ਲਾਲੀਪੌਪਨੁਮਾ ਕਟਕੇਟੀ, ਇੱਕ ਅਜਿਹਾ ਖਿਡੌਣਾ ਹੈ ਜਿਹਨੂੰ ਜਦੋਂ ਘੁਮਾਇਆ ਜਾਂਦਾ ਹੈ ਤਾਂ ਟੁਕ-ਟੁਕ ਦੀ ਅਵਾਜ਼ ਕੱਢਦਾ ਹੈ, ਬੰਗਲੁਰੂ ਦੀਆਂ ਸੜਕਾਂ 'ਤੇ ਕਾਫ਼ੀ ਪ੍ਰਸਿੱਧ ਹੈ। ਜਿਓਂ ਕਿਸੇ ਬੱਚੇ ਨੇ ਇਹਦੀ ਅਵਾਜ਼ ਸੁਣੀ, ਉਹ ਤੁਰੰਤ ਖਿਡੌਣਾ ਮੰਗਣ ਲੱਗੇਗਾ। ਇਹ ਚਮਕਦਾਰ ਖਿਡੌਣਾ ਪੱਛਮੀ ਬੰਗਾਲ ਦੇ ਮੁਰਿਸ਼ਦਾਬਾਦ ਜ਼ਿਲ੍ਹੇ ਤੋਂ 2,000 ਕਿਲੋਮੀਟਰ ਤੋਂ ਵੀ ਵੱਧ ਦੂਰ ਇਸ ਸ਼ਹਿਰ ਲਿਆਂਦਾ ਗਿਆ ਹੈ। ''ਸਾਨੂੰ ਬੜਾ ਫ਼ਖਰ ਹੈ ਕਿ ਸਾਡੇ ਹੱਥੀਂ ਬਣਾਏ ਖਿਡੌਣੇ ਇੰਨੀ ਦੂਰ ਨਿਕਲ਼ ਤੁਰੇ,'' ਖਿਡੌਣੇ ਬਣਾਉਣ ਵਾਲ਼ਾ ਬੜੇ ਮਾਣ ਨਾਲ਼ ਕਹਿੰਦਾ ਹੈ। ''ਜੇ ਕਿਤੇ ਅਸੀਂ ਉੱਥੇ ਜਾਣਾ ਚਾਹੀਏ ਤਾਂ ਨਹੀਂ ਜਾ ਸਕਦੇ... ਪਰ ਸਾਡੇ ਖਿਡੌਣੇ ਸਫ਼ਰ ਕਰਦੇ ਹਨ... ਬੜੀ ਵਢਭਾਗੀ ਗੱਲ ਹੈ।''
ਮੁਰਿਸ਼ਦਾਬਾਦ ਦੇ ਹਰਿਹਰਪਾਰਾ ਬਲਾਕ ਦੇ ਰਾਮਪਾਰਾ ਪਿੰਡ ਵਿਖੇ ਪੁਰਸ਼ ਅਤੇ ਔਰਤਾਂ ਕਟਕੇਟੀ (ਬੰਗਾਲੀ ਵਿੱਚ ਕੋਟਕੋਟੀ ਵੀ ਕਿਹਾ ਜਾਂਦਾ ਹੈ) ਬਣਾਉਣ ਵਿੱਚ ਮਸ਼ਰੂਫ਼ ਹਨ। ਇਸ ਵਾਸਤੇ ਝੋਨੇ ਦੇ ਖੇਤਾਂ ਵਿੱਚ ਮਿੱਟੀ ਲਈ ਜਾਂਦੀ ਹੈ ਤੇ ਕਿਸੇ ਹੋਰ ਪਿੰਡੋਂ ਖਰੀਦੇ ਬਾਂਸਾਂ ਦੀਆਂ ਛੋਟੀਆਂ-ਛੋਟੀਆਂ ਡੰਡੀਆਂ ਨਾਲ਼ ਹੀ ਕਟਕੇਟੀ ਬਣਾਈ ਜਾਂਦੀ ਹੈ, ਤਪਨ ਕੁਮਾਰ ਦਾਸ ਕਹਿੰਦੇ ਹਨ ਜੋ ਰਾਮਪਾਰਾ ਵਿਖੇ ਆਪਣੇ ਘਰੇ ਹੀ ਇਸ ਅਜੂਬੇ ਨੂੰ ਹੱਥੀਂ ਤਿਆਰ ਕਰਦੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਇਸ ਖਿਡੌਣੇ ਨੂੰ ਬਣਾਉਣ ਵਿੱਚ ਲੱਗਿਆ ਰਹਿੰਦਾ ਹੈ। ਉਹ ਇਹਦੀ ਤਿਆਰੀ ਲਈ ਪੇਂਟ, ਤਾਰ, ਰੰਗੀਨ ਕਾਗ਼ਜ਼ ਤੇ ਪੁਰਾਣੀਆਂ ਰੀਲ੍ਹਾਂ ਦੀ ਵੀ ਵਰਤੋਂ ਕਰਦੇ ਹਨ। ''ਕਰੀਬ ਕਰੀਬ ਇੱਕ ਇੰਚ ਦੇ ਅਕਾਰ ਵਿੱਚ ਕੱਟੀ ਹੋਈ ਫ਼ਿਲਮ ਦੀਆਂ ਦੋ ਪੱਟੀਆਂ (ਇੱਕ ਬਾਂਸ ਦੀ ਸੋਟੀ 'ਤੇ) ਚੀਰੇ ਹੋਏ ਬਾਂਸ ਵਿਚਾਲੇ ਵਾੜ੍ਹੀਆਂ ਜਾਂਦੀਆਂ ਹਨ। ਇੰਝ ਇਹਦੇ ਚਾਰ ਖੰਭ ਜਿਹੇ ਬਣ ਜਾਂਦੇ ਹਨ,'' ਦਾਸ ਕਹਿੰਦੇ ਹਨ ਜਿਨ੍ਹਾਂ ਨੇ ਕੁਝ ਕੁ ਸਾਲ ਪਹਿਲਾਂ ਕੋਲਕਾਤਾ ਦੇ ਬੜਾਬਜ਼ਾਰੋਂ ਫ਼ਿਲਮੀ ਰੀਲ੍ਹਾਂ ਦਾ ਜ਼ਖੀਰਾ ਖਰੀਦਿਆ ਸੀ। ਇਹੀ ਫ਼ਿਲਮੀ ਖੰਭ ਪਤੰਗ ਦੀ ਗਤੀ ਅਤੇ ਧੁਨ ਨੂੰ ਪੈਦਾ ਕਰਦੇ ਹਨ।


