾ ਹੈ ਤਾਂ ਧੂੰਏਂ ਕਾਰਨ ਉਨ੍ਹਾਂ ਦਾ ਸਿਰ ਘੁੰਮਣ ਲੱਗਦਾ ਹੈ ਤੇ ਉਨ੍ਹਾਂ ਨੂੰ ਨੀਮ-ਬੇਹੋਸ਼ੀ ਜਿਹੀ ਹੋਣ ਲੱਗਦੀ ਹੈ, ਪਰ ਉਨ੍ਹਾਂ ਨੇ ਕਦੇ ਵੀ ਇਹਦੇ ਇਲਾਜ ਬਾਰੇ ਨਹੀਂ ਸੋਚਿਆ। ਉਹ ਕਹਿੰਦੀ ਹਨ,''ਮੈਂ ਡਾਕਟਰ ਕੋਲ਼ ਜਾਂਦੀ ਹਾਂ, ਉਹ ਮੈਨੂੰ ਕੁਝ ਗੋਲ਼ੀਆਂ ਦੇ ਦਿੰਦੇ ਹਨ ਤੇ ਮੈਂ ਥੋੜ੍ਹੇ ਕੁ ਸਮੇਂ ਲਈ ਰਾਜ਼ੀ ਹੋ ਜਾਂਦੀ ਹਾਂ।''
ਅਗਸਤ 2022 ਵਿੱਚ ਬੱਚਿਆਂ ਨੂੰ ਸਾਫ਼ ਹਵਾ ਵਿੱਚ ਸਾਹ ਲੈਣ ਦੇ ਅਧਿਕਾਰ ਵਾਸਤੇ ਸੰਘਰਸ਼ ਕਰਨ ਵਾਲ਼ੇ ਕੁੱਲ ਭਾਰਤੀ ਸੰਗਠਨ, ਵਾਰੀਅਰ ਮੌਮਸ (Warrior Moms) ਨਾਗਪੁਰ ਨਗਰ ਨਿਗਮ ਨੇ ਸਮੂਹਿਕ ਰੂਪ ਨਾਲ਼ ਇੱਕ ਸਰਵੇਖਣ ਤੇ ਸਿਹਤ ਕੈਂਪ ਲਾ ਕੇ ਚਿਖਲੀ ਵਿਖੇ ਪੀਕ ਐਕਸਪਿਰੇਟਰੀ ਫਲੋ ਰੇਟਸ (ਪੀਈਐੱਫ਼ਆਰ) ਦੀ ਜਾਂਚ ਕੀਤੀ, ਜੋ ਫੇਫੜਿਆਂ ਦੀ ਸਿਹਤ ਤੇ ਹਾਲਤ ਨੂੰ ਦਰਸਾਉਂਦਾ ਹੈ।
ਜਾਂਚ ਵਿੱਚ 350 ਜਾਂ ਉਸ ਤੋਂ ਵੱਧ ਦਾ ਸਕੋਰ ਇੱਕ ਤੰਦਰੁਸਤ ਫੇਫੜੇ ਨੂੰ ਦਰਸਾਉਂਦਾ ਹੈ। ਚਿਖਲੀ ਦੀ 41 ਵਿੱਚੋਂ 34 ਔਰਤਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਦਾ ਸਕੋਰ 350 ਤੋਂ ਘੱਟ ਪਾਇਆ ਗਿਆ। ਉਨ੍ਹਾਂ ਵਿੱਚੋਂ 11 ਔਰਤਾਂ ਤਾਂ 200 ਰੇਟਸ ਦਾ ਅੰਕੜਾ ਵੀ ਪਾਰ ਨਹੀਂ ਕਰ ਪਾਈਆਂ। ਜ਼ਾਹਿਰਨ ਚਿਖਲੀ ਦੀਆਂ ਔਰਤਾਂ ਦੇ ਫੇਫੜਿਆਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ।
ਲੋਂਧੇ ਦਾ ਸਕੋਰ ਸਿਰਫ਼ 150 ਸੀ, ਜੋ ਕਿ ਆਦਰਸ਼ ਸਕੋਰ ਦੇ ਅੱਧੇ ਤੋਂ ਵੀ ਘੱਟ ਹੈ।
ਇਸ ਸਰਵੇਖਣ ਵਿੱਚ ਨਾਗਪੁਰ ਸ਼ਹਿਰ ਦੀਆਂ ਝੁੱਗੀਆਂ ਬਸਤੀਆਂ ਦੇ 1,500 ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਝੁੱਗੀਆਂ ਵਿੱਚ ਰਹਿਣ ਵਾਲ਼ੇ 43 ਫ਼ੀਸਦ ਪਰਿਵਾਰ ਲੱਕੜ ਦੇ ਬਾਲ਼ਣ ਵਾਲ਼ੇ ਚੁੱਲ੍ਹਿਆਂ ਦਾ ਇਸਤੇਮਾਲ ਕਰਦੇ ਸਨ। ਇਨ੍ਹਾਂ ਵਿੱਚੋਂ ਬਹੁਤੇਰੇ ਪਰਿਵਾਰ ਅਜਿਹੇ ਸਨ ਜੋ ਆਪਣੇ ਬੱਚਿਆਂ ਨੂੰ ਇਸ ਜ਼ਹਿਰੀਲੇ ਧੂੰਏਂ ਤੋਂ ਬਚਾਉਣ ਲਈ ਖੁੱਲ੍ਹੇ ਵਿੱਚ ਖਾਣਾ ਪਕਾਉਂਦੇ ਸਨ। ਇੰਝ ਕਰਨ ਨਾਲ਼ ਚੁੱਲ੍ਹਿਆਂ ਦੇ ਧੂੰਏਂ ਨਾਲ਼ ਪੂਰੀ ਬਸਤੀ ਦੀ ਹਵਾ ਪ੍ਰਦੂਸ਼ਤ ਹੋਈ, ਕਿਉਂਕਿ ਇੱਥੇ ਝੌਂਪੜੀਆਂ ਇੱਕ ਦੂਜੇ ਦੇ ਐਨ ਨਾਲ਼ ਕਰਕੇ ਬਣੀਆਂ ਹਨ।
ਗ਼ਰੀਬ ਭਾਰਤੀਆਂ ਦੀ ਖਾਣਾ ਪਕਾਉਣ ਲਈ ਸਾਫ਼ ਬਾਲ਼ਣ ਤੱਕ ਪਹੁੰਚ ਦੀ ਘਾਟ ਕਾਰਨ ਵਾਤਾਵਰਣ ਤੇ ਸਿਹਤ ਸਬੰਧ ਸਮੱਸਿਆਵਾਂ ਨਾਲ਼ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਈ 2016 ਵਿੱਚ ਪ੍ਰਧਾਨਮੰਤਰੀ ਉਜਵੱਲਾ ਯੋਜਨਾ (ਪੀਐੱਮਯੂਵਾਈ) ਦੀ ਸ਼ੁਰੂਆਤ ਕੀਤੀ ਸੀ, ਜਿਹਦੇ ਤਹਿਤ ਗ਼ਰੀਬੀ ਰੇਖਾ ਤੋਂ ਹੇਠਾਂ ਆਉਣ ਵਾਲ਼ੇ ਪਰਿਵਾਰਾਂ ਨੂੰ ਐੱਲਪੀਜੀ ਸਿਲੰਡਰ ਦਿੱਤੇ ਗਏ ਸਨ। ਪ੍ਰੋ ਜੈਕਟ ਵੈੱਬਸਾਈਟ ਮੁਤਾਬਕ, ਯੋਜਨਾ ਦਾ ਉਦੇਸ਼ 8 ਕਰੋੜ ਪਰਿਵਾਰਾਂ ਨੂੰ ਖਾਣਾ ਪਕਾਉਣ ਦਾ ਸਾਫ਼ ਬਾਲ਼ਣ ਉਪਲਬਧ ਕਰਾਉਣਾ ਸੀ ਤੇ ਇਸ ਟੀਚੇ ਨੂੰ ਸਤੰਬਰ 2019 ਤੱਕ ਹਾਸਲ ਕੀਤਾ ਜਾਣਾ ਸੀ।
ਇਸ ਸਭ ਦੇ ਬਾਅਦ ਵੀ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 (2019-21) ਵਿੱਚ ਦੇਖਿਆ ਗਿਆ ਕਿ 41 ਫ਼ੀਸਦ ਤੋਂ ਵੱਧ ਭਾਰਤੀ ਗ਼ਰੀਬ ਪਰਿਵਾਰਾਂ ਕੋਲ਼ ਹਾਲੇ ਤੱਕ ਖਾਣਾ ਪਕਾਉਣ ਲਈ ਸਾਫ਼ ਬਾਲਣ ਦੀ ਕਮੀ ਹੀ ਹੈ।
ਨਾਲ਼ ਹੀ, ਜਿਨ੍ਹਾਂ ਕੋਲ਼ ਇਹ ਕੁਨੈਕਸ਼ਨ ਮੌਜੂਦ ਹਨ ਵੀ, ਉਹ ਵੀ ਐੱਲਪੀਜੀ ਨੂੰ ਆਪਣੇ ਬਾਲ਼ਣ ਦੇ ਵਿਕਲਪ ਵਜੋਂ ਇਸਤੇਮਾਲ ਨਹੀਂ ਕਰ ਰਹੇ। ਮਹਾਰਾਸ਼ਟਰ ਦੇ 14.2 ਕਿਲੋ ਦੇ ਇੱਕ ਸਿਲੰਡਰ ਦੀ ਕੀਮਤ 1,100 ਰੁਪਏ ਤੋਂ ਲੈ ਕੇ 1,120 ਰੁਪਏ ਵਿਚਾਲੇ ਹੈ ਤੇ ਵਿਸਤ੍ਰਿਤ ਰਿਪੋਰਟ ਮੁਤਾਬਕ ਪੀਐੱਮਯੂਵਾਈ ਯੋਜਨਾ ਦੇ 9.34 ਕਰੋੜ ਲਾਭਪਾਤਰੀਆਂ ਵਿੱਚੋਂ ਕੁਝ ਕੁ ਫ਼ੀਸਦ ਲੋਕ ਹੀ ਇਸ ਸਿਲੰਡਰ ਨੂੰ ਭਰਵਾਉਣ ਦਾ ਖਰਚਾ ਝੱਲ ਪਾਉਂਦੇ ਹਨ।
ਚਿਖਲੀ ਦੀ ਵਾਸੀ, 55 ਸਾਲਾ ਪਾਰਵਤੀ ਕਾਕੜੇ, ਜਿਨ੍ਹਾਂ ਨੂੰ ਸਰਕਾਰੀ ਯੋਜਨਾ ਤਹਿਤ ਐੱਲਪੀਜੀ ਕੁਨੈਕਸ਼ਨ ਮਿਲ਼ਿਆ ਹੈ, ਉਹ ਇਹਦੀ ਵਰਤੋਂ ਨੂੰ ਲੈ ਕੇ ਸਮਝਾਉਂਦਿਆਂ ਕਹਿੰਦੀ ਹਨ,''ਜੇ ਮੈਂ ਚੁੱਲ੍ਹੇ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿਆਂ ਤਾਂ ਮੈਨੂੰ ਹਰ ਮਹੀਨੇ ਇੱਕ ਸਿਲੰਡਰ ਦੀ ਲੋੜ ਪਵੇਗੀ। ਮੈਂ ਇੰਨਾ ਖਰਚਾ ਕਿੱਥੋਂ ਝੱਲ ਸਕਦੀ ਹਾਂ। ਇਸੇ ਲਈ ਮੈਨੂੰ ਇੱਕ ਸਿਲੰਡਰ ਨੂੰ ਜਿਵੇਂ-ਕਿਵੇਂ ਛੇ ਮਹੀਨਿਆਂ ਤੱਕ ਚਲਾਉਣਾ ਹੀ ਪੈਂਦਾ ਹੈ। ਇਹਦਾ ਇਸਤੇਮਾਲ ਮੈਂ ਸਿਰਫ਼ ਉਦੋਂ ਹੀ ਕਰਦੀ ਹਾਂ ਜਦੋਂ ਮਹਿਮਾਨ ਆਏ ਹੋਣ ਜਾਂ ਮੌਸਮ ਖ਼ਰਾਬ ਹੋਵੇ।''
ਮਾਨਸੂਨ ਦੇ ਦਿਨਾਂ ਵਿੱਚ ਭਿੱਜੇ ਹੋਏ ਬਾਲ਼ਣ ਨੂੰ ਬੜੀ ਦੇਰ ਤੱਕ ਫੂਕ ਮਾਰ-ਮਾਰ ਕੇ ਬਾਲ਼ਣਾ ਪੈਂਦਾ ਹੈ। ਜਿਓਂ ਹੀ ਲੱਕੜਾਂ ਬਲ਼ਣ ਲੱਗਦੀਆਂ ਹਨ ਉਨ੍ਹਾਂ ਦੇ ਪੋਤੇ ਆਪਣੀਆਂ ਅੱਖਾਂ ਮਲ਼ਣ ਲੱਗਦੇ ਹਨ ਤੇ ਰੋਣ ਲੱਗਦੇ ਹਨ। ਕਾਕੜੇ ਸਾਹ ਸਬੰਧੀ ਬੀਮਾਰੀਆਂ ਦੇ ਖ਼ਤਰਿਆਂ ਤੋਂ ਜਾਣੂ ਤਾਂ ਹਨ ਪਰ ਕੀ ਕਰਨ, ਲਾਚਾਰ ਹਨ।
ਕਾਕੜੇ ਕਹਿੰਦੀ ਹਨ,''ਇਸ ਮਾਮਲੇ ਵਿੱਚ ਅਸੀਂ ਕੁਝ ਵੀ ਤਾਂ ਨਹੀਂ ਕਰ ਸਕਦੇ। ਅਸੀਂ ਤਾਂ ਜਿਵੇਂ-ਕਿਵੇਂ ਦੋ ਡੰਗ ਰੋਟੀ ਦਾ ਬੰਦੋਬਸਤ ਕਰਨਾ ਹੁੰਦਾ ਹੈ।''
ਕਾਕੜੇ ਦੇ ਜੁਆਈ, 35 ਸਾਲਾ ਬਲੀਰਾਮ ਪਰਿਵਾਰ ਦੇ ਇਕਲੌਤੇ ਕਮਾਊ ਮੈਂਬਰ ਹਨ। ਕੂੜਾ ਚੁੱਗ ਕੇ ਬੜੀ ਮੁਸ਼ਕਲ ਨਾਲ਼ ਮਹੀਨੇ ਦਾ 2,500 ਰੁਪਿਆ ਕਮਾ ਪਾਉਂਦੇ ਹਨ। ਖਾਣਾ ਪਕਾਉਣ ਲਈ ਪਰਿਵਾਰ ਲੱਕੜਾਂ ਹੀ ਵਰਤਦਾ ਹੈ। ਜ਼ਾਹਰ ਹੈ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਦਮਾ, ਕਮਜ਼ੋਰ ਹੁੰਦੇ ਫੇਫੜਿਆਂ, ਰੋਗ ਨਾਲ਼ ਲੜਨ ਦੀ ਘੱਟ ਹੁੰਦੀ ਸ਼ਕਤੀ ਤੇ ਸਾਹ ਸਬੰਧੀ ਅਲਾਮਤਾਂ ਦਾ ਰਾਹ ਪੱਧਰਾ ਕਰ ਰਿਹਾ ਹੈ।
ਡਾ. ਅਰਬਤ ਕਹਿੰਦੇ ਹਨ,''ਫੇਫੜਿਆਂ ਦੀ ਕੋਈ ਵੀ ਪੁਰਾਣੀ ਬੀਮਾਰੀ ਅਖ਼ੀਰ ਮਾਸਪੇਸ਼ੀਆਂ ਦੀ ਕਮਜ਼ੋਰੀ ਤੇ ਉਨ੍ਹਾਂ ਦੀ ਤਬਾਹੀ ਦਾ ਕਾਰਨ ਬਣਦੀ ਹੈ। ਸਮੇਂ ਤੋਂ ਪਹਿਲਾਂ ਬੁਢਾਪਾ ਆਉਣਾ ਇਹਦਾ ਇੱਕ ਵੱਡਾ ਕਾਰਨ ਹੈ। ਮਰੀਜ਼ਾਂ ਦਾ ਸਰੀਰ ਸੁੰਗੜਨ ਲੱਗਦਾ ਹੈ... ਸਾਹ ਲੈਣ ਵਿੱਚ ਪਰੇਸ਼ਾਨੀ ਹੋਣ ਕਾਰਨ ਉਹ ਘਰੋਂ ਬਾਹਰ ਨਿਕਲ਼ਣਾ ਵੀ ਘੱਟ ਹੀ ਪਸੰਦ ਕਰਦੇ ਹਨ, ਜਿਸ ਕਾਰਨ ਉਨ੍ਹਾਂ ਅੰਦਰ ਆਤਮ-ਵਿਸ਼ਵਾਸ ਦੀ ਘਾਟ ਆਉਂਦੀ ਹੈ ਤੇ ਉਹ ਅਵਸਾਦ ਤੋਂ ਪੀੜਤ ਹੋ ਜਾਂਦੇ ਹਨ।''
ਅਰਬਤ ਦੀ ਇਹ ਟਿਪਣੀ ਜਾਧਵ ਦੀ ਹਾਲਤ ਨੂੰ ਚੰਗੀ ਤਰ੍ਹਾਂ ਬਿਆਨਦੀ ਹੈ।
ਉਨ੍ਹਾਂ ਦੇ ਲਹਿਜ਼ੇ ਵਿੱਚ ਬੇਯਕੀਨੀ ਝਲਕਣ ਲੱਗਦੀ ਹੈ ਤੇ ਉਹ ਕਿਸੇ ਨਾਲ਼ ਵੀ ਅੱਖ ਮਿਲ਼ਾ ਕੇ ਗੱਲ ਕਰਨ ਤੋਂ ਝਿਜਕਦੀ ਹਨ। ਉਨ੍ਹਾਂ ਦੇ ਭਰਾ ਤੇ ਭਾਬੀਆਂ ਰਾਜ ਤੋਂ ਬਾਹਰ ਕਿਸੇ ਵਿਆਹ ਸਮਾਗਮ ਵਿੱਚ ਗਏ ਹੋਏ ਹਨ। ਪਰ ਉਨ੍ਹਾਂ ਨੇ ਨਾ ਜਾਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਦੂਸਰਿਆਂ ਨੂੰ ਉਨ੍ਹਾਂ ਦੀ ਦੇਖਭਾਲ ਵਿੱਚ ਰੁੱਝੇ ਨਾ ਰਹਿਣਾ ਪਵੇ। ''ਕਿਸੇ ਨੇ ਵੀ ਮੈਨੂੰ ਸਾਫ਼-ਸਪੱਸ਼ਟ ਸ਼ਬਦਾਂ ਵਿੱਚ ਕੁਝ ਨਹੀਂ ਕਿਹਾ, ਪਰ ਕੋਈ ਮੇਰੇ ਜਿਹੇ ਰੋਗੀ ਦੀ ਟਿਕਟ 'ਤੇ ਪੈਸੇ ਕਿਉਂ ਬਰਬਾਦ ਕਰੇਗਾ?'' ਆਪੇ ਪੁੱਛੇ ਸਵਾਲ ਨਾਲ਼ ਉਨ੍ਹਾਂ ਦਾ ਚਿਹਰਾ ਕਿਸੇ ਉਦਾਸੀ ਦੇ ਬੱਦਲ ਨਾਲ਼ ਢੱਕਿਆ ਜਾਂਦਾ ਹੈ। ''ਮੈਂ ਬੇਕਾਰ ਹੋ ਗਈ ਹਾਂ।''
ਪਾਰਥ ਐੱਮ.ਐੱਨ. ' ਠਾਕੁਰ ਫੈਮਿਲੀ ਫਾਊਂਡੇਸ਼ਨ ' ਵੱਲ਼ੋਂ ਦਿੱਤੇ ਗਏ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਲੋਕ ਸਿਹਤ ਅਤੇ ਨਾਗਰਿਕ ਸੁਤੰਤਰਤਾ ਜਿਹੇ ਮੁੱਦਿਆਂ ' ਤੇ ਰਿਪੋਰਟਿੰਗ ਕਰ ਰਹੇ ਹਨ। ' ਠਾਕੁਰ ਫ਼ੈਮਿਲੀ ਫਾਊਂਡੇਸ਼ਨ ' ਨੇ ਇਸ ਰਿਪੋਰਟ ਵਿੱਚ ਦਰਜ ਕਿਸੇ ਵੀ ਗੱਲ ' ਤੇ ਕੋਈ ਵੀ ਸੰਪਾਦਕੀ ਕੰਟਰੋਲਨ ਹੀਂ ਰੱਖਿਆ ਹੈ।
ਤਰਜਮਾ : ਕਮਲਜੀਤ ਕੌਰ