ਇਹ ਪੈਨਲ 'ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਇਹ ਝੁਕਣਾ ਤਾਂ ਸਾਰੀ ਉਮਰ ਦਾ ਹੈ
ਵਿਜਯਨਗਰਮ ਵਿਖੇ, ਦੁਪਹਿਰ ਦੀ ਤਪਸ਼ ਤੋਂ ਤੰਗ ਆ ਕੇ, ਉਹ ਰਤਾ ਕੁ ਰੁਕੀ। ਪਰ ਝੁਕੀ ਪਹਿਲਾਂ ਵਾਂਗਰ ਹੀ ਰਹੀ। ਉਹ ਜਾਣਦੀ ਸੀ ਕਿ ਚੰਦ ਪਲਾਂ ਬਾਅਦ ਹੀ ਉਹਨੇ ਦੋਬਾਰਾ ਇਸੇ ਮੁਦਰਾ ਵਿੱਚ ਹੀ ਕੰਮ ਸ਼ੁਰੂ ਕਰਨਾ ਹੈ ਫਿਰ ਸਿੱਧੇ ਹੋਣ ਦੀ ਲੋੜ ਹੀ ਕੀ ਹੈ।
ਕਾਜੂ ਦੇ ਇਨ੍ਹਾਂ ਖੇਤਾਂ ਵਿੱਚ, ਉਹਦੇ ਪਿੰਡ ਦੀਆਂ ਔਰਤਾਂ ਦੇ ਦੋ ਹੋਰ ਸਮੂਹ ਕੰਮ ਕਰ ਰਹੇ ਸਨ। ਇੱਕ ਸਮੂਹ, ਖੇਤ ਤੋਂ ਦੋ ਕਿਲੋਮੀਟਰ ਦੂਰ ਸਥਿਤ ਆਪਣੇ ਘਰੋਂ ਦੁਪਹਿਰ ਦੀ ਰੋਟੀ ਅਤੇ ਪਾਣੀ ਲੈ ਕੇ ਆਇਆ। ਜਦੋਂਕਿ ਦੂਸਰਾ ਸਮੂਹ ਉਲਟ ਦਿਸ਼ਾ ਵਿੱਚ ਕੰਮ ਕਰ ਰਿਹਾ ਸੀ। ਕੰਮ ਕਰਦੇ ਵੇਲ਼ੇ ਸਾਰੇ ਦੀਆਂ ਸਾਰੀਆਂ ਔਰਤਾਂ ਹੀ ਦੂਹਰੀਆਂ ਹੋਈਆਂ ਪਈਆਂ ਸਨ।
ਓੜੀਸਾ ਦੇ ਰਾਇਗੜਾ ਸਥਿਤ ਇਸ ਖੇਤ ਵਿੱਚ ਪੁਰਸ਼ ਵੀ ਸਨ। ਕੈਮਰੇ ਦੇ ਲੈਂਸ ਵਿੱਚੋਂ ਦੀ ਇਹ ਅਦਭੁੱਤ ਨਜ਼ਾਰਾ ਜਾਪਿਆ। ਸਾਰੇ ਪੁਰਸ਼ ਖੜ੍ਹੇ ਸਨ ਅਤੇ ਸਾਰੀਆਂ ਔਰਤਾਂ ਝੁਕੀਆਂ ਸਨ। ਓੜੀਸਾ ਦੇ ਨੁਆਪਾੜਾ ਵਿਖੇ ਪੈਂਦਾ ਮੀਂਹ ਵੀ ਇਸ ਔਰਤ ਨੂੰ ਨਿਰਾਈ (ਹੱਥੀਂ ਨਦੀਨ ਕੱਢਣ) ਕਰਨ ਤੋਂ ਨਾ ਰੋਕ ਸਕਿਆ। ਉਹ ਆਪਣਾ ਕੰਮ ਕਰਦੀ ਜਾ ਰਹੀ ਸੀ। ਕਮਰ ਝੁਕਾਈ ਅਤੇ ਹੱਥ ਵਿੱਚ ਛਤਰੀ ਫੜ੍ਹੀ।








