ਰਮੇਸ਼ ਕੁਮਾਰ ਸਿੰਘੂ ਵਿਖੇ ਸਾਈਕਲ 'ਤੇ ਆਏ। ਪੰਜਾਬ ਦੇ ਹੁਸ਼ਿਆਰਪੁਰ ਤੋਂ ਹਰਿਆਣਾ-ਦਿੱਲੀ ਬਾਰਡਰ 'ਤੇ ਕਿਸਾਨੀ ਪ੍ਰਦਰਸ਼ਨ ਵਿੱਚ ਪਹੁੰਚਣ ਲਈ 400 ਕਿਲੋਮੀਟਰ ਦੇ ਪੈਂਡੇ ਵਿੱਚ 22 ਘੰਟਿਆਂ ਦਾ ਸਮਾਂ ਲੱਗਿਆ। ਉਨ੍ਹਾਂ ਦੀ ਭੈਣ, ਪੁੱਤਰ ਅਤੇ ਨੂੰਹ ਆਪਣੀ ਕਾਰ ਵਿੱਚ ਉਨ੍ਹਾਂ ਦੇ ਪਿੱਛੇ-ਪਿੱਛੇ ਆਏ ਜਦੋਂਕਿ 61 ਸਾਲਾ ਰਮੇਸ਼, ਜੋ ਕਿ ਸੇਵਾ-ਮੁਕਤ ਪੁਲਿਸ ਅਫ਼ਸਰ ਹਨ, ਨੇ ਸਾਈਕਲ 'ਤੇ ਸਫ਼ਰ ਕੀਤਾ।
"ਮੈਂ ਕਾਫੀ ਸਮੇਂ ਤੋਂ ਇਸ ਕਿਸਾਨੀ ਅੰਦੋਲਨ ਦਾ ਹਿੱਸਾ ਬਣਨਾ ਲੋਚਦਾ ਰਿਹਾਂ," ਉਹ ਕਹਿੰਦੇ ਹਨ। ਸੋ ਉਹ 26 ਜਨਵਰੀ ਗਣਤੰਤਰ ਦਿਵਸ ਮੌਕੇ ਕੱਲ੍ਹ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਆਏ ਹਨ।
"ਸਰਕਾਰ ਸੋਚਦੀ ਹੋ ਸਕਦੀ ਹੈ ਕਿ ਜੇਕਰ ਉਹਨੇ ਇਹ ਕਨੂੰਨ ਰੱਦ ਕਰ ਦਿੱਤੇ, ਤਾਂ ਲੋਕ ਉਨ੍ਹਾਂ ਦੇ ਇਸ ਕਦਮ ਦੀ ਬੇਕਦਰੀ ਕਰਨਗੇ," ਉਹ ਕਹਿੰਦੇ ਹਨ। "ਪਰ ਇਹ ਸੱਚਾਈ ਨਹੀਂ ਹੈ। ਇਸ ਕਦਮ ਨਾਲ਼ ਤਾਂ ਸਗੋਂ ਸਰਕਾਰ ਲੋਕਾਂ ਤੋਂ ਇੱਜ਼ਤ ਕਮਾਵੇਗੀ।"
ਜਿਨ੍ਹਾਂ ਖੇਤੀ ਕਨੂੰਨਾਂ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।
ਇਸੇ ਦੌਰਾਨ, ਸਿੰਘੂ ਬਾਰਡਰ 'ਤੇ ਮੌਜੂਦ ਟਰੈਕਟਰਾਂ ਨੂੰ ਕੱਲ੍ਹ ਦੀ ਪਰੇਡ ਵਾਸਤੇ ਹਾਰਾਂ, ਝੰਡਿਆਂ ਅਤੇ ਰੰਗ-ਬਿਰੰਗੇ ਕਾਗਜਾਂ ਨਾਲ਼ ਸਜਾਇਆ ਗਿਆ। ਸਜਾਏ ਗਏ ਟਰੈਕਟਰਾਂ ਨੂੰ ਇੱਕ ਕਤਾਰ ਵਿੱਚ ਖੜ੍ਹਾ ਕੀਤਾ ਗਿਆ ਹੈ ਤਾਂ ਕਿ ਜਦੋਂ ਪਰੇਡ ਸ਼ੁਰੂ ਹੋਵੇ ਤਾਂ ਟਰੈਕਟਰਾਂ ਨੂੰ ਕਤਾਰਬੱਧ ਚਲਾਉਣਾ ਸੁਖਾਲਾ ਰਹੇ।
ਤਰਜਮਾ: ਕਮਲਜੀਤ ਕੌਰ