ਤੁਸੀਂ ਲੇਟ ਹੋ ਗਏ ਹੋ। ''ਗਣਪਤੀ ਬਾਲਾ ਯਾਦਵ ਤੁਹਾਨੂੰ ਮਿਲ਼ਣ ਲਈ ਆਪਣੇ ਪਿੰਡੋਂ ਪਹਿਲਾਂ ਹੀ ਦੋ ਵਾਰ ਗੇੜੀ ਮਾਰ ਚੁੱਕੇ ਹਨ,'' ਸ਼ਿਰਗਾਓਂ ਵਿੱਚ ਸਾਡੇ ਇੱਕ ਪੱਤਰਕਾਰ ਦੋਸਤ ਸੰਪਤ ਮੋਰੇ ਨੇ ਦੱਸਿਆ। ''ਉਹ ਦੋਵੇਂ ਵਾਰ ਹੀ ਆਪਣੇ ਪਿੰਡ, ਰਾਮਪੁਰ ਵਾਪਸ ਪਰਤ ਗਏ। ਹੁਣ ਤੁਹਾਡੇ ਆਉਣ ਦੀ ਖ਼ਬਰ ਮਿਲ਼ਣ 'ਤੇ ਉਹ ਤੀਸਰੀ ਵਾਰ ਆਉਣਗੇ।'' ਦੋਵਾਂ ਪਿੰਡਾਂ ਵਿਚਲੀ ਦੂਰੀ ਪੰਜ ਕਿਲੋਮੀਟਰ ਹੈ ਅਤੇ ਗਣਪਤੀ ਯਾਦਵ ਸਾਈਕਲ ਰਾਹੀਂ ਇਹ ਦੂਰੀ ਤੈਅ ਕਰਦੇ ਹਨ। ਗਰਮੀ ਭਰੇ ਅੱਧ ਮਈ ਦੇ ਲੂੰਹਦੇ ਦਿਨ ਤਿੰਨ ਚੱਕਰ ਲਾਉਣ ਦਾ ਮਤਲਬ ਹੋਇਆ 30 ਕਿ.ਮੀ ਦਾ ਪੈਂਡਾ ਕਰਨ ਖਾਤਰ ਘੱਟੇ ਭਰੀ 'ਸੜਕ' 'ਤੇ ਰਹਿਣਾ ਅਤੇ ਪੰਝੀ ਸਾਲ ਪੁਰਾਣੀ ਸਾਈਕਲ ਦੇ ਅਣਗਿਣਤ ਪੈਂਡਲ ਮਾਰਨੇ। ਇੰਨਾ ਹੀ ਨਹੀਂ ਸਾਈਕਲ ਭਾਵੇਂ ਪੰਝੀ ਸਾਲ ਦਾ ਹੈ ਪਰ ਸਾਈਕਲ ਚਾਲਕ ਪੂਰੇ 97 ਸਾਲਾਂ ਦਾ।

ਮਹਾਰਾਸ਼ਟਰ ਦੇ ਸਾਂਗਲੀ ਜਿਲ੍ਹੇ ਦੇ ਕਾਡੇਗਾਓਂ ਬਲਾਕ ਦੇ ਸ਼ਿਰਗਾਓਂ ਵਿੱਚ, ਜਿਓਂ ਹੀ ਅਸੀਂ ਮੋਰੇ ਦੇ ਦਾਦਾ ਦੇ ਘਰ ਦੁਪਹਿਰ ਦਾ ਭੋਜਨ ਕਰਨ ਜਾ ਰਹੇ ਸਾਂ, ਉਵੇਂ ਹੀ ਗਣਪਤੀ ਬਾਲਾ ਯਾਦਵ ਆਪਣੀ ਅਲਬੇਲੇ ਸਾਈਕਲ 'ਤੇ ਸਵਾਰ ਹੋ ਪਹੁੰਚੇ। ਮੈਂ ਜਦੋਂ ਇਹ ਕਹਿੰਦਿਆਂ ਮੁਆਫੀ ਮੰਗੀ ਕਿ ਮੇਰੇ ਕਰਕੇ ਤੁਹਾਨੂੰ ਸਿਖਰ ਧੁੱਪੇ ਕਈ ਚੱਕਰ ਲਾਉਣੇ ਪਏ ਤਾਂ ਉਹ ਖਿਸਿਆ ਗਏ। ''ਕੋਈ ਗੱਲ ਨਹੀਂ,'' ਉਨ੍ਹਾਂ ਨੇ ਮਸਾਂ-ਸੁਣੀਂਦੇ ਸੁਰ ਅਤੇ ਸਾਫ਼ਗੋਅ ਮੁਸਕਾਨ ਨਾਲ਼ ਕਿਹਾ। ''ਮੈਂ ਕੱਲ੍ਹ ਦੁਪਹਿਰ ਵਿਆਹ 'ਚ ਸ਼ਰੀਕ ਹੋਣ ਵੀਟਾ ਗਿਆ ਸਾਂ। ਉੱਥੇ ਵੀ ਮੈਂ ਸਾਈਕਲ 'ਤੇ ਹੀ ਗਿਆ ਸਾਂ। ਬੱਸ ਮੈਂ ਇਸੇ ਤਰ੍ਹਾਂ ਘੁੰਮਦਾ ਰਹਿੰਦਾ ਹਾਂ।'' ਰਾਮਪੁਰ ਤੋਂ ਵੀਟਾ ਆਉਣ-ਜਾਣ ਦਾ ਮਤਲਬ ਹੈ 40 ਕਿਲੋਮੀਟਰ ਦਾ ਪੈਂਡਾ ਅਤੇ ਕੱਲ੍ਹ ਤਾਂ ਤਾਪਮਾਨ ਵੀ 40 ਸੈਲਸੀਅਸ ਵਿਚਾਲੇ ਅੱਪੜ ਗਿਆ ਸੀ।

''ਇੱਕ ਜਾਂ ਦੋ ਸਾਲ ਪਹਿਲਾਂ, ਉਹ ਪਾਂਡਰਪੁਰ ਤੱਕ ਇਸੇ ਤਰ੍ਹਾਂ ਗਏ ਅਤੇ ਆਏ ਸਨ, ਕਰੀਬ 150 ਕਿਲੋਮੀਟਰ,'' ਸੰਪਤ ਮੋਰੇ ਕਹਿੰਦੇ ਹਨ। ''ਹੁਣ ਉਹ ਇੰਨੀ ਦੂਰੀ ਤੈਅ ਨਹੀਂ ਕਰਦੇ।''

ਉਨ੍ਹਾਂ ਦੀ ਨਿਯਮਤ ਭੂਮਿਕਾ ਇੱਕ ਕੋਰੀਅਰ (ਹਰਕਾਰੇ) ਦੀ ਸੀ। ਪਰ ਗਣਪਤੀ ਬਾਲਾ ਯਾਦਵ ਉਨ੍ਹਾਂ ਟੀਮਾਂ ਦਾ ਵੀ ਹਿੱਸਾ ਸਨ, ਜਿਨ੍ਹਾਂ ਨੇ ਜੂਨ 1943 ਵਿੱਚ ਸਤਾਰਾ ਦੇ ਸ਼ੇਨੋਲੀ ਵਿਖੇ ਰੇਲ ਰੋਕ ਕੇ ਲੁੱਟਣ ਦੀ ਮਹਾਨ ਘਟਨਾ ਨੂੰ ਨੇਪਰੇ ਚਾੜ੍ਹਿਆ ਸੀ।

ਵੀਡਿਓ ਦੇਖੋ : ਗਣਪਤੀ ਯਾਦਵ ਬਤੌਰ ਇਨਕਲਾਬੀ ਆਪਣੀ ਅਲੋਕਾਰ ਭੂਮਿਕਾ ਚੇਤੇ ਕਰਦੇ ਹਨ

1920 ਵਿੱਚ ਪੈਦਾ ਹੋਏ ਗਣਪਤੀ ਯਾਦਵ, ਤੂਫਾਨ ਸੈਨਾ ਦੇ ਇੱਕ ਅਜ਼ਾਦੀ ਘੁਲਾਟੀਏ ਸਨ। ਇਹ ਸਤਾਰਾ, ਮਹਾਰਾਸ਼ਟਰ ਦੀ ਪ੍ਰਤੀ ਸਰਕਾਰ ਜਾਂ ਆਰਜ਼ੀ, ਭੂਮੀਗਤ ਸਰਕਾਰ ਦਾ ਹਥਿਆਰਬੰਦ ਭਾਗ ਸੀ, ਜਿਹਨੇ 1943 ਵਿੱਚ ਬ੍ਰਿਟਿਸ਼ ਸ਼ਾਸਨ ਪਾਸੋਂ ਅਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਪ੍ਰਤੀ ਸਰਕਾਰ ਦੇ ਕਾਬੂ ਵਿੱਚ ਲਗਭਗ 600 (ਜਾਂ ਉਸ ਤੋਂ ਵੱਧ) ਪਿੰਡ ਸਨ। ਉਨ੍ਹਾਂ ਨੇ ਰਾਜ ਦੇ ਖਿਲਾਫ਼ ਤੂਫਾਨ ਸੈਨਾ ਦੇ ਵਿਦਰੋਹ ਵਿੱਚ ਹਿੱਸਾ ਲਿਆ ਸੀ। ''ਮੈਂ ਜਿਆਦਾਤਰ ਹਰਕਾਰੇ ਦਾ ਕੰਮ ਕਰਦਾ ਸਾਂ, ਜੰਗਲਾਂ ਵਿੱਚ ਲੁਕੇ ਇਨਕਲਾਬੀਆਂ ਨੂੰ ਸੁਨੇਹੇ ਅਤੇ ਭੋਜਨ ਪਹੁੰਚਾਉਂਦਾ ਸਾਂ,'' ਉਹ ਦੱਸਦੇ ਹਨ। ਉਨ੍ਹਾਂ ਵਿੱਚੋਂ ਬਹੁਤੇਰੀਆਂ ਲੰਬੀਆਂ, ਖ਼ਤਰਨਾਕ ਦੂਰੀਆਂ ਮੈਂ ਪੈਦਲ ਤੁਰ ਕੇ ਤੈਅ ਕੀਤੀਆਂ; ਬਾਅਦ ਵਿੱਚ, ਸਾਈਕਲ ਰਾਹੀਂ ਉਨ੍ਹਾਂ ਥਾਵਾਂ 'ਤੇ ਜਾਂਦਾ ਰਿਹਾ।

ਗਣਪਤੀ ਯਾਦਵ ਪਹਿਲਾਂ ਵੀ ਇੱਕ ਸਰਗਰਮ ਕਿਸਾਨ ਸਨ ਅਤੇ ਹਾਲੇ ਵੀ ਹਨ। ਹਾਲ ਹੀ ਦੇ ਰਬੀ ਮੌਸਮ ਵਿੱਚ, ਉਨ੍ਹਾਂ ਨੇ ਅੱਧੇ ਏਕੜ ਵਿੱਚ 45 ਟਨ ਕਮਾਦ ਦੀ ਕਾਸ਼ਤ ਕੀਤੀ। ਕਿਸੇ ਜ਼ਮਾਨੇ ਵਿੱਚ ਉਨ੍ਹਾਂ ਕੋਲ਼ ਕਰੀਬ 20 ਏਕੜ ਜ਼ਮੀਨ ਹੋਇਆ ਕਰਦੀ ਸੀ, ਪਰ ਬੜੀ ਪਹਿਲਾਂ ਉਨ੍ਹਾਂ ਨੇ ਆਪਣੇ ਬੱਚਿਆਂ ਵਿੱਚ ਜ਼ਮੀਨ ਵੰਡ ਦਿੱਤੀ। ਜਿਸ ਥਾਂ ਉਹ ਰਹਿੰਦੇ ਹਨ ਉੱਥੇ ਉਨ੍ਹਾਂ ਦੇ ਪੁੱਤਰਾਂ ਨੇ ਉਸੇ ਜ਼ਮੀਨ 'ਤੇ ਚੰਗੇ ਘਰ ਉਸਾਰ ਲਏ ਹਨ। ਪਰ ਗਣਪਤੀ ਯਾਦਵ ਅਤੇ ਉਨ੍ਹਾਂ ਦੀ 85 ਸਾਲਾ ਪਤਨੀ, ਜੋ ਹਾਲੇ ਵੀ ਇੱਕ ਗ੍ਰਹਿਣੀ ਹਨ ਅਤੇ ਹਰ ਦਿਨ ਖਾਣਾ ਪਕਾਉਂਦੀ ਅਤੇ ਸਫਾਈ ਕਰਦੀ ਹਨ- ਨੂੰ ਇੱਕੋ (ਕੇਂਦਰੀ) ਕਮਰੇ ਵਾਲ਼ੇ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। ਅਸੀਂ ਜਦੋਂ ਉੱਥੇ ਪਹੁੰਚੇ ਤਾਂ ਵਤਸਲਾ ਪਿੰਡ ਤੋਂ ਕਿਤੇ ਬਾਹਰ ਗਈ ਹੋਈ ਸਨ।

ਗਣਪਤੀ ਯਾਦਵ ਦੇ ਨਿਮਰ ਜੀਵਨ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਅਜ਼ਾਦੀ ਅੰਦੋਲਨ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਬਹੁਤ ਬਾਅਦ ਵਿੱਚ ਪਤਾ ਲੱਗਿਆ। ਉਨ੍ਹਾਂ ਦਾ ਵੱਡਾ ਬੇਟਾ, ਨਿਵਰੂੱਤੀ, ਖੇਤ ਵਿੱਚ ਕੰਮ ਕਰਦਿਆਂ ਵੱਡਾ ਹੋਇਆ ਪਰ 13 ਸਾਲ ਦੀ ਉਮਰੇ ਉਹਨੇ ਪਹਿਲਾਂ ਇਰੋਡ ਅਤੇ ਫਿਰ ਤਮਿਲਨਾਡੂ ਦੇ ਕੋਯੰਬਟੂਰ ਵਿੱਚ ਸੁਨਿਆਰੇ ਦਾ ਕੰਮ ਸਿੱਖਿਆ। ''ਮੈਂ ਅਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਕੁਝ ਨਹੀਂ ਜਾਣਦਾ ਸਾਂ,'' ਉਹ ਦੱਸਦੇ ਹਨ। ''ਮੈਨੂੰ ਇਸ ਬਾਰੇ ਪਹਿਲੀ ਵਾਰ ਉਦੋਂ ਪਤਾ ਚੱਲਿਆ ਜਦੋਂ ਜੀ.ਡੀ. ਬਾਪੂ ਲਾਡ ( ਪ੍ਰਤੀ ਸਰਕਾਰ ਦੇ ਮਹਾਨ ਨੇਤਾ) ਨੇ ਮੈਨੂੰ ਪੁੱਛਿਆ ਕਿ ਕੀ ਮੈਂ ਆਪਣੇ ਪਿਤਾ ਦੀ ਦਲੇਰੀ ਬਾਰੇ ਕੁਝ ਜਾਣਦਾ ਹਾਂ।'' ਗਣਪਤੀ ਯਾਦਵ ਕਹਿੰਦੇ ਹਨ ਕਿ ਬਾਪੂ ਲਾਡ ਉਨ੍ਹਾਂ ਦੇ ਗੁਰੂ ਅਤੇ ਮਾਰਗਦਰਸ਼ਕ ਸਨ। ''ਉਨ੍ਹਾਂ ਨੇ ਮੇਰੇ ਲਈ ਇੱਕ ਵਹੁਟੀ ਲੱਭੀ ਅਤੇ ਸਾਡਾ ਵਿਆਹ ਕਰਵਾਇਆ,'' ਉਹ ਚੇਤੇ ਕਰਦੇ ਹੋਏ ਦੱਸਦੇ ਹਨ। ''ਬਾਅਦ ਵਿੱਚ, ਮੈਂ ਉਨ੍ਹਾਂ ਦੇ ਨਾਲ਼ ਸ਼ੇਤਕਾਰੀ ਕਾਮਗਾਰ ਪੱਕਸ਼ (ਭਾਰਤੀ ਕਿਰਸਾਨ ਅਤੇ ਮਜ਼ਦੂਰ ਪਾਰਟੀ) ਵਿੱਚ ਸ਼ਾਮਲ ਹੋ ਗਿਆ। ਅਸੀਂ ਉਨ੍ਹਾਂ ਦੇ ਅੰਤਮ ਦਿਨਾਂ ਤੱਕ ਨਾਲ਼ ਰਹੇ।''

''ਜਦੋਂ ਮੈਂ 7ਵੀਂ ਜਮਾਤ ਵਿੱਚ ਸਾਂ, ਤਾਂ ਮੇਰੇ ਦੋਸਤ ਦੇ ਪਿਤਾ ਨੇ ਮੈਨੂੰ ਉਨ੍ਹਾਂ ਦੀ ਦਲੇਰੀ ਬਾਰੇ ਦੱਸਿਆ ਸੀ,'' ਉਨ੍ਹਾਂ ਦੇ ਦੂਸਰੇ ਬੇਟੇ, ਮਹਾਦੇਵ ਦੱਸਦੇ ਹਨ। ''ਉਸ ਸਮੇਂ, ਮੈਂ ਇਹੀ ਕਹਿੰਦਾ ਸਾਂ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਸੇ ਅੰਗਰੇਜ਼ ਸਿਪਾਹੀ ਜਾਂ ਪੁਲਿਸ ਨੂੰ ਨਹੀਂ ਮਾਰਿਆ। ਬਾਅਦ ਕਿਤੇ ਜਾ ਕੇ ਪਤਾ ਚੱਲਿਆ ਕਿ ਉਨ੍ਹਾਂ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਸੀ।''

Ganpati Bala Yadav and family
PHOTO • P. Sainath

ਗਣਪਤੀ ਯਾਦਵ ਆਪਣੇ ਪੋਤੇ-ਪੋਤੀਆਂ ਅਤੇ ਪਰਿਵਾਰ ਦੇ ਹੋਰਨਾਂ ਜੀਆਂ ਦੇ ਨਾਲ਼, ਜਿਨ੍ਹਾਂ ਵਿੱਚ ਉਨ੍ਹਾਂ ਦੇ ਪੁੱਤਰ ਨਿਵਰੁੱਤੀ (ਪਿੱਛੇ ਖੱਬੇ ਪਾਸੇ), ਚੰਦਰਕਾਂਤ (ਸਾਹਮਣੇ ਸੱਜੇ ਪਾਸੇ) ਅਤੇ ਮਹਾਦੇਵ (ਸਾਹਮਣੇ ਖੱਬੇ ਪਾਸੇ, ਐਨਕ ਪਾਈ) ਬੈਠੇ ਹੋਏ ਹਨ

ਉਨ੍ਹਾਂ ਦੀ ਰੇਗੂਲਰ ਭੂਮਿਕਾ ਇੱਕ ਹਰਕਾਰੇ ਦੀ ਸੀ। ਪਰ ਗਣਪਤੀ ਬਾਲਾ ਯਾਦਵ ਉਨ੍ਹਾਂ ਟੀਮਾਂ ਦਾ ਵੀ ਹਿੱਸਾ ਸਨ, ਜਿਨ੍ਹਾਂ ਨੇ ਜੂਨ 1943 ਵਿੱਚ ਬਾਪੂ ਲਾਡ ਅਤੇ ਤੂਫਾਨ ਸੈਨਾ ਦੇ ਮੋਢੀ 'ਕੈਪਟਨ ਭਾਊ' ਦੀ ਅਗਵਾਈ ਵਿੱਚ, ਸਤਾਰਾ ਦੇ ਸ਼ੇਨੋਲੀ ਵਿੱਖੇ ਰੇਲ ਲੁੱਟਣ ਦੀ ਮਹਾਨ ਘਟਨਾ ਨੂੰ ਨੇਪਰੇ ਚਾੜ੍ਹਿਆ।

''ਰੇਲ 'ਤੇ ਹਮਲਾ ਕਰਨ ਤੋਂ ਸਿਰਫ਼ ਚਾਰ ਦਿਨ ਪਹਿਲਾਂ, ਸਾਨੂੰ ਦੱਸਿਆ ਗਿਆ ਕਿ ਅਸੀਂ ਪਟੜੀਆਂ 'ਤੇ ਪੱਥਰਾਂ ਦੇ ਢੇਰ ਲਾਉਣੇ ਹਨ।''

ਕੀ ਹਮਲਾ ਕਰਨ ਵਾਲ਼ੇ ਦਲ ਨੂੰ ਪਤਾ ਸੀ ਕਿ ਇਹ ਰੇਲਗੱਡੀ ਅੰਗਰੇਜ਼ਾਂ (ਬੰਬੇ ਪ੍ਰੈਜੀਡੈਂਸੀ) ਦੀ ਤਨਖਾਹ ਲੈ ਜਾਣ ਵਾਲ਼ੀ ਸੀ? ''ਸਾਡੇ ਲੀਡਰਾਂ ਨੂੰ ਇਸ ਬਾਰੇ ਪਤਾ ਸੀ। ਜੋ ਲੋਕ (ਰੇਲਵੇ ਅਤੇ ਸਰਕਾਰ ਵਿੱਚ) ਕੰਮ ਕਰ ਰਹੇ ਸਨ, ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਸੀ। ਪਰ ਸਾਨੂੰ ਉਦੋਂ ਪਤਾ ਚੱਲਿਆ ਜਦੋਂ ਅਸੀਂ ਰੇਲ ਲੁੱਟਣੀ ਸ਼ੁਰੂ ਕੀਤੀ।''

ਅਤੇ ਉਹ ਕਿੰਨੇ ਹਮਲਾਵਰ ਸਨ?

''ਉਸ ਸਮੇਂ ਕੌਣ ਗਿਣਤੀ ਕਰਦਾ? ਕੁਝ ਹੀ ਮਿੰਟਾਂ ਵਿੱਚ, ਅਸੀਂ ਪਟੜੀਆਂ 'ਤੇ ਚੱਟਾਨਾਂ ਅਤੇ ਪੱਥਰਾਂ ਦੇ ਢੇਰ ਲਾ ਦਿੱਤੇ, ਜੋ ਅਸੀਂ ਉੱਥੇ ਪਹਿਲਾਂ ਹੀ ਜਮ੍ਹਾ ਕਰ ਚੁੱਕੇ ਸਾਂ। ਫਿਰ ਜਦੋਂ ਰੇਲ ਰੁਕੀ ਤਾਂ ਅਸੀਂ ਉਹਨੂੰ ਚੁਫੇਰਿਓਂ ਘੇਰ ਲਿਆ। ਜਦੋਂ ਅਸੀਂ ਰੇਲ ਨੂੰ ਲੁੱਟ ਰਹੇ ਸਾਂ, ਤਾਂ ਅੰਦਰ ਬੈਠੇ ਵਿਅਕਤੀਆਂ ਵਿੱਚੋਂ ਨਾ ਤਾਂ ਕੋਈ ਹਿੱਲਿਆ ਅਤੇ ਨਾ ਹੀ ਕਿਸੇ ਨੇ ਕੋਈ ਵਿਰੋਧ ਹੀ ਕੀਤਾ। ਕ੍ਰਿਪਾ ਚੇਤੇ ਰੱਖਣਾ ਕਿ ਅਸੀਂ ਇਹ ਸਭ ਰਾਜ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਸੀ ਨਾ ਕਿ ਪੈਸੇ ਲਈ।''

ਅਜਿਹੀਆਂ ਲੜਾਕੂ ਕਾਰਵਾਈਆਂ ਤੋਂ ਛੁੱਟ, ਗਣਪਤੀ ਬਾਲਾ ਯਾਦਵ ਦੀ ਭੂਮਿਕਾ ਬੜੀ ਪੇਚੀਦਾ ਸੀ। ''ਮੈਂ (ਜੰਗਲ ਵਿੱਚ ਲੁਕੇ) ਆਪਣੇ ਲੀਡਰਾਂ ਨੂੰ ਖਾਣਾ ਪਹੁੰਚਾਇਆ। ਮੈਂ ਉਨ੍ਹਾਂ ਨੂੰ ਰਾਤ ਵੇਲ਼ੇ ਮਿਲ਼ਣ ਜਾਂਦਾ। ਆਮ ਤੌਰ 'ਤੇ ਲੀਡਰ ਦੇ ਨਾਲ਼ 10-20 ਜਣੇ ਰਿਹਾ ਕਰਦੇ ਸਨ। ਬ੍ਰਿਟਿਸ਼ ਰਾਜ ਨੇ ਇਨ੍ਹਾਂ ਭੂਮੀਗਤ ਸੈਨਾਨੀਆਂ ਨੂੰ ਦੇਖਦਿਆਂ ਹੀ ਫੁੰਡਣ ਦਾ ਹੁਕਮ ਜਾਰੀ ਕਰ ਰੱਖਿਆ ਸੀ। ਸਾਨੂੰ ਉਨ੍ਹਾਂ ਤੱਕ ਪਹੁੰਚਣ ਲਈ ਲੁਕ ਕੇ ਅਤੇ ਲੰਬੇ, ਬੀਹੜ ਰਸਤਿਆਂ ਥਾਣੀ ਜਾਣਾ ਪੈਂਦਾ ਸੀ। ਨਹੀਂ ਤਾਂ ਪੁਲਿਸ ਵਾਲੇ ਸਾਨੂੰ ਗੋਲ਼ੀ ਮਾਰ ਸਕਦੇ ਸਨ।''

Ganpati Bala Yadav on his cycle
PHOTO • P. Sainath

' ਇੱਕ ਜਾਂ ਦੋ ਸਾਲ ਪਹਿਲਾਂ, ਉਹ ਪਾਂਡਰਪੁਰ ਤੱਕ ਗਏ ਅਤੇ ਆਏ, ਕਰੀਬ 150 ਕਿਲੋਮੀਟਰ... ' ਅੱਜ ਵੀ ਕਦੇ-ਕਦਾਈਂ ਉਹ ਐਵੇਂ ਹੀ ਕਈ ਕਿਲੋਮੀਟਰ ਸਾਈਕਲ ਚਲਾਉਂਦੇ ਹਨ

''ਅਸੀਂ ਆਪਣੇ ਪਿੰਡਾਂ ਵਿੱਚ ਰਹਿੰਦੇ ਪੁਲਿਸ ਦੇ ਟੱਟੂਆਂ ਨੂੰ ਵੀ ਸਜਾ ਦਿੱਤੀ,'' ਗਣਪਤੀ ਯਾਦਵ ਕਹਿੰਦੇ ਹਨ। ਅਤੇ ਖੁੱਲ੍ਹ ਕੇ ਦੱਸਣ ਲੱਗੇ ਕਿ ਪ੍ਰਤੀ ਸਰਕਾਰ ਜਾਂ ਆਰਜ਼ੀ ਸਰਕਾਰ ਦਾ ਨਾਂ ' ਪ੍ਰਤੀ ਸਰਕਾਰ ' ਕਿਵੇਂ ਪਿਆ। ਮਰਾਠੀ ਸ਼ਬਦ ਪ੍ਰਤੀ ਦਾ ਮਤਲਬ (ਉਸ ਸੰਦਰਭ ਵਿੱਚ) ਹੈ ਡੰਡਾ। ''ਸਾਨੂੰ ਜਦੋਂ ਇਨ੍ਹਾਂ ਪੁਲਿਸ ਟੱਟੂਆਂ ਵਿੱਚੋਂ ਇੱਕ ਦਾ ਪਤਾ ਚੱਲਿਆ, ਤਾਂ ਅਸੀਂ ਰਾਤ ਵਿੱਚ ਉਹਦੇ ਘਰ ਨੂੰ ਚੁਫੇਰਿਓਂ ਘੇਰਿਆ। ਅਸੀਂ ਹਰ ਉਸ ਟੱਟੂ ਅਤੇ ਉਹਦੇ ਇੱਕ ਸਹਿਯੋਗੀ ਨੂੰ ਪਿੰਡੋਂ ਬਾਹਰ ਲੈ ਜਾਂਦੇ।

''ਉਸ ਟੱਟੂ ਦੇ ਗਿੱਟਿਆਂ ਦੇ ਵਿਚਕਾਰ ਕਰਕੇ ਲੱਕੜ ਦਾ ਡੰਡਾ ਰੱਖਕੇ ਉਹਨੂੰ ਬੰਨ੍ਹ ਦਿੰਦੇ। ਉਸ ਤੋਂ ਬਾਦ ਉਹਨੂੰ ਉਲਟਾ ਲਮਕਾ ਕੇ ਡੰਡਿਆਂ ਨਾਲ਼ ਉਹਦੇ ਪੈਰਾਂ ਦੇ ਤਲ਼ਿਆਂ 'ਤੇ ਡੰਡੇ ਮਾਰੇ ਜਾਂਦੇ। ਅਸੀਂ ਉਹਦੇ ਸਰੀਰ ਦੇ ਹੋਰ ਕਿਸੇ ਹਿੱਸੇ ਨੂੰ ਨਾ ਛੂੰਹਦੇ। ਸਿਰਫ਼ ਤਲ਼ਿਆਂ 'ਤੇ ਹੀ ਮਾਰਦੇ ਸਾਂ। ਉਹ ਕਈ ਦਿਨਾਂ ਤੱਕ ਤੁਰ ਵੀ ਨਾ ਪਾਉਂਦਾ।''  ਕਿੰਨਾ ਨਿਰਾਸ਼ਾਜਨਕ। ਸੋ ਇਸੇ ਤਰ੍ਹਾਂ ਪ੍ਰਤੀ ਸਰਕਾਰ ਦਾ ਇਹ ਨਾਂ ਪਿਆ। ''ਉਹਦੇ ਬਾਅਦ ਅਸੀਂ ਉਹਨੂੰ ਉਹਦੇ ਸਹਿਯੋਗੀ ਦੀ ਪਿੱਠ 'ਤੇ ਲੱਦ ਦਿੰਦੇ ਜੋ ਉਹਨੂੰ ਉਹਦੇ ਘਰੇ ਲਿਜਾਂਦਾ।

''ਅਸੀਂ ਬੇਲਾਵੜੇ, ਨੇਵਾਰੀ ਅਤੇ ਤਡਸਰ ਵਰਗੇ ਪਿੰਡਾਂ ਵਿਚਲੇ ਟੱਟੂਆਂ ਨੂੰ ਵੀ ਸਜਾ ਦਿੱਤੀ। ਨਾਨਾਸਾਹਬ ਨਾਮ ਦਾ ਇੱਕ ਟੱਟੂ, ਤਡਸਰ ਪਿੰਡ ਵਿੱਚ ਵੱਡੇ ਸਾਰੇ ਬੰਗਲੇ ਵਿੱਚ ਰਹਿੰਦਾ ਸੀ, ਜਿਸ ਵਿੱਚ ਅਸੀਂ ਇੱਕ ਰਾਤ ਸੰਨ੍ਹ ਲਾਈ। ਅਸੀਂ ਦੇਖਿਆ ਸਿਰਫ਼ ਦੋ ਔਰਤਾਂ ਇਕੱਠੀਆਂ ਸੌਂ ਰਹੀਆਂ ਸਨ। ਫਿਰ ਅਸੀਂ ਇੱਕ ਕੋਨੇ ਵਿੱਚ ਮੂੰਹ ਢੱਕੀ ਸੁੱਤੀ ਔਰਤ ਨੂੰ ਦੇਖਿਆ। ਉਹ ਔਰਤ ਅਲੱਗ ਕਿਉਂ ਸੌਂ ਰਹੀ ਸੀ? ਇਹ ਉਹੀ ਸੀ ਅਤੇ ਅਸੀਂ ਉਹਨੂੰ ਚਾਦਰ ਸਣੇ ਚੁੱਕ ਲਿਆਂਦਾ।''

ਨਾਨਾ ਪਾਟਿਲ (ਆਰਜ਼ੀ ਸਰਕਾਰ ਦੇ ਮੁਖੀਆ) ਅਤੇ ਬਾਪੂ ਲਾਡ ਉਨ੍ਹਾਂ ਦੇ ਨਾਇਕ ਸਨ। ''ਨਾਨਾ ਪਾਟਿਲ ਕਿੰਨੇ ਸ਼ਾਨਦਾਰ ਆਦਮੀ ਸਨ, ਲੰਬੇ, ਚੌੜੇ ਜੁੱਸੇ ਵਾਲ਼ੇ ਅਤੇ ਬੇਖੌਫ਼। ਕਿੰਨਾ ਪ੍ਰੇਰਣਾਦਾਇਕ ਭਾਸ਼ਣ ਦਿੰਦੇ ਸਨ! ਉਨ੍ਹਾਂ ਨੂੰ ਅਕਸਰ ਇੱਥੋਂ ਦੇ ਵੱਡੇ (ਰਸੂਖ਼ਵਾਨ) ਲੋਕਾਂ ਦੁਆਰਾ ਸੱਦਿਆ ਜਾਂਦਾ ਸੀ, ਪਰ ਛੋਟੇ ਘਰਾਂ ਵਿੱਚ ਹੀ ਜਾਂਦੇ ਸਨ। ਉਨ੍ਹਾਂ ਵੱਡੇ ਲੋਕਾਂ ਵਿੱਚੋਂ ਹੀ ਤਾਂ ਕੁਝ ਅੰਗਰੇਜ਼ਾਂ ਦੇ ਟੱਟੂ ਸਨ।'' ਲੀਡਰਾਂ ਨੇ ''ਸਾਨੂੰ ਸਰਕਾਰ ਤੋਂ ਨਾ ਡਰਨ ਲਈ ਕਿਹਾ; ਕਿ ਜੇਕਰ ਅਸੀਂ ਇਕੱਠੇ ਹੋ ਕੇ ਭਾਰੀ ਗਿਣਤੀ ਵਿੱਚ ਸੰਘਰਸ਼ ਵਿੱਚ ਸ਼ਾਮਲ ਹੋ ਗਏ ਤਾਂ ਅਸੀਂ ਖੁਦ ਨੂੰ ਬ੍ਰਿਟਿਸ਼ਾਂ ਤੋਂ ਅਜ਼ਾਦ ਕਰ ਸਕਦੇ ਹਾਂ।'' ਗਣਪਤੀ ਯਾਦਵ ਅਤੇ ਇਸ ਪਿੰਡ ਦੇ ਲਗਭਗ 100-150 ਹੋਰ ਲੋਕੀਂ ਵੀ ਤੂਫਾਨ ਸੈਨਾ ਵਿੱਚ ਸ਼ਾਮਲ ਹੋ ਗਏ।

Ganpati Bala Yadav
PHOTO • P. Sainath
Vatsala Yadav
PHOTO • P. Sainath

ਗਣਪਤੀ ਯਾਦਵ ਅਤੇ ਉਨ੍ਹਾਂ ਦੀ 85 ਸਾਲਾ ਪਤਨੀ ਵਤਸਲਾ- ਇੱਕ ਗ੍ਰਹਿਣੀ ਜੋ ਅੱਜ ਵੀ ਰੋਜਾਨਾ ਖਾਣਾ ਪਕਾਉਂਦੀ ਅਤੇ ਸਫਾਈ ਕਰਦੀ ਹਨ- ਦੋਵੇਂ ਪਤੀ-ਪਤਨੀ ਇੱਕ ਪੁਰਾਣੇ ਘਰ ਵਿੱਚ ਰਹਿੰਦੇ ਹਨ

ਉਸ ਸਮੇਂ ਵੀ, ਉਨ੍ਹਾਂ ਨੇ ਮਹਾਤਮਾ ਗਾਂਧੀ ਬਾਰੇ ਸੁਣਿਆ ਸੀ, ਹਾਲਾਂਕਿ, ''ਮੈਨੂੰ ਕਦੇ ਉਨ੍ਹਾਂ ਨੂੰ ਦੇਖਣ ਦਾ ਮੌਕਾ ਨਹੀਂ ਮਿਲ਼ਿਆ। ਮੈਂ ਵਾਰ ਜਵਾਹਰਲਾਲ ਨਹਿਰੂ ਨੂੰ ਜ਼ਰੂਰ ਦੇਖਿਆ ਸੀ, ਜਦੋਂ (ਉਦਯੋਗਪਤੀ) ਐੱਸ.ਐੱਲ. ਕਿਰੋਲਸਕਰ ਉਨ੍ਹਾਂ ਨੂੰ ਇਸ ਇਲਾਕੇ ਵਿੱਚ ਲਿਆਇਆ ਸੀ। ਜਾਹਰ ਹੈ ਅਸੀਂ ਸਾਰਿਆਂ ਨੇ ਭਗਤ ਸਿੰਘ ਬਾਰੇ ਬੜਾ ਕੁਝ ਸੁਣਿਆ ਹੋਇਆ ਸੀ।''

ਗਣਪਤੀ ਬਾਲਾ ਯਾਦਵ ਦਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੀ ਸਿਰਫ਼ ਇੱਕੋ ਭੈਣ ਸੀ। ਬਚਪਨ ਵਿੱਚ ਮਾਤਾ-ਪਿਤਾ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਹ ਇੱਕ ਰਿਸ਼ਤੇਦਾਰ ਕੋਲ਼ ਚਲੇ ਗਏ। ''ਮੈਂ ਸਕੂਲ ਵਿੱਚ ਸ਼ਾਇਦ ਪਹਿਲੇ 2-4 ਸਾਲ ਹੀ ਗੁਜਾਰੇ ਅਤੇ ਫਿਰ ਖੇਤਾਂ ਵਿੱਚ ਕੰਮ ਕਰਨ ਬਦਲੇ ਪੜ੍ਹਾਈ ਛੱਡ ਦਿੱਤੀ।'' ਆਪਣੇ ਵਿਆਹ ਤੋਂ ਬਾਦ, ਉਹ ਦੋਬਾਰਾ ਆਪਣਾ ਮਾਤਾ-ਪਿਤਾ ਦੇ ਟੁੱਟੇ-ਭੱਜੇ ਘਰ ਵਿੱਚ ਵਾਪਸ ਆ ਗਏ ਅਤੇ ਉਨ੍ਹਾਂ ਦੇ ਛੋਟੇ ਖੇਤ ਵਿੱਚ ਕੰਮ ਕਰਨ ਲੱਗੇ। ਉਨ੍ਹਾਂ ਕੋਲ਼ ਆਪਣੇ ਸ਼ੁਰੂਆਤੀ ਦਿਨਾਂ ਦੀ ਕੋਈ ਤਸਵੀਰ ਨਹੀਂ ਹੈ ਕਿਉਂਕਿ ਫੋਟੋ ਖਿਚਵਾਉਣ ਲਈ ਇੰਨੇ ਪੈਸੇ ਹੀ ਨਹੀਂ ਸਨ ਹੁੰਦੇ।

ਫਿਰ ਵੀ, ਉਨ੍ਹਾਂ ਨੇ ਬੜੀ ਮਿਹਨਤ ਕੀਤੀ ਅਤੇ ਇਹ ਮਿਹਨਤ 97 ਸਾਲ ਦੀ ਉਮਰ ਵਿੱਚ ਵੀ ਕਾਇਮ ਹੈ। ''ਮੈਂ ਗੁੜ ਬਣਾਉਣਾ ਸਿੱਖਿਆ ਅਤੇ ਇਹਨੂੰ ਪੂਰੇ ਜਿਲ੍ਹੇ ਵਿੱਚ ਵੇਚਿਆ ਕਰਦਾ ਸਾਂ। ਅਸੀਂ ਆਪਣਾ ਪੈਸਾ ਆਪਣੇ ਬੱਚਿਆਂ ਦੀ ਸਿੱਖਿਆ 'ਤੇ ਖਰਚ ਕੀਤਾ। ਪੜ੍ਹਨ-ਲਿਖਣ ਤੋਂ ਬਾਅਦ ਉਹ ਮੁੰਬਈ ਚਲੇ ਗਏ ਅਤੇ ਕਮਾਈ ਸ਼ੁਰੂ ਕੀਤੀ ਅਤੇ ਸਾਨੂੰ ਪੈਸੇ ਵੀ ਭੇਜਣ ਲੱਗੇ। ਫਿਰ ਮੈਂ ਗੁੜ ਦਾ ਕਾਰੋਬਾਰ ਬੰਦ ਕਰ ਦਿੱਤਾ ਅਤੇ ਖੇਤੀ ਵਿੱਚ ਵੱਧ ਪੈਸਾ ਲਾਉਣ ਲੱਗਿਆ। ਹੌਲ਼ੀ-ਹੌਲ਼ੀ ਸਾਡੇ ਖੇਤ ਝੂਮਣ ਲੱਗੇ।''

ਪਰ ਗਣਪਤੀ ਯਾਦਵ ਇਸ ਗੱਲ ਤੋਂ ਨਾਖੁਸ਼ ਹਨ ਕਿ ਅੱਜ ਦੇ ਕਿਸਾਨ ਕਰਜ਼ੇ ਦੀ ਮਾਰ ਹੇਠ ਦੱਬੇ ਜਾ ਰਹੇ ਹਨ। ''ਸਾਨੂੰ ਸਵਰਾਜ (ਅਜ਼ਾਦੀ) ਤਾਂ ਮਿਲ਼ੀ, ਪਰ ਚੀਜ਼ਾਂ ਉਵੇਂ ਨਹੀਂ ਹਨ ਜਿਵੇਂ ਅਸੀਂ ਚਾਹੁੰਦੇ ਸਾਂ।'' ਉਨ੍ਹਾਂ ਨੂੰ ਜਾਪਦਾ ਹੈ ਕਿ ਕੇਂਦਰ ਅਤੇ ਰਾਜ ਦੀਆਂ ਮੌਜੂਦਾਂ ਸਰਕਾਰਾਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕੁਝ ਘੱਟ ਮਾੜੀਆਂ ਨਹੀਂ ਸਗੋਂ ਵੱਧ ਮਾੜੀਆਂ ਹਨ। ''ਕੋਈ ਨਹੀਂ ਜਾਣਦਾ ਅੱਗੇ ਉਨ੍ਹਾਂ ਕੀ ਕਰਨਾ ਹੈ,'' ਉਹ ਕਹਿੰਦੇ ਹਨ।

Ganpati Bala Yadav with his cycle outside a shop
PHOTO • P. Sainath

' ਸਾਈਕਲ ਸਾਡੇ ਜ਼ਮਾਨੇ ਵਿੱਚ ਇੱਕ ਨਵੀਂ ਚੀਜ਼ ਹੋਇਆ ਕਰਦੀ ਸੀ, ' ਗਣਪਤੀ ਯਾਦਵ ਕਹਿੰਦੇ ਹਨ। ਇਸ ਨਵੀਂ ਖਿੱਚਪਾਊ ਤਕਨੀਕ ਨੂੰ ਲੈ ਕੇ ਪਿੰਡ ਵਿੱਚ ਲੰਬੀਆਂ ਚਰਚਾਵਾਂ ਹੁੰਦੀਆਂ ਸਨ

ਤੂਫਾਨ ਸੈਨਾ ਦੇ ਹਰਕਾਰੇ ਦੇ ਬਹੁਤੇਰੇ ਕੰਮ ਉਹ ਪੈਦਲ ਤੁਰ ਕੇ ਹੀ ਕਰ ਲਿਆ ਕਰਦੇ ਸਨ, ਗਣਪਤੀ ਯਾਦਵ ਨੇ ''20-22 ਸਾਲ ਦੀ ਉਮਰੇ ਸਾਈਕਲ ਚਲਾਉਣਾ ਸਿੱਖਿਆ ਸੀ।'' ਇਹ ਬਾਅਦ ਵਿੱਚ ਚੱਲ ਕੇ ਉਨ੍ਹਾਂ ਦੇ ਭੂਮੀਗਤ ਕੰਮ ਲਈ ਆਉਣ-ਜਾਣ ਦਾ ਵਸੀਲਾ ਬਣਿਆ। ''ਸਾਈਕਲ ਸਾਡੇ ਜ਼ਮਾਨੇ ਵਿੱਚ ਇੱਕ ਨਵੀਂ ਚੀਜ਼ ਹੋਇਆ ਕਰਦੀ ਸੀ।'' ਗਣਪਤੀ ਯਾਦਵ ਕਹਿੰਦੇ ਹਨ। ਇਸ ਨਵੀਂ ਖਿੱਚਪਾਊ ਤਕਨੀਕ ਨੂੰ ਲੈ ਕੇ ਪਿੰਡ ਵਿੱਚ ਲੰਬੀਆਂ ਚਰਚਾਵਾਂ ਹੁੰਦੀਆਂ ਸਨ। ''ਮੈਂ ਆਪੇ ਹੀ ਸਾਈਕਲ ਚਲਾਉਣਾ ਸਿੱਖਿਆ ਅਤੇ ਸਿੱਖਦੇ ਵੇਲ਼ੇ ਪਤਾ ਨਹੀਂ ਕਿੰਨੀ ਵਾਰ ਡਿੱਗਿਆ ਹੋਣਾ।''

ਤਿਰਕਾਲਾਂ ਪੈਣ ਲੱਗੀਆਂ ਅਤੇ 97 ਸਾਲਾ ਗਣਪਤੀ ਯਾਦਵ ਸਵੇਰੇ 5 ਵਜੇ ਤੋਂ ਹੀ ਇੱਥੇ ਮੌਜੂਦ ਰਹੇ। ਪਰ ਇੰਜ ਜਾਪਦਾ ਹੈ ਕਿ ਸਾਡੇ ਨਾਲ਼ ਘੰਟਿਆਂ ਬੱਧੀ ਗੱਲ ਕਰਨ ਵਿੱਚ ਉਨ੍ਹਾਂ ਨੂੰ ਮਜਾ ਆਇਆ ਇਸਲਈ ਉਨ੍ਹਾਂ ਦੇ ਅੰਦਰ ਥਕਾਵਟ ਮਹਿਸੂਸ ਤੱਕ ਨਾ ਹੋਈ। ਉਨ੍ਹਾਂ ਨੇ ਇੱਕ ਵਾਰ ਤਿਓੜੀ ਜ਼ਰੂਰ ਚੜ੍ਹੀ ਜਦੋਂ ਮੈਂ ਉਨ੍ਹਾਂ ਪਾਸੋਂ ਉਨ੍ਹਾਂ ਦੇ ਸਾਈਕਲ ਦੀ ਉਮਰ ਪੁੱਛੀ। ''ਇਹ ਵਾਲ਼ੀ? ਕਰੀਬ 25 ਸਾਲ। ਪਿਛਲੀ ਵਾਲ਼ੀ ਮੇਰੇ ਕੋਲ਼ 50 ਸਾਲਾਂ ਤੱਕ ਰਹੀ, ਪਰ ਕਿਸੇ ਨੇ ਚੋਰੀ ਕਰ ਲਈ,'' ਉਹ ਦੁਖੀ ਹੋ ਕੇ ਬੋਲੇ।

ਅਸੀਂ ਜਿਓਂ ਹੀ ਵਾਪਸ ਜਾਣ ਲਈ ਉੱਠਦੇ ਹਾਂ ਉਹ ਮੇਰਾ ਹੱਥ ਘੁੱਟ ਲੈਂਦੇ ਹਨ ਅਤੇ ਮੈਨੂੰ ਥੋੜ੍ਹੀ ਦੇਰ ਹੋ ਰੁਕਣ ਲਈ ਕਹਿੰਦੇ ਹਨ। ਉਹ ਮੈਨੂੰ ਕੁਝ ਦੇਣਾ ਲੋਚਦੇ ਹਨ ਅਤੇ ਆਪਣੇ ਛੋਟੇ ਜਿਹੇ ਘਰ ਦੇ ਅੰਦਰ ਜਾਂਦੇ ਹਨ। ਅੰਦਰੋਂ ਛੋਟਾ ਜਿਹਾ ਪਤੀਲਾ ਲਿਆਉਂਦੇ ਹਨ, ਢੱਕਣ ਚੁੱਕਦੇ ਹਨ ਅਤੇ ਫਿਰ ਅੰਦਰੋਂ ਇੱਕ ਪਿਆਲਾ ਭਰ ਦੇ ਦੁੱਧ ਕੱਢਦੇ ਹਨ ਅਤੇ ਮੇਰੇ ਵੱਲ ਵਧਾਉਂਦੇ ਹਨ। ਜਦੋਂ ਮੈਂ ਦੁੱਧ ਪੀ ਲੈਂਦਾ ਹਾਂ ਤਾਂ ਮੇਰਾ ਹੱਥ ਆਪਣੇ ਹੱਥਾਂ ਵਿੱਚ ਲੈਂਦੇ ਹਨ, ਇਸ ਵਾਰ ਨਮ ਅੱਖਾਂ ਨਾਲ਼ ਹੋਰ ਘੁੱਟਵਾਂ ਅਹਿਸਾਸ ਦਿੰਦੇ ਹਨ। ਮੇਰੇ ਹੰਝੂ ਵੀ ਵਹਿਣ ਲੱਗਦੇ ਹਨ। ਹੁਣ ਅਲ਼ਫਾਜਾਂ ਦੀ ਥਾਂ ਹੱਥਾਂ ਦੇ ਨਿੱਘ ਨੇ ਲੈ ਲਈ। ਅਸੀਂ ਇੱਕ ਦੂਸਰੇ ਤੋਂ ਵਿਛੜ ਰਹੇ ਹਾਂ ਇਹ ਜਾਣਦੇ ਹੋਏ ਕਿ ਭਾਵੇਂ ਥੋੜ੍ਹੀ ਦੇਰ ਲਈ ਹੀ ਸਹੀ, ਅਸੀਂ ਗਣਪਤੀ ਬਾਲਾ ਯਾਦਵ ਦੇ ਕੀਲ਼ ਲੈਣ ਵਾਲ਼ੇ ਜੀਵਨ-ਚੱਕਰ ਦਾ ਹਿੱਸਾ ਬਣ ਪਾਏ।

ਸੰਪਤ ਮੋਰੇ, ਭਰਤ ਪਾਟਿਲ, ਨਮਿਤਾ ਵਾਈਕਰ ਅਤੇ ਸੰਯੁਕਤਾ ਸ਼ਾਸਤਰੀ ਦਾ ਉਨ੍ਹਾਂ ਦੇ ਬੇਸ਼ਕੀਮਤੀ ਇਨਪੁਟ ਲਈ ਸ਼ੁਕਰੀਆ।

ਤਰਜਮਾ: ਕਮਲਜੀਤ ਕੌਰ

P. Sainath

ପି. ସାଇନାଥ, ପିପୁଲ୍ସ ଆର୍କାଇଭ୍ ଅଫ୍ ରୁରାଲ ଇଣ୍ଡିଆର ପ୍ରତିଷ୍ଠାତା ସମ୍ପାଦକ । ସେ ବହୁ ଦଶନ୍ଧି ଧରି ଗ୍ରାମୀଣ ରିପୋର୍ଟର ଭାବେ କାର୍ଯ୍ୟ କରିଛନ୍ତି ଏବଂ ସେ ‘ଏଭ୍ରିବଡି ଲଭସ୍ ଏ ଗୁଡ୍ ଡ୍ରଟ୍’ ଏବଂ ‘ଦ ଲାଷ୍ଟ ହିରୋଜ୍: ଫୁଟ୍ ସୋଲଜର୍ସ ଅଫ୍ ଇଣ୍ଡିଆନ୍ ଫ୍ରିଡମ୍’ ପୁସ୍ତକର ଲେଖକ।

ଏହାଙ୍କ ଲିଖିତ ଅନ୍ୟ ବିଷୟଗୁଡିକ ପି.ସାଇନାଥ
Translator : Kamaljit Kaur

କମଲଜୀତ କୌର, ପଞ୍ଜାବରେ ରହୁଥିବା ଜଣେ ମୁକ୍ତବୃତ୍ତିର ଅନୁବାଦିକା। ସେ ପଞ୍ଜାବୀ ସାହିତ୍ୟରେ ସ୍ନାତକୋତ୍ତର ଶିକ୍ଷାଲାଭ କରିଛନ୍ତି। କମଲଜିତ ସମତା ଓ ସମାନତାପୂର୍ଣ୍ଣ ସମାଜରେ ବିଶ୍ୱାସ କରନ୍ତି, ଏବଂ ଏହାକୁ ସମ୍ଭବ କରିବା ଦିଗରେ ସେ ପ୍ରୟାସରତ ଅଛନ୍ତି।

ଏହାଙ୍କ ଲିଖିତ ଅନ୍ୟ ବିଷୟଗୁଡିକ Kamaljit Kaur