ਸਾਡੀ ਰੇਲਗੱਡੀ ਨਾਗਪੁਰ ਰੇਲਵੇ ਜੰਕਸ਼ਨ ਪਹੁੰਚ ਗਈ। ਇਹ ਬੀਤੇ ਦਸੰਬਰ ਦੀ ਗੱਲ ਹੈ ਤੇ ਸਮਾਂ ਲਗਭਗ ਦੁਪਹਿਰ ਦਾ ਸੀ। ਨਾਗਪੁਰ ਵਿੱਚ ਜੋਧਪੁਰ-ਪੁਰੀ ਐਕਸਪ੍ਰੈਸ ਆਪਣਾ ਇੰਜਣ ਬਦਲਦੀ ਹੈ, ਇਸ ਕਰਕੇ ਇਹ ਕੁਝ ਸਮੇਂ ਲਈ ਰੁਕਦੀ ਹੈ। ਪਲੇਟਫ਼ਾਰਮ ਤੇ ਯਾਤਰੂਆਂ ਦਾ ਇੱਕ ਬਹੁਤ ਵੱਡਾ ਹਜ਼ੂਮ ਸੀ ਜਿਸ ਵਿੱਚ ਸਭ ਨੇ ਆਪਣੇ ਸਿਰਾਂ ਤੇ ਝੋਲ਼ੇ ਟਿਕਾਏ ਹੋਏ ਸਨ। ਇਹ ਯਾਤਰੂ ਮੌਸਮੀ ਪ੍ਰਵਾਸੀ ਮਜ਼ਦੂਰ ਸਨ ਜੋ ਪੱਛਮੀ ਓੜੀਸਾ ਤੋਂ ਰੋਜ਼ੀ-ਰੋਟੀ ਵਾਸਤੇ ਯਾਤਰਾ ਕਰ ਰਹੇ ਸਨ ਅਤੇ ਸਿਕੰਦਰਾਬਾਦ ਜਾਣ ਵਾਸਤੇ ਰੇਲਗੱਡੀ ਦੀ ਉਡੀਕ ਕਰ ਰਹੇ ਸਨ। ਓੜੀਸਾ ਵਿੱਚ ਵਾਢੀ (ਸਤੰਬਰ ਅਤੇ ਦਸੰਬਰ) ਤੋਂ ਬਾਅਦ, ਬਹੁਤ ਸਾਰੇ ਨਿਮਨ ਵਰਗ ਦੇ ਕਿਸਾਨ ਅਤੇ ਬੇਜ਼ਮੀਨੇ ਖ਼ੇਤ ਮਜ਼ਦੂਰ ਤੇਲੰਗਾਨਾ ਵਿੱਚ ਭੱਠਿਆਂ ਤੇ ਇੱਟਾਂ ਥੱਪਣ ਦੇ ਕੰਮ ਵਾਸਤੇ ਆਪਣੇ ਘਰ-ਬਾਰ ਛੱਡ ਦਿੰਦੇ ਹਨ। ਅਜਿਹੇ ਹੋਰ ਕਈ ਲੋਕ ਭੱਠਿਆਂ ਤੇ ਕੰਮ ਕਰਨ ਵਾਸਤੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਮਿਲਨਾਡੂ ਅਤੇ ਹੋਰ ਕਈ ਰਾਜਾਂ ਵੱਲ ਕੂਚ ਕਰਦੇ ਹਨ।
ਰਮੇਸ਼ (ਉਹਨੇ ਆਪਣਾ ਪੂਰਾ ਨਾਮ ਦੱਸਣਾ ਨਹੀਂ ਚਾਹਿਆ), ਜੋ ਖ਼ੁਦ ਵੀ ਇਸੇ ਹਜ਼ੂਮ ਵਿੱਚ ਸ਼ਾਮਲ ਸੀ, ਨੇ ਦੱਸਿਆ ਕਿ ਇਹ ਪ੍ਰਵਾਸੀ ਬਾਰਗੜ੍ਹ ਅਤੇ ਨੂਆਪਾੜਾ ਜਿਲ੍ਹਿਆਂ ਵਿੱਚੋਂ ਸਨ। ਇਨ੍ਹਾਂ ਪ੍ਰਵਾਸੀਆਂ ਦੀ ਲੰਬੀ ਯਾਤਰਾ ਇਨ੍ਹਾਂ ਦੇ ਪਿੰਡਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਸੜਕ ਮਾਰਗ ਤੋਂ ਹੁੰਦਿਆਂ ਹੋਇਆ ਕਾਂਤਬਾਜੀ, ਹਰਿਸ਼ੰਕਰ ਜਾਂ ਤੁਰਕਲਾ ਰੇਲਵੇ ਸਟੇਸ਼ਨਾਂ ਤੱਕ ਪਹੁੰਚਦੀ ਹੈ, ਜਿੱਥੇ ਉਹ ਨਾਗਪੁਰ ਵਾਸਤੇ ਰੇਲਗੱਡੀ ਵਿੱਚ ਸਵਾਰ ਹੁੰਦੇ ਹਨ, ਫਿਰ ਤੇਲੰਗਾਨਾ ਦੇ ਸਿਕੰਦਰਾਬਾਦ ਪਹੁੰਚਣ ਲਈ ਰੇਲ-ਗੱਡੀਆਂ ਬਦਲੀ ਕਰਦੇ ਹਨ। ਇੱਥੇ ਪਹੁੰਚ ਕੇ, ਉਹ ਭੱਠਿਆਂ ਤੱਕ ਪਹੁੰਚਣ ਲਈ ਸਾਂਝੇ ਚਹੁ-ਪਹੀਆ ਵਾਹਨਾਂ ਦੀ ਸਵਾਰੀ ਕਰਦੇ ਹਨ।
ਅਗਸਤ-ਸਤੰਬਰ ਦੇ ਮਹੀਨੇ ਵਿੱਚ ਨੁਆਖਾਈ ਤਿਓਹਾਰ ਤੋਂ ਠੀਕ ਪਹਿਲਾਂ ਇਹ ਮਜ਼ਦੂਰ ਠੇਕੇਦਾਰ ਕੋਲ਼ੋਂ (ਤਿੰਨ ਬਾਲਗ਼ ਜਾਣਿਆਂ ਦੇ ਟੋਲੇ ਵਾਸਤੇ 20,000 ਤੋਂ 60,000 ਰੁਪਏ) ਪੇਸ਼ਗੀ ਰਾਸ਼ੀ ਲੈ ਲੈਂਦੇ ਹਨ, ਉਸ ਸਮੇਂ ਜਦੋਂ ਉਹ ਆਪਣੇ ਪਰਿਵਾਰਕ ਦੇਵਤਾ ਨੂੰ ਨਵੇਂ-ਉੱਗੇ ਚੌਲ਼ ਚੜ੍ਹਾ ਕੇ ਫ਼ਸਲ ਦੀ ਜਸ਼ਨ ਮਨਾਉਂਦੇ ਹਨ। ਫਿਰ, ਸਤੰਬਰ ਤੋਂ ਦਸੰਬਰ ਦਰਮਿਆਨ, ਉਹ ਇੱਟਾਂ ਦੇ ਭੱਠਿਆਂ ਤੇ ਜਾਂਦੇ ਹਨ, ਉੱਥੇ ਛੇ ਮਹੀਨਿਆਂ ਲਈ ਖ਼ੂਨ-ਪਸੀਨਾ ਇੱਕ ਕਰਕੇ ਕੰਮ ਕਰਦੇ ਹਨ ਅਤੇ ਮਾਨਸੂਨ ਤੋਂ ਪਹਿਲਾਂ ਵਾਪਸ ਪਰਤ ਆਉਂਦੇ ਹਨ। ਕਈ ਵਾਰੀ, ਪੇਸ਼ਗੀ ਦੀ ਰਕਮ ਅਦਾ ਕਰਨ ਵਾਸਤੇ ਉਹ ਸਖ਼ਤ ਮਿਹਨਤ ਕਰਦੇ ਹਨ, ਇਹ ਮਜ਼ਦੂਰੀ ਬੰਧੂਆ ਮਜ਼ਦੂਰੀ ਦਾ ਇੱਕ ਰੂਪ ਧਾਰ ਜਾਂਦੀ ਹੈ।



