'
ਮੇਰੇ ਹਰਫ਼,
ਮੇਰੇ ਦੁੱਖ,
ਅਤੇ ਮੇਰੀ ਇਹ ਕਵਿਤਾ ਇਨ੍ਹਾਂ ਦੋਵਾਂ ਦੇ ਰਲੇਵੇਂ
'
ਚੋਂ ਨਿਕਲ਼ਦੀ
ਹੈ
ਬੱਸ ਇਹੀ ਮੇਰੀ ਪਛਾਣ ਹੈ
'
ਸੁਯਸ਼ ਕਾਂਬਲੇ ਆਪਣੀਆਂ ਕਵਿਤਾਵਾਂ ਦੇ ਸੰਗ੍ਰਹਿ ਨਾਲ਼ ਰੂਬਰੂ ਕਰਾਉਂਦੇ ਇਸੇ ਅੰਦਾਜ਼ ਵਿੱਚ ਆਪਣੇ ਬਾਰੇ ਦੱਸਦੇ ਹਨ। ਆਪਣੀ 20 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਜਿਹੀਆਂ 400 ਕਵਿਤਾਵਾਂ ਲਿਖ ਲਈਆਂ ਹਨ ਜੋ ਉਨ੍ਹਾਂ ਦੇ ਰੋਸ ਤੇ ਤਕਲੀਫ਼, ਵਿਸ਼ਵਾਸ ਅਤੇ ਉਮੀਦਾਂ ਨੂੰ ਬਿਆਨ ਕਰਦੀਆਂ ਹਨ।
ਸੁਯਸ਼ ਆਪਣੀਆਂ ਕਵਿਤਾਵਾਂ ਨੂੰ ''ਇਨਕਲਾਬੀ'' ਦੱਸਦੇ ਹਨ ਤੇ ਉਨ੍ਹਾਂ ਦੀ ਰਚਨਾ ਦਾ ਕੇਂਦਰ ਬਿੰਦੂ ਜਾਤੀ ਵੱਖਰੇਵਾਂ ਅਤੇ ਹਿੰਸਾ ਹੈ। ਉਹ ਕਹਿੰਦੇ ਹਨ,''ਦਲਿਤ (ਮਹਾਰ) ਪਰਿਵਾਰ ਵਿੱਚ ਜਨਮ ਲੈਣ ਕਾਰਨ, ਮੈਨੂੰ ਸਮਾਜ ਅੰਦਰ ਮੌਜੂਦ ਜਾਤੀ ਢਾਂਚੇ ਨੂੰ ਦੇਖਣ ਦਾ ਮੌਕਾ ਮਿਲ਼ਿਆ, ਜੋ ਅਜ਼ਾਦੀ ਦੇ 71 ਸਾਲਾਂ ਬਾਅਦ ਵੀ ਮੌਜੂਦ ਹੈ। ਸਮਾਜ ਅੰਦਰ ਵਿਅਕਤੀ ਦੀ ਥਾਂ ਉਹਦੀ ਜਾਤੀ ਦੁਆਰਾ ਤੈਅ ਹੁੰਦੀ ਹੈ।''
ਉਨ੍ਹਾਂ ਦੀਆਂ ਕਾਫ਼ੀ ਸਾਰੀਆਂ ਕਵਿਤਾਵਾਂ ਨਿੱਜੀ ਅਜ਼ਾਦੀ ਅਤੇ ਪ੍ਰਗਟਾਵੇ ਦੀ ਅਜ਼ਾਦੀ 'ਤੇ ਵੱਧਦੇ ਹਮਲਿਆਂ ਅਤੇ ਦਲਿਤ ਬੁੱਧੀਜੀਵੀਆਂ ਦੇ ਵਿਰੋਧ ਦੀ ਪ੍ਰਤਿਕਿਰਿਆ ਦੇ ਰੂਪ ਵਿੱਚ ਲਿਖੀਆਂ ਗਈਆਂ ਹਨ। ਬਾਕੀ ਕਵਿਤਾਵਾਂ ਵੀ ਕਾਫ਼ੀ ਵਿਸ਼ਾਲ ਦਾਇਰਾ ਰੱਖਦੀਆਂ ਹਨ ਜਿਨ੍ਹਾਂ ਵਿੱਚ ਔਰਤਾਂ ਖ਼ਿਲਾਫ਼ ਅੱਤਿਆਚਾਰ, ਸਤੰਬਰ 2017 ਵਿੱਚ ਮੁੰਬਈ ਦੇ ਏਲਿਫੰਸਟਨ ਸਟੇਸ਼ਨ ਵਿਖੇ ਮੱਚੇ ਹੁੜਦੰਗ, ਨਰਿੰਦਰ ਦਾਭੋਲਕਰ ਅਤੇ ਗੋਵਿੰਦ ਪਾਨਸਰੇ ਦੇ ਕਤਲ ਆਦਿ ਨਾਲ਼ ਜੁੜੇ ਜਜ਼ਬਾਤ ਝਰੀਟੇ ਹੋਏ ਹਨ।
ਉਨ੍ਹਾਂ ਦੇ ਪਿਤਾ 57 ਸਾਲਾ ਸ਼ਿਆਮਰਾਓ ਕਾਂਬਲੇ ਕਿਸਾਨ ਹਨ। ਉਨ੍ਹਾਂ ਦਾ ਪਰਿਵਾਰ ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੀ ਸ਼ਿਰੋਲ ਤਾਲੁਕਾ ਦੇ ਸ਼ਿਰਦਵਾੜ ਪਿੰਡ ਵਿੱਚ ਰਹਿੰਦਾ ਹੈ। ਆਪਣੀ 1.75 ਏਕੜ ਜ਼ਮੀਨ 'ਤੇ ਉਹ 15 ਮਹੀਨਿਆਂ ਦੇ ਅੰਦਰ-ਅੰਦਰ 55-60 ਟਨ ਗੰਨੇ ਦਾ ਉਤਪਾਦਨ ਕਰ ਲੈਂਦੇ ਹਨ, ਕਈ ਵਾਰੀਂ ਲਾਗਤ ਪੂਰੀ ਕਰਨ ਲਈ ਉਹ ਕਰਜ਼ਾ ਵੀ ਲੈਂਦੇ ਹਨ ਤੇ ਉਤਪਾਦਨ 'ਤੇ ਥੋੜ੍ਹਾ ਮੁਨਾਫ਼ਾ ਕਮਾਉਂਦੇ ਹਨ। ਸ਼ਿਆਮਰਾਓ, ਪਿੰਡ ਦੇ ਅੰਦਰ ਅਤੇ ਨੇੜੇ-ਤੇੜੇ ਦੀਆਂ ਛੋਟੀਆਂ ਪਾਵਰਲੂਮ ਫ਼ੈਕਟਰੀਆਂ ਵਿੱਚ ਵੀ ਮਜ਼ਦੂਰੀ ਕਰਦੇ ਹਨ ਅਤੇ ਅੱਠ ਘੰਟੇ ਕੰਮ ਕਰਨ ਬਦਲੇ ਪ੍ਰਤੀ ਦਿਨ 250 ਰੁਪਏ ਕਮਾਉਂਦੇ ਹਨ।
ਸੁਯਸ਼ ਦੀ ਮਾਂ 55 ਸਾਲਾ ਸ਼ਕੁੰਤਲਾ ਘਰ ਸਾਂਭਦੀ ਹਨ; ਉਨ੍ਹਾਂ ਦਾ ਭਰਾ 24 ਸਾਲਾ ਬੁੱਧਭੂਸ਼ਣ ਮੁੰਬਈ ਦੇ ਲਾਅ ਕਾਲੇਜ ਵਿੱਚ ਪੜ੍ਹਾਈ ਕਰ ਰਿਹਾ ਹੈ ਤੇ ਦੂਸਰਾ ਭਰਾ 22 ਸਾਲਾ ਸ਼ੁਭਮ ਇਚਲਕਰੰਜੀ ਸ਼ਹਿਰ ਦੀਆਂ ਨਿਰਮਾਣ-ਥਾਵਾਂ 'ਤੇ ਮਜ਼ਦੂਰ ਵਜੋਂ ਕੰਮ ਕਰਦਾ ਹੈ।
ਸੁਯਸ਼ ਆਪਣੇ ਪਿੰਡ ਤੋਂ 12 ਕਿਲੋਮੀਟਰ ਦੂਰ, ਇਚਲਕਰੰਜੀ ਦੇ ਇੱਕ ਨਾਈਟ ਕਾਲਜ ਵਿਖੇ 12ਵੀਂ ਜਮਾਤ ਵਿੱਚ ਪੜ੍ਹਦੇ ਹਨ। ਪਰਿਵਾਰ ਦੇ ਖਰਚਿਆਂ ਵਿੱਚ ਹੱਥ ਵੰਡਾਉਣ ਲਈ ਉਹ ਦਿਨ ਵੇਲ਼ੇ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦੇ ਹਨ। ਕੰਮ ਦੇ ਬਦਲੇ ਉਨ੍ਹਾਂ ਨੂੰ ਹਰ ਮਹੀਨੇ 2,500 ਰੁਪਏ ਕਮਾਈ ਹੁੰਦੀ ਹੈ। ਉਹ ਦੱਸਦੇ ਹਨ,''ਇਲੈਕ੍ਰਟ੍ਰੀਸ਼ੀਅਨ ਦਾ ਕੰਮ ਕਰਨ ਵਾਲ਼ਿਆਂ ਨੂੰ ਕਈ ਘਰਾਂ ਦੇ ਗੇੜੇ ਮਾਰਨੇ ਪੈਂਦੇ ਹਨ। ਸਭ ਤੋਂ ਪਹਿਲਾਂ ਲੋਕ ਮੈਨੂੰ ਇਹੀ ਪੁੱਛਦੇ ਹਨ ਕਿ ਤੇਰੇ ਨਾਮ ਕੀ ਹੈ ਤੇ ਫਿਰ ਦੂਜਾ ਸਵਾਲ ਹੁੰਦਾ ਹੈ ਕਿ ਤੇਰਾ ਉਪਨਾਮ ਕੀ ਹੈ? ਇਹਦੇ ਬਾਅਦ, ਉਹ ਅਕਸਰ ਮੈਨੂੰ ਪੁੱਛਦੇ ਹਨ ਕਿ ਕੀ ਮੈਂ ਦਲਿਤ ਹਾਂ।''
ਸੁਯਸ਼ ਦੱਸਦੇ ਹਨ ਕਿ ਇੱਕ ਵਾਰੀਂ ਉਨ੍ਹਾਂ ਨੂੰ ਸ਼ਿਰਵਾਡ ਦੇ ਇੱਕ ਬਾਹਮਣ ਪਰਿਵਾਰ ਘਰੇ ਜਾਣਾ ਪਿਆ, ਜਿੱਥੇ ਉਨ੍ਹਾਂ ਨੇ ਘਰ ਅੰਦਰ ਬਣੇ ਮੰਦਰ ਦੀ ਫ਼ਿਟਿੰਗ ਠੀਕ ਕਰਨੀ ਸੀ। ਉਹ ਦੱਸਦੇ ਹਨ,''ਮੇਰੀ ਜਾਤ ਪੁੱਛਣ ਤੋਂ ਬਾਅਦ, ਉਨ੍ਹਾਂ ਨੇ ਫ਼ੌਰਨ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਢੱਕ ਦਿੱਤੀਆਂ।'' ਸੁਯਸ਼ ਕਹਿੰਦੇ ਹਨ ਕਿ ਇੱਕ ਹੋਰ ਥਾਵੇਂ,''ਮੇਰੀ ਰਬੜ ਦੀ ਚੱਪਲ (ਜੋ ਬਿਜਲੀ ਝਟਕਿਆਂ ਤੋਂ ਬਚਾਅ ਲਈ ਪਾਈ ਜਾਂਦੀ ਹੈ) ਲਾਹੁਣ ਲਈ ਕਿਹਾ ਗਿਆ, ਜਦੋਂਕਿ ਉਦੋਂ ਮੈਨੂੰ ਛੱਤ 'ਤੇ ਚੜ੍ਹ ਕੇ ਕੰਮ ਕਰਨਾ ਸੀ। ਜਦੋਂ ਮੈਂ ਮਨ੍ਹਾ ਕੀਤਾ ਤਾਂ ਉੱਥੇ ਮੌਜੂਦ ਔਰਤ ਨੇ ਕਿਹਾ,''ਕੀ ਤੈਨੂੰ ਘਰਦਿਆਂ ਨੇ ਕੁਝ ਸਿਖਾਇਆ ਨਹੀਂ? ਤੁਸੀਂ ਦਲਿਤ ਲੋਕੀਂ ਸਦਾ ਇੰਝ ਹੀ ਕਰਦੇ ਆਏ ਹੋ।''
ਉਹ ਚੇਤੇ ਕਰਦੇ ਹਨ,''ਆਮ ਤੌਰ 'ਤੇ ਬਾਹਮਣ ਜਾਤੀ ਦੇ ਮਜ਼ਦੂਰਾਂ ਨੂੰ ਭੋਜਨ ਤੇ ਪਾਣੀ ਧਾਤੂ ਦੇ ਭਾਂਡਿਆਂ ਵਿੱਚ ਦਿੱਤਾ ਜਾਂਦਾ ਹੈ, ਪਰ ਮੈਨੂੰ ਸਦਾ ਡਿਸਪੋਜ਼ਲ (ਇੱਕੋ ਵਾਰ ਵਰਤੇ ਜਾਣ ਵਾਲ਼ੇ) ਭਾਂਡਿਆਂ ਵਿੱਚ ਹੀ ਖਾਣਾ ਦਿੱਤਾ ਜਾਂਦਾ। ਇਹ ਛੋਟੀਆਂ-ਛੋਟੀਆਂ ਗੱਲਾਂ ਮੇਰੇ ਰੋਜ਼ਮੱਰਾ ਦੇ ਜੀਵਨ ਦਾ ਹਿੱਸਾ ਰਹੀਆਂ। ਅਸੀਂ ਇਸ ਤਰੀਕੇ ਦੇ ਜਾਤੀਗਤ ਵਖਰੇਵੇਂ ਦਾ ਕਈ ਵਾਰ ਅਨੁਭਵ ਕੀਤਾ ਹੈ। ਹੁਣ ਸਾਨੂੰ ਇਸ ਸਭ ਕਾਸੇ ਦੀ ਆਦਤ ਪੈ ਚੁੱਕੀ ਹੈ।''
ਸੁਯਸ਼ ਦੇ ਪਿਤਾ ਸ਼ਿਆਮਰਾਓ ਨੇ ਹੀ ਸਭ ਤੋਂ ਪਹਿਲਾਂ ਆਪਣੇ ਬੇਟੇ ਦਾ ਜਾਣ-ਪਛਾਣ ਇਨਕਲਾਬੀ ਕਵੀ ਨਾਮਦੇਵ ਢਸਾਲ ਨਾਲ਼ ਕਰਾਈ ਸੀ, ਜਿਨ੍ਹਾਂ ਨੇ 1972 ਵਿੱਚ ਦਲਿਤ ਪੈਂਥਰਸ ਦੀ ਨੀਂਹ ਰੱਖੀ। ਸਮਾਂ ਬੀਤਣ ਦੇ ਨਾਲ਼-ਨਾਲ਼ ਸੁਯਸ਼ ਦਾ ਅਧਿਐਨ ਵੀ ਵਿਆਪਕ ਹੁੰਦਾ ਚਲਾ ਗਿਆ, ਇਸ ਦੌਰਾਨ ਉਹ ਕਈ ਹੋਰ ਕਵੀਆਂ ਦੀਆਂ ਰਚਨਾਵਾਂ ਤੋਂ ਪ੍ਰਭਾਵਤ ਹੋਏ, ਜਿਨ੍ਹਾਂ ਅੰਦਰ ਦਯਾ ਪਵਾਰ, ਸ਼ਰਣਕੁਮਾਰ ਲਿੰਬਾਲੇ, ਨਰਾਇਣ ਸੁਰਵੇ, ਲਕਸ਼ਮਣ ਮਾਨੇ, ਏਕਨਾਥ ਆਵਹਾਡ ਅਤੇ ਅਸ਼ੋਕ ਪਵਾਰ ਸ਼ਾਮਲ ਹਨ। ਇੱਕ ਪਾਸੇ ਜਿੱਥੇ ਸੁਯਸ਼ ਦੇ ਪਿਤਾ ਦਲਿਤ ਨੇਤਾਵਾਂ ਦੀ ਅਗਵਾਈ ਵਿੱਚ ਪੂਰੇ ਦੇਸ਼ ਵਿੱਚ ਹੋਣ ਵਾਲ਼ੇ ਅੰਦੋਲਨਾਂ ਦੀ ਕਹਾਣੀ ਸੁਣਾਉਂਦੇ, ਉੱਥੇ ਦੂਜੇ ਪਾਸੇ ਸੁਯਸ਼ ਨੇ ਵੀ ਡਾਕਟਰ ਬਾਬਾਸਾਹੇਬ ਅੰਬੇਦਕਰ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਇਹ ਨੌਵਾਨ ਕਵੀ ਹੁਣ ਪੰਜ ਲਾਈਬ੍ਰੇਰੀਆਂ ਦੇ ਮੈਂਬਰ ਹਨ; ਇਨ੍ਹਾਂ ਵਿੱਚੋਂ ਦੋ ਉਨ੍ਹਾਂ ਦੇ ਪਿੰਡ ਵਿਖੇ ਹਨ, ਇੱਕ ਗੁਆਂਢ ਦੇ ਪਿੰਡ ਸ਼ਿਵਨਾਕਵਾੜੀ ਵਿਖੇ ਅਤੇ ਦੋ ਇਚਲਕਰੰਜੀ ਸ਼ਹਿਰ ਵਿਖੇ।
ਸੁਯਸ਼ ਨੇ 16 ਸਾਲ ਦੀ ਉਮਰੇ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਹੱਥੀਂ ਮਰਾਠੀ ਵਿੱਚ ਕਵਿਤਾਵਾਂ ਲਿਖਦੇ ਹਨ ਤੇ ਹੁਣ ਤੱਕ 180 ਪੰਨਿਆਂ ਦੀਆਂ ਛੇ ਡਾਇਰੀਆਂ ਭਰ ਚੁੱਕੇ ਹਨ। ''ਜਦੋਂ ਵੀ ਕੋਈ ਪਰੇਸ਼ਾਨ ਕਰ ਦੇਣ ਵਾਲ਼ੀ ਘਟਨਾ ਵਾਪਰਦੀ ਹੈ, ਮੈਂ ਕਵਿਤਾ ਲਿਖਦਾ ਹਾਂ। ਮੈਂ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦੁਆਰਾ ਹੀ ਬੇਹਤਰ ਢੰਗ ਨਾਲ਼ ਪ੍ਰਗਟਾ ਪਾਉਂਦਾ ਹਾਂ। ਮੇਰੀਆਂ ਕਵਿਤਾਵਾਂ ਉਨ੍ਹਾਂ ਸਮਾਜਿਕ ਤੱਥਾਂ 'ਤੇ ਅਧਾਰਤ ਹੁੰਦੀਆਂ ਹਨ ਜਿਨ੍ਹਾਂ ਦਾ ਮੈਂ ਅਨੁਭਵ ਕਰ ਦਾ ਹਾਂ ਕਿ ਕਿਵੇਂ ਨੀਵੀਆਂ ਜਾਤਾਂ ਨੂੰ ਕੰਗਾਲ ਕਰ ਦਿੱਤਾ ਗਿਆ। ਮੈਂ ਜਦੋਂ ਤੀਕਰ ਕਵਿਤਾ ਨਾ ਲਿਖ ਲਵਾਂ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਪ੍ਰਗਟਾ ਨਾ ਲਵਾਂ, ਉਦੋਂ ਤੀਕਰ ਮੈਨੂੰ ਅੰਦਰੋਂ ਸ਼ਾਂਤੀ ਨਹੀਂ ਮਿਲ਼ਦੀ।''
ਸੁਯਸ਼ ਦੀਆਂ ਸ਼ੁਰੂਆਤੀ ਕਵਿਤਾਵਾਂ ''ਇਨਕਲਾਬੀ'' ਨਹੀਂ ਸਨ, ਜਿਵੇਂ ਕਿ ਉਹ ਖ਼ੁਦ ਦੱਸਦੇ ਹਨ,''ਪਰ ਬਾਬਾਸਾਹੇਬ ਦੀ ਏਨੀਹਿਲੇਸ਼ਨ ਆਫ਼ ਕਾਸਟ (ਜਾਤੀ ਦਾ ਵਿਨਾਸ਼) ਕਿਤਾਬ ਪੜ੍ਹਨ ਤੋਂ ਬਾਅਦ ਮੇਰਾ ਸੁਰ ਹੀ ਬਦਲ ਗਿਆ।'' ਅੰਬੇਦਕਰ ਦੀ ਦੂਜੀ ਕਿਤਾਬ ਰਿਡਲਸ ਇਨ ਹਿੰਦੂਇਜ਼ਮ (ਹਿੰਦੂ ਧਰਮ ਦੀਆਂ ਪਹੇਲੀਆਂ/ਰਿਡਲ) ਨੇ ਸੁਯਸ਼ ਨੂੰ ਹੋਰ ਜ਼ਿਆਦਾ ਪ੍ਰਭਾਵਤ ਕੀਤਾ। ਉਹ ਕਹਿੰਦੇ ਹਨ,''ਹੁਣ ਮੇਰੀਆਂ ਕਵਿਤਾਵਾਂ ਉਨ੍ਹਾਂ ਅੱਤਿਆਚਾਰਾਂ 'ਤੇ ਅਧਾਰਤ ਹਨ ਜਿਨ੍ਹਾਂ ਦਾ ਸਾਹਮਣਾ ਦਲਿਤ ਕਰਦੇ ਹਨ। ਲੋਕ ਰਾਖਵੇਂਕਰਨ ਨੂੰ ਮੁਕਾਉਣ ਬਾਰੇ ਗੱਲ ਕਰਦੇ ਹਨ, ਜਾਤੀ ਪ੍ਰਬੰਧ ਨੂੰ ਖ਼ਤਮ ਕਰਨ ਦੀ ਗੱਲ ਕੋਈ ਕਰਦਾ ਹੈ? ਕੌਣ ਕਹਿੰਦਾ ਹੈ ਕਿ ਅੱਜ ਭਾਰਤ ਵਿੱਚ ਛੂਆਛਾਤ ਨਹੀਂ ਹੈ? ਅਸੀਂ ਇਹਨੂੰ ਰੋਜ਼ ਝੱਲਦੇ ਹਾਂ। ਰੋਜ਼-ਰੋਜ਼ ਦੇ ਜਾਤੀ ਵੱਖਰੇਵੇਂ ਨੂੰ ਦੇਖ ਕੇ ਮੈਂ ਬੇਚੈਨ ਹੋ ਉੱਠਦਾ ਹਾਂ ਤੇ ਜਦੋਂ ਇਹ ਬੇਚੈਨੀ ਹੱਦੋਂ ਵੱਧ ਜਾਂਦੀ ਹੈ ਤਾਂ ਮੈਂ ਕਵਿਤਾ ਲਿਖਣ ਬਹਿ ਜਾਂਦਾ ਹਾਂ।''
1 ਜਨਵਰੀ 2018 ਨੂੰ ਸੁਯਸ਼ ਭੀਮਾ ਕਾਰੋਗਾਓਂ ਵਿੱਚ ਸਨ, ਜੋ ਉਨ੍ਹਾਂ ਦੇ ਪਿੰਡੋਂ ਕਰੀਬ 290 ਕਿਲੋਮੀਟਰ ਦੂਰ, ਪੂਨੇ ਜ਼ਿਲ੍ਹੇ ਦੀ ਸ਼ਿਰੂਰ ਤਾਲੁਕਾ ਵਿੱਚ ਹੈ। ਬ੍ਰਿਟਿਸ਼ ਸੈਨਾ ਵਿਖੇ ਨੌਕਰੀ ਕਰਨਕ ਵਾਲ਼ੇ ਮਹਾਰ ਸਿਪਾਹੀਆਂ ਵੱਲੋਂ ਬਾਹਮਣ ਜਾਤੀ ਨਾਲ਼ ਤਾਅਲੁੱਕ ਰੱਖਣ ਵਾਲ਼ੇ ਪੇਸ਼ਵਾ ਦੀ ਅਗਵਾਈ ਵਾਲ਼ੀ ਮਰਾਠਾ ਸੈਨਾ ਨੂੰ ਹਰਾਉਣ ਦੀ ਯਾਦ ਵਿੱਚ, ਹਰ ਸਾਲ ਦਲਿਤ ਸਮਾਜ ਵੱਡੀ ਗਿਣਤੀ ਵਿੱਚ ਉਸ ਦਿਨ ਇੱਥੇ ਇਕੱਠ ਕਰਦੇ ਹਨ। ਉਹ ਕਹਿੰਦੇ ਹਨ,''ਮੈਂ ਅੰਦੋਲਨ (ਦਲਿਤ) ਵਿੱਚ ਸ਼ਾਮਲ ਹਾਂ ਤੇ ਭੀਮਾ ਕਾਰੋਗਾਓਂ ਸਾਨੂੰ ਹਰ ਸਾਲ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਆਪਣੇ ਭਾਈਚਾਰੇ ਵਾਸਤੇ ਕੁਝ ਚੰਗਾ ਕੰਮ ਕਰੀਏ।''
ਇਸ ਸਾਲ, ਇੱਕ ਵਿਰੋਧੀ ਰਾਜਨੀਤਕ ਦਲ ਨੇ ਭੀਮਾ ਕੋਰੇਗਾਓਂ ਜਾ ਰਹੇ ਦਲਿਤਾਂ ਦਾ ਰਾਹ ਡੱਕ ਲਿਆ ਸੀ; ਫਿਰ ਹਿੰਸਕ ਟਕਰਾਅ ਸ਼ੁਰੂ ਹੋ ਗਿਆ। ਸੁਯਸ਼ ਨੇ ਆਪਣੇ ਗੁੱਸੇ ਦਾ ਇਜ਼ਹਾਰ 'ਪੱਥਰਾਂ ਦਾ ਦੇਸ਼' ਨਾਮਕ ਇੱਕ ਪ੍ਰਭਾਵਸ਼ਾਲੀ ਕਵਿਤਾ ਲਿਖ ਕੇ ਕੀਤਾ। (ਇਹ ਮਰਾਠੀ ਕਵਿਤਾ ਹੇਠਾਂ ਪੰਜਾਬੀ ਅਨੁਵਾਦ ਦੇ ਨਾਲ਼ ਪੇਸ਼ ਕੀਤੀ ਗਈ ਹੈ।)
ਸੁਯਸ਼ ਆਪਣੀਆਂ ਕਵਿਤਾਵਾਂ ਦੀ ਕਿਤਾਬ ਪ੍ਰਕਾਸ਼ਤ ਕਰਨਾ ਚਾਹੁੰਦੇ ਹਨ ਤੇ ਅੱਗੇ ਚੱਲ ਕੇ ਪੱਤਰਕਾਰ ਬਣਨਾ ਚਾਹੁੰਦੇ ਹਨ। ਉਹ ਕਹਿੰਦੇ ਹਨ,''ਸਾਨੂੰ ਅਜਿਹੇ ਦਲਿਤ ਪੱਤਰਕਾਰਾਂ ਦੀ ਲੋੜ ਹੈ ਜੋ ਸਾਡੇ ਭਾਈਚਾਰੇ ਬਾਰੇ ਲਿਖ ਸਕਣ। ਇਸ ਤਕਲੀਫ਼ ਨੂੰ ਸਿਰਫ਼ ਇੱਕ ਦਲਿਤ ਹੀ ਬੇਹਤਰ ਢੰਗ ਨਾਲ਼ ਸਮਝ ਸਕਦਾ ਹੈ ਤੇ ਇਹਦੇ ਬਾਰੇ ਠੀਕ ਢੰਗ ਨਾਲ਼ ਲਿਖ ਵੀ ਸਕਦਾ ਹੈ। ਲੋਕਤੰਤਰ ਦੇ ਚੌਥੇ ਖੰਭੇ 'ਤੇ ਅੱਜ ਸਰਕਾਰ ਦਾ ਕਬਜ਼ਾ ਹੈ। ਮੀਡੀਆ, ਨੇਤਾਵਾਂ ਦੀ ਕਠਪੁਤਲੀ ਬਣ ਚੁੱਕਿਆ ਹੈ। ਪਰ, ਇੱਕ ਚੰਗਾ ਪੱਤਰਕਾਰ ਕਦੇ ਚੁੱਪੀ ਨਹੀਂ ਵਟ ਸਕੇਗਾ।''
ਓ ਪੱਥਰਾਂ ਦੇ ਦੇਸ਼
ਓ ਪੱਥਰਾਂ ਦੇ ਦੇਸ਼... ਸਦਾ ਵਾਂਗਰ,
ਸਾਨੂੰ ਕੱਲ੍ਹ ਵੀ ਪੱਥਰ ਖਾਣੇ ਪਏ!
ਜਿਨ੍ਹਾਂ
ਦੀ ਅਕਲ 'ਤੇ ਪੱਥਰ ਪਏ ਹੋਏ ਨੇ
ਉਨ੍ਹਾਂ
ਨੇ ਸਾਡੇ ਬੇਕਸੂਰਾ 'ਤੇ ਹਮਲਾ ਕੀਤਾ...
ਜਾਤੀ
ਦਾ ਇਹ ਜ਼ਹਿਰੀਲਾ ਪੌਦਾ
ਕਿੱਥੇ
ਬੀਜਿਆ ਗਿਆ ਹੈ, ਮੈਂ ਪੁੱਛਦਾ ਹਾਂ...
ਇਨ੍ਹਾਂ
ਜਮਾਂਦਰੂ ਕੰਡਿਆਲੇ ਤੱਤਾਂ ਵਿੱਚ ਰਹਿੰਦਿਆਂ
ਇਹ
ਧਰਤੀ ਖ਼ੁਦ ਨੂੰ ਪਾਵਨ ਕਹਿ ਕਿਵੇਂ ਸਕਦੀ ਹੈ!
ਜਦੋਂ
ਆਪਣੀਆਂ ਅੱਖਾਂ ਵਿੱਚ ਬੱਸ ਸੱਚਾਈ ਲਈ
ਟੋਲੀ
ਅੱਗੇ ਵਧੀ;
ਅਚਾਨਕ
ਉਹਨੂੰ ਖਿੰਡਣਾ-ਪੁੰਡਣਾ ਪਿਆ,
ਜਦੋਂ
ਦੁਸ਼ਮਣ ਦੀ ਸੰਵੇਦਨਸ਼ੀਲਤਾ 'ਤੇ ਅਕਾਲ ਪਿਆ ਜਾਵੇ
ਅਤੇ
ਗੁਆ ਬੈਠੇ ਉਹ ਬੁੱਧੀ-ਵਿਵੇਕ...
ਫਿਰ
ਇਹਦਾ ਨਤੀਜਾ ਕੀ ਹੁੰਦਾ ਹੈ...
ਹਰ ਇੱਕ
ਬੇਕਸੂਰੇ 'ਤੇ ਦੇਸ਼ਧ੍ਰੋਹੀ ਹੋਣ ਦਾ ਸ਼ੱਕ!
ਫਿਰ ਨਾ
ਚਾਹੁੰਦੇ ਹੋਏ ਮੈਂ ਵੀ ਇਸੇ ਭਾਸ਼ਾ 'ਚ
ਬੋਲਣ
ਲੱਗਦਾ ਹਾਂ
ਹਨ੍ਹੇਰੇ
ਨੂੰ ਰੌਸ਼ਨੀ ਨਾਲ਼ ਹਟਾਉਣ ਬਾਰੇ!
ਬੁਰੇ
ਲੋਕਾਂ ਦੀ ਪ੍ਰਤਿਕਿਰਿਆ ਵਿੱਚ!
ਅਤੇ
ਉਨ੍ਹਾਂ ਦਰਮਿਆਨ ਟਕਰਾਅ ਤੋਂ
ਜੋ
ਹਾਲਤ ਪੈਦਾ ਹੋਈ
ਉਹਨੂੰ
ਬਹੁਤੇਰੇ ਲੋਕਾਂ ਨੇ, ਦੰਗਾ ਕਿਹਾ...
ਲੋਕ
ਆਮਤੌਰ 'ਤੇ ਇਹਨੂੰ ਇਹੀ ਤਾਂ ਕਹਿੰਦੇ ਨੇ!
ਪਰ
ਸਾਡੇ ਵਿਅਕਤੀਗਤ ਤਜ਼ਰਬਾ ਇਹਨੂੰ ਕਿਤੇ ਵੱਧ ਖ਼ੌਫ਼ਨਾਕਰ ਹੈ!
ਜਦੋਂ
ਮਨੁੱਖ ਦੂਜੇ ਮਨੁੱਖਾਂ ਨੂੰ ਸਾੜਨ ਲੱਗਦੇ ਹਨ...
ਜਾਂ
ਕਦੇ ਉਹ ਗੱਡੀਆਂ ਸਾੜ ਸੁੱਟਦੇ ਨੇ, ਸਿਰਫ਼ ਉਨ੍ਹਾਂ ਉੱਤੇ
ਅਸ਼ੋਕ
ਚੱਕਰ ਦੇਖ ਕੇ...
ਓ
ਪੱਥਰਾਂ ਦੇ ਦੇਸ਼!
ਪਰ ਮੈਂ
ਤੈਨੂੰ ਇਹ ਸਭ ਕਿਉਂ ਦੱਸ ਰਿਹਾ ਹਾਂ?
ਪੱਥਰਾਂ
ਦੇ ਇਸ ਦੇਸ਼ ਵਿੱਚ... ਮੈਂ ਕਿਵੇਂ ਜਾਨ ਸਕੂੰਗਾ ਕਿ
ਤੁਸੀਂ
ਵੀ ਪੱਥਰ ਨਹੀਂ ਬਣ ਗਏ?
ਪੱਥਰਾਂ
ਦੇ ਇਸ ਦੇਸ਼ ਵਿੱਚ... ਇਨਸਾਨ ਦੇ ਦਿਲ ਵੀ ਪੱਥਰ ਦੇ ਹੋ ਚੁੱਕੇ ਨੇ,
ਮੈਨੂੰ
ਜਾਪਦਾ ਏ...
ਔਰਤਾਂ
ਤੇ ਕੁੜੀਆਂ 'ਤੇ ਪੱਥਰ ਸੁੱਟਣਾ,
ਉਨ੍ਹਾਂ
ਨੂੰ ਜਾਨਵਰਾਂ ਵਾਂਗਰ ਕੁੱਟਣਾ,
ਉਨ੍ਹਾਂ
ਦੇ ਫੱਟਾਂ ਵਿੱਚੋਂ ਵਗਦੇ ਲਹੂ ਨੂੰ ਦੇਖਣਾ...
ਇੰਝ
ਜਾਪਦਾ ਹੈ, ਜਿਓਂ ਅੰਗੁਲੀਮਾਲ* ਹੱਥਤ ਵਿੱਚ
ਹਥਿਆਰ
ਫੜ੍ਹੀ,
ਸ਼ਾਂਤਚਿੱਤ
ਬੁੱਧ 'ਤੇ ਹਮਲਾ ਕਰਨ ਲਈ ਭੱਜ ਰਿਹਾ ਹੈ,
ਜੋ
ਅੱਖਾਂ ਬੰਦ ਕਰੀ ਬੈਠੇ ਸਨ...
ਅਤੇ ਕਈ
ਵਾਰੀਂ...
'ਕੀ ਹੁਣ ਬੋਲੋਗੇ ''ਜੈ ਭੀਮ'' ਪੋਚਯਾ?'
ਇਹ
ਕਹਿੰਦਿਆਂ ਜਿਹਨੇ ਪੋਚੀਰਾਮ** 'ਤੇ ਕੁਹਾੜੀ ਤਾਣ ਲਈ!
ਇਸ ਦਿਲ
ਚੀਰਨ ਵਾਲ਼ੀ ਘਟਨਾ ਨੂੰ ਚੇਤੇ ਕਰਿਆਂ...
ਬਲ਼
ਉੱਠਦਾ ਹੈ, ਦੌੜਦੇ ਲਹੂ ਦੇ ਨਾਲ਼, ਮੇਰੇ ਅੰਦਰ ਦਾ 'ਚੰਦਰ'
ਉਦੋਂ
ਮੈਂ ਵੀ ਇੱਕ ਪੱਥਰ ਚੁੱਕਿਆ ਅਤੇ ਉਹਨੂੰ ਰੂੜੀਵਾਦ
ਵੱਲ
ਨੂੰ ਸੁੱਟ ਦਿੱਤਾ...
ਉਸ
ਜਾਤੀ ਪ੍ਰਬੰਧ ਵੱਲ ਜੋ ਮਨੁੱਖ ਨੂੰ ਮਨੁੱਖ ਨਹੀਂ ਸਮਝਦੀ!
ਚੁਰਾਹੇ
'ਤੇ ਉਨ੍ਹਾਂ ਦੀ ਗਰਜਨ, ਨੀਚਤਾ, ਟਕਰਾਅ ਨੂੰ ਕੱਢਦੇ ਹੋਏ
ਮੈਂ ਵੀ
ਸੜਕ 'ਤੇ ਕੁੱਦ ਪਿਆ, ਮਨੂਸਮ੍ਰਿਤੀ ਦੇ ਠੇਕੇਦਾਰਾਂ
ਦੀ
ਡੂੰਘੀ ਸਾਜ਼ਸ਼ ਦਾ ਪਰਦਾਚਾਕ ਕਰਨ!
ਚੁਫ਼ੇਰਿਓਂ
ਆਉਣ ਵਾਲ਼ੇ ਪੱਥਰ... ਮੇਰੇ ਸਰੀਰ ਨੂੰ ਛੂ ਕੇ ਉੱਡ ਗਏ...
ਅਤੇ ਉਹ
ਮੈਨੂੰ ਪੁੱਛ ਰਹੇ ਸਨ,
'ਦੱਸ, ਹੁਣ ਤੂੰ ਕੀ ਕਹੇਂਗਾ?'
'ਭਾਰਤ ਮੇਰਾ ਦੇਸ਼ ਹੈ...
ਸਾਰੇ
ਭਾਰਤੀ ਮੇਰੇ ਭਰਾ ਤੇ ਭੈਣ ਹਨ...'
... ਓ
ਪੱਥਰਾਂ ਦੇ ਦੇਸ਼... ਤੂੰ ਅਤੇ ਸਿਰਫ਼ ਤੂੰ,
ਮੈਨੂੰ
ਪੱਥਰ ਚੁੱਕਣ ਲਈ ਮਜ਼ਬੂਰ ਕੀਤਾ!
ਮੈਨੂੰ
ਪੱਥਰ ਚੁੱਕਣ ਲਈ ਮਜ਼ਬੂਰ ਕੀਤਾ!
* ਅੰਗੁਲੀਮਾਲ ਤੋਂ ਭਾਵ ਅਹਿੰਸਕ ਤੋਂ ਹੈ, ਜਿਹਨੂੰ ਉਹਦੇ ਗੁਰੂ ਨੇ ਹਿੰਸਾ ਲਈ ਉਕਸਾਇਆ ਸੀ ; ਉਹਨੇ 1,000 ਲੋਕਾਂ ਦਾ ਕਤਲ ਕਰਕੇ ਗਿਣਤੀ ਦੇ ਰੂਪ ਵਿੱਚ ਆਪਣੀ ਉਂਗਲ ਕੱਟ ਕੇ ਆਪਣੇ ਗੁਰੂ ਨੂੰ ਦਕਸ਼ਿਨਾ ਦੇਣੀ ਸੀ। ਉਹਨੇ ਇਨ੍ਹਾਂ ਉਂਗਲਾਂ ਦੀ ਮਾਲ਼ਾ ਪਾਈ, ਇਸੇ ਲਈ ਉਹਨੂੰ ' ਅੰਗੁਲੀਮਾਲ ' ਕਿਹਾ ਗਿਆ।
** ਪੋਚੀਰਾਮ ਕਾਂਬਲੇ ਅਤੇ ਉਨ੍ਹਾਂ ਦੇ ਬੇਟੇ ਚੰਦਰ ਦੀ ਮੌਤ, ਔਰੰਗਾਬਾਦ ਯੂਨੀਵਰਸਿਟੀ ਦਾ ਨਾਮ ਬਦਲ ਕੇ ਬਾਬਾਸਾਹੇਬ ਅੰਬੇਦਕਰ ਯੂਨੀਵਰਸਿਟੀ ਕਰਨ ਲਈ ਚਲਾਏ ਗਏ ਦਲਿਤ ਅੰਦਲੋਨ ਦੇ ਦੌਰਾਨ ਭੜਕੀ ਹਿੰਸਾ ਵਿੱਚ ਹੋਈ ਸੀ।
ਕਵਿਤਾ ਦਾ ਅਨੁਵਾਦ ਨਮਿਤਾ ਵਾਈਕਰ ਦੁਆਰਾ ਕੀਤਾ ਗਿਆ ਹੈ।
ਤਰਜਮਾ: ਕਮਲਜੀਤ ਕੌਰ