ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਤਵਾੜ ਭਰੀ ਗਰਮੀ ਵਿੱਚ ਵੰਦਨਾ ਕੋਲੀ ਅਤੇ ਗਾਇਤਰੀ ਪਾਟਿਲ ਭਾਰੇ ਮਨਾਂ ਨਾਲ਼ ਮੁੰਬਈ ਦੇ ਸਸੂਨ ਡੌਕ ਦੇ ਕੋਲ਼ ਜੇਟੀ 'ਤੇ ਮੱਛੀਆਂ ਲਿਆ ਰਹੀ ਬੇੜੀ ਦੀ ਉਡੀਕ ਕਰ ਰਹੀਆਂ ਹਨ।
ਉਹ ਉਸ ਸਵੇਰੇ ਕੋਲਾਬਾ ਦੇ ਕੋਲੀਵਾੜਾ ਇਲਾਕੇ ਵਿਖੇ ਪੈਂਦੇ ਆਪਣੇ ਘਰ ਤੋਂ ਤਕਰੀਬਨ 2 ਕਿਲੋਮੀਟਰ ਦੂਰ ਪੈਦਲ ਤੁਰ ਕੇ ਡੌਕ 'ਤੇ ਮੱਛੀਆਂ ਲੈਣ ਆਈਆਂ ਹਨ। ਹਫ਼ਤੇ ਵਿੱਚ 5 ਦਿਨ ਇਹੀ ਰੁਟੀਨ ਚੱਲਦੀ ਹੈ- ਤਾਜ਼ਾ ਮੱਛੀਆਂ ਖਰੀਦਣਾ ਤੇ ਉਹਨੂੰ ਗੁਆਂਢ ਦੀ ਮੰਡੀ ਵਿੱਚ ਵੇਚਣਾ (ਉਨ੍ਹਾਂ ਮੁਤਾਬਕ ਮੰਗਲਵਾਰ ਤੇ ਵੀਰਵਾਰ ਨੂੰ ਜ਼ਿਆਦਾਤਰ ਲੋਕੀਂ ਮੱਛੀ ਨਹੀਂ ਖਾਂਦੇ, ਇਸਲਈ ਉਨ੍ਹੀਂ ਦਿਨੀਂ ਵਿਕਰੀ ਘੱਟ ਹੁੰਦੀ ਹੈ)।
''ਐਤਵਾਰ ਨੂੰ ਕੰਮ ਵਾਧੂ ਰਿੜ੍ਹਦਾ ਹੈ, ਪਰ ਕੱਲ੍ਹ ਓਨਾ ਨਫ਼ਾ ਨਹੀਂ ਹੋਇਆ। ਮੈਨੂੰ ਕਿਸੇ ਤਰ੍ਹਾਂ ਉਸ ਨੁਕਸਾਨ ਦੀ ਪੂਰਤੀ ਕਰਨੀ ਪੈਣੀ ਹੈ ਨਹੀਂ ਤਾਂ ਇਸ ਹਫ਼ਤੇ ਦਾ ਰਾਸ਼ਨ ਨਹੀਂ ਲਿਆ ਜਾਣਾ,'' 53 ਸਾਲਾ ਵੰਦਨਾ ਦੱਸਦੀ ਹਨ। ਉਹ ਅਤੇ 51 ਸਾਲਾ ਗਾਇਤਰੀ, ਦੋਵੇਂ ਕੋਲੀ ਭਾਈਚਾਰੇ (ਮਹਾਰਾਸ਼ਟਰ ਦੇ ਪਿਛੜੇ ਵਰਗ ਵਜੋਂ ਸੂਚੀਬੱਧ) ਨਾਲ਼ ਤਾਅਲੁੱਕ ਰੱਖਦੀਆਂ ਹਨ ਤੇ ਪਿਛਲੇ 28 ਸਾਲਾਂ ਤੋਂ ਗੂੜ੍ਹੀਆਂ ਸਹੇਲੀਆਂ ਹਨ।
ਜੇਟੀ 'ਤੇ ਬੇੜੀਆਂ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਤੇ ਉੱਥੇ ਉਡੀਕ ਕਰ ਰਹੀਆਂ ਕਰੀਬ 40-50 ਔਰਤਾਂ ਮੱਛੀਆਂ ਦੀ ਬੋਲੀ ਲਾਉਣ ਵਾਲ਼ਿਆਂ, ਵਿਚੋਲੇ ਜੋ ਕਿ ਬੇੜੀ ਦੇ ਮਾਲਕਾਂ ਜਾਂ ਮਛੇਰਿਆਂ ਵਾਸਤੇ ਮੱਛੀਆਂ ਵੇਚਣ ਦਾ ਕੰਮ ਕਰਦੇ ਹਨ, ਦੇ ਕੋਲ਼ ਜਮ੍ਹਾਂ ਹੋਣ ਲੱਗੀਆਂ ਹਨ। ਵੰਦਨਾ ਬੋਲਦੀ ਹਨ,''ਚਲ ਆਤਾ ਦੇ 200 ਮਧੇ (ਚੱਲੋ, 200 ਰੁਪਏ ਵਿੱਚ ਦੇ)।'' ਝੀਂਗਿਆਂ ਦੇ ਛੋਟੀ ਜਿਹੀ ਖੇਪ ਬਦਲੇ 240 ਰੁਪਏ ਦਿੰਦੀ ਹਨ। 9 ਵਜੇ ਦੇ ਕਰੀਬ, ਜ਼ੋਰ-ਸ਼ੋਰ ਨਾਲ਼ ਸੌਦੇਬਾਜ਼ੀ ਹੋਣ ਤੋਂ ਬਾਅਦ ਉਨ੍ਹਾਂ ਨੇ ਤੇ ਗਾਇਤਰੀ ਨੇ ਪ੍ਰਾਨ, ਸ਼੍ਰਿੰਪ ਤੇ ਬੋਂਬਿਲ ਮੱਛੀਆਂ ਇਕੱਠੀਆਂ ਕਰ ਲਈਆਂ ਹਨ। ਜਿਸ ਦਿਨ ਖਰੀਦਦਾਰੀ ਹੋਣੀ ਹੁੰਦੀ ਹੈ ਉਹ ਕੀਮਤ ਦੇ ਹਿਸਾਬ ਨਾਲ਼ 7 ਤੋਂ 10 ਕਿਲੋ ਮੱਛੀਆਂ ਖਰੀਦ ਲੈਂਦੀਆਂ ਹਨ।
ਵੰਦਨਾ, ਗਾਇਤਰੀ ਨੂੰ ਸੈਨਤ ਮਾਰਦਿਆਂ: ''ਗੇਤਲਾ, ਨਿਘੂਯਾ (ਲੈ ਲਈਆਂ, ਚੱਲ ਚੱਲੀਏ)।''










