ਮੈਂ ਸਾਲ 2011 ਵਿੱਚ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਤੁਹਾਡੀ ਜੋ ਯੂਨੀਵਰਸਿਟੀ ਹੈ, ਇਹ ਇੱਕ ਅਜਿਹੇ ਪਿੰਡ ਦੀ ਹਿੱਕ 'ਤੇ ਸਥਿਤ ਹੈ ਜਿੱਥੋਂ ਦੇ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਹੀ ਬਾਰ ਬਾਰ ਉਜਾੜਿਆ ਜਾਂਦਾ ਰਿਹਾ। ਪਰ ਇਸ ਸਭ ਵਿੱਚ ਤੁਹਾਡੀ ਕਿਸੇ ਵੀ ਤਰ੍ਹਾਂ ਕੋਈ ਗ਼ਲਤੀ ਨਹੀਂ ਹੈ ਨਾ ਹੀ ਤੁਹਾਡੀ ਜ਼ਿੰਮੇਦਾਰੀ ਹੈ। ਪਰ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਪ੍ਰਤੀ ਅਦਬ ਦੀ ਭਾਵਨਾ ਜ਼ਰੂਰ ਰੱਖੋ।
ਉਨ੍ਹਾਂ ਦੇ ਅੰਦਰ ਸਨਮਾਨ ਦਾ ਭਾਵ ਤਾਂ ਸੀ ਪਰ ਕੋਰਾਪੁਟ ਵਿੱਚ ਸਥਿਤ ਓਡੀਸਾ ਕੇਂਦਰੀ ਯੂਨੀਵਰਿਸਟੀ ਦੇ ਵਿਦਿਆਰਥੀਆਂ ਦੇ ਇੱਕ ਉਤਸੁਕ ਅਤੇ ਪੜ੍ਹਾਈ ਵੱਲ ਇਕਾਗਰ ਰਹਿਣ ਵਾਲ਼ੇ ਸਮੂਹ ਨੇ ਜਦੋਂ ਇਹ ਗੱਲ ਸੁਣੀ ਤਾਂ ਉਨ੍ਹਾਂ ਨੂੰ ਥੋੜ੍ਹਾ ਸਦਮਾ ਜਿਹਾ ਲੱਗਾ। ਉਹ ਮੁੱਖ ਰੂਪ ਵਿੱਚ ਪੱਤਰਕਾਰਤਾ ਅਤੇ ਜਨ-ਸੰਚਾਰ ਵਿਭਾਗ ਤੋਂ ਸਨ ਅਤੇ ਚਿਕਾਪਾਰ ਦੇ ਉਜਾੜੇ ਦੀ ਕਹਾਣੀ ਨੇ ਉਨ੍ਹਾਂ ਨੂੰ ਹਲ਼ੂਣ ਸੁੱਟਿਆ। ਇੱਕ ਪਿੰਡ ਜਿਹਨੂੰ ਵਿਕਾਸ... ਵਿਕਾਸ... ਕਰਦਿਆਂ ਤਿੰਨ ਵਾਰ ਉਜਾੜਿਆ ਗਿਆ।
ਮੇਰਾ ਮਨ ਸਾਲ 1993 ਦੇ ਅੰਤ ਵਿੱਚ ਅਤੇ ਸ਼ੁਰੂਆਤੀ 1994 ਵਿੱਚ ਜਾ ਪਹੁੰਚਿਆ ਜਦੋਂ ਇੱਕ ਗਡਬਾ ਆਦਿਵਾਸੀ ਔਰਤ ਮੁਕਤ ਕਦਮ ( ਆਪਣੇ ਪੋਤੇ ਦੇ ਨਾਲ਼ ਮੁੱਖ ਤਸਵੀਰ ਵਿੱਚ ) ਨੇ ਮੈਨੂੰ ਦੱਸਿਆ ਕਿ ਕਿਵੇਂ 1960 ਦੇ ਦਹਾਕੇ ਵਿੱਚ, ਮਾਨਸੂਨ ਦੇ ਸੀਜ਼ਨ ਦੀ ਇੱਕ ਭਿਆਨਕ ਰਾਤ ਵਿੱਚ ਉਨ੍ਹਾਂ ਨੂੰ ਉਜਾੜ ਦਿੱਤਾ ਗਿਆ ਸੀ। ਮੁਕਤਾ ਦੇ ਪੰਜੋ ਬੱਚੇ ਅੱਗੇ ਚੱਲ ਰਹੇ ਸਨ, ਉਨ੍ਹਾਂ ਦੇ ਸਿਰ 'ਤੇ ਸਮਾਨ ਰੱਖਿਆ ਸੀ ਅਤੇ ਘੁੱਪ ਹਨ੍ਹੇਰੇ ਵਿੱਚ ਜੰਗਲ ਥਾਣੀਂ ਲੰਘਦੇ ਹੋਏ ਉਹ ਉਨ੍ਹਾਂ ਨੂੰ ਰਸਤਾ ਦੱਸਦੀ ਰਹੀ। ਉਸ ਸਮੇਂ ਮੀਂਹ ਵੀ ਲੱਥਾ ਹੋਇਆ ਸੀ। ''ਸਾਨੂੰ ਇਹ ਤੱਕ ਨਹੀਂ ਪਤਾ ਸੀ ਕਿ ਜਾਣਾ ਕਿੱਥੇ ਹੈ। ਅਸੀਂ ਸਿਰਫ਼ ਇਸਲਈ ਚਾਲੇ ਪਾਏ ਕਿਉਂਕਿ ਸਾਬ ਲੋਗ ਸਾਨੂੰ ਜਾਣ ਲਈ ਕਿਹਾ ਗਏ ਸਨ। ਇਹ ਸੱਚਮੁੱਚ ਬੜਾ ਡਰਾਉਣਾ ਸੀ।''
ਉਹ ਹਿੰਦੁਸਤਾਨ ਏਯਰੋਨੌਟਿਕਸ ਲਿਮਿਟਡ (ਐੱਚਏਐੱਲ) ਮਿਗ ਫ਼ਾਈਟਰ ਪ੍ਰੋਜੈਕਟ ਵਾਸਤੇ ਰਾਹ ਪੱਧਰਾ ਕਰ ਰਹੇ ਸਨ। ਇੱਕ ਅਜਿਹਾ ਪ੍ਰੋਜੈਕਟ ਜੋ ਓਡੀਸਾ ਵਿੱਚ ਨਾ ਤਾਂ ਪੂਰੀ ਤਰ੍ਹਾਂ ਅੱਪੜਿਆ ਸੀ ਨਾ ਹੀ ਵਾਪਰਿਆ ਸੀ। ਪਰ ਇਹਦੇ ਬਾਅਦ ਵੀ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਕਦੇ ਵਾਪਸ ਨਹੀਂ ਕੀਤੀ ਗਈ। ਮੁਆਵਜ਼ੇ ਦਾ ਕੀ ਬਣਿਆ? ਦਹਾਕਿਆਂ ਤੋਂ ਚਿਕਾਪਾਰ ਦੇ ਵਿਸਥਾਪਤਾਂ ਦੇ ਨਿਆ ਵਾਸਤੇ, ਸੰਘਰਸ਼ ਕਰਨ ਵਾਲ਼ੇ ਦਲਿਤ ਭਾਈਚਾਰੇ ਦੇ ਕਾਰਕੁੰਨ ਜਯੋਤਿਰਮਯ ਖੋਰਾ ਕਹਿੰਦੇ ਹਨ,''ਮੇਰੇ ਪਰਿਵਾਰ ਕੋਲ਼ 60 ਏਕੜ ਜ਼ਮੀਨ ਸੀ। ਅਤੇ ਕਾਫ਼ੀ ਅਰਸੇ ਬਾਅਦ ਸਾਨੂੰ 60 ਏਕੜ ਜ਼ਮੀਨ ਬਦਲੇ 15,000 ਰੁਪਏ ਬਤੌਰ ਮੁਆਵਜ਼ਾ ਦਿੱਤੇ ਗਏ।'' ਪਿੰਡੋਂ ਉਜਾੜੇ ਗਏ ਲੋਕਾਂ ਨੇ ਇੱਕ ਵਾਰ ਫਿਰ ਆਪਣਾ ਆਸ਼ਿਆਨਾ ਆਪਣੀ ਹੀ ਜ਼ਮੀਨ 'ਤੇ ਵਸਾਇਆ ਨਾ ਕਿ ਸਰਕਾਰ ਦੀ ਜ਼ਮੀਨ 'ਤੇ। ਇਸ ਪਿੰਡ ਨੂੰ ਵੀ ਉਹ 'ਚਿਕਾਪਾਰ' ਕਹਿੰਦੇ ਹਨ।
ਚਿਕਾਪਾਰ ਦੇ ਗਡਬਾ, ਪਰੋਜਾ ਅਤੇ ਡੋਮ (ਇੱਕ ਦਲਿਤ ਭਾਈਚਾਰਾ) ਗ਼ਰੀਬ ਨਹੀਂ ਸਨ। ਉਨ੍ਹਾਂ ਕੋਲ਼ ਜ਼ਮੀਨ ਸੀ ਅਤੇ ਵੱਡੀ ਗਿਣਤੀ ਵਿੱਚ ਪਸ਼ੂਆਂ ਦੇ ਨਾਲ਼ ਨਾਲ਼ ਕਾਫ਼ੀ ਸੰਪੱਤੀ ਵੀ ਸੀ। ਪਰ ਮੁੱਖ ਰੂਪ ਨਾਲ਼ ਉਹ ਸਨ ਤਾਂ ਆਦਿਵਾਸੀ ਹੀ ਅਤੇ ਉਨ੍ਹਾਂ ਵਿੱਚੋਂ ਕੁਝ ਦਲਿਤ ਸਨ। ਉਨ੍ਹਾਂ ਨੂੰ ਅਸਾਨੀ ਨਾਲ਼ ਵਿਸਥਾਪਤ ਕਰ ਦਿੱਤਾ ਗਿਆ। ਵਿਕਾਸ ਦੇ ਨਾਮ 'ਤੇ ਆਦਿਵਾਸੀਆਂ ਨੂੰ ਸਭ ਤੋਂ ਵੱਧ ਉਜਾੜੇ ਦਾ ਸਾਹਮਣਾ ਕਰਨਾ ਪਿਆ ਹੈ। ਸਾਲ 1951 ਅਤੇ 1990 ਵਿਚਕਾਰ, ਪੂਰੇ ਭਾਰਤ ਅੰਦਰ 'ਪ੍ਰੋਜੈਕਟ' ਦੇ ਨਾਮ 'ਤੇ 25 ਮਿਲੀਅਨ (2 ਕਰੋੜ 50 ਲੱਖ) ਤੋਂ ਵੱਧ ਲੋਕਾਂ ਨੂੰ ਵਿਸਥਾਪਤ ਕੀਤਾ ਗਿਆ ਸੀ। (ਅਤੇ 90ਵਿਆਂ ਵਿੱਚ ਰਾਸ਼ਟਰੀ ਨੀਤੀ ਦੇ ਖਰੜੇ ਨੇ ਇਹ ਗੱਲ ਪ੍ਰਵਾਨ ਕੀਤੀ ਕਿ ਉਨ੍ਹਾਂ ਵਿੱਚੋਂ ਕਰੀਬ 75 ਫ਼ੀਸਦ ''ਅਜੇ ਵੀ ਮੁੜ-ਵਸੇਬੇ ਦੀ ਉਡੀਕ ਕਰ ਰਹੇ ਸਨ।'')
ਉਸ ਸਮੇਂ ਰਾਸ਼ਟਰੀ ਅਬਾਦੀ ਵਿੱਚ 7 ਫ਼ੀਸਦ ਦੀ ਹਿੱਸੇਦਾਰੀ ਆਦਿਵਾਸੀਆਂ ਦੀ ਹੀ ਸੀ, ਪਰ ਇਨ੍ਹਾਂ ਸਾਰੇ ਪ੍ਰੋਜੈਕਟਾਂ ਕਾਰਨ ਉਨ੍ਹਾਂ ਦੀ ਕੁੱਲ ਅਬਾਦੀ ਵਿੱਚੋਂ ਕਰੀਬ 40 ਫ਼ੀਸਦੀ ਆਦਿਵਾਸੀਆਂ ਨੂੰ ਵਿਸਥਾਪਤ ਕੀਤਾ ਗਿਆ। ਮੁਕਤਾ ਕਦਮ ਅਤੇ ਹੋਰ ਚਿਕਾਪਾਰੀਆਂ ਦੀ ਹਾਲਤ ਇਸ ਨਾਲ਼ੋਂ ਕਿਤੇ ਮਾੜੀ ਹੋਣ ਵਾਲ਼ੀ ਸੀ। 1987 ਵਿੱਚ ਉਨ੍ਹਾਂ ਨੂੰ ਨੌ-ਸੈਨਾ ਡਿਪੂ ਅਤੇ ਅਪਰ ਕੋਲਾਬ ਪ੍ਰੋਜੈਕਟ ਦੇ ਕਾਰਨ, ਚਿਕਾਪਾਰ-2 ਤੋਂ ਵੀ ਕੱਢ ਬਾਹਰ ਕੀਤਾ ਗਿਆ। ਇਸ ਵਾਰ ਮੁਕਤਾ ਨੇ ਮੈਨੂੰ ਕਿਹਾ,''ਮੈਂ ਆਪਣੇ ਪੋਤੇ-ਪੋਤੀਆਂ ਨੂੰ ਲੈ ਕੇ ਚਲੀ ਗਈ।'' ਉਨ੍ਹਾਂ ਨੇ ਕਿਸੇ ਥਾਂਵੇਂ ਫਿਰ ਤੋਂ ਆਪਣਾ ਆਸ਼ਿਆਨਾ ਵਸਾਇਆ ਜਿਹਨੂੰ ਤੁਸੀਂ ਚਿਕਾਪਾਰ-3 ਕਹਿ ਸਕਦੇ ਹੋ।
ਜਦੋਂ ਮੈਂ 1994 ਦੀ ਸ਼ੁਰੂਆਤ ਵਿੱਚ ਉੱਥੇ ਗਿਆ ਅਤੇ ਰੁਕਿਆ ਤਾਂ ਪਤਾ ਚੱਲਿਆ ਕਿ ਉਨ੍ਹਾਂ ਨੂੰ ਤੀਜੀ ਵਾਰ ਉਜਾੜ ਦਾ ਨੋਟਿਸ ਮਿਲ਼ਿਆ ਸੀ ਅਤੇ ਇਸ ਵਾਰ ਉਨ੍ਹਾਂ ਦਾ ਵਿਸਥਾਪਨ ਸ਼ਾਇਦ ਪੋਲਟਰੀ ਫ਼ਾਰਮ ਜਾਂ ਸ਼ਾਇਦ ਮਿਲੀਟਰੀ ਇੰਜੀਨੀਅਰਿੰਗ ਸਰਵਿਸੇਜ ਡਿਪੂ ਕਾਰਨ ਹੋਣ ਵਾਲ਼ਾ ਸੀ। ਅਸਲ ਵਿਕਾਸ ਤਾਂ ਚਿਕਾਪਾਰ ਦੇ ਲੋਕਾਂ ਦੇ ਜੜ੍ਹੀਂ ਬਹਿ ਗਿਆ ਸੀ। ਇਹ ਦੁਨੀਆ ਦਾ ਇਕਲੌਤਾ ਅਜਿਹਾ ਪਿੰਡ ਬਣ ਗਿਆ, ਜਿਹਨੇ ਥਲ ਸੈਨਾ, ਵਾਯੂ ਸੈਨਾ ਅਤੇ ਨੌ-ਸੈਨਾ ਦਾ ਟਾਕਰਾ ਕੀਤਾ ਅਤੇ ਹਾਰ ਗਿਆ।
ਮੂਲ਼ ਰੂਪ ਵਿੱਚ ਜ਼ਮੀਨ ਦਾ ਜ਼ਿਆਦਾਤਰ ਹਿੱਸਾ ਜਿਹੜੇ ਐੱਚਏਐੱਲ ਵਾਸਤੇ ਲਿਆ ਗਿਆ ਸੀ ਭਾਵ ਅਧਿਕਾਰਕ ਤੌਰ 'ਤੇ ਜਿਸ ਪ੍ਰੋਜੈਕਟ ਵਾਸਤੇ ਖੋਹਿਆ ਗਿਆ ਸੀ ਉਹ ਕਦੇ ਇਸਤੇਮਾਲ ਹੀ ਨਹੀਂ ਹੋਇਆ। ਪਰ ਇਨ੍ਹਾਂ ਵਿੱਚੋਂ ਕੁਝ ਜ਼ਮੀਨਾਂ ਅਤੇ ਜਿਨ੍ਹਾਂ ਵੱਖ-ਵੱਖ ਜ਼ਮੀਨਾਂ 'ਤੇ ਉਹ ਵੱਸੇ ਸਨ, ਉਨ੍ਹਾਂ ਨੂੰ ਕਿਸੇ ਦੂਸਰੇ ਕੰਮ ਲਈ ਭੂ-ਮਾਲਕਾਂ ਸਣੇ ਸਾਰੇ ਲੋਕਾਂ ਵਿੱਚ ਵੰਡ ਦਿੱਤਾ ਗਿਆ। ਜਦੋਂ ਮੈਂ ਸਾਲ 2011 ਵਿੱਚ ਓਡੀਸਾ ਕੇਂਦਰੀ ਯੂਨੀਵਰਸਿਟੀ ਦੀਆਂ ਸੰਸਥਾਵਾਂ ਜਾਂ ਉਹਦੇ ਨਾਲ਼ ਜੁੜੀਆਂ ਸੰਸਥਾਵਾਂ ਵਿੱਚ ਗਿਆ ਤਾਂ ਮੈਨੂੰ ਇਸ ਬਾਰੇ ਕੁਝ ਜਾਣਕਾਰੀ ਉਦੋਂ ਮਿਲ਼ੀ ਸੀ। ਜਯੋਤੀਰਮਯ ਖੋਰਾ ਨੇ ਨਿਆ ਦੀ ਲੜਾਈ ਜਾਰੀ ਰੱਖੀ ਸੀ ਅਤੇ ਵਿਸਥਾਪਤ ਪਰਿਵਾਰਾਂ ਦੇ ਮੈਂਬਰਾਂ ਨੂੰ ਘੱਟ ਤੋਂ ਘੱਟ ਐੱਚਏਐੱਲ ਵਿੱਚ ਨੌਕਰੀ ਦੇਣ ਦੀ ਮੰਗ ਕਰ ਰਹੇ ਸਨ।
ਇਸ ਕਹਾਣੀ ਦਾ ਵਿਸਤ੍ਰਿਤ ਵੇਰਵਾ, ਮੇਰੀ ਕਿਤਾਬ Everybody Loves a Good Drought ਵਿੱਚ ਦੋ ਭਾਗਾਂ ਵਿੱਚ ਪ੍ਰਕਾਸ਼ਤ ਹੋਇਆ ਹੈ, ਪਰ ਇਹ ਕਹਾਣੀ ਸਾਲ 1995 ਵਿੱਚ ਖ਼ਤਮ ਹੋ ਜਾਂਦੀ ਹੈ।
ਤਰਜਮਾ: ਕਮਲਜੀਤ ਕੌਰ