ਠੇਲੂ ਮਹਾਤੋ, ਸ਼ਾਇਦ ਉਨ੍ਹਾਂ ਸਾਰੇ ਅਜ਼ਾਦੀ ਘੁਲਾਟੀਆਂ ਵਿੱਚੋਂ ਸਭ ਤੋਂ ਬਿਰਧ ਅਵਸਥਾ ਵਿੱਚ ਸਨ ਜਿਨ੍ਹਾਂ ਦੇ ਜੀਵਨ ਨੂੰ ਕਿ ਮੈਂ ਆਪਣੀ ਕਿਤਾਬ ਦਿ ਲਾਸਟ ਹੀਰੋਜ਼ ਅੰਦਰ ਦਰਜ ਕਰਨ ਦਾ ਉਪਰਾਲਾ ਕੀਤਾ, ਨੇ ਵੀਰਵਾਰ ਸ਼ਾਮੀਂ ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਦੇ ਪਿੰਡ ਪਿਰੜਾ ਵਿਖੇ ਆਪਣੇ ਘਰ ਅੰਤਮ ਸਾਹ ਲਿਆ। ਉਹ ਉਨ੍ਹਾਂ ਅਜ਼ਾਦੀ ਘੁਲਾਟੀਆਂ ਵਿੱਚੋਂ ਵੀ ਜਿਊਂਦੇ ਬਚੇ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਦੀ ਜਿਊਂਦੀ-ਜਾਨੇ ਕਿਤਾਬ ਛਪ ਕੇ ਤਿਆਰ ਹੋਈ। ਇੰਨਾ ਹੀ ਨਹੀਂ ਉਹ 1942 ਵਿੱਚ ਪੁਰੂਲੀਆ ਦੇ 12 ਥਾਣਿਆਂ ਖ਼ਿਲਾਫ਼ ਕੱਢੇ ਗਏ ਇਤਿਹਾਸਕ ਰੋਸ ਮਾਰਚ ਦੀ ਯਾਦ ਤਾਜ਼ਾ ਕਰਾਉਣ ਵਾਲ਼ੇ ਵੀ ਅੰਤਮ ਅਜ਼ਾਦੀ ਘੁਲਾਟੀਏ ਸਨ- ਜਿਸ ਰੋਸ ਮਾਰਚ ਨੂੰ ਕਿ ਵਿਸਾਰ ਦਿੱਤਾ ਗਿਆ ਸੀ। ਠੇਲੂ ਕੋਈ 103 ਜਾਂ 105 ਸਾਲਾਂ ਦੇ ਸਨ।
ਉਨ੍ਹਾਂ ਦੀ ਮੌਤ ਦੇ ਨਾਲ਼ ਹੀ ਅਸੀਂ ਆਪਣੀ ਉਸ ਸੁਨਹਿਰੀ ਪੀੜ੍ਹੀ ਨੂੰ ਗੁਆਉਣ ਦੇ ਇੱਕ ਕਦਮ ਹੋਰ ਅੱਗੇ ਵੱਧ ਗਏ ਹਾਂ, ਜਿਨ੍ਹਾਂ ਨੇ ਸਾਡੀ ਅਜ਼ਾਦੀ ਲਈ ਲੜਾਈ ਲੜੀ ਤੇ ਭਾਰਤ ਨੂੰ ਇੱਕ ਸੁਤੰਤਰ ਰਾਸ਼ਟਰ ਬਣਾਉਣ ਵਿੱਚ ਇੰਨੀ ਮਦਦ ਕੀਤੀ। ਆਉਣ ਵਾਲ਼ੇ ਪੰਜ ਜਾਂ ਛੇ ਸਾਲਾਂ ਵਿੱਚ ਕੋਈ ਵੀ ਅਜਿਹਾ ਵਿਅਕਤੀ ਜਿਊਂਦਾ ਨਹੀਂ ਰਹੇਗਾ ਜਿਹਨੇ ਇਸ ਦੇਸ਼ ਦੀ ਅਜ਼ਾਦੀ ਵਿੱਚ ਆਪਣਾ ਯੋਗਦਾਨ ਪਾਇਆ ਹੋਣਾ। ਭਾਰਤ ਦੀਆਂ ਨਵੀਂਆਂ ਪੀੜ੍ਹੀਆਂ ਨੂੰ ਇਨ੍ਹਾਂ ਹੀਰਿਆਂ ਨੂੰ ਦੇਖਣ, ਉਨ੍ਹਾਂ ਨਾਲ਼ ਗੱਲ ਕਰਨ ਜਾਂ ਸੁਣਨ ਦਾ ਮੌਕਾ ਨਹੀਂ ਮਿਲ਼ਣਾ। ਉਨ੍ਹਾਂ ਨੂੰ ਕਦੇ ਵੀ ਪਤਾ ਨਹੀਂ ਚੱਲ ਪਾਵੇਗਾ ਕਿ ਉਹ ਕੌਣ ਲੋਕ ਸਨ ਜਾਂ ਉਨ੍ਹਾਂ ਨੇ ਕੀ ਹਾਸਲ ਕਰਨ ਲਈ ਇਹ ਲੜਾਈ ਲੜੀ- ਤੇ ਅਜ਼ਾਦੀ ਖ਼ਾਤਰ ਇੰਨੀ ਘਾਲਣਾ ਘਾਲ਼ੀ।
ਠੇਲੂ ਮਹਾਤੋ ਤੇ ਉਨ੍ਹਾਂ ਦੇ ਤਾਉਮਰ ਸਾਥੀ (ਕਾਮਰੇਡ) ਰਹੇ ਲੋਖੀ ਮਹਾਤੋ ਆਪਣੀਆਂ ਕਹਾਣੀਆਂ ਸੁਣਾਉਣ ਲਈ ਬੜੇ ਉਤਾਵਲ਼ੇ ਹੋਏ ਪਏ ਸਨ। ਉਹ ਚਾਹੁੰਦੇ ਸਨ ਕਿ ਦੇਸ਼ ਦੀ ਨੌਜਵਾਨ ਤੇ ਨਵੀਂ ਪੀੜ੍ਹੀ ਨੂੰ ਇਹ ਪਤਾ ਰਹੇ ਕਿ ਉਨ੍ਹਾਂ ਦੋਵਾਂ ਨੇ ਆਪਣੇ ਦੇਸ਼ ਦੀ ਅਜ਼ਾਦੀ ਵਾਸਤੇ ਸੰਘਰਸ਼ ਕੀਤਾ ਤੇ ਇਸ ਗੱਲ ਦਾ ਉਨ੍ਹਾਂ ਨੂੰ ਫ਼ਖ਼ਰ ਸੀ। ਬਾਬਾ ਠੇਲੂ ਹੁਣ ਆਪਣੀ ਕਹਾਣੀ ਨਹੀਂ ਸੁਣਾ ਸਕਣਗੇ ਤੇ ਨਾ ਹੀ ਆਉਣ ਵਾਲ਼ੇ 5-6 ਸਾਲਾਂ ਵਿੱਚ ਉਨ੍ਹਾਂ ਦੀ ਪੀੜ੍ਹੀ ਵਿੱਚੋਂ ਕੋਈ ਜਿਊਂਦਾ ਬਚੇਗਾ ਜੋ ਆਪਣੀ ਕਹਾਣੀ ਲੋਕਾਂ ਨੂੰ ਸੁਣਾ ਸਕੇਗਾ।
ਸੋਚਣ ਵਾਲ਼ੀ ਗੱਲ ਹੈ ਕਿ ਇਸ ਸਭ ਕਾਰਨ ਭਾਰਤ ਦੀ ਆਉਣ ਵਾਲ਼ੀ ਪੀੜ੍ਹੀ ਨੂੰ ਕਿੰਨਾ ਵੱਡਾ ਨੁਕਸਾਨ ਹੋਵੇਗਾ। ਅਸੀਂ ਤਾਂ ਪਹਿਲਾਂ ਤੋਂ ਹੀ ਇੰਨਾ ਵੱਡਾ ਨੁਕਸਾਨ ਝੱਲ ਰਹੇ ਹਾਂ ਕਿ ਸਾਡੀਆਂ ਮੌਜੂਦਾ ਪੀੜ੍ਹੀਆਂ ਨੂੰ ਇਨ੍ਹਾਂ ਨਾਇਕਾਂ ਬਾਰੇ ਇੰਨਾ ਘੱਟ ਪਤਾ ਹੈ ਜਾਂ ਕਹਿ ਲਵੋ ਕਿ ਠੇਲੂ ਜਿਹੇ ਵੀਰਾਂ ਦੀਆਂ ਕਹਾਣੀਆਂ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਰੱਖੇ ਜਾਣ ਦੀ ਸੰਭਾਵਨਾ ਨਾਮਾਤਰ ਹੀ ਬਾਕੀ ਹੈ। ਇਹ ਸਮਝਣਾ ਅਤਿ-ਮਹੱਤਵਪੂਰਨ ਹੈ ਕਿ ਸਾਡੇ ਵਾਸਤੇ ਅੱਜ ਦੇ ਦੌਰ ਵਾਸਤੇ ਉਨ੍ਹਾਂ ਦੀਆਂ ਕਹਾਣੀਆਂ ਕਿੰਨੀਆਂ ਅਹਿਮ ਹਨ।
ਖ਼ਾਸ ਕਰਕੇ ਇੱਕ ਅਜਿਹੇ ਦੌਰ ਵਿੱਚ ਜਦੋਂ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਨੂੰ ਜਿੰਨਾ ਲਿਖਿਆ ਨਹੀਂ ਜਾ ਰਿਹਾ, ਉਸ ਨਾਲ਼ੋਂ ਕਿਤੇ ਵੱਧ ਘੜਿਆ ਜਾ ਰਿਹਾ ਹੈ ਜੋ ਲਿਖਿਆ ਵੀ ਜਾ ਰਿਹਾ ਹੈ ਉਸ ਨਾਲ਼ ਵੀ ਛੇੜਛਾੜ ਕਰਕੇ ਨਿੱਤ-ਨਵੀਂ ਕਾਢ ਕੱਢਕੇ ਸਾਡੇ 'ਤੇ ਇੰਝ ਥੋਪਿਆ ਜਾ ਰਿਹਾ ਹੋਵੇ। ਜਿੱਥੇ ਜਨਤਕ ਵਿਚਾਰ-ਚਰਚਾ ਵਿੱਚੋਂ, ਮੀਡੀਆ ਦੇ ਅਹਿਮ ਸੈਕਸ਼ਨਾਂ ਦੀ ਸਮੱਗਰੀ ਵਿੱਚੋਂ, ਹੋਰ ਤਾਂ ਹੋਰ ਡਰਾਉਣੀ ਹੱਦ ਤੱਕ ਸਾਡੇ ਸਕੂਲਾਂ ਦੀਆਂ ਪਾਠ-ਪੁਸਤਕਾਂ ਵਿੱਚੋਂ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਨਾਲ਼ ਜੁੜੀਆਂ ਸੱਚਾਈਆਂ ਤੱਕ ਨੂੰ ਮਿਟਾਇਆ ਜਾ ਰਿਹਾ ਹੋਵੇ।






