ਦੋ ਹਫ਼ਤਿਆਂ ਤੱਕ ਪਿਆ ਇਹ ਬੱਝਵਾਂ ਮੀਂਹ, ਓਸਮਾਨਾਬਾਦ ਜ਼ਿਲ੍ਹੇ ਦੇ ਖ਼ੇਤਾਂ ਵਿੱਚ ਉਨ੍ਹਾਂ ਦੀ ਚਾਰ ਮਹੀਨਿਆਂ ਦੀ ਮਿਹਨਤ 'ਤੇ ਵੀ ਪਾਣੀ ਫੇਰਨ ਲਈ ਕਾਫ਼ੀ ਸੀ। ਅਕਤੂਬਰ ਦੇ ਮਹੀਨੇ ਵਿੱਚ ਬੱਦਲਾਂ ਦੀ ਗੜਗੜ ਦੇ ਨਾਲ਼ ਤੂਫ਼ਾਨੀ ਮੀਂਹ ਪਿਆ ਅਤੇ ਤੇਜ਼ ਹਨ੍ਹੇਰੀਆਂ ਕਾਰਨ ਘਰਾਂ ਦੀਆਂ ਛੱਤਾਂ ਵੀ ਉੱਡ ਗਈਆਂ, ਮਵੇਸ਼ੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਮੀਲਾਂ ਤੱਕ ਫ਼ਸਲਾਂ ਵਿੱਛ ਗਈਆਂ।
ਮਹਾਰਾਸ਼ਟਰ ਦੇ ਓਸਮਾਨਾਬਾਦ ਜ਼ਿਲ੍ਹੇ ਵਿੱਚ ਸਥਿਤ ਮਹਾਲਿੰਗੀ ਪਿੰਡ ਦੀ ਨਿਵਾਸੀ ਕਿਸਾਨ ਸ਼ਾਰਦਾ ਅਤੇ ਪਾਂਡੂਰੰਗ ਗੁੰਡ ਦੀ ਖੇਤੀ ਵੀ ਉਸੇ ਸਮੇਂ ਤਬਾਹ ਹੋਈ ਸੀ। 45 ਸਾਲਾ ਸ਼ਾਰਦਾ ਕਹਿੰਦੀ ਹਨ,''ਸਾਡੀ ਲਗਭਗ 50 ਕੁਇੰਟਲ ਸੋਇਆਬੀਨ (ਕਾਸ਼ਤ) ਦਾ ਨੁਕਸਾਨ ਹੋਇਆ। ਸਾਡੇ ਖੇਤਾਂ ਵਿੱਚ ਗੋਡਿਆਂ ਤੀਕਰ ਪਾਣੀ ਭਰਿਆ ਹੋਇਆ ਸੀ। ਇਸ ਪਾਣੀ ਨੇ ਸਾਰਾ ਕੁਝ ਬਰਬਾਦ ਕਰ ਸੁੱਟਿਆ।''
ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਅਕਤੂਬਰ 2020 ਵਿੱਚ ਓਸਮਾਨਾਬਾਦ ਜ਼ਿਲ੍ਹੇ ਵਿੱਚ 230.4 ਮਿਲੀਮੀਟਰ ਮੀਂਹ ਪਿਆ। ਜ਼ਿਲ੍ਹੇ ਦੀ ਮਹੀਨੇ ਦੇ ਔਸਤ ਨਾਲ਼ੋਂ 180 ਫ਼ੀਸਦੀ ਵੱਧ ਮੀਂਹ ਪੈਣ ਦੀ ਇਸ ਘਟਨਾ ਨੇ ਸਾਰਿਆਂ ਨੂੰ ਹੱਕਾ-ਬੱਕਾ ਕਰ ਸੁੱਟਿਆ।
ਅਜਿਹੇ ਹਾਲਾਤਾਂ ਦੀ ਸਭ ਤੋਂ ਵੱਧ ਮਾਰ ਵੀ ਪਾਂਡੁਰੰਗ ਅਤੇ ਸ਼ਾਰਦਾ ਜਿਹੇ ਕਿਸਾਨਾਂ ਨੂੰ ਹੀ ਵੱਜਦੀ ਹੈ।
ਜਿਸ ਸਮੇਂ ਮੌਸਮ ਦੀ ਇਸ ਮਾਰ ਨਾਲ਼ 50 ਸਾਲਾ ਪਾਂਡੁਰੰਗ ਦੀਆਂ ਅੱਖਾਂ ਮੂਹਰੇ ਉਨ੍ਹਾਂ ਦੀ ਫ਼ਸਲ ਤਬਾਹ ਹੋ ਰਹੀ ਸੀ ਤੇ ਲਾਚਾਰ ਖੜ੍ਹੇ ਸਨ ਤਾਂ ਦੂਜੇ ਪਾਸੇ ਖੇਤੀ ਮੰਡੀ ਵਿੱਚ ਸੋਇਆਬੀਨ 3,880 ਰੁਪਏ ਪ੍ਰਤੀ ਕੁਵਿੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਵੇਚੀ ਜਾ ਰਹੀ ਸੀ। ਦੂਸਰੇ ਸ਼ਬਦਾਂ ਵਿੱਚ ਕਹੀਏ ਤਾਂ ਉਨ੍ਹਾਂ ਨੂੰ ਅਤੇ ਸ਼ਾਰਦਾ ਦੀ ਤਬਾਹ ਹੋਈ ਸੋਇਆਬੀਨ ਕਰੀਬ ਕਰੀਬ 194,000 ਰੁਪਏ ਦੀ ਸੀ। ਸ਼ਾਰਦਾ ਦੱਸਦੀ ਹਨ,''ਇੱਕ ਗੱਲ਼ ਹੋਰ, ਅਸੀਂ ਖੇਤੀ ਵਾਸਤੇ 80,000 ਰੁਪਏ ਨਿਵੇਸ਼ ਵੀ ਕੀਤੇ ਸਨ ਭਾਵ ਬੀਜ, ਖਾਦ, ਕੀਟਨਾਸ਼ਕ ਅਤੇ ਹੋਰ ਕਾਫ਼ੀ ਚੀਜ਼ਾਂ ਖਰੀਦਣੀਆਂ ਪੈਂਦੀਆਂ ਹਨ। ਹਾਲਾਂਕਿ ਮੈਂ ਇਸ ਹੋਏ ਨੁਕਸਾਨ ਵਿੱਚ ਆਪਣੀ ਚਾਰ ਮਹੀਨਿਆਂ ਦੀ ਹੱਡ-ਭੰਨ੍ਹਵੀਂ ਮਿਹਨਤ ਨਹੀਂ ਜੋੜੀ। ਪਰ ਅਸੀਂ ਇੰਨੇ ਖ਼ਤਰਨਾਕ ਮੀਂਹ ਬਾਰੇ ਤਾਂ ਸੋਚਿਆ ਹੀ ਨਹੀਂ ਸੀ ਜੋ ਹੋਇਆ ਉਸ ਅੱਗੇ ਅਸੀਂ ਬੇਵੱਸ ਖੜ੍ਹੇ ਦੇਖਦੇ ਰਹੇ।''











