ਇੱਕ ਵਾਰ ਦੀ ਗੱਲ ਹੈ। ਕੈਥਰੀਨ ਕੌਰ, ਬੋਧੀ ਮੁਰਮੂ ਤੇ ਮੁਹੰਮਦ ਤੁਲਸੀਰਾਮ ਨਾਮ ਦੇ ਤਿੰਨ ਗੁਆਂਢੀ ਹੁੰਦੇ ਸਨ। ਕੈਥੀ ਇੱਕ ਕਿਸਾਨ ਸੀ; ਬੋਧੀ ਜੂਟ ਮਿੱਲ ਵਿੱਚ ਕੰਮ ਕਰਦੇ ਸਨ; ਅਤੇ ਮੁਹੰਮਦ ਆਜੜੀ ਸਨ। ਸ਼ਹਿਰ ਦੇ ਵਿਦਵਾਨਾਂ ਵਿੱਚ ਭਾਰਤੀ ਸੰਵਿਧਾਨ ਨੂੰ ਲੈ ਕੇ ਕਾਫ਼ੀ ਹੋ-ਹੱਲਾ ਮੱਚਿਆ ਹੋਇਆ ਸੀ, ਪਰ ਇਨ੍ਹਾਂ ਤਿੰਨਾਂ ਨੂੰ ਇਸ ਗੱਲ ਦਾ ਇਲਮ ਤੱਕ ਨਹੀਂ ਸੀ ਕਿ ਇਹ ਵੱਡੀ ਸਾਰੀ ਕਿਤਾਬ ਕਿਹੜੇ ਕੰਮ ਆਉਂਦੀ ਹੈ। ਕੈਥੀ ਨੇ ਇਹਨੂੰ ਬੇਕਾਰ ਦੱਸਿਆ, ਓਧਰ ਬੋਧੀ ਨੂੰ ਜਾਪਿਆ ਜਿਓਂ ਸ਼ਾਇਦ ਇਹ ਕੋਈ ਧਰਮਗ੍ਰੰਥ ਹੈ; ਅਤੇ ਮਹੁੰਮਦ ਤਾਂ ਪੁੱਛ ਹੀ ਬੈਠੇ ਕਿ ''ਕੀ ਇਹ ਕਿਤਾਬ ਸਾਡੇ ਬੱਚਿਆਂ ਦਾ ਢਿੱਡ ਭਰੇਗੀ?''
ਤਿੰਨੋਂ ਹੀ ਇਸ ਗੱਲ ਤੋਂ ਬੇਖ਼ਬਰ ਸਨ ਕਿ ਮੁਲ਼ਕ ਵਿੱਚ ਇੱਕ ਦਾੜ੍ਹੀ ਵਾਲ਼ਾ ਰਾਜਾ ਚੁਣ ਲਿਆ ਗਿਆ ਸੀ। ਪਰ ਉਨ੍ਹਾਂ ਨੂੰ ਇਹਦੀ ਕੋਈ ਪਰਵਾਹ ਨਹੀਂ ਸੀ,''ਇੰਨਾ ਸਮਾਂ ਕਿਹਦੇ ਕੋਲ਼ ਹੈ?'' ਅਤੇ ਫਿਰ ਮੀਂਹ ਨਾ ਪਿਆ, ਕਰਜੇ ਦਾ ਭਾਰ ਵਧਣ ਲੱਗਿਆ ਤੇ ਕੈਥਰੀਨ ਨੂੰ ਕੀਟਨਾਸ਼ਕ ਦੀ ਇੱਕ ਬੋਤਲ ਮਿਲ਼ ਗਈ ਜੋ ਉਹਦਾ ਨਾਮ ਫੁਸਫੁਸਾ ਰਹੀ ਸੀ। ਇਹਦੇ ਬਾਅਦ, ਜੂਟ ਮਿੱਲ ਦੀਵਾਲੀਆ ਹੋ ਗਈ। ਪੁਲਿਸ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਾਰਕੁੰਨਾਂ 'ਤੇ ਹੰਝੂ ਗੈਸ ਦੇ ਗੋਲ਼ੇ ਵਰ੍ਹਾਏ ਤੇ ਅੰਦਲੋਨ ਦੀ ਅਗਵਾਈ ਕਰਨ ਕਰਕੇ ਬੋਧੀ ਮੁਰਮੂ 'ਤੇ ਅੱਤਵਾਦੀ ਹੋਣ ਦੇ ਦੋਸ਼ ਮੜ੍ਹ ਦਿੱਤੇ। ਅਖ਼ੀਰ ਵਿੱਚ ਮੁਹੰਮਦ ਤੁਲਸੀਰਾਮ ਦੀ ਵਾਰੀ ਆਈ। ਇੱਕ ਸੁੰਦਰ ਸਨਾਤਨੀ (ਪਵਿੱਤਰ) ਤਿਰਕਾਲੀਂ ਜਦੋਂ ਉਨ੍ਹਾਂ ਦੀਆਂ ਗਾਵਾਂ ਘਰ ਮੁੜੀਆਂ ਤਾਂ ਉਨ੍ਹਾਂ ਦੇ ਮਗਰ-ਮਗਰ ਦੋ ਪੈਰਾਂ ਵਾਲ਼ੇ ਵੱਛੇ ਵੀ ਤੁਰੇ ਆਏ, ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਸਨ। ''ਗਊ ਮਾਤਾ ਕੀ ਜੈ! ਗਊ ਮਾਤਾ ਕੀ ਜੈ!'' ਦੇ ਨਾਅਰਿਆਂ ਨਾਲ਼ ਅਸਮਾਨ ਗੂੰਜ ਉੱਠਿਆ।
ਇਨ੍ਹਾਂ
ਦਾਨਵੀ ਨਾਅਰਿਆਂ ਦਰਮਿਆਨ, ਕਿਤੇ ਕੁਝ ਪੰਨੇ ਫੜਫੜਾਏ ਤੇ ਇੱਕ ਨੀਲਾ ਸੂਰਜ ਚੜ੍ਹ ਆਇਆ। ਇੱਕ
ਲਰਜ਼ਦੀ ਫੁਸਫੁਸਾਹਟ ਸੁਣਾਈ ਦੇਣ ਲੱਗੀ:
''ਅਸੀਂ, ਭਾਰਤ ਦੇ ਲੋਕ, ਤਨਦੇਹੀ ਨਾਲ਼ ਸੰਕਲਪ ਲੈਂਦੇ ਹਾਂ...''
ਸੰਵਿਧਾਨਕ ਵਿਰਲਾਪ
1.
ਦੇਸ਼
ਅਜ਼ਾਦ
ਹੈ,
ਸਾਡੀ
ਤੇਹ ਵੀ ਅਜ਼ਾਦ ਹੈ
ਤੈਰਦੇ
ਲਾਲ ਬੱਦਲਾਂ ਦੀ ਕੈਦ ਵਿੱਚ ਅਬਾਦ ਹੈ।
2.
ਸਮਾਜਵਾਦ
ਦੀ ਧੁਨ 'ਤੇ
ਤੱਪਦੀ
ਧੁੱਪੇ ਝੁਲਸਦੇ ਮਜ਼ਦੂਰ ਚੀਕਦੇ ਨੇ,
ਅਸੀਂ
ਸੁਪਨੇ ਦੇਖਦੇ ਹੀ ਕਿਉਂ ਹਾਂ?
3.
ਮੰਦਰ,
ਮਸਜਦ, ਚਰਚ,
ਅਤੇ ਇੱਕ
ਮਕਬਰਾ-
ਧਰਮਨਿਰਪੱਖਤਾ
ਦੀ ਕੁੱਖ
'ਚ ਗੱਡਿਆ ਤ੍ਰਿਸ਼ੂਲ ਜਿਓਂ।
4.
ਜਨਵਾਦ
ਮਹਿਜ਼ ਵੋਟਾਂ ਦੀ ਕਹਾਣੀ,
ਵਿਦਵਾਨ
ਇਹਨੂੰ ਮੌਤ ਦਾ ਕਰਜ਼
ਲਿਖਦੇ
ਨੇ।
5.
ਕਿਸੇ
ਗਣਤੰਤਰ
ਵਿੱਚ
ਰਾਜਤਿਲਕ
ਹੁੰਦਾ ਹੈ, ਬੁੱਧ ਮਾਰੇ ਜਾਂਦੇ ਨੇ
ਤੇ
ਸੰਗੀਤ ਰਾਗ ਦਰਬਾਰੀ ਗਾਉਂਦੇ ਨੇ।
6.
ਨਿਆ
ਦੀ ਮੂਰਤੀ 'ਤੇ ਬੱਝੀ ਪੱਟੀ ਹੇਠਾਂ
ਫੁੱਟ
ਚੁੱਕੀਆਂ ਨੇ ਅੱਖਾਂ
ਟੁੱਟ
ਚੁੱਕਿਆ ਇਨਸਾਫ਼ ਦਾ ਭਰਮ ਵੀ।
7.
ਖੇਤੀ
ਪ੍ਰਧਾਨ ਦੇਸ਼ ਵਿੱਚ ਜਿਊਂਣ ਦੀ
ਅਜ਼ਾਦੀ
ਵੱਡੇ
ਸਾਰੇ ਮਾਲ 'ਚ ਵਿਕਦੀ ਹੈ, ਲਿਸ਼ਕਵੇਂ ਭਾਂਡਿਆਂ ਵਿੱਚ
ਫੋਲੀਡੋਲ
(ਕੀਟਨਾਸ਼ਕ) ਦੀ ਮਿਠਾਈ ਸੱਜਦੀ ਹੈ।
8.
ਬਰਾਬਰੀ
ਦਾ ਨਾਅਰਾ ਹੈ, ਕੰਮ ਬਹੁਤ ਸਾਰਾ
ਹੈ-
ਗਾਂ ਨੂੰ
ਬਚਾਉਣਾ ਏ
ਇਨਸਾਨ
ਨੂੰ ਮਚਾਉਣਾ ਏ।
9.
ਕਿਹੜੀ
ਭਿਆਲ਼ੀ, ਕਾਹਦਾ
ਭਾਈਚਾਰਾ
-
ਬ੍ਰਾਹਮਣ
ਤਾਂ ਫ਼ਸਲ ਵੱਢਦਾ ਹੈ
ਸ਼ੂਦਰ
ਹਊਕੇ ਖੇਤ ਸੁਣਦਾ ਹੈ।
ਕਵੀ, ਸਮਿਤਾ ਖਟੋਰ ਦਾ ਸ਼ੁਕਰੀਆ ਅਦਾ ਕਰਦੇ ਹਨ, ਜਿਨ੍ਹਾਂ ਦੇ ਨਾਲ਼ ਹੋਈ ਵਿਚਾਰ-ਚਰਚਾ ਦੇ ਫ਼ਲਸਰੂਪ ਇਸ ਕਵਿਤਾ ਦਾ ਜਨਮ ਹੋਇਆ।
ਤਰਜਮਾ: ਕਮਲਜੀਤ ਕੌਰ