ਬਜ਼ਰੜੀਹਾ ਦੀਆਂ ਭੀੜੀਆਂ ਗਲ਼ੀਆਂ ਵਿੱਚ ਚੱਲਦੀ ਪਾਵਰਲੂਮ ਵਿੱਚੋਂ ਕੜ-ਕੜ ਦੀ ਅਵਾਜ਼ ਪੈਦਾ ਹੁੰਦੀ ਹੈ ਅਤੇ ਵਾਸੀਮ ਅਕਰਮ ਆਪਣੇ ਘਰੇ ਮਸ਼ਰੂਫ਼ ਹਨ। ਉਹ ਇੱਟ-ਸੀਮੇਂਟ ਦੇ ਬਣੇ ਇਸੇ ਦੋ ਮੰਜਲਾਂ ਮਕਾਨ ਵਿੱਚ 14 ਸਾਲਾਂ ਦੀ ਉਮਰ ਤੋਂ ਬੁਣਾਈ ਦਾ ਕੰਮ ਕਰਦੇ ਰਹੇ ਹਨ ਜੋ ਕੰਮ ਪੀੜ੍ਹੀਓ-ਪੀੜ੍ਹੀ ਉਨ੍ਹਾਂ ਤੱਕ ਪੁੱਜਿਆ ਹੈ, ਉਨ੍ਹਾਂ ਦੇ ਪੁਰਖੇ ਬਨਾਰਸੀ ਸਾੜੀ ਬੁਣਨ ਦਾ ਕੰਮ ਕਰਦੇ ਰਹੇ ਹਨ।
ਉਨ੍ਹਾਂ ਦੇ ਦਾਦਾ-ਪੜਦਾਦਾ ਹੱਥ ਖੱਡੀ 'ਤੇ ਕੰਮ ਕਰਦੇ ਸਨ, ਪਰ ਉਨ੍ਹਾਂ ਦੀ ਪੀੜ੍ਹੀ ਨੇ ਜ਼ਿਆਦਾਤਰ ਪਾਵਰਲੂਮ (ਬਿਜਲਈ ਖੱਡੀ) 'ਤੇ ਹੀ ਬੁਣਾਈ ਸਿੱਖੀ ਹੈ। 32 ਸਾਲਾ ਵਾਸੀਮ ਕਹਿੰਦੇ ਹਨ,''ਸਾਲ 2000 ਤੱਕ ਇੱਥੇ ਪਾਵਰਲੂਮ ਆ ਗਏ ਸਨ। ਮੈਂ ਕਦੇ ਸਕੂਲ ਨਹੀਂ ਗਿਆ ਅਤੇ ਕਰਘੇ 'ਤੇ ਹੱਥ ਅਜਮਾਉਣਾ ਸ਼ੁਰੂ ਕੀਤਾ।''
ਵਾਰਾਣਸੀ ਦੇ ਬਜ਼ਰੜੀਹਾ ਇਲਾਕੇ ਵਿੱਚ 1,000 ਤੋਂ ਵੱਧ ਪਰਿਵਾਰ (ਜੁਲਾਹਿਆਂ ਦੇ ਅਨੁਮਾਨ ਮੁਤਾਬਕ) ਜੁਲਾਹਾ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ ਅਤੇ ਕੰਮ ਕਰਦੇ ਹਨ। ਉਹ ਥੋਕ ਖਰੀਦਦਾਰਾਂ ਪਾਸੋਂ ਰਾਸ਼ਨ, ਕਰਜ਼ਾ ਅਤੇ ਆਰਡਰ ਹਾਸਲ ਕਰਨ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਹਰੇਕ ਨੂੰ ਕੰਮ ਮਿਲ਼ੇ।
ਪਰ ਮਾਰਚ 2020 ਵਿੱਚ ਲਾਗੂ ਹੋਈ ਤਾਲਾਬੰਦੀ ਕਾਰਨ ਕਰਘਿਆਂ ਦੀ ਕੜ-ਕੜ ਖ਼ਾਮੋਸ਼ ਹੋ ਗਈ। ਬੁਣਕਰ ਭਾਵ ਜੁਲਾਹੇ, ਖੱਡੀ ਮਾਲਕ ਅਤੇ ਬੁਣਾਈ ਦੇ ਵਪਾਰ ਨਾਲ਼ ਜੁੜੇ ਸਾਰੇ ਲੋਕਾਂ ਕੋਲ਼ ਹੁਣ ਕੋਈ ਕੰਮ ਨਾ ਰਿਹਾ। ਸਾੜੀ ਦੇ ਆਰਡਰ ਰੱਦ ਹੋ ਗਏ ਅਤੇ ਵਰਕਸ਼ਾਪ ਬੰਦ ਪੈ ਗਈਆਂ। ਵਸੀਮ ਕਹਿੰਦੇ ਹਨ,''ਮੇਰੀ ਸਾਰੀ ਬਚਤ ਤਾਲਾਬੰਦੀ ਦੇ ਸ਼ੁਰੂਆਤੀ 2-4 ਮਹੀਨਿਆਂ ਵਿੱਚ ਹੀ ਇਸਤੇਮਾਲ ਹੋ ਗਈ। ਮੈਂ (ਸੂਬਾ-ਸੰਚਾਲਤ) ਜੁਲਾਹਾ ਸੇਵਾ ਕੇਂਦਰ ਜਾ ਕੇ ਪੁੱਛਿਆ ਕਿ ਕੀ ਸਾਡੇ ਲਈ ਕੋਈ ਸਰਕਾਰੀ ਯੋਜਨਾ (ਉਸ ਸਮੇਂ ਵਾਸਤੇ) ਹੈ, ਪਰ ਜਵਾਬ ਮਿਲ਼ਿਆ... ਨਹੀਂ।''







