"ਜਦੋਂ ਪ੍ਰਦਰਸ਼ਨਕਾਰੀਆਂ ਨੇ ਇੱਕ ਸੜਕ ਜਾਮ ਕੀਤੀ ਜਾਂ ਇਹਨੂੰ ਨੁਕਸਾਨ ਪਹੁੰਚਾਇਆ ਤਾਂ ਉਨ੍ਹਾਂ ਨੂੰ ਅਪਰਾਧੀ ਗਰਦਾਨਿਆ ਗਿਆ। ਸਰਕਾਰ ਨੇ ਵੀ ਤਾਂ ਇਹੀ ਕੁਝ ਕੀਤਾ ਫਿਰ ਉਹਨੂੰ ਕੀ ਕਹਿਣਾ ਬਣਦਾ ਹੈ? ਕੀ ਉਹ ਖ਼ੁਦ ਵੀ ਉਹੀ ਨਹੀਂ ਹਨ ਜੋ ਉਹਨੂੰ ਸਾਨੂੰ ਕਹਿੰਦੀ ਹੈ? " ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਮੇਹਨਾ ਦੇ 70 ਸਾਲਾ ਕਿਸਾਨ ਹਰਿੰਦਰ ਸਿੰਘ ਲੱਖਾ ਦਾ ਕਹਿਣਾ ਹੈ।
ਲੱਖਾ, ਅਧਿਕਾਰੀਆਂ ਦੁਆਰਾ ਪੰਜਾਬ ਵੱਲੋਂ ਮਾਰਚ ਕਰ ਰਹੇ ਦਿੱਲੀ ਅੰਦਰ ਕਿਸਾਨਾਂ ਦੇ ਦਾਖ਼ਲੇ ਨੂੰ ਰੋਕਣ ਦੇ ਮਕਸਦ ਨਾਲ਼ ਪੁੱਟੇ ਗਏ 10 ਫੁੱਟ ਡੂੰਘੇ ਟੋਇਆਂ ਦਾ ਹਵਾਲਾ ਦੇ ਰਹੇ ਹਨ। ਮੌਜੂਦਾ ਸਮੇਂ, ਪੁਲਿਸ ਅਤੇ ਹੋਰਨਾਂ ਬਲਾਂ ਨੇ ਸੂਬੇ ਦੇ ਨਾਲ਼-ਨਾਲ਼ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਨਿਤਰੇ 1,00000 ਕਿਸਾਨਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਅੰਦਰ ਵੜ੍ਹਨ ਦੇ ਅਧਿਕਾਰ ਦੇ ਵਿਰੁੱਧ ਮਜ਼ਬੂਰ ਕਿਸਾਨਾਂ ਨੂੰ ਜੰਗ ਦੀ ਪਿੱਚ 'ਤੇ ਲੜਨ ਲਈ ਮਜ਼ਬੂਰ ਕੀਤਾ।
ਜਿੱਥੇ ਦਿੱਲੀ ਪੁਲਿਸ ਤਿੰਨ ਦਿਨਾਂ ਦੇ ਟਾਕਰੇ ਤੋਂ ਬਾਅਦ ਮੱਠੀ ਪੈ ਗਈ, ਉੱਥੇ ਹੀ ਹਰਿਆਣਾ ਸਰਕਾਰ ਅਜੇ ਵੀ ਪ੍ਰਦਰਸ਼ਨਕਾਰੀਆਂ ਨੂੰ ਰਾਜ ਦੀ ਸੀਮਾ ਪਾਰ ਕਰਨ ਤੋਂ ਰੋਕ ਰਹੀ ਹੈ ਅਤੇ ਭਾਵੇਂ ਕਿ ਉਨ੍ਹਾਂ ਨੇ ਜਨਤਕ ਰੂਪ ਵਿੱਚ ਰਾਜਧਾਨੀ ਅੰਦਰ ਵੜ੍ਹਨ ਦੀ ਆਗਿਆ ਦੇ ਦਿੱਤੀ ਹੈ, ਹਕੀਕੀ ਪੱਧਰ 'ਤੇ ਕੇਂਦਰ ਸਰਕਾਰ ਨੇ ਰਾਹ ਮੋਕਲਾ ਕਰਨ ਦੀ ਮਾਸਾ ਵੀ ਕੋਸ਼ਿਸ਼ ਨਹੀਂ ਕੀਤੀ। ਬਾਵਜੂਦ ਇਹਦੇ 'ਆਗਿਆ' ਦੇ ਨਾਮ 'ਤੇ ਟੋਏ, ਕੰਡਿਆਲੀ ਤਾਰ, ਬੈਰੀਕੇਡ ਸਭ ਕੁਝ ਜਿਓਂ ਦਾ ਤਿਓਂ ਰਿਹਾ। ਦੂਜੇ ਪਾਸੇ ਅੱਥਰੂ ਗੈਸ ਦੇ ਗੋਲ਼ਿਆਂ ਨੇ ਅਤੇ ਪਾਣੀ ਦੀਆਂ ਬੋਛਾਰਾਂ ਨੇ ਆਪਣੇ ਮਗਰ ਤਬਾਹੀ ਦੇ ਨਿਸ਼ਾਨਾਤ ਛੱਡ ਦਿੱਤੇ।
ਕਿਸਾਨ ਕੇਂਦਰ ਸਰਕਾਰ ਦੁਆਰਾ ਇਸ ਸਾਲ ਸਤੰਬਰ ਵਿੱਚ ਪਾਸ ਕੀਤੇ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਾਂਝੇ ਰੂਪ ਵਿੱਚ ਪ੍ਰਦਰਸ਼ਨ ਕਰਨ ਆਏ। ਉਨ੍ਹਾਂ ਧਿਆਨ ਦਵਾਉਂਦਿਆਂ ਕਿਹਾ ਕਿ ਐਗਰੀਕਲਚਰ ਪ੍ਰੋਡਿਊਸ ਮਾਰਕਿਟਿੰਗ ਕਮੇਟੀ (ਏਪੀਐੱਮਸੀ/APMCs) ਨਾਲ਼ ਸਬੰਧਤ ਇਹ ਕਾਨੂੰਨ ਉਸ ਮੰਡੀ ਪ੍ਰਣਾਲੀ ਨੂੰ ਤਬਾਹ ਕਰ ਦੇਣਗੇ ਜੋ ਮੰਡੀ ਪ੍ਰਣਾਲੀ ਉਨ੍ਹਾਂ ਲਈ ਵਾਜਬ ਕੰਮ ਕਰਦੀ ਰਹੀ ਹੈ। ਇਹ ਸਿਸਟਮ ਐੱਮਐੱਸਪੀ (ਘੱਟੋਘੱਟ ਸਮਰਥਨ ਮੁੱਲ) ਪ੍ਰਕਿਰਿਆ ਨੂੰ ਖ਼ਤਮ ਕਰ ਦਵੇਗਾ ਅਤੇ ਕੀਮਤਾ ਨੂੰ ਨਿਯੰਤਰਿਤ ਕਰਨ ਲਈ ਵੱਡੀਆਂ ਐਗਰੋ-ਚੇਨਾਂ ਅਤੇ ਕਾਰਪੋਰੇਸ਼ਨਾਂ ਨੂੰ ਆਗਿਆ ਦਵੇਗਾ। ਉਹ ਜਾਣਦੇ ਹਨ ਕਿ ਇਹ ਅਤੇ ਦੂਸਰੇ ਦੋਵੇਂ ਕਾਨੂੰਨ ਐੱਮਐੱਸਪੀ ਨੂੰ ਲਾਜ਼ਮੀ ਬਣਾਉਣ ਵਿੱਚ ਨਾ ਸਿਰਫ਼ ਅਸਫ਼ਲ ਹੀ ਹਨ, ਸਗੋਂ ਸਵਾਮੀਨਾਥਨ (ਨੈਸ਼ਨਲ ਕਮਿਸ਼ਨ ਫਾਰ ਫਾਰਮਰ) ਰਿਪੋਰਟਾਂ ਦਾ ਜ਼ਿਕਰ ਤੱਕ ਵੀ ਨਹੀਂ ਕਰਦੇ। ਕਿਸਾਨਾਂ ਨੇ ਧਿਆਨ ਦਵਾਇਆ ਕਿ ਇਨ੍ਹਾਂ ਵਿੱਚੋਂ ਦੂਸਰਾ ਕਾਨੂੰਨ, ਫਾਰਮਰ (ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਆਨ ਪ੍ਰਾਈਸ ਐਸੋਰੈਂਸ ਐਂਡ ਫਾਰਮ ਸਰਵਿਸਸ ਐਕਟ, 2020, ਇਕਰਾਰਨਾਮੇ ਨਾਲ਼ ਸੌਦੇਬਾਜੀ ਕਰਦਾ ਹੈ, ਨਿੱਜੀ ਵਪਾਰੀਆਂ ਅਤੇ ਵੱਡੀਆਂ ਕਾਰਪੋਰੇਸ਼ਨਾਂ ਦਾ ਬੇਲੋੜਾ ਸਮਰਥਨ ਕਰਦਾ ਹੈ ਅਤੇ ਲਾਜ਼ਮੀ ਵਸਤ ਐਕਟ ਦੀ ਸੋਧ ਵੀ ਕਾਰਪੋਰੇਸ਼ਨਾਂ ਨੂੰ ਹੱਲ੍ਹਾਸ਼ੇਰੀ ਦਿੰਦੀ ਹੈ, ਕਿਸਾਨਾਂ ਦੀ ਸੌਦੇਬਾਜ਼ੀ ਦੀ ਤਾਕਤ ਨੂੰ ਦਬਾਉਂਦੇ ਹੋਏ ਭੰਡਾਰਨ ਅਤੇ ਜਮ੍ਹਾਖੋਰੀ ਦਾ ਰਾਹ ਪੱਧਰਾ ਕਰਦੀ ਹੈ।
ਪ੍ਰਦਰਸ਼ਨਕਾਰੀਆਂ ਦੀ ਮੰਗ ਵਿੱਚ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕੀਤੇ ਜਾਣਾ ਸ਼ਾਮਲ ਹੈ।








