'ਕੈਪਟਨ ਭਾਊ' (ਰਾਮਚੰਦਰਾ ਸ੍ਰੀਪਤੀ ਲਾਡ)
ਅਜ਼ਾਦੀ ਘੁਲ਼ਾਟੀਏ ਅਤੇ ਤੂਫ਼ਾਨ ਸੈਨਾ ਦੇ ਮੁਖੀ
22 ਜੂਨ 1922- 5 ਫਰਵਰੀ, 2022
ਅਖ਼ੀਰ, ਉਹ ਵਿਦਾ ਹੋ ਗਏ ਅਣਸੁਣੇ... ਅਣਗੌਲ਼ੇ ਹੀ... ਉਸ ਰਾਸ਼ਟਰ ਵੱਲੋਂ ਜਿਹਦੀ ਅਜ਼ਾਦੀ ਖ਼ਾਤਰ ਉਨ੍ਹਾਂ ਨੇ ਲੜਾਈ ਲੜੀ ਅਤੇ ਇੰਨੀਆਂ ਕੁਰਬਾਨੀਆਂ ਕੀਤੀਆਂ, ਨਾ ਕੋਈ ਸਰਕਾਰੀ ਸਨਮਾਨ, ਨਾ ਰਾਸ਼ਟਰੀ ਗੀਤ ਅਤੇ ਨਾ ਹੀ ਰਾਸ਼ਟਰੀ ਝੰਡਾ...
ਪਰ ਕੈਪਟਨ ਭਾਊ ਨੂੰ ਉਨ੍ਹਾਂ ਹਜ਼ਾਰਾਂ ਲੋਕਾਂ ਨੇ ਬਣਦਾ ਸਨਮਾਨ ਜ਼ਰੂਰ ਦਿੱਤਾ ਜਿਨ੍ਹਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਖ਼ਸ਼ੀਅਤ ਬਾਰੇ ਪਤਾ ਸੀ ਅਤੇ ਜਿਨ੍ਹਾਂ ਅੰਦਰ ਅਹਿਸਾਸ ਬਾਕੀ ਸਨ ਉਨ੍ਹਾਂ ਵੱਲੋਂ ਨਿਭਾਈ ਲਾਸਾਨੀ ਭੂਮਿਕਾ ਬਾਰੇ... ਜਿਨ੍ਹਾਂ ਨੂੰ ਪਤਾ ਸੀ ਇਸ ਕਮਾਲ ਦੇ ਇਨਸਾਨ ਬਾਰੇ ਜਿਹਨੇ 1940ਵਿਆਂ ਵਿੱਚ ਆਪਣੇ ਸਾਥੀਆਂ ਨਾਲ਼ ਰਲ਼ ਕੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਸਾਮਰਾਜ ਦਾ ਟਾਕਰਾ ਕੀਤਾ ਸੀ। ਰਾਮਚੰਦਰਾ ਸ੍ਰੀਪਤੀ ਲਾਡ 'ਪ੍ਰਤੀ ਸਰਕਾਰ' (ਸਮਾਂਨਾਤਰ ਸਰਕਾਰ) ਦਾ ਅਹਿਮ ਹਿੱਸਾ ਸਨ, ਜੋ ਕਿ ਇੱਕ ਭੂਮੀਗਤ ਆਰਜ਼ੀ ਸਰਕਾਰ ਸੀ, ਜਿਹਨੇ ਪ੍ਰਸਿੱਧ ਨਾਨਾ ਪਾਟਿਲ ਦੀ ਅਗਵਾਈ ਵਿੱਚ 1943 ਵਿੱਚ ਸਤਾਰਾ ਜ਼ਿਲ੍ਹੇ ਨੂੰ ਬਰਤਨਾਵੀ ਸਾਮਰਾਜ ਦੇ ਜੂਲ਼ੇ 'ਚੋਂ ਖਹਿੜਾ ਛੁਡਾ ਲਏ ਹੋਣ ਦਾ ਐਲਾਨ ਕੀਤਾ ਸੀ।
ਪਰ ਕੈਪਟਨ ਭਾਊ (ਉਰਫ਼ ਨਾਮ) ਅਤੇ ਉਨ੍ਹਾਂ ਦੇ ਸਾਥੀ ਯੋਧੇ ਇੱਥੇ ਹੀ ਨਾ ਰੁਕੇ। ਤਿੰਨ ਸਾਲਾਂ ਤੱਕ ਭਾਵ ਕਿ 1946 ਤੱਕ, ਉਨ੍ਹਾਂ ਬ੍ਰਿਟਿਸ਼ਾਂ ਦੇ ਨੱਕ ਵਿੱਚ ਦਮ ਕਰੀ ਰੱਖਿਆ ਅਤੇ ਇਹ ਪ੍ਰਤੀ ਸਰਕਾਰ ਹੀ ਸੀ ਜਿਹਨੇ ਕਰੀਬ 600 ਪਿੰਡਾਂ ਵਿੱਚ ਆਪਣੇ ਪੈਰ ਪਸਾਰੇ ਅਤੇ ਉੱਥੇ ਆਪਣੀ ਸਮਾਂਨਤਰ ਸਰਕਾਰ ਚਲਾਈ। ਜੇ ਦੇਖੀਏ ਤਾਂ 5 ਫਰਵਰੀ ਨੂੰ ਕੈਪਟਨ ਭਾਊ ਦੀ ਮੌਤ ਨਾਲ਼ ਉਸ ਸਰਕਾਰ ਦਾ ਵੀ ਅੰਤ ਹੋ ਗਿਆ ਜਿਹਨੇ ਕਦੇ ਬਰਤਨਾਵੀ ਰਾਜ ਨਾਲ਼ ਟੱਕਰ ਲਈ ਸੀ।







