ਸਾਲ 2020 ਵਿੱਚ ਕਰੋਨਾ ਕਾਰਨ ਤਾਲਾਬੰਦੀ ਦਾ ਐਲਾਨ ਹੋ ਗਿਆ। ਪਿੰਡੋਂ ਖ਼ਬਰ ਆਈ ਕਿ ਮੇਰੇ ਦਾਦਾ ਜੀ ਡਿੱਗ ਗਏ ਸਨ ਅਤੇ ਉਨ੍ਹਾਂ ਦੀ ਲੱਤ ਟੁੱਟ ਗਈ ਸੀ। ਸਮੁਦਾਇਕ ਸਿਹਤ ਕੇਂਦਰ ਵਿਖੇ ਡਾਕਟਰ ਨਹੀਂ ਸੀ, ਨੇੜੇ-ਤੇੜੇ ਜਿੰਨੇ ਵੀ ਨਿੱਜੀ ਕਲੀਨਿਕ ਸਨ, ਕਰੋਨਾ ਕਾਰਨ ਬੰਦ ਪਏ ਸਨ। ਦਾਦਾ ਜੀ ਦੀ ਟੁੱਟੀ ਲੱਤ ਜਿਵੇਂ ਕਿਵੇਂ ਪਲੱਸਤਰ ਕਰਵਾ ਦਿੱਤੀ ਗਈ ਸੀ ਅਤੇ ਘਰੇ ਹੀ ਉਨ੍ਹਾਂ ਦੇ ਦੇਖਭਾਲ਼ ਕੀਤੀ ਜਾਣ ਲੱਗੀ। ਪਰ, ਕਦੇ ਚੜ੍ਹਦੇ ਬੁਖ਼ਾਰ ਤਾਂ ਕਦੇ ਲੱਤ ਵਿੱਚ ਹੁੰਦੀ ਅਸਹਿ ਪੀੜ੍ਹ ਨਾਲ਼ ਉਹ ਕੁਰਲ਼ਾ-ਕੁਰਲ਼ਾ ਪੈਂਦੇ। ਉਨ੍ਹਾਂ ਦਾ ਸਰੀਰ ਪਿੰਜਰ ਹੁੰਦਾ ਜਾਂਦਾ ਸੀ ਅਤੇ ਅੰਤ ਮਈ ਮਹੀਨੇ ਦੇ ਅਖ਼ੀਰਲੇ ਹਫ਼ਤੇ ਉਨ੍ਹਾਂ ਨੇ ਅਖ਼ੀਰਲਾ ਸਾਹ ਲਿਆ।
ਇਸ ਘਟਨਾ ਵੇਲ਼ੇ ਮੈਂ ਮੁੰਬਈ ਵਿੱਚ ਸਾਂ। ਅਚਾਨਕ ਸਾਰਾ ਕੁਝ ਠੱਪ ਪੈ ਜਾਣ ਕਾਰਨ ਲੋਕਾਂ ਦੀ ਜ਼ਿੰਦਗੀ ਵਿੱਚ ਤੂਫ਼ਾਨ ਜਿਹਾ ਆ ਗਿਆ ਸੀ। ਇੱਕ ਪਾਸੇ ਮਹਾਂਮਾਰੀ ਦਾ ਸਹਿਮ ਪੈਰ ਪਸਾਰੀ ਬੈਠਾ ਸੀ, ਦੂਸਰੇ ਪਾਸੇ ਸੜਕਾਂ 'ਤੇ ਪੁਲਿਸ ਦੇ ਡੰਡੇ ਖੜ੍ਹਕਦੇ ਸਨ। ਕੰਮਕਾਜ ਸਭ ਚੌਪਟ ਹੋਇਆ ਪਿਆ ਸੀ, ਪ੍ਰਵਾਸੀ ਮਜ਼ਦੂਰ ਵੀ ਆਪੋ-ਆਪਣੇ ਪਿੰਡਾਂ ਨੂੰ ਵਾਪਸ ਮੁੜਨ ਲੱਗੇ ਸਨ। ਮੈਂ ਮੁੰਬਈ ਵਿੱਚ ਹੀ ਰੁਕਿਆ ਰਿਹਾ, ਕਿਉਂਕਿ ਮੈਂ ਸਬਜ਼ੀ ਵੇਚਦਾ ਸਾਂ ਅਤੇ ਇਸ ਕੰਮ 'ਤੇ ਸਰਕਾਰੀ ਰੋਕ ਨਹੀਂ ਸੀ ਲੱਗੀ। ਪਰ, ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿਖੇ ਸਥਿਤ ਮੇਰੇ ਘਰੋਂ ਜਦੋਂ ਦਾਦਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਆਈ ਤਾਂ ਮੇਰੇ ਮਨ ਵਿੱਚ ਉੱਡ ਕੇ ਪਹੁੰਚ ਜਾਣ ਦੀ ਇੱਛਾ ਹੋਈ। ਉਨ੍ਹਾਂ ਨਾਲ਼ ਮੇਰਾ ਭਾਵਨਾਤਮਕ ਲਗਾਓ ਸੀ। ਇਸ ਤੋਂ ਇਲਾਵਾ, ਪਿੰਡ ਵਿੱਚ ਮਾਂ ਤੋਂ ਬਗੈ਼ਰ ਕੋਈ ਦੂਸਰਾ ਜ਼ਿੰਮੇਦਾਰ ਇਨਸਾਨ ਵੀ ਮੌਜੂਦ ਨਹੀਂ ਸੀ।
ਇਹ ਉਹ ਦੌਰ ਸੀ ਜਦੋਂ ਆਉਂਦੀਆਂ ਖ਼ਬਰਾਂ ਸਾਨੂੰ ਅੰਦਰੋਂ ਤੋੜ ਸੁੱਟਦੀਆਂ। ਕੁਝ ਮਜ਼ਦੂਰ ਪੈਦਲ ਆਪਣੇ ਘਰ ਵੱਲ ਜਾ ਰਹੇ ਸਨ ਅਤੇ ਰਾਤ ਦੀ ਥਕਾਵਟ ਲਾਹੁਣ ਦੇ ਮਾਰੇ ਟ੍ਰੇਨ ਦੀ ਪਟੜੀ 'ਤੇ ਹੀ ਸੌਂ ਗਏ ਸਨ। ਟ੍ਰੇਨ ਆਈ ਅਤੇ ਉਨ੍ਹਾਂ ਨੂੰ ਕੱਟਦੀ ਹੋਈ ਚਲੀ ਗਈ ਸੀ। ਕਿਤੇ ਕੋਈ ਮਾਂ ਭੁੱਖੇ ਢਿੱਡ ਆਪਣੇ ਦੁੱਧ-ਪੀਂਦੇ ਬੱਚੇ ਨੂੰ ਗੋਦੀ ਚੁੱਕੀ ਲਿਜਾ ਰਹੀ ਸੀ। ਮੈਂ ਦਾਦਾ ਜੀ ਦੀ ਮੌਤ ਤੋਂ ਬਾਅਦ ਆਪਣਾ ਸਮਾਨ ਬੰਨ੍ਹਿਆ ਅਤੇ ਟ੍ਰੇਨ ਦਾ ਪਤਾ ਲਾਉਣ ਲਈ ਮੁੰਬਈ ਦੇ ਅੰਧੇਰੀ (ਵੈਸਟ) ਦੇ ਨੇੜਲੇ ਥਾਣੇ ਗਿਆ। ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਇਲਾਹਾਬਾਦ ਜਾਣ ਵਾਲ਼ੀ ਟ੍ਰੇਨ ਹੀ ਨਹੀਂ ਚੱਲ ਰਹੀ ਹੈ। ਇਸੇ ਦਰਮਿਆਨ ਵਾਰਾਣਸੀ ਵਿੱਚ ਟ੍ਰੇਨ ਅੰਦਰੋਂ ਦੋ ਲਾਸ਼ਾਂ ਮਿਲ਼ਣ ਦੀ ਖ਼ਬਰ ਆਈ। ਇੱਕ ਟ੍ਰੇਨ ਜਿਹਨੇ ਜਾਣਾ ਤਾਂ ਉੱਤਰ ਪ੍ਰਦੇਸ਼ ਸੀ ਪਰ ਚਲੀ ਗਈ ਸੀ ਓੜੀਸਾ। ਆਪਣੇ ਪਿੰਡ ਪੁੱਜਣ ਵਾਸਤੇ ਮੈਂ ਇਲਾਹਾਬਾਦ (ਪ੍ਰਯਾਗਰਾਜ) ਤੋਂ ਵੀ 70 ਕਿਲੋਮੀਟਰ ਅੱਗੇ ਜਾਣਾ ਸੀ, ਇਸਲਈ ਇਨ੍ਹਾਂ ਖ਼ਬਰਾਂ ਨੇ ਮੇਰੀ ਟੁੱਟੀ ਹਿੰਮਤ ਨੂੰ ਹੋਰ ਤੋੜ ਸੁੱਟਿਆ। ਕੋਈ ਟੈਕਸੀ ਬੁੱਕ ਕਰਕੇ ਜਾਣਾ ਚਾਹੁੰਦਾ ਤਾਂ ਜਾ ਸਕਦਾ ਸੀ ਪਰ 40,000-50,000 ਰੁਪਏ ਕੌਣ ਚੁਕਾਉਂਦਾ? ਪਰ ਮੇਰੇ ਲਈ ਇਹ ਸੰਭਵ ਹੀ ਨਹੀਂ ਸੀ, ਇਸਲਈ ਮੈਂ ਪਿੰਡ ਜਾਣ ਦਾ ਇਰਾਦਾ ਹੀ ਛੱਡ ਦਿੱਤਾ... ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ।























