ਛੋਟੀ ਜਿਹੀ ਗੰਢ ਹੁਣ ਸਖਤ ਹੋ ਗਈ ਹੈ,'' ਹੱਡੀ ਕੀ ਤਰ੍ਹਾਂ, '' ਪ੍ਰੀਤੀ ਯਾਦਵ ਕਹਿੰਦੀ ਹਨ।
ਇੱਕ ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ, ਜਦੋਂ ਜੁਲਾਈ 2020 ਨੂੰ ਉਹਨੂੰ ਪਹਿਲੀ ਦਫ਼ਾ ਆਪਣੀ ਸੱਜੀ ਛਾਤੀ ਵਿੱਚ ਮਟਰ ਦੇ ਦਾਣੇ ਜਿੰਨੀ ਗੰਢ ਮਹਿਸੂਸ ਹੋਈ ਸੀ ਅਤੇ ਕਰੀਬ ਇੱਕ ਸਾਲ ਪਹਿਲਾਂ ਹੀ ਪਟਨਾ ਸ਼ਹਿਰ ਦੇ ਇੱਕ ਕੈਂਸਰ ਸੰਸਥਾ ਵਿੱਚ ਔਂਕੋਲਾਜਿਸਟ ਨੇ ਬਾਇਓਪਸੀ ਕਰਾਉਣ ਅਤੇ ਗੰਢ ਨੂੰ ਕਟਵਾਉਣ ਲਈ ਸਰਜਰੀ ਦੀ ਸਿਫਾਰਸ਼ ਕੀਤੀ ਸੀ।
ਪਰ ਪ੍ਰੀਤੀ ਦੋਬਾਰਾ ਹਸਪਤਾਲ ਹੀ ਨਹੀਂ ਗਈ।
'' ਕਰਵਾ ਲੇਂਗੇ ''', ਆਪਣੇ ਪਰਿਵਾਰ ਦੇ ਵੱਡੇ ਸਾਰੇ ਘਰ ਦੇ ਟਾਈਲਾਂ ਲੱਗੇ ਬਰਾਂਡੇ ਵਿੱਚ ਫੁੱਲਾਂ ਅਤੇ ਝਾੜੀਆਂ ਵਿੱਚ ਘਿਰੀ ਇੱਕ ਭੂਰੇ ਰੰਗੀ ਪਲਾਸਟਿਕ ਦੀ ਕੁਰਸੀ 'ਤੇ ਬਹਿੰਦਿਆਂ ਉਹ ਕਹਿੰਦੀ ਹਨ।
ਨਰਮਾਈ ਨਾਲ਼ ਬੋਲੇ ਗਏ ਉਨ੍ਹਾਂ ਦੇ ਸ਼ਬਦ ਥਕਾਵਟ ਨਾਲ਼ ਭਰੇ ਹੋਏ ਸਨ। ਇਹ ਸਭ ਇਸਲਈ ਕਿਉਂਕਿ ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਘੱਟੋ ਘੱਟ ਚਾਰ ਮੈਂਬਰ ਕੈਂਸਰ ਦੀ ਬਲ਼ੀ ਚੜ੍ਹ ਗਏ ਹਨ ਅਤੇ ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਸੋਨੇਪੁਰ ਬਲਾਕ ਵਿੱਚ ਪੈਂਦੇ ਉਹਦੇ ਪਿੰਡ ਵਿੱਚ ਮਾਰਚ 2020 ਨੂੰ ਕੋਵਿਡ-19 ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਕੁਝ ਸਾਲ ਪਹਿਲਾਂ ਕੈਂਸਰ ਦੇ ਕਈ ਹੋਰ ਮਾਮਲੇ ਸਾਹਮਣੇ ਆਏ ਸਨ। (ਉਨ੍ਹਾਂ ਦੀ ਬੇਨਤੀ ਕਾਰਨ ਉਨ੍ਹਾਂ ਦੇ ਪਿੰਡ ਦਾ ਅਸਲੀ ਨਾਮ ਨਹੀਂ ਦਿੱਤਾ ਜਾ ਰਿਹਾ।)
ਸਰਜਰੀ ਦੁਆਰਾ ਗੰਢ ਨੂੰ ਕਦੋਂ ਹਟਾਉਣ ਹੈ, ਇਹ ਫੈਸਲਾ 24 ਸਾਲਾ ਪ੍ਰੀਤੀ ਇਕੱਲੀ ਨਹੀਂ ਲੈ ਸਕਦੀ। ਇੱਕ ਹਿਸਾਬ ਨਾਲ਼ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਲਈ ਦੁਲਹਾ ਵੀ ਲੱਭ ਹੀ ਲਿਆ ਹੋਇਆ ਹੈ, ਜੋ ਗੁਆਂਢ ਦੇ ਪਿੰਡ ਦਾ ਇੱਕ ਨੌਜਵਾਨ ਹੈ ਅਤੇ ਸੁਰੱਖਿਆ ਬਲ (armed force) ਵਿੱਚ ਨੌਕਰੀ ਕਰਦਾ ਹੈ। ''ਮੇਰੇ ਵਿਆਹ ਤੋਂ ਬਾਅਦ ਵੀ ਅਸੀਂ ਸਰਜਰੀ ਕਰਵਾ ਸਕਦੇ ਹਾਂ, ਹਨਾ? ਡਾਕਟਰ ਨੇ ਕਿਹਾ ਸੀ ਮੇਰੇ ਬੱਚਾ ਹੋਣ 'ਤੇ ਗੰਢ ਦੇ ਆਪਣੇ-ਆਪ ਖੁਰ ਜਾਣ ਦੀ ਸੰਭਾਵਨਾ ਹੈ,'' ਉਹ ਕਹਿੰਦੀ ਹਨ।
ਪਰ ਕੀ ਉਨ੍ਹਾਂ ਨੇ ਦੁਲਹੇ ਦੇ ਪਰਿਵਾਰ ਵਾਲ਼ਿਆਂ ਨੂੰ ਇਸ ਗੰਢ ਬਾਰੇ ਅਤੇ ਸੰਭਾਵਤ ਸਰਜਰੀ ਅਤੇ ਉਨ੍ਹਾਂ ਦੇ ਪਰਿਵਾਰ ਅੰਦਰ ਕੈਂਸਰ ਦੇ ਵੱਖੋ-ਵੱਖ ਸਾਹਮਣੇ ਆਏ ਮਾਮਲਿਆਂ ਬਾਰੇ ਦੱਸਿਆ ਹੋਵੇਗਾ? '' ਵਹੀ ਤੋ ਸਮਝ ਨਹੀਂ ਆ ਰਹਾ, '' ਉਹ ਕਹਿੰਦੀ ਹਨ। ਇਹੀ ਗੁੰਝਲਦਾਰ ਮਸਲਾ ਹੈ ਜਿਸ 'ਤੇ ਉਹਦੀ ਸਰਜਰੀ ਨਿਰਭਰ ਕਰਦੀ ਹੈ।
ਪ੍ਰੀਤੀ ਲਈ, ਜਿਨ੍ਹਾਂ ਨੇ 2019 ਵਿੱਚ ਭੂਵਿਗਿਆਨ ਵਿੱਚ ਬੀਐੱਸਸੀ ਦੀ ਡਿਗਰੀ ਮੁਕੰਮਲ ਕੀਤੀ, ਇਸ ਗੰਢ ਅਤੇ ਇਹਦੇ ਪਤਾ ਲੱਗਣ ਤੋਂ ਬਾਅਦ ਬੀਤੇ ਇਸ ਪੂਰੇ ਵਰ੍ਹੇ ਨੇ ਉਨ੍ਹਾਂ ਅੰਦਰ ਇਕਲਾਪੇ ਨੂੰ ਹੋਰ ਡੂੰਘੇਰਾ ਕਰ ਛੱਡਿਆ ਹੈ। 2016 ਵਿੱਚ ਗੁਰਦੇ ਦੇ ਕੈਂਸਰ ਦੀ ਅਖੀਰਲੀ ਸਟੇਜ ਤਸ਼ਖੀਸ ਹੋਣ ਤੋਂ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪਿਛਲੀ ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦਾ 2013 ਤੋਂ ਕਈ ਵਿਸ਼ੇਸ਼ ਕਾਰਡੀਐਕ ਯੁਨਿਟਾਂ ਵਾਲੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਸੀ, ਬਾਵਜੂਦ ਇਹ ਸਭ ਹੋ ਗਿਆ। ਉਨ੍ਹਾਂ ਦੇ ਮਾਂ ਅਤੇ ਬਾਪ ਦੋਵਾਂ ਦੀ ਉਮਰ 50 ਸਾਲ ਦੇ ਆਸਪਾਸ ਸਨ। ''ਮੈਂ ਬਿਲਕੁੱਲ ਇਕੱਲੀ ਪੈ ਗਈ ਹਾਂ,'' ਪ੍ਰੀਤੀ ਕਹਿੰਦੀ ਹਨ।
''ਜੇ ਮੇਰੀ ਮਾਂ ਆਸਪਾਸ ਹੁੰਦੀ ਤਾਂ ਉਹ ਮੇਰੀ ਪਰੇਸ਼ਾਨੀ ਜ਼ਰੂਰ ਸਮਝ ਜਾਂਦੀ।''
ਉਨ੍ਹਾਂ ਦੀ ਮਾਂ ਦੀ ਮੌਤ ਤੋਂ ਠੀਕ ਪਹਿਲਾਂ ਪਰਿਵਾਰ ਨੂੰ ਨਵੀਂ ਦਿੱਲੀ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (AIIMS) ਤੋਂ ਪਤਾ ਚੱਲਿਆ ਸੀ ਕਿ ਪਰਿਵਾਰ ਵਿੱਚ ਕੈਂਸਰ ਦੀ ਸਮੱਸਿਆ ਉਨ੍ਹਾਂ ਦੇ ਘਰ ਦੇ ਪਾਣੀ ਦੀ ਕੁਆਲਿਟੀ (ਗੁਣਵੱਤਾ) ਨਾਲ਼ ਜੁੜੀ ਹੋ ਸਕਦੀ ਹੈ। ''ਉੱਥੋਂ ਦੇ ਡਾਕਟਰਾਂ ਨੇ ਮੰਮੀ ਦੀਆਂ ਦਿਮਾਗ਼ੀ ਪਰੇਸ਼ਾਨੀਆਂ ਬਾਰੇ ਪੁੱਛਿਆ। ਜਦੋਂ ਅਸੀਂ ਪਰਿਵਾਰ ਵਿੱਚ ਹੋਈਆਂ ਮੌਤਾਂ ਦੇ ਇਤਿਹਾਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਸਾਡੇ ਦੁਆਰਾ ਪੀਤੇ ਜਾਣ ਵਾਲ਼ੇ ਪਾਣੀ ਸਬੰਧੀ ਕੁਝ ਸਵਾਲਾਤ ਕੀਤੇ। ਕੁਝ ਵਰ੍ਹਿਆਂ ਤੋਂ, ਸਾਡੇ ਨਕਲੇ ਦਾ ਪਾਣੀ ਗੇੜੇ ਜਾਣ ਤੋਂ ਅੱਧੇ ਘੰਟੇ ਬਾਅਦ ਪੀਲ਼ਾ ਫਿਰਨ ਲੱਗ ਗਿਆ ਸੀ,'' ਪ੍ਰੀਤੀ ਕਹਿੰਦੇ ਹਨ।
ਬਿਹਾਰ ਭਾਰਤ ਦੇ ਉਨ੍ਹਾਂ ਸੱਤ ਰਾਜਾਂ (ਅਸਾਮ, ਛੱਤੀਸਗੜ੍ਹ, ਝਾਰਖੰਡ, ਮਨੀਪੁਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ) ਵਿੱਚੋਂ ਇੱਕ ਹੈ ਜਿੱਥੋਂ ਦਾ ਭੂਮੀ ਹੇਠਲਾ ਪਾਣੀ ਅਰਸੈਨਿਕ ਪ੍ਰਦੂਸ਼ਣ ਨਾਲ਼ ਇੰਨੀ ਬੁਰੀ ਤਰ੍ਹਾਂ ਪ੍ਰਭਾਵਤ ਹੈ ਕਿ ਸੁਰੱਖਿਆ ਪੱਧਰਾਂ ਤੋਂ ਵੀ ਪਰ੍ਹੇ ਹੈ। ਕੇਂਦਰੀ ਭੂਮੀ ਜਲ ਬੋਰਡ (ਟਾਸਕ ਫੋਰਸ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਅਧਾਰ 'ਤੇ, 2010 ਦੀਆਂ ਦੋ ਸਲਾਨਾ ਰਿਪੋਰਟਾਂ ) ਦੁਆਰਾ ਪਾਇਆ ਕਿ ਬਿਹਾਰ ਵਿੱਚ 18 ਜ਼ਿਲ੍ਹਿਆਂ ਦੇ 57 ਬਲਾਕਾਂ ਵਿੱਚ- ਸਰਨਾ ਸਣੇ, ਜਿੱਥੇ ਪ੍ਰੀਤੀ ਦਾ ਪਿੰਡ ਹੈ- ਧਰਤੀ ਹੇਠਲੇ ਪਾਣੀ ਵਿੱਚ ਆਰਸੈਨਿਕ ਦੀ ਮਾਤਰਾ ਬਹੁਤ ਜ਼ਿਆਦਾ ਹੈ, ਜੋ ਕਿ 0.05 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੀ ਵੱਧ ਹੈ ਜਦੋਂ ਕਿ ਪਾਣੀ ਵਿੱਚ ਮਨਜ਼ੂਰਸ਼ੁਦਾ ਸੀਮਾ 10 ਮਾਈਕਰੋ ਗ੍ਰਾਮ ਹੈ।
*****
ਪ੍ਰੀਤੀ ਸਿਰਫ਼ 2 ਜਾਂ 3 ਸਾਲ ਦੀ ਸਨ ਜਦੋਂ ਪਰਿਵਾਰ ਨੇ ਉਨ੍ਹਾਂ ਦੀ ਵੱਡੀ ਭੈਣ ਨੂੰ ਗੁਆਇਆ। ''ਉਹਦੇ ਢਿੱਡ ਵਿੱਚ ਹਰ ਵੇਲ਼ੇ ਬੜੀ ਭਿਅੰਕਰ ਦਰਦ ਰਹਿੰਦੀ ਸੀ। ਪਿਤਾ ਉਹਨੂੰ ਕਈ ਕਲੀਨਿਕਾਂ ਵਿੱਚ ਲੈ ਕੇ ਗਏ, ਪਰ ਉਹ ਉਹਦੀ ਜਾਨ ਨਹੀਂ ਬਚਾ ਸਕੇ,'' ਉਹ ਕਹਿੰਦੀ ਹਨ। ਉਦੋਂ ਤੋਂ ਹੀ ਉਨ੍ਹਾਂ ਦੀ ਮਾਂ ਬਹੁਤ ਹੀ ਗੰਭੀਰ ਤਣਾਅ ਵਿੱਚ ਜਿਉਂ ਰਹੀ ਸਨ।
ਫਿਰ, 2009 ਵਿੱਚ ਉਨ੍ਹਾਂ ਦੇ ਚਾਚਾ (ਪਿਤਾ ਦੇ ਛੋਟੇ ਭਰਾ) ਦੀ ਮੌਤ ਹੋ ਗਈ ਅਤੇ 2012 ਵਿੱਚ ਚਾਚੀ ਦੀ ਮੌਤ ਹੋ ਗਈ। ਉਹ ਸਾਰੇ ਇੱਕ ਸਾਂਝੇ ਘਰ ਵਿੱਚ ਰਹਿੰਦੇ ਸਨ। ਦੋਵਾਂ ਨੂੰ ਹੀ ਬਲੱਡ ਕੈਂਸਰ ਤਸ਼ਖੀਸ ਹੋਇਆ ਅਤੇ ਦੋਵਾਂ ਨੂੰ ਡਾਕਟਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਲਾਜ ਲਈ ਬੜੀ ਦੇਰ ਨਾਲ਼ ਕਰ ਦਿੱਤੀ ਹੈ।
2013 ਵਿੱਚ, ਉਸੇ ਚਾਚਾ ਦੇ ਬੇਟੇ, ਪ੍ਰੀਤੀ ਦੇ 36 ਸਾਲਾ ਚਚੇਰੇ ਭਰਾ, ਦੀ ਵੈਸ਼ਾਲੀ ਜ਼ਿਲ੍ਹੇ ਦੇ ਹਾਜੀਪੁਰ ਕਸਬੇ ਵਿੱਚ ਜੇਰੇ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਨੂੰ ਵੀ ਬਲੱਡ ਕੈਂਸਰ ਸੀ।
ਸਾਲਾਂ ਬੱਧੀ ਬੀਮਾਰੀਆਂ ਅਤੇ ਮੌਤਾਂ ਨਾਲ਼ ਟੁੱਟੇ ਪਰਿਵਾਰ ਅੰਦਰ ਪ੍ਰੀਤੀ ਹੀ ਘਰ ਦੀਆਂ ਜ਼ਿੰਮੇਦਾਰੀਆਂ ਸਾਂਭ ਰਹੀ ਸਨ। ''ਜਦੋਂ ਮੈਂ 10ਵੀਂ ਜਮਾਤ ਵਿੱਚ ਸਾਂ ਉਦੋਂ ਤੋਂ ਮੈਨੂੰ ਲੰਬੇ ਸਮੇਂ ਤੱਕ ਘਰ ਸੰਭਾਲਣਾ ਪੈਂਦਾ ਸੀ, ਉਸ ਸਮੇਂ ਪਹਿਲਾਂ ਮਾਂ ਬੀਮਾਰ ਸਨ ਅਤੇ ਫਿਰ ਪਿਤਾ ਜੀ। ਇੱਕ ਦੌਰ ਅਜਿਹਾ ਵੀ ਆਇਆ ਜਦੋਂ ਹਰ ਸਾਲ ਕੋਈ ਨਾ ਕੋਈ ਮਰ ਜਾਂਦਾ ਜਾਂ ਬਹੁਤ ਗੰਭੀਰ ਬੀਮਾਰ ਹੋ ਜਾਂਦਾ ਸੀ।''
ਪਰ ਕੀ ਉਨ੍ਹਾਂ ਨੇ ਦੁਲਹੇ ਦੇ ਪਰਿਵਾਰ ਵਾਲ਼ਿਆਂ ਨੂੰ ਇਸ ਗੰਢ ਬਾਰੇ ਅਤੇ ਸੰਭਾਵਤ ਸਰਜਰੀ ਅਤੇ ਉਨ੍ਹਾਂ ਦੇ ਪਰਿਵਾਰ ਅੰਦਰ ਕੈਂਸਰ ਦੇ ਵੱਖੋ-ਵੱਖ ਸਾਹਮਣੇ ਆਏ ਮਾਮਲਿਆਂ ਬਾਰੇ ਦੱਸਿਆ ਹੋਵੇਗਾ? '' ਵਹੀ ਤੋ ਸਮਝ ਨਹੀਂ ਆ ਰਹਾ, '' ਉਹ ਕਹਿੰਦੀ ਹਨ। ਇਹੀ ਗੁੰਝਲਦਾਰ ਮਸਲਾ ਹੈ ਜਿਸ 'ਤੇ ਉਹਦੀ ਸਰਜਰੀ ਨਿਰਭਰ ਕਰਦੀ ਹੈ
ਇੱਕ ਸਾਂਝੇ ਪਰਿਵਾਰ ਦੀ ਰਸੋਈ ਅਤੇ ਬਾਕੀ ਘਰ ਨੂੰ ਸਾਂਭਦੇ-ਸਾਂਭਦੇ ਉਨ੍ਹਾਂ ਦੀ ਪੜ੍ਹਾਈ ਕਿਸੇ ਕੋਨੇ ਵਿੱਚ ਧੱਕੀ ਗਈ। ਜਦੋਂ ਉਨ੍ਹਾਂ ਦੇ ਦੋਵਾਂ ਵਿੱਚੋਂ ਇੱਕ ਭਰਾ ਦਾ ਵਿਆਹ ਹੋਇਆ ਤਾਂ ਉਨ੍ਹਾਂ ਦੀ ਪਤਨੀ ਦੇ ਆਉਣ ਨਾਲ਼ ਖਾਣਾ ਪਕਾਉਣ, ਸਾਫ਼-ਸਫਾਈ ਅਤੇ ਬੀਮਾਰਾਂ ਦੀ ਦੇਖਭਾਲ ਜਿਹੇ ਕੰਮਾਂ ਦੇ ਦਬਾਅ ਵਿੱਚ ਥੋੜ੍ਹੀ ਰਾਹਤ ਜ਼ਰੂਰ ਮਿਲ਼ੀ। ਅਜੇ ਵੀ ਸੁੱਖ ਦਾ ਸਾਹ ਮਿਲ਼ਦਾ ਜਾਪਦਾ ਨਹੀਂ ਸੀ ਕਿਉਂਕਿ ਚਚੇਰੇ ਭਰਾ ਦੀ ਪਤਨੀ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੰਗ ਲਿਆ ਅਤੇ ਉਹ ਲਗਭਗ ਮਰ ਹੀ ਗਈ ਸਨ। ਫਿਰ 2019 ਵਿੱਚ ਪ੍ਰੀਤੀ ਦੇ ਇੱਕ ਭਰਾ ਦੀ ਇੱਕ ਖੇਤ ਦੁਰਘਟਨਾ ਦੌਰਾਨ ਅੱਖ ਵਿੱਚ ਗੰਭੀਰ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਕਈ ਮਹੀਨਿਆਂ ਤੱਕ ਨਿਰੰਤਰ ਦੇਖਭਾਲ਼ ਦੀ ਲੋੜ ਰਹੀ।
ਜਦੋਂ ਉਨ੍ਹਾਂ ਦੇ ਮਾਪਿਆਂ ਦੀ ਮੌਤ ਹੋਈ ਤਾਂ ਪ੍ਰੀਤੀ ਨਾਉਮੀਦੀ ਨਾਲ਼ ਭਰਨ ਲੱਗੀ। '' ਮਾਯੂਸੀ ਥੀ... ਬਹੁਤ ਟੈਨਸ਼ਨ ਥਾ ਤਬ. '' ਉਹ ਬਾਮੁਸ਼ਕਲ ਹੀ ਆਪਣੇ ਜਜ਼ਬਾਤਾਂ 'ਚੋਂ ਨਿਕਲ਼ਣ ਦੀ ਕੋਸ਼ਿਸ਼ ਕਰ ਹੀ ਰਹੀ ਸਨ ਕਿ ਉਨ੍ਹਾਂ ਦੀ ਛਾਤੀ ਦੀ ਇਹ ਗੰਢ ਸਾਹਮਣੇ ਆਣ ਖਲ੍ਹੋਤੀ।
ਆਪਣੇ ਪਿੰਡ ਦੇ ਬਾਕੀ ਲੋਕਾਂ ਵਾਂਗਰ, ਇਹ ਪਰਿਵਾਰ ਵੀ ਨਲਕੇ ਵਿੱਚੋਂ ਗੇੜੇ ਗਏ ਪਾਣੀ ਨੂੰ ਬਿਨਾਂ ਛਾਣੇ ਜਾਂ ਉਬਾਲ਼ਿਆਂ ਹੀ ਵਰਤਦਾ ਸੀ। ਇਹ ਕਰੀਬ 2 ਦਹਾਕੇ ਪੁਰਾਣਾ ਅਤੇ ਕਰੀਬ 120-150 ਫੁੱਟ ਡੂੰਘਾ ਬੋਰ ਹੀ ਪਾਣੀ ਦੇ ਸਾਰੇ ਉਦੇਸ਼ਾਂ ਜਿਵੇਂ- ਧੋਣਾ, ਨਹਾਉਣਾ, ਪੀਣਾ ਅਤ ਰਿੰਨ੍ਹਣ-ਪਕਾਉਣ ਦੇ ਕੰਮਾਂ ਦੀ ਪੂਰਤੀ ਕਰਦਾ ਇਕਲੌਤਾ ਵਸੀਲਾ ਰਿਹਾ ਹੈ। ''ਪਿਤਾ ਦੀ ਮੌਤ ਤੋਂ ਬਾਅਦ, ਅਸੀਂ ਪੀਣ ਅਤੇ ਖਾਣਾ ਪਕਾਉਣ ਵਾਸਤੇ ਆਰਓ (RO) ਦੇ ਪਾਣੀ ਦੀ ਵਰਤੋਂ ਕਰਦੇ ਆਏ ਹਾਂ,'' ਪ੍ਰੀਤੀ ਕਹਿੰਦੀ ਹਨ। ਉਦੋਂ ਤੱਕ, ਕਈ ਅਧਿਐਨਾਂ ਦੇ ਨਾਲ਼ ਭੂਮੀ ਹੇਠਲੇ ਪਾਣੀ ਵਿੱਚ ਆਰਸੈਨਿਕ ਜਿਹੇ ਜ਼ਹਿਰ ਦੀ ਗੱਲ ਕਰਦਿਆਂ, ਜ਼ਿਲ੍ਹੇ ਦੇ ਲੋਕਾਂ ਨੂੰ ਗੰਦਗੀ ਅਤੇ ਇਸ ਤੋਂ ਉਪਜੇ ਖਤਰਿਆਂ ਤੋਂ ਜਾਗਰੂਕ ਕਰਨਾ ਸ਼ੁਰੂ ਹੋ ਗਿਆ ਸੀ। ਆਰਓ ਸ਼ੁੱਧੀਕਰਣ ਪ੍ਰਣਾਲੀ, ਇਹਦੇ ਨਿਯਮਤ ਰੱਖਰਖਾਓ ਦੇ ਨਾਲ਼ ਪੀਣ ਵਾਲ਼ੇ ਪਾਣੀ ਵਿੱਚੋਂ ਅਰਸੈਨਿਕ ਨੂੰ ਛਾਣਨ ਵਿੱਚ ਕੁਝ ਹੱਦ ਤੱਕ ਸਫ਼ਲਤਾ ਦਿਖਾਉਂਦੀ ਹੈ।
ਵਿਸ਼ਵ ਸਿਹਤ ਸੰਗਠਨ ਨੇ 1958 ਦੀ ਸ਼ੁਰੂਆਤ ਵਿੱਚ ਹੀ ਇਹ ਸੁਨਿਸ਼ਚਤ ਕੀਤਾ ਹੈ ਕਿ ਆਰਸੈਨਿਕ ਨਾਲ਼ ਦੂਸ਼ਿਤ ਪਾਣੀ ਦੇ ਲੰਬੇ ਸਮੇਂ ਤੱਕ ਸੇਵਨ ਕਰਨ ਨਾਲ਼ ਆਰਸੈਨਿਕ ਜ਼ਹਿਰ ਦਾ ਅਸਰ ਜਾਂ ਆਰਸੈਨਿਕੋਸਿਸ ਹੁੰਦਾ ਹੈ, ਜਿਸ ਵਿੱਚ ਚਮੜੀ, ਬਲੱਡਰ, ਗੁਰਦੇ ਜਾਂ ਫੇਫੜੇ ਦੇ ਕੈਂਸਰ ਹੋਣ ਦੇ ਨਾਲ਼-ਨਾਲ਼ ਚਮੜੀ ਦੇ ਹੋਰ ਰੋਗ ਜਿਵੇਂ ਚਮੜੀ ਦਾ ਬੇਰੰਗਾ ਹੋਣਾ ਅਤੇ ਤਲ਼ੀਆਂ ਤੇ ਅੱਡੀਆਂ ਵਿਚਲੇ ਮਾਸ ਦੇ ਕਿਸੇ ਹਿੱਸਾ ਦਾ ਸਖਤ ਭੌਰੀਨੁਮਾ ਹੋ ਜਾਣਾ। ਡਬਲਿਊਐੱਚਓ ਨੇ ਇਹ ਵੀ ਕਿਹਾ ਹੈ ਕਿ ਦੂਸ਼ਿਤ ਪਾਣੀ ਪੀਣਾ ਸ਼ੂਗਰ, ਹਾਈਪਰਟੈਂਨਸ਼ਨ ਅਤੇ ਪ੍ਰਜਨਨ ਸਬੰਧੀ ਵਿਕਾਰਾਂ ਦਰਮਿਆਨ ਸੰਭਾਵਤ ਸਬੰਧ ਹੋਣ ਵੱਲ ਇਸ਼ਾਰਾ ਕਰਦਾ ਹੈ।
2017 ਤੋਂ 2019 ਦਰਮਿਆਨ, ਪਟਨਾ ਦੇ ਮਹਾਂਵਾਰੀ ਕੈਂਸਰ ਸੰਸਥਾ ਅਤੇ ਖੋਜ ਕੇਂਦਰ ਜੋ ਇੱਕ ਨਿੱਜੀ ਚੈਰੀਟੇਬਲ ਟਰੱਸਟ ਹੈ, ਨੇ ਇਸ ਦੇ ਓਪੀਡੀ ਦੇ ਮਰੀਜ਼ਾਂ ਵਿੱਚ ਬੇਤਰਤੀਬੇ ਢੰਗ ਨਾਲ਼ 2,000 ਕੈਂਸਰ ਰੋਗੀਆਂ ਦੇ ਖੂਨ ਦੇ ਨਮੂਨੇ ਇਕੱਠੇ ਕੀਤੇ ਅਤੇ ਦੇਖਿਆ ਕਿ ਕਰਸੀਨੋਮਾ ਰੋਗੀਆਂ ਦੇ ਲਹੂ ਵਿੱਚ ਆਰਸੈਨਿਕ ਦਾ ਪੱਧਰ ਕਾਫੀ ਜ਼ਿਆਦਾ ਸੀ। ਇੱਕ ਭੂ-ਸਥਾਨਕ ਨਕਸ਼ੇ ਵਿੱਚ ਗੰਗਾ ਦੇ ਮੈਦਾਨੀ ਇਲਾਕਿਆਂ ਕੈਂਸਰ ਦੀ ਕਿਸਮ ਨੂੰ ਅਬਾਦੀ ਦੇ ਲਹੂ ਵਿਚਲੇ ਆਰਸੈਨਿਕ ਨਾਲ਼ ਜੋੜਿਆ ਗਿਆ ਹੈ।
''ਜ਼ਿਆਦਾਤਰ ਕੈਂਸਰ ਮਰੀਜ਼ ਜਿਨ੍ਹਾਂ ਦੇ ਲਹੂ ਵਿੱਚ ਆਰਸੈਨਿਕ ਦੀ ਬਹੁਤਾਤ ਸੀ ਉਹ ਸਾਰੇ ਗੰਗਾ ਨਦੀ ਦੇ ਨੇੜੇ ਜ਼ਿਲ੍ਹਿਆਂ (ਸਰਨਾ ਸਣੇ) ਦੇ ਰਹਿਣ ਵਾਲ਼ੇ ਸਨ। ਉਨ੍ਹਾਂ ਦੇ ਲਹੂ ਵਿੱਚ ਆਰਸੈਨਿਕ ਦੀ ਵੱਧਦੀ ਸੰਘਣਤਾ ਆਰਸੈਨਿਕ ਤੋਂ ਉਪਜੇ ਕੈਂਸਰ, ਖਾਸ ਕਰਕੇ ਕਰਸੀਨੋਮਾ ਨਾਲ਼ ਮਜ਼ਬੂਤ ਸਾਂਝ ਰੱਖਦਾ ਹੈ,'' ਡਾ. ਅਰੁਣ ਕੁਮਾਰ ਕਹਿੰਦੇ ਹਨ ਜੋ ਇਸ ਸੰਸਥਾ ਦੇ ਇੱਕ ਵਿਗਿਆਨੀ ਹਨ ਜਿਨ੍ਹਾਂ ਨੇ ਇਸ ਅਧਿਐਨ ਨੂੰ ਲੈ ਕੇ ਕਈ ਖੋਜ-ਪੱਤਰਾਂ ਦਾ ਸਹਿ-ਲੇਖਣ ਕੀਤਾ ਹ।
'ਜੇ ਮੈਂ ਥੋੜ੍ਹੇ ਦਿਨਾਂ ਲਈ ਬਾਹਰ ਚਲੀ ਵੀ ਜਾਵਾਂ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ, ਇਹ ਇੱਕ ਛੋਟਾ ਜਿਹਾ ਪਿੰਡ ਹੈ। ਜੇ ਮੈਂ ਸਰਜਰੀ ਵਾਸਤੇ ਪਟਨਾ ਚਲੀ ਗਈ ਤਾਂ ਥੋੜ੍ਹੇ ਹੀ ਦਿਨ ਵਿੱਚ ਇੱਥੇ ਰੌਲ਼ਾ ਪੈ ਜਾਵੇਗਾ'
ਇਸ ਸਟੱਡੀ ਦੀ 2021 ਜਨਵਰੀ ਦੀ ਰਿਪੋਰਟ ਕਹਿੰਦੀ ਹੈ,''ਸਾਡੀ ਸੰਸਥਾ ਵਿਖੇ ਸਾਲ 2019 ਵਿੱਚ ਕੈਂਸਰ ਦੇ 15,000 ਮਾਮਲੇ ਦਰਜ਼ ਕੀਤੇ ਗਏ।'' ''ਮਹਾਂਮਾਰੀ ਵਿਗਿਆਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਰਿਪੋਰਟ ਕੀਤੇ ਗਏ ਕੈਂਸਰ ਦੇ ਬਹੁਤੇਰੇ ਮਾਮਲੇ ਗੰਗਾ ਦੇ ਨੇੜਲੇ ਸ਼ਹਿਰਾਂ ਜਾਂ ਕਸਬਿਆਂ ਤੋਂ ਸਨ। ਕੈਂਸਰ ਦੇ ਸਭ ਤੋਂ ਵੱਧ ਮਾਮਲੇ- ਬਕਸਰ, ਭੋਜਪੁਰ, ਸਰਨਾ, ਪਟਨਾ, ਵੈਸ਼ਾਲੀ, ਸਮਸਤੀਪੁਰ, ਮੋਂਗੀਰ, ਬੇਗੂਸਰਾਏ ਅਤੇ ਭਾਗਲਪੁਰ ਜ਼ਿਲ੍ਹਿਆਂ ਵਿੱਚ ਪਾਏ ਗਏ।
ਪ੍ਰੀਤੀ ਦੇ ਪਰਿਵਾਰ ਅਤੇ ਸਾਰਨ ਜ਼ਿਲ੍ਹੇ ਦੇ ਇਸ ਪਿੰਡ ਵਿੱਚ ਕਈ ਪੁਰਸ਼ਾਂ ਅਤੇ ਔਰਤਾਂ ਦੀ ਮੌਤ ਹੋ ਚੁੱਕੀ ਹੈ, ਨੌਜਵਾਨ ਔਰਤਾਂ ਦਾ ਔਂਕੋਲਾਜਿਸਟ ਕੋਲ਼ ਜਾਣਾ ਇੱਕ ਵੱਖਰੀ ਚੁਣੌਤੀ ਦਾ ਸਾਹਮਣਾ ਕਰਨਾ ਹੋ ਸਕਦਾ ਹੈ। ਨੌਜਵਾਨ ਕੁੜੀਆਂ ਦੇ ਨਾਮ ਦਾ ਕੈਂਸਰ ਨਾਲ਼ ਜੁੜਿਆ ਹੋਣਾ ਇੱਕ ਕਲੰਕ ਬਰਾਬਰ ਹੈ। ਜਿਵੇਂ ਕਿ ਪ੍ਰੀਤੀ ਦਾ ਇੱਕ ਭਰਾ ਕਹਿੰਦਾ ਹੈ,''ਪਿੰਡ ਵਾਲ਼ਿਆਂ ਨੂੰ ਗੱਲਾਂ ਬਣਾਉਣ ਦਾ ਚਸਕਾ ਹੁੰਦਾ ਹੈ... ਪਰਿਵਾਰ ਨੂੰ ਸੁਚੇਤ ਰਹਿਣ ਦੀ ਲੋੜ ਹੈ।''
''ਜੇ ਮੈਂ ਥੋੜ੍ਹੇ ਦਿਨਾਂ ਲਈ ਬਾਹਰ ਚਲੀ ਵੀ ਜਾਵਾਂ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ, ਇਹ ਇੱਕ ਛੋਟਾ ਜਿਹਾ ਪਿੰਡ ਹੈ। ਜੇ ਮੈਂ ਸਰਜਰੀ ਵਾਸਤੇ ਪਟਨਾ ਚਲੀ ਗਈ ਤਾਂ ਥੋੜ੍ਹੇ ਹੀ ਦਿਨ ਵਿੱਚ ਇੱਥੇ ਰੌਲ਼ਾ ਪੈ ਜਾਵੇਗਾ,'' ਪ੍ਰੀਤੀ ਅੱਗੇ ਕਹਿੰਦੀ ਹਨ। ''ਕਾਸ਼ ਮੈਨੂੰ ਪਤਾ ਹੁੰਦਾ ਕਿ ਪਾਣੀ ਵਿੱਚ ਕੈਂਸਰ ਹੈ।''
ਪ੍ਰੀਤੀ ਨੇ ਇੱਕ ਚੰਗਾ ਤੇ ਪਿਆਰ ਕਰਨ ਵਾਲ਼ੇ ਪਤੀ ਦੀ ਉਮੀਦ ਨਹੀਂ ਛੱਡੀ- ਅਤੇ ਉਨ੍ਹਾਂ ਨੂੰ ਇਹ ਵੀ ਚਿੰਤਾ ਹੈ ਕਿ ਉਨ੍ਹਾਂ ਦੀ ਛਾਤੀ ਦੀ ਇਹ ਗੰਢ ਉਨ੍ਹਾਂ ਦੇ ਵਿਆਹੁਤਾ ਜੀਵਨ ਦੇ ਰਾਹ ਵਿੱਚ ਰੋੜਾ ਤਾਂ ਨਹੀਂ ਬਣੇਗੀ।
*****
''ਕੀ ਉਹ ਬੱਚੇ ਨੂੰ ਦੁੱਧ ਚੁੰਘਾ ਪਾਵੇਗੀ?''
ਪਟਨਾ ਹਸਪਤਾਲ ਦੇ ਵਾਰਡ ਵਿੱਚ ਰਮੋਨੀ ਦੇਵੀ ਯਾਦਵ ਦੇ ਦਿਮਾਗ਼ ਵਿੱਚ ਇਹੀ ਸਵਾਲ ਗੂੰਜ ਰਿਹਾ ਸੀ ਜਿਨ੍ਹਾਂ ਦੀ ਨਜ਼ਰ ਆਪਣੇ ਤੋਂ ਕੁਝ ਦੂਰ ਬੈੱਡ 'ਤੇ ਲੇਟੀ ਇੱਕ 20 ਸਾਲਾ ਕੁੜੀ ਵੱਲ ਟਿਕੀ ਹੋਈ ਸੀ ਜਿਹਦੇ ਵਿਆਹ ਨੂੰ ਅਜੇ ਸ਼ਾਇਦ 6 ਮਹੀਨੇ ਲੰਘੇ ਸਨ। ਇਹ 2015 ਦੀਆਂ ਗਰਮੀਆਂ ਦੀ ਗੱਲ ਹੈ। ''ਘੱਟੋਘੱਟ ਮੇਰੀ ਛਾਤੀ ਦੀ ਸਰਜਰੀ ਤਾਂ ਕਾਫੀ ਪਹਿਲਾਂ ਕੀਤੀ ਜਾ ਚੁੱਕੀ ਸੀ। ਮੈਨੂੰ ਛਾਤੀ ਦਾ ਕੈਂਸਰ ਉਦੋਂ ਹੋਇਆ ਸੀ ਜਦੋਂ ਮੇਰੇ ਚਾਰੇ ਪੁੱਤ ਬਾਲਗ਼ ਹੋ ਗਏ ਸਨ। ਪਰ ਇਸ ਕੁੜੀ ਵੱਲ ਤਾਂ ਦੇਖੋ, ਕਿੰਨੀ ਛੋਟੀ ਹੈ?'' 58 ਸਾਲਾ ਰਮੋਨੀ ਦੇਵੀ ਪੁੱਛਦੀ ਹਨ।
ਯਾਦਰ ਪਰਿਵਾਰ ਕੋਲ਼ ਬਕਸਰ ਜ਼ਿਲ੍ਹੇ ਦੇ ਸਿਮਰੀ ਬਲਾਕ ਦੇ ਬਰਕਾ ਰਾਜਪੁਰ ਪਿੰਡ ਵਿੱਚ ਕਰੀਬ 50 ਵਿਘੇ (ਲਗਭਗ 17 ਏਕੜ) ਜ਼ਮੀਨ ਹੈ, ਜੋ ਪ੍ਰੀਤੀ ਦੇ ਪਿੰਡੋਂ ਲਗਭਗ 140 ਕਿਲੋਮੀਟਰ ਦੂਰ ਹੈ ਅਤੇ ਇਹ ਪਰਿਵਾਰ ਸਥਾਨਕ ਰਾਜਨੀਤੀ ਵਿੱਚ ਕਾਫੀ ਪ੍ਰਭਾਵਸ਼ਾਲੀ ਹੈ। ਛਾਤੀ ਦੇ ਕੈਂਸਰ ਨਾਲ਼ 6 ਸਾਲਾਂ ਤੱਕ ਸਫ਼ਲਤਾਪੂਰਵਕ ਜੂਝਣ ਵਾਲ਼ੀ ਰਮੋਨੀ ਦੇਵੀ ਰਾਜਪੁਰ ਕਲਾਂ ਪੰਚਾਇਤ (ਆਪਣੇ ਪਿੰਡ ਦੇ ਅੰਦਰ-ਅੰਦਰ) ਦੇ ਮੁਖੀਆ ਜੀ ਚੋਣ ਲੜਨ ਦੀ ਯੋਜਨਾ ਬਣਾ ਰਹੀ ਹਨ, ਹਾਂ ਜੇਕਰ ਇਸ ਸਾਲ ਦੇ ਅੰਤ ਵਿੱਚ ਕੋਵਿਡ-ਚੱਲਦਿਆਂ ਹੋਈ ਦੇਰੀ ਤੋਂ ਬਾਅਦ ਚੋਣਾਂ ਕਰਵਾਈਆਂ ਗਈਆਂ ਤਾਂ।
ਰਮੋਨੀ ਸਿਰਫ਼ ਭੋਜਪੁਰੀ ਬੋਲਦੀ ਹਨ, ਪਰ ਉਨ੍ਹਾਂ ਦੇ ਬੇਟੇ ਅਤੇ ਪਤੀ ਨਾਲ਼ੋਂ ਨਾਲ਼ ਅਨੁਵਾਦ ਕਰਦੇ ਹਨ। ਓਮਾ ਸ਼ੰਕਰ ਦੱਸਦੇ ਹਨ ਕਿ ਬਰਕਾ ਰਾਜਪੁਰ ਵਿੱਚ ਕੈਂਸਰ ਦੇ ਕਈ ਮਾਮਲੇ ਹਨ। ਕੇਂਦਰੀ ਭੂਮੀ ਜਲ ਬੋਰਡ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ 18 ਜ਼ਿਲ੍ਹਿਆਂ ਦੇ 57 ਬਲਾਕਾਂ ਵਿੱਚ ਭੂਮੀ ਜਲ ਵਿੱਚ ਆਰਸੈਨਿਕ ਦਾ ਪੱਧਰ ਉੱਚਾ ਹੈ, ਉਨ੍ਹਾਂ ਵਿੱਚ ਇੱਕ ਜ਼ਿਲ੍ਹਾ ਬਕਸਰ ਵੀ ਸ਼ਾਮਲ ਹੈ।
ਆਪਣੀ ਜ਼ਮੀਨ ਦੇ ਚੁਫੇਰੇ ਘੁੰਮਦਿਆਂ, ਜਿੱਥੇ ਕਟਹਲ ਅਤੇ ਮਾਲਦਾ ਅੰਬਾਂ ਦੀਆਂ ਬੋਰੀਆਂ ਨਾਲ਼ ਲੱਦਿਆ ਇੱਕ ਟਰੱਕ ਖੜ੍ਹਾ ਹੈ, ਰਮੋਨੀ ਦੱਸਦੀ ਹਨ ਕਿ ਉਹਦੇ ਪਰਿਵਾਰ ਨੇ ਅਖਰੀਲੀ ਸਰਜਰੀ ਪੂਰੀ ਹੋਣ ਅਤੇ ਰੇਡੀਏਸ਼ਨ ਦਾ ਇਲਾਜ ਸ਼ੁਰੂ ਹੋਣ ਤੱਕ ਨਹੀਂ ਦੱਸਿਆ ਕਿ ਉਹਦੀ ਹਾਲਤ ਕਿੰਨੀ ਗੰਭੀਰ ਹੈ।
ਬਨਾਰਸ, ਉੱਤਰ ਪ੍ਰਦੇਸ ਵਿੱਚ ਆਪਣੀ ਪਹਿਲੀ ਸਰਜਰੀ ਬਾਰੇ ਉਹ ਕਹਿੰਦੀ ਹਨ,''ਸ਼ੁਰੂ ਸ਼ੁਰੂ ਵਿੱਚ ਸਾਨੂੰ ਪਤਾ ਨਹੀਂ ਸੀ ਕਿ ਇਹ ਸਭ ਕੀ ਸੀ ਅਤੇ ਸਾਡੇ ਵਿੱਚ ਜਾਗਰੂਕਤਾ ਦੀ ਘਾਟ ਨੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕੀਤੀਆਂ।'' ਗੰਢ ਕੱਢ ਦਿੱਤੀ ਗਈ, ਪਰ ਇਹ ਦੋਬਾਰਾ ਤੋਂ ਪੁੰਗਰਣ ਲੱਗੀ ਅਤੇ ਸ਼ਦੀਦ ਦਰਦ ਰਹਿਣ ਲੱਗਿਆ। ਉਹ ਉਸੇ ਸਾਲ 2014 ਵਿੱਚ ਦੋਬਾਰਾ ਬਨਾਰਸ ਉਸੇ ਕਲੀਨਿਕ ਵਿੱਚ ਗਏ ਅਤੇ ਜਿੱਥੇ ਸਰਜੀਰੀ ਦੁਆਰਾ ਗੰਢ ਨੂੰ ਦੋਬਾਰਾ ਹਟਾਇਆ ਗਿਆ।
''ਪਰ ਜਦੋਂ ਅਸੀਂ ਪੱਟੀ ਬਦਲਵਾਉਣ ਵਾਸਤੇ ਪਿੰਡ ਦੇ ਆਪਣੇ ਲੋਕਲ ਡਾਕਟਰ ਦੀ ਕਲੀਨਿਕ ਗਏ ਤਾਂ ਉਨ੍ਹਾਂ ਕਿਹਾ ਕਿ ਜ਼ਖਮ ਖਤਰਨਾਕ ਲੱਗ ਰਿਹਾ ਹੈ,'' ਊਮਾਸ਼ੰਕਰ ਕਹਿੰਦੇ ਹਨ। ਯਾਦਵ ਨੇ 2015 ਦੇ ਅੱਧ ਵਿੱਚ ਕਿਸੇ ਵੱਲੋਂ ਪਟਨਾ ਦੇ ਮਹਾਵੀਰ ਕੈਂਸਰ ਸੰਸਥਾ ਬਾਰੇ ਸੁਝਾਏ ਜਾਣ ਤੋਂ ਪਹਿਲਾਂ ਵੀ ਉਨ੍ਹਾਂ ਨੇ ਦੋ ਹੋਰ ਹਸਪਤਾਲਾਂ ਦਾ ਦੌਰਾ ਕੀਤਾ।
ਰਮੋਨੀ ਦਾ ਕਹਿਣਾ ਹੈ ਕਿ ਮਹੀਨਿਆਂ ਬੱਧੀ ਹਸਪਤਾਲ ਦੇ ਚੱਕਰ ਲਗਾਉਣ ਅਤੇ ਬਾਰ-ਬਾਰ ਪਿੰਡੋਂ ਬਾਹਰ ਜਾਣ ਕਰਕੇ ਪਰਿਵਾਰ ਦਾ ਆਮ ਜੀਵਨ ਪੂਰੀ ਤਰ੍ਹਾਂ ਨਾਲ਼ ਤਿੱਤਰ-ਬਿੱਤਰ ਹੋ ਗਿਆ ਸੀ। ''ਜਦੋਂ ਮਾਂ ਨੂੰ ਕੈਂਸਰ ਹੋ ਜਾਂਦਾ ਹੈ ਤਾਂ ਇਹ ਨਾ ਸਿਰਫ਼ ਉਨ੍ਹਾਂ ਦੀ ਸਿਹਤ 'ਤੇ ਸਗੋਂ ਘਰ ਦੀ ਹਰ ਚੀਜ਼ ਨੂੰ ਪ੍ਰਭਾਵਤ ਕਰਦਾ ਹੈ,'' ਉਹ ਕਹਿੰਦੀ ਹਨ। ਉਸ ਸਮੇਂ ਮੇਰੀ ਸਿਰਫ਼ ਇੱਕ ਨੂੰਹ ਸੀ, ਤਿੰਨ ਛੋਟੇ ਬੇਟਿਆਂ ਦਾ ਵਿਆਹ ਬਾਅਦ ਵਿੱਚ ਹੋਇਆ। ਅਤੇ ਉਹ ਇਕੱਲੀ ਬਾਮੁਸ਼ਕਲ ਹੀ ਸਾਰਾ ਕੰਮ ਸਾਂਭ ਪਾਉਂਦੀ ਸਨ।''
ਉਨ੍ਹਾਂ ਦੇ ਬੇਟਿਆਂ ਨੂੰ ਵੀ ਚਮੜੀ ਰੋਗ ਹੈ, ਜਿਹਦੇ ਵਾਸਤੇ ਉਹ ਨਲ਼ਕੇ ਤੋਂ ਨਿਕਲਣ ਵਾਲੇ ਪ੍ਰਦੂਸ਼ਤ ਪਾਣੀ ਨੂੰ ਜ਼ਿੰਮੇਦਾਰ ਠਹਿਰਾਉਂਦੇ ਹਨ- ਜਿਹਦਾ ਬੋਰ 100-150 ਫੁੱਟ ਡੂੰਘਾ ਹੈ ਅਤੇ 25 ਸਾਲ ਪੁਰਾਣਾ ਹੈ। ਜਦੋਂ ਰਮੋਨੀ ਕੀਮੋਥੈਰੇਪੀ, ਸਰਜਰੀ ਅਤੇ ਰੇਡੀਏਸ਼ਨ ਥੈਰੇਪੀ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੀ ਸਨ ਤਾਂ ਘਰ ਵਿੱਚ ਹਮੇਸ਼ਾ ਹਫੜਾ-ਦਫੜੀ ਦਾ ਮਾਹੌਲ ਰਹਿੰਦਾ ਸੀ। ਇੱਕ ਬੇਟਾ, ਜੋ ਸੀਮਾ ਸੁਰੱਖਿਆ ਬਲ ਵਿੱਚ ਤਇਨਾਤ ਹੈ, ਉਹਨੂੰ ਘਰ ਮੁੜਨ 'ਤੇ ਹਮੇਸ਼ਾ ਬਕਸਰ ਆਉਣਾ ਪੈਂਦਾ ਸੀ, ਦੂਸਰਾ ਬੇਟਾ ਗੁਆਂਢੀ ਪਿੰਡ ਵਿੱਚ ਬਤੌਰ ਅਧਿਆਪਕ ਕੰਮ ਕਰਦਾ ਹੈ, ਜੋ ਪੂਰਾ ਦਿਨ ਕਈ ਕਈ ਘੰਟੇ ਕੰਮ ਵਿੱਚ ਹੀ ਰੁਝਿਆ ਰਹਿੰਦਾ ਹੈ ਅਤੇ ਇਸ ਸਭ ਤੋਂ ਇਲਾਵਾ ਪਰਿਵਾਰ ਦੇ ਆਪਣੇ ਖੇਤ ਵੀ ਹਨ ਜੋ ਦੇਖਭਾਲ ਮੰਗਦੇ ਸਨ।
''ਮੇਰੀ ਅਖੀਰਲੀ ਸਰਜਰੀ ਤੋਂ ਬਾਅਦ, ਮੈਂ ਆਪਣੇ ਹਸਪਤਾਲ ਵਾਰਡ ਵਿੱਚ ਇਸ ਸੱਜਵਿਆਹੀ ਕੁੜੀ ਨੂੰ ਦੇਖਿਆ। ਮੈਂ ਉਹਦੇ ਕੋਲ਼ ਗਈ, ਆਪਣੇ ਜ਼ਖਮ ਦਿਖਾਇਆ ਅਤੇ ਉਹਨੂੰ ਸਮਝਾਇਆ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਉਹਨੂੰ ਵੀ ਛਾਤੀ ਦਾ ਕੈਂਸਰ ਸੀ ਅਤੇ ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਕਿ ਉਹਦਾ ਪਤੀ ਉਹਦੀ ਚੰਗੀ ਤਰ੍ਹਾਂ ਦੇਖਭਾਲ਼ ਕਰ ਰਿਹਾ ਸੀ, ਹਾਲਾਂਕਿ ਕਿ ਉਨ੍ਹਾਂ ਦੇ ਵਿਆਹ ਨੂੰ ਅਜੇ ਕੁਝ ਮਹੀਨੇ ਹੀ ਹੋਏ ਸਨ। ਡਾਕਟਰ ਨੇ ਬਾਅਦ ਵਿੱਚ ਸਾਨੂੰ ਦੱਸਿਆ ਕਿ ਉਹ ਯਕੀਨਨ ਆਪਣੇ ਬੱਚੇ ਨੂੰ ਦੁੱਧ ਚੁੰਘਾ ਸਕੇਗੀ। ਇਹ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ,'' ਰਮੋਨੀ ਕਹਿੰਦੀ ਹਨ।
ਉਨ੍ਹਾਂ ਦੇ ਬੇਟੇ ਸ਼ਿਵਾਜੀਤ ਦਾ ਕਹਿਣਾ ਹੈ ਕਿ ਬਰਕਾ ਰਾਜਪੁਰ ਵਿੱਚ ਭੂਮੀ ਹੇਠਲਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ ਹੈ। ''ਸਾਨੂੰ ਸਿਹਤ ਅਤੇ ਪਾਣੀ ਵਿਚਾਲੇ ਕੁਨੈਕਸ਼ਨ ਹੋਣ ਬਾਰੇ ਉਦੋਂ ਤੱਕ ਅਹਿਸਾਸ ਨਹੀਂ ਹੋਇਆ ਜਦੋਂ ਕਿ ਸਾਡੀ ਮਾਂ ਖੁਦ ਗੰਭੀਰ ਰੂਪ ਨਾਲ਼ ਬੀਮਾਰ ਨਹੀਂ ਪੈ ਗਈ,'' ਉਹ ਕਹਿੰਦੇ ਹਨ। ਪਰ ਇੱਥੋਂ ਦੇ ਪਾਣੀ ਦਾ ਇੱਕ ਅਜੀਬ ਰੰਗ ਹੈ। 2007 ਤੱਕ ਸਾਰਾ ਕੁਝ ਸਹੀ ਸੀ, ਪਰ ਉਸ ਤੋਂ ਬਾਅਦ ਅਸੀਂ ਧਿਆਨ ਦਿੱਤਾ ਕਿ ਪਾਣੀ ਪੀਲਾ ਪੈਣ ਲੱਗਿਆ। ਹੁਣ ਅਸੀਂ ਭੂਮੀ ਹੇਠਲੇ ਪਾਣੀ ਦੀ ਵਰਤੋਂ ਸਿਰਫ਼ ਕੱਪੜੇ ਧੋਣ ਅਤੇ ਨਹਾਉਣ ਲਈ ਹੀ ਕਰਦੇ ਹਾਂ,'' ਉਹ ਕਹਿੰਦੇ ਹਨ।
ਖਾਣਾ ਪਕਾਉਣ ਅਤੇ ਪੀਣ ਲਈ ਉਹ ਕੁਝ ਸੰਗਠਨਾਂ ਦੁਆਰਾ ਦਾਨ ਕੀਤੇ ਗਏ ਫਿਲਟਰੇਸ਼ਨ ਪਲਾਂਟ ਦੇ ਪਾਣੀ ਦੀ ਵਰਤੋਂ ਕਰਦੇ ਹਨ। ਇਸ ਪਾਣੀ ਦੀ ਵਰਤੋਂ ਲਗਭਗ 250 ਪਰਿਵਾਰਾਂ ਦੁਆਰਾ ਕੀਤੀ ਜਾਂਦੀ ਹੈ, ਪਰ ਇਹਨੂੰ ਸਤੰਬਰ 2020 ਨੂੰ ਲਾਇਆ (ਯਾਦਵਾਂ ਦੀ ਜ਼ਮੀਨ 'ਤੇ) ਉਦੋਂ ਹੀ ਗਿਆ, ਜਦੋਂ ਕਈ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਇੱਥੋਂ ਦਾ ਭੂਮੀ ਹੇਠਲਾ ਪਾਣੀ 1999 ਤੋਂ ਹੀ ਪ੍ਰਦੂਸ਼ਿਤ ਹੋ ਚੁੱਕਿਆ ਹੈ।
ਇਹ ਫਿਲਟਰੇਸ਼ਨ ਪਲਾਂਟ ਕੋਈ ਬਹੁਤਾ ਕਾਮਯਾਬ ਨਹੀਂ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਪਾਣੀ ਬਹੁਤ ਗਰਮ ਹੋ ਜਾਂਦਾ ਹੈ। ਸ਼ਿਵਾਜੀਤ ਦੱਸਦੇ ਹਨ ਕਿ ਨੇੜੇ-ਤੇੜੇ ਦੇ ਪਿੰਡਾਂ ਵਿੱਚ ਕਈ ਦੁਕਾਨਾਂ ਹਨ ਜੋ ਆਰਓ ਸ਼ੁੱਧ ਪਾਣੀ ਦਾ 20 ਲੀਟਰ ਦਾ ਪਲਾਸਟਿਕ ਜਾਰ 20-30 ਰੁਪਏ ਵਿੱਚ ਵੇਚ ਰਹੀਆਂ ਹਨ, ਹਾਲਾਂਕਿ ਕੋਈ ਨਹੀਂ ਜਾਣਦਾ ਕਿ ਇਹਦਾ ਪਾਣੀ ਕਿੰਨਾ ਕੁ ਸਾਫ਼ ਹੈ ਭਾਵ ਆਰਸੈਨਿਕ ਮੁਕਤ ਹੈ।
ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਉੱਤਰੀ ਅਤੇ ਪੂਰਬੀ ਭਾਰਤ ਦੇ ਆਰਸੈਨਿਕ ਪ੍ਰਭਾਵਤ ਮੈਦਾਨ ਹਿਮਾਲਿਆ ਤੋਂ ਨਿਕਲ਼ਣ ਵਾਲ਼ੀਆਂ ਨਦੀਆਂ ਨਾਲ਼ ਘਿਰੇ ਹਨ। ਗੰਗਾ ਦੇ ਮੈਦਾਨਾਂ ਵਿੱਚ ਜ਼ਹਿਰੀਲੇ ਪਦਾਰਥਾਂ ਦੇ ਸ੍ਰੋਤ ਦੀ ਇੱਕ ਭੁਗੋਲਿਕ ਉਤਪਤੀ ਹੈ- ਘੱਟ ਡੂੰਘੇ ਪਾਣੀ ਵਿੱਚ ਆਕਸਜੀਨ ਦੇ ਕਾਰਨ ਆਰਸੈਨੋਪਾਈਰਾਇਟਸ ਜਿਹੇ ਖਣਿਜਾਂ ਵਿੱਚੋਂ ਆਰਸੈਨਿਕ ਨਿਕਲ਼ਦਾ ਹੈ। ਅਧਿਐਨਾਂ ਅਨੁਸਾਰ, ਕੁਝ ਪਿੰਡਾਂ ਵਿੱਚ ਸਿੰਜਾਈ ਲਈ ਭੂਮੀ ਹੇਠਲੇ ਪਾਣੀ ਦੀ ਵਿਤੋਂਵੱਧ ਵਰਤੋਂ ਹੋ ਜਾਣ ਕਾਰਨ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ, ਜਿਹਦੇ ਕਾਰਨ ਪ੍ਰਦੂਸ਼ਣ ਵੱਧ ਰਿਹਾ ਹੈ। ਇਹ (ਅਧਿਐਨ) ਹੋਰ ਕਾਰਨਾਂ ਵੱਲ ਵੀ ਇਸ਼ਾਰਾ ਕਰਦੇ ਹਨ:
ਭਾਰਤੀ ਭੂਵਿਗਿਆਨਕ ਸਰਵੇਖਣ ਦੇ ਸਾਬਕਾ ਮੈਂਬਰ ਐੱਸ.ਕੇ. ਅਚਾਰਿਆ ਅਤੇ ਹੋਰਨਾਂ ਨੇ 2012 ਵਿੱਚ ਨੇਚਰ ਮੈਗ਼ਜੀਨ ਵਿੱਚ ਪ੍ਰਕਾਸ਼ਤ ਇੱਕ ਲੇਖ ਵਿੱਚ ਲਿਖਿਆ: ''ਸਾਡਾ ਸੁਝਾਅ ਹੈ ਕਿ ਆਰਸੈਨਿਕ ਤਲਛਟ (ਗਾਰ) ਦੇ ਕਈ ਤਰ੍ਹਾਂ ਦੇ ਵੱਖੋ ਵੱਖ ਵਸੀਲੇ ਬਣਦੇ ਹਨ, ਜਿਨ੍ਹਾਂ ਵਿੱਚ ਰਾਜਮਹੱਲ ਬੇਸਿਨ ਵਿੱਚ ਗੋਂਡਵਾਨਾ ਕੋਲੇ ਦੀ ਪਤਲੀ ਤਹਿ ਵੀ ਸ਼ਾਮਲ ਹੈ, ਜਿਸ ਵਿੱਚ ਆਰਸੈਨਿਕ ਦੇ ਪ੍ਰਤੀ ਮਿਲੀਅਨ (ਪੀਪੀਐੱਮ) ਦੇ 200 ਹਿੱਸੇ ਹੁੰਦੇ ਹਨ; ਦਾਰਜਲਿੰਗ ਹਿਮਾਲਿਆ ਵਿੱਚ ਸਲਫਾਈਡ ਦੇ ਵੱਖਰੇ ਨਿਕਲੇ ਚਟਾਨੀ ਅੰਸ਼ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ 0.8 ਫੀਸਦ ਤੱਕ ਆਰਸੈਨਿਕ ਹੁੰਦਾ ਹੈ ਅਤੇ ਦੂਸਰੇ ਵਸੀਲੇ ਜੋ ਗੰਗਾ ਨਦੀ ਪ੍ਰਣਾਲੀ ਦੇ ਉਪਰਲੇ ਹਿੱਸੇ ਵਿੱਚ ਸ਼ਾਮਲ ਹੁੰਦੇ ਹਨ।''
ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਘੱਟ ਡੂੰਘੇ ਅਤੇ ਬਹੁਤੇ ਡੂੰਘੇ ਖੂਹਾਂ ਵਿੱਚ ਆਰਸੈਨਿਕ ਪ੍ਰਦੂਸ਼ਣ ਦੀ ਸੰਭਵਨਾ ਘੱਟ ਹੁੰਦੀ ਹੈ- ਜਦੋਂ ਕਿ ਪ੍ਰਦੂਸ਼ਣ 80 ਤੋਂ 200 ਫੁੱਟ ਡੂੰਘਾਈ ਵਿੱਚ ਹੀ ਹੈ। ਡਾ. ਕੁਮਾਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਪਿੰਡਾਂ ਦੇ ਲੋਕਾਂ ਦੇ ਤਜ਼ਰਬਿਆਂ 'ਤੇ ਅਧਾਰਤ ਹੈ ਜਿੱਥੇ ਉਨ੍ਹਾਂ ਦੀ ਸੰਸਥਾ ਵਿਆਪਕ ਅਧਿਐਨ ਲਈ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਦੀ ਰਹਿੰਦੀ ਹੈ- ਮੀਂਹ ਦੇ ਪਾਣੀ ਵਿੱਚ ਆਰਸੈਨਿਕ ਗੰਦਗੀ ਅਤੇ ਘੱਟ ਡੂੰਘੇ ਖੂਹ ਦੇ ਪਾਣੀ ਵਿੱਚ ਆਰਸੈਨਿਕ ਘੱਟ ਜਾਂ ਬਿਲਕੁਲ ਨਹੀਂ ਪਾਇਆ ਜਾਂਦਾ ਹੈ, ਜਦੋਂਕਿ ਗਰਮੀਆਂ ਦੇ ਮਹੀਨਿਆਂ ਵਿੱਚ ਕਈ ਪਰਿਵਾਰਾਂ ਦੇ ਬੋਰਵੈੱਲ ਦਾ ਪਾਣੀ ਬੇਰੰਗਾ ਹੋ ਜਾਂਦਾ ਹੈ।
*****
ਬਰਕਾ ਰਾਜਪੁਰ ਤੋਂ ਤਕਰੀਬਨ 4 ਕਿਲੋਮੀਟਰ ਉੱਤਰ ਵਿੱਚ ਬਕਸਰ ਜ਼ਿਲ੍ਹੇ ਦਾ ਇੱਕ ਸੁੰਦਰ ਪਿੰਡ ਤਿਲਕ ਰਾਇ ਦਾ ਹੱਟਾ ਹੈ, ਜਿਸ ਵਿੱਚ 340 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਵਿੱਚ ਬਹੁਤੇਰੇ ਬੇਜ਼ਮੀਨੇ ਹਨ। ਇੱਧਰ, ਕੁਝ ਘਰਾਂ ਦੇ ਨਲ਼ਕਿਆਂ ਵਿੱਚੋਂ ਗੰਦਾ ਪਾਣੀ ਵਹਿ ਰਿਹਾ ਹੈ।
ਪ੍ਰਮੁਖ ਖੋਜਕਰਤਾ ਡਾ. ਕੁਮਾਰ ਦਾ ਕਹਿਣਾ ਹੈ ਕਿ ਮਹਾਵੀਰ ਕੈਂਸਰ ਸੰਸਥਾ ਦੁਆਰਾ ਸਾਲ 2013-14 ਵਿੱਚ ਇਸ ਪਿੰਡ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਭੂਮੀ ਹੇਠਲੇ ਪਾਣੀ ਵਿੱਚ ਆਰਸੈਨਿਕ ਦੀ ਮਾਤਰਾ ਬਹੁਤ ਵੱਧ ਹੈ, ਖਾਸ ਕਰਕੇ ਤਿਲਕ ਰਾਏ ਹੱਟਾ ਦੇ ਪੱਛਮੀ ਹਿੱਸੇ ਵਿੱਚ। ਪਿੰਡ ਵਿੱਚ ਆਰਸੈਨਿਕੋਸਿਸ ਦੇ ਸਭ ਤੋਂ ਆਮ ਲੱਛਣ ''ਵਿਆਪਕ ਜਾਂਚੇ ਗਏ'' ਸਨ: 28 ਫੀਸਦ ਲੋਕਾਂ ਦੇ ਹੱਥਾਂ ਦੀਆਂ ਤਲ਼ੀਆਂ ਅਤੇ ਪੈਰਾਂ ਦੇ ਤਲ਼ਿਆਂ ਵਿੱਚ ਹਾਈਪਰਕੇਰਾਟੋਸਿਸ (ਜ਼ਖਮ/ਭੌਰੀ) ਸੀ, 57 ਫੀਸਦੀ ਨੂੰ ਚਮੜੀ ਧੱਬੇ ਜਾਂ ਮੈਲਾਨੋਸਿਸ ਦੀ ਸਮੱਸਿਆ ਸੀ, 86 ਫੀਸਦੀਆਂ ਨੂੰ ਗੈਸਟ੍ਰਾਇਟਿਸ ਸੀ ਤੇ 9 ਫੀਸਦੀ ਔਰਤਾਂ ਦਾ ਮਾਹਵਾਰੀ ਚੱਕਰ ਅਨਿਯਮਤ ਸੀ।
ਕਿਰਨ ਦੇਵੀ ਦੇ ਪਤੀ ਪਿੰਡ ਵਿੱਚ ਇੱਟ ਅਤੇ ਗਾਰੇ ਤੋਂ ਬਣੇ ਘਰਾਂ ਦੀ ਇੱਕ ਵੱਖਰੀ ਬਸਤੀ ਵਿੱਚ ਰਹਿੰਦੇ, ਜਿਹਨੂੰ ਬਿਛੂ ਕਾ ਡੇਰਾ ਕਿਹਾ ਜਾਂਦਾ। ''ਉਨ੍ਹਾਂ ਨੂੰ ਕਈ ਮਹੀਨਿਆਂ ਤੋਂ ਢਿੱਡ ਵਿੱਚ ਪੀੜ੍ਹ ਰਹੀ ਅਤੇ 2016 ਵਿੱਚ ਉਨ੍ਹਾਂ ਦੀ ਮੌਤ ਹੋ ਗਈ,'' ਉਹ ਕਹਿੰਦੀ ਹਨ। ਪਰਿਵਾਰ ਉਨ੍ਹਾਂ ਨੂੰ ਸਿਮਰੀ ਅਤੇ ਬਕਸਰ ਕਸਬਿਆਂ ਦੇ ਕਈ ਡਾਕਟਰਾਂ ਕੋਲ਼ ਲੈ ਗਿਆ ਅਤੇ ਕਈ ਵੱਖ-ਵੱਖ ਤਸ਼ਖੀਸਾਂ ਸਾਹਮਣੇ ਆਈਆਂ। ''ਉਨ੍ਹਾਂ ਨੇ ਕਿਹਾ ਇਹ ਤਪੇਦਿਕ ਸੀ ਜਾਂ ਫਿਰ ਲੀਵਰ ਕੈਂਸਰ,'' 50 ਸਾਲਾ ਕਿਰਨ ਕਹਿੰਦੀ ਹਨ। ਉਨ੍ਹਾਂ ਕੋਲ਼ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਹੈ, ਪਰ ਉਨ੍ਹਾਂ ਦੇ ਪਤੀ ਦੀ ਆਮਦਨੀ ਦਾ ਮੁੱਖ ਵਸੀਲਾ ਦਿਹਾੜੀ ਮਜ਼ਦੂਰੀ ਹੀ ਸੀ।
2018 ਤੋਂ ਕਿਰਨ ਦੇਵੀ ਦੀਆਂ ਤਲ਼ੀਆਂ 'ਤੇ ਸਖਤ ਅਤੇ ਬੇਰੰਗੇ ਧੱਬੇ ਹਨ, ਜੋ ਆਰਸੈਨਿਕ ਜ਼ਹਿਰ ਦਾ ਸੰਕੇਤ ਹਨ। ''ਮੈਨੂੰ ਪਤਾ ਹੈ ਇਹ ਪਾਣੀ ਕਾਰਨ ਹੋਏ ਹਨ, ਪਰ ਜੇ ਅਸੀਂ ਆਪਣੇ ਨਲ਼ਕੇ ਦਾ ਪਾਣੀ ਨਾ ਵਰਤੀਏ ਤਾਂ ਦੱਸੋਂ ਕਿੱਥੇ ਜਾਈਏ?'' ਉਨ੍ਹਾਂ ਦਾ ਨਲ਼ਕਾ ਘਰੋਂ ਬਾਹਰ, ਇੱਕ ਛੋਟੀ ਜਿਹੀ ਕੋਠੜੀ ਤੋਂ ਪਰ੍ਹਾਂ ਲੱਗਿਆ ਹੈ, ਜਿੱਥੇ ਇੱਕ ਇਕੱਲਾ ਖੜ੍ਹਾ ਬਲਦ ਜੁਗਾਲ਼ੀ ਕਰ ਰਿਹਾ ਹੈ।
ਮਾਨਸੂਨ (ਨਵੰਬਰ ਤੋਂ ਮਈ)ਤੋਂ ਬਾਅਦ ਦੇ ਸਮੇਂ ਪਾਣੀ ਦੀ ਗੁਣਵੱਤਾ ਵੱਧ ਖਰਾਬ ਹੋ ਜਾਂਦੀ ਹੈ, ਉਹ ਕਹਿੰਦੀ ਹਨ, ਜਦੋਂ ਇਹਦਾ ਸਵਾਦ ਬਕਬਕਾ ਹੋ ਜਾਂਦਾ ਹੈ। ''ਅਸੀਂ ਇੱਕ ਡੰਗ ਰੋਟੀ ਤੱਕ ਲਈ ਸੰਘਰਸ਼ ਕਰ ਰਹੇ ਹਾਂ। ਦੱਸੋਂ ਮੈਂ ਪਟਨਾ ਜਾ ਕੇ ਡਾਕਟਰਾਂ ਕੋਲ਼ੋਂ ਜਾਂਚ ਕਿਵੇਂ ਕਰਵਾ ਸਕਦੀ ਹਾਂ?'' ਉਹ ਪੁੱਛਦੀ ਹਨ। ਉਨ੍ਹਾਂ ਦੀਆਂ ਤਲ਼ੀਆਂ (ਹੱਥਾਂ ਦੀਆਂ) ਵਿੱਚ ਕਾਫੀ ਖਾਰਸ਼ ਰਹਿੰਦੀ ਹੈ ਅਤੇ ਸਾਬਣ ਲੱਗ ਜਾਣ 'ਤੇ ਜਾਂ ਡੰਗਰਾਂ ਦਾ ਗੋਹਾ ਚੁੱਕਦੇ ਸਮੇਂ ਜਲਣ ਹੁੰਦੀ ਹੈ।
ਰਮੋਨੀ ਕਹਿੰਦੀ ਹਨ,''ਔਰਤਾਂ ਦਾ ਅਤੇ ਪਾਣੀ ਦਾ ਬੜਾ ਡੂੰਘਾ ਰਿਸ਼ਤਾ ਹੈ, ਕਿਉਂਕਿ ਦੋਵੇਂ ਹੀ ਘਰ ਦਾ ਧੁਰਾ ਹੁੰਦੇ ਹਨ। ਇਸਲਈ ਜੇ ਪਾਣੀ ਖਰਾਬ ਹੋ ਤਾਂ ਸਮਝੋ ਕਿ ਇਹਦਾ ਸਭ ਤੋਂ ਵੱਧ ਅਸਰ ਔਰਤਾਂ 'ਤੇ ਹੀ ਪਵੇਗਾ।'' ਊਮਾਸ਼ੰਕਰ ਜੋੜਦਿਆਂ ਕਹਿੰਦੇ ਹਨ ਕਿ ਕੈਂਸਰ ਦਾ ਕਲੰਕ ਕਈ ਲੋਕਾਂ, ਖਾਸ ਕਰਕੇ ਔਰਤਾਂ ਨੂੰ ਇਲਾਜ ਤੋਂ ਦੂਰ ਰੱਖਦਾ ਹੈ ਅਤੇ ਉਦੋਂ ਤੱਕ ਬੜੀ ਦੇਰ ਹੋ ਜਾਂਦੀ ਹੈ।
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਰਮੋਨੀ ਨੂੰ ਛਾਤੀ ਦੇ ਕੈਂਸਰ ਦਾ ਪਤਾ ਚੱਲਣ ਤੋਂ ਫੌਰਨ ਬਾਅਦ, ਪਿੰਡ ਦੇ ਆਂਗਨਵਾੜੀ ਨੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਵਿੱਢੀ। ਇੱਕ ਵਾਰ ਮੁਖੀਆ ਚੁਣੇ ਜਾਣ ਤੋਂ ਬਾਅਦ ਉਹ ਇਸ ਤਰੀਕੇ ਦੀ ਇੱਕ ਹੋਰ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹਨ। ''ਹਰ ਕੋਈ ਆਪਣੇ ਘਰਾਂ ਲਈ ਆਰਓ ਦਾ ਪਾਣੀ ਨਹੀਂ ਖਰੀਦ ਸਕਦਾ,'' ਉਹ ਕਹਿੰਦੀ ਹਨ ਅਤੇ ਹਰ ਔਰਤ ਅਸਾਨੀ ਨਾਲ਼ ਹਸਪਤਾਲ ਨਹੀਂ ਜਾ ਸਕਦੀ। ਅਸੀਂ ਦੂਸਰਾ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਰਹਾਂਗੇ।''
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ