ਉਹਦੀ ਧੀ ਨੇ ਗੱਦੇ ਉੱਪਰ ਬਣੀ ਅਲਮਾਰੀ ਦੇ ਦੂਜੇ ਖਾਨੇ ਵਿੱਚੋਂ ਇੱਕ ਪੁਰਾਣੀ ਕਿਤਾਬ ਕੱਢੀ। ਇਹ ਕਿਤਾਬ ਉਹਨੂੰ ਇੱਕ ਔਰਤ ਨੇ ਦਿੱਤੀ ਸੀ, ਜੋ ਉਸ ਇਲਾਕੇ ਦੇ ਬੱਚਿਆਂ ਵਾਸਤੇ ਦਿਨ ਵੇਲ਼ੇ ਸਕੂਲ ਤੇ ਰਾਤ ਵੇਲ਼ੇ ਰੈਣ-ਬਸੇਰਾ ਚਲਾਉਂਦੀ। ਉਸ ਔਰਤ ਨੇ ਤਾੜ ਲਿਆ ਸੀ ਕਿ ਇਸ ਬੱਚੀ ਨੂੰ ਪੜ੍ਹਾਈ ਵਿੱਚ ਰੁਚੀ ਹੈ, ਇਸਲਈ ਉਹਨੇ ਇਹ ਕਿਤਾਬ ਦੇ ਦਿੱਤੀ। ''ਮਾਂ, ਕੀ ਮੈਂ ਤੈਨੂੰ ਇੱਕ ਕਹਾਣੀ ਸੁਣਾਵਾਂ?'' ਨੌ ਸਾਲਾ ਪਿੰਕੀ ਫਟੀ-ਪੁਰਾਣੀ ਕਿਤਾਬ ਫੜ੍ਹੀ ਆਪਣੀ ਮਾਂ ਦੇ ਨਾਲ਼ ਲੱਗ ਕੇ ਬਹਿ ਗਈ ਤੇ ਮਾਂ ਦਾ ਜਵਾਬ ਲਏ ਬਗ਼ੈਰ ਹੀ ਆਪਣੀ ਪਸੰਦੀਦਾ ਕਹਾਣੀ,'ਦਿ ਪੇਪਰਬੈਗ ਪ੍ਰਿੰਸੇਜ' ਪੜ੍ਹਨ ਲੱਗੀ।
ਹਵਾੜ ਛੱਡਦੇ ਜਿਹੜੇ ਗੱਦੇ 'ਤੇ ਪਿੰਕੀ ਆਪਣੀ ਮਾਂ ਦੇ ਨਾਲ਼ ਲੇਟੀ ਹੋਈ ਸੀ, ਉਸ ਗੱਦੇ ਨੇ ਇਸ ਕੈਬਿਨਨੁਮਾ ਕਮਰੇ ਨੂੰ ਪੂਰਾ ਘੇਰਿਆ ਹੋਇਆ ਸੀ। ਇਸੇ ਕੈਬਿਨ ਨੂੰ ਪਿੰਕੀ ਆਪਣਾ ਘਰ ਕਹਿੰਦੀ ਸੀ। ਆਪਣੇ ਦੋਵਾਂ ਬੱਚਿਆਂ ਨੂੰ ਛੱਤ ਦੇਣ ਵਾਸਤੇ, ਸੀਤਾ ਨੂੰ ਇਸੇ ਘਰ ਦਾ 6,000 ਰੁਪਿਆ (ਮਹੀਨੇਵਾਰ) ਕਿਰਾਇਆ ਦੇਣਾ ਪੈਂਦਾ ਸੀ। ਇਹ ਘਰ ਨਾ ਤਾਂ ਸੁਰੱਖਿਅਤ ਸੀ ਤੇ ਨਾ ਹੀ ਇੱਥੇ ਘਰ ਜਿਹਾ ਕੋਈ ਨਿੱਘ ਹੀ ਸੀ। ਇਹ ਘਰ ਉਸ ਠੰਡੀ ਸੜਕ ਨਾਲ਼ੋਂ ਕਿਸੇ ਪਾਸੇ ਵੀ ਮੁਖ਼ਤਲਿਫ਼ ਨਹੀਂ ਸੀ ਜਿੱਥੇ ਮਾਲਕਨ ਐੱਚਆਈਵੀ ਪੌਜ਼ੀਟਿਵ ਕੁੜੀਆਂ ਨੂੰ ਸੁੱਟ ਛੱਡਦੀ ਸੀ। ਇੱਥੋਂ ਤੱਕ ਕਿ ਇਸ ਨਵੀਂ ਬੀਮਾਰੀ (ਕੋਵਿਡ-19) ਦੌਰਾਨ ਵੀ ਉਹਦਾ ਦਿਲ ਨਾ ਪਸੀਜਿਆ। ਪਿਛਲੇ ਹਫ਼ਤੇ ਸੀਤਾ ਦੀ ਸਹੇਲੀ ਰੌਸ਼ਨੀ ਦੀ ਵਾਰੀ ਆਈ। ਉਹਨੇ ਬੀਤੀ ਰਾਤ ਉਸ ਵੇਲ਼ੇ ਰੌਸ਼ਨੀ ਨੂੰ ਸੜਕ 'ਤੇ ਸੌਂਦੇ ਦੇਖਿਆ ਜਦੋਂ ਉਹ ਸੜਕ ਦੇ ਦੂਜੇ ਪਾਸੇ ਕਿਸੇ ਨਾ ਕਿਸੇ ਗਾਹਕ ਦੇ ਮਿਲ਼ਣ ਦੀ ਉਡੀਕ ਵਿੱਚ ਟਹਿਲ ਰਹੀ ਸੀ। ਇਹ ਉਹ ਸਮਾਂ ਸੀ ਜਦੋਂ ਗਾਹਕ ਮਿਲ਼ਣੇ ਵੀ ਔਖ਼ੇ ਹੋ ਗਏ ਸਨ। ਅਚਾਨਕ ਉਹਦੀ ਸੁਤਾ ਵਰਤਮਾਨ ਵੱਲ ਮੁੜੀ। ਇਸੇ ਦੌਰਾਨ 'ਦਿ ਪੇਪਰਬੈਗ ਪ੍ਰਿੰਸੇਜ', ਰਾਜਕੁਮਾਰ ਨੂੰ ਅਜ਼ਾਦ ਕਰਾਉਣ ਲਈ ਡ੍ਰੈਗਨ ਦਾ ਪਿੱਛਾ ਕਰਨਾ ਸ਼ੁਰੂ ਕਰ ਚੁੱਕੀ ਸੀ ਤੇ ਧੀ ਦੀ ਅਵਾਜ਼ ਕੰਨਾਂ ਤੱਕ ਲਗਾਤਾਰ ਪਹੁੰਚ ਰਹੀ ਸੀ। ਉਸ ਨੀਚ ਰਾਜਕੁਮਾਰ ਨਾਲ਼ ਦੋ ਹੱਥ ਹੋਣ ਵਿੱਚ ਅਜੇ ਕੁਝ ਸਮਾਂ ਸੀ, ਸੋ ਸੀਤਾ ਦੋਬਾਰਾ ਆਪਣੀਆਂ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਈ।
ਉਹ ਨਿਰਾਸ਼ ਹੋ ਕੇ ਆਪਣੇ 15 ਸਾਲਾ ਬੇਟੇ ਬਾਰੇ ਸੋਚਦੀ ਰਹੀ। ਬੀਤੇ ਸਮੇਂ ਵਿੱਚ ਉਹਨੇ ਜਾਂ ਤਾਂ ਉਹਦੀ ਉਡੀਕ ਵਿੱਚ ਰਾਤਾਂ ਕੱਟੀਆਂ ਜਾਂ ਫਿਰ ਉਹਦੀ ਭਾਲ਼ ਕਰਦਿਆਂ ਪੁਲਿਸ ਥਾਣਿਆਂ ਦੇ ਚੱਕਰ ਲਾਏ। ਇਹ ਤੀਜੀ ਵਾਰ ਸੀ, ਜਦੋਂ ਉਹ ਬਗ਼ੈਰ ਦੱਸੇ ਘਰੋਂ ਚਲਾ ਗਿਆ ਸੀ ਤੇ ਇਸ ਵਾਰ ਵਿਛੋੜਾ ਕਾਫ਼ੀ ਲੰਬਾ ਹੋ ਗਿਆ। ਇੱਕ ਹਫ਼ਤਾ ਲੰਘ ਚੁੱਕਿਆ ਸੀ ਤੇ ਉਹਦਾ ਕੋਈ ਫ਼ੋਨ ਤੱਕ ਨਾ ਆਇਆ। ਉਹ ਉਹਦੇ ਦਿਲ ਦੀ ਬੇਚੈਨੀ ਨੂੰ ਭਾਂਪਦੀ ਸੀ ਕਿ ਉਹ ਆਪਣੀ ਕਿਸਮਤ ਨੂੰ ਅਪਣਾ ਨਹੀਂ ਪਾ ਰਿਹਾ ਸੀ। ਉਹਦੇ ਸਬਰ ਦਾ ਘੜਾ ਭਰ ਚੁੱਕਿਆ ਸੀ ਤੇ ਇਸ ਭੀੜੀ ਸਾਹ ਘੋਟਵੀਂ ਗਲ਼ੀ ਵਿੱਚੋਂ ਅਜ਼ਾਦ ਹੋਣ ਲਈ ਉਹਦੀ ਆਤਮਾ ਤੜਫ ਰਹੀ ਸੀ। ਉਹ ਸਭ ਕੁਝ ਜਾਣਦੀ ਸੀ। ਉਹਨੇ ਅੱਜ ਤੱਕ 20 ਸਾਲ ਪੁਰਾਣੀ ਰੇਲ-ਟਿਕਟ ਅਲਮਾਰੀ ਅੰਦਰ ਪਲਾਸਿਟਕ ਦੇ ਲਿਫ਼ਾਫ਼ੇ ਵਿੱਚ ਸਾਂਭੀ ਹੋਈ ਹੈ। ਯਕਦਮ ਉਹਦਾ ਦਿਲ ਨਪੀੜਿਆ ਗਿਆ। ਉਦੋਂ ਉਹ ਮਹਿਜ਼ 12 ਸਾਲਾਂ ਦੀ ਸੀ...
ਪਿੰਕੀ ਦੀ ਕਹਾਣੀ ਹੁਣ ਖ਼ਤਮ ਹੁੰਦੀ ਹੈ...
ਕਮਾਠੀਪੁਰਾ
4X6 ਦੇ ਇਸ ਖੂੰਝੇ ਦਾ
ਅਕਾਸ਼ ਵੀ ਹੈ ਸੁੰਘੜਿਆ
ਉਦਾਸ ਖੜ੍ਹਾ ਜਿਓਂ,
ਬ਼ਗੈਰ ਖੰਭਾਂ ਤੋਂ ਤੜਫ਼ਦੇ ਸਰੀਰ ਹੋਣ
ਖਜੁਰਾਹੋ ਦੀਆਂ ਮੈਲ਼ੀਆਂ ਕੰਧਾਂ 'ਤੇ
ਉਮੀਦ ਦਾ ਸਾਹ ਘੁੱਟਦਾ ਏ
ਪਲਾਸਟਿਕ ਦੇ ਮੈਲ਼ੇ ਲਿਫ਼ਾਫੇ ਅੰਦਰ
ਅਣਗਹਿਲੀ ਮਾਰੇ ਖਾਨਿਆਂ ਅੰਦਰ ਪਿਆਂ।
ਹੌਲ਼ੀ-ਹੌਲ਼ੀ
ਸਮੇਂ ਦੀ ਹਵਾੜ
ਜੋ ਕਿਤੇ ਛੁੱਟ ਗਈ ਸੀ
ਆਣ ਵੜ੍ਹਦੀ ਹੈ ਪਸਲੀਆਂ ਅੰਦਰ
ਉਹ ਪਹਿਨਦੀ ਹੈ ਸੁੱਕੇ ਜ਼ਖ਼ਮ
ਆਪਣੀ ਦੇਹ 'ਤੇ
ਆਪੇ ਹੀ ਕਢਾਈ ਕੀਤੀ ਸਫ਼ੇਦ ਉਮਰ
ਜਿਓਂ ਸਟੀਲ 'ਤੇ ਚੜ੍ਹਿਆ ਕਾਠ ਦਾ ਕੋਲ਼ਾ
ਖੁੱਲ੍ਹੇ ਅੰਬਰੀ ਪਈ ਉਡੀਕੇ
ਚਾਨਣੀ ਵੱਲ ਹੱਥ ਉਲਾਰੇ
ਸਕੂਨ ਲੱਥੀ ਛੂਹ ਦੀ ਉਡੀਕ ਕਰਦੀ
ਹਨ੍ਹੇਰੇ ਤੇ ਇਕਲਾਪੇ ਨਾਲ਼ ਭਰੇ
ਫ਼ਾਕਲੈਂਡ ਰੋਡ ਦੀਆਂ ਰਾਹਾਂ 'ਤੇ
ਉਹਦਾ ਬੇਟਾ ਭੱਜਦਾ ਹੈ ਡ੍ਰੈਗਨਫਲਾਈ ਮਗਰ
ਮੱਠੀ ਰੌਸ਼ਨੀ ਮਾਰੀ ਕੇਰੀ ਦੀਆਂ ਸੜਕਾਂ 'ਤੇ
ਓਬੜ ਇਲਾਕਿਆਂ ਵਿੱਚ
ਅਤੇ ਉਹਦੀ ਧੀ ਦੇਖਦੀ ਹੈ
ਗ਼ੁਲਾਬੀ ਸੁਪਨੇ
ਕਾਲ਼ੀ ਤੇ ਚਿੱਟੀ ਦੁਨੀਆ ਵਿੱਚ ਰਹਿੰਦਿਆਂ
ਆਡਿਓ : ਸੁਧਨਵਾ ਦੇਸ਼ਪਾਂਡੇ, ਜਨ ਨਾਟਯ ਮੰਚ ਦੇ ਅਭਿਨੇਤਾ ਤੇ ਨਿਰਦੇਸ਼ਕ ਹਨ ਅਤੇ ਲੈਫ਼ਟਵਰਡ ਬੁੱਕਸ ਦੇ ਸੰਪਾਦਕ ਵੀ ਹਨ।
ਇਸ ਕਵਿਤਾ ਨੂੰ ਪ੍ਰੇਰਿਤ ਕਰਨ ਵਾਲ਼ੀਆਂ ਦੋਵੇਂ ਸਟੋਰੀਆਂ ਪੜ੍ਹੋ: 'Everyone knows what happens here to girls' ਅਤੇ Such a long journey, over and over again ।
ਤਰਜਮਾ: ਕਮਲਜੀਤ ਕੌਰ