ਅਸਲ ਸਵਾਲ ਕਦਰਾਂ-ਕੀਮਤਾਂ ਦਾ ਹੈ। ਇਹ ਕਦਰਾਂ-ਕੀਮਤਾਂ ਸਾਡੇ ਜੀਵਨ ਦਾ ਹਿੱਸਾ ਹਨ। ਅਸੀਂ ਆਪੇ ਨੂੰ ਕੁਦਰਤ ਨਾਲ਼ੋਂ ਅੱਡ ਕਰਕੇ ਨਹੀਂ ਦੇਖ ਪਾਉਂਦੇ। ਆਦਿਵਾਸੀ ਜਦੋਂ ਲੜਦੇ ਹਨ ਤਾਂ ਉਹ ਸਰਕਾਰ ਜਾਂ ਕਿਸੇ ਕੰਪਨੀ ਦੇ ਖ਼ਿਲਾਫ਼ ਨਹੀਂ ਲੜਦੇ। ਉਨ੍ਹਾਂ ਕੋਲ਼ ਆਪਣੀ ‘ਭੂਮੀ ਸੈਨਾ’ ਹੈ ਅਤੇ ਉਹ ਲਾਲਚ ਅਤੇ ਸਵਾਰਥ ਦੀਆਂ ਜੜ੍ਹਾਂ ਪਸਾਰ ਚੁੱਕੇ ਮੁੱਲਾਂ ਖ਼ਿਲਾਫ ਲੜਦੇ ਹਨ।
ਇਸ ਸਭ ਕਾਸੇ ਦੀ ਸ਼ੁਰੂਆਤ ਸੱਭਿਆਤਾਵਾਂ ਦੇ ਵਿਕਾਸ ਦੇ ਨਾਲ਼ ਹੁੰਦੀ ਗਈ- ਜਦੋਂ ਅਸੀਂ ਵਿਅਕਤੀਵਾਦ ਨੂੰ ਆਪਣੀ ਸਿਰੀ ਚੁੱਕੀ ਦੇਖਿਆ ਅਤੇ ਅਸੀਂ ਮਨੁੱਖ ਨੂੰ ਕੁਦਰਤ ਨਾਲ਼ੋਂ ਅੱਡ ਵਜੂਦ ਰੱਖਣ ਵਾਲ਼ੀ ਇਕਾਈ ਦੇ ਰੂਪ ਵਿੱਚ ਦੇਖਣ ਲੱਗੇ। ਬੱਸ ਇੱਥੋਂ ਹੀ ਟਕਰਾਅ ਦੀ ਹਾਲਤ ਪੈਦਾ ਹੋਈ। ਜਦੋਂ ਅਸੀਂ ਖ਼ੁਦ ਨੂੰ ਨਦੀ ਤੋਂ ਦੂਰ ਕਰ ਲੈਂਦੇ ਹਾਂ ਅਸੀਂ ਉਹਦੇ ਪਾਣੀ ਵਿੱਚ ਸੀਵਰੇਜ, ਰਸਾਇਣਕ ਅਤੇ ਉਦਯੋਗਿਕ ਕਚਰਾ ਵਹਾਉਣ ਵਿੱਚ ਮਾਸਾ ਵੀ ਨਹੀਂ ਝਿਜਕਦੇ। ਅਸੀਂ ਨਦੀ ਨੂੰ ਵਸੀਲੇ ਮੰਨ ਉਸ ‘ਤੇ ਕਬਜ਼ਾ ਕਰ ਲੈਂਦੇ ਹਾਂ। ਜਿਉਂ ਹੀ ਅਸੀਂ ਖ਼ੁਦ ਨੂੰ ਕੁਦਰਤ ਨਾਲ਼ੋਂ ਅੱਡ ਅਤੇ ਸ਼੍ਰੇਸ਼ਠ ਸਮਝਣ ਲੱਗਦੇ ਹਾਂ, ਉਹਦੀ ਲੁੱਟ ਅਤੇ ਸੋਸ਼ਣ ਕਰਨਾ ਸੁਖਾਲਾ ਹੋ ਜਾਂਦਾ ਹੈ। ਦੂਸਰੇ ਪਾਸੇ, ਕਿਸੇ ਆਦਿਵਾਸੀ ਭਾਈਚਾਰੇ ਵਾਸਤੇ ਉਹਦੀਆਂ ਕਦਰਾਂ-ਕੀਮਤਾਂ ਕਾਗ਼ਜ਼ ‘ਤੇ ਝਰੀਟੇ ਨਿਯਮ ਨਹੀਂ ਹੁੰਦੇ। ਇਹੀ ਮੁੱਲ ਸਾਡੇ ਲਈ ਜ਼ਿੰਦਗੀ ਜਿਊਣ ਦਾ ਜ਼ਰੀਆ ਹਨ।


