ਸ਼ਿਵਾਨੀ ਕੁਮਾਰੀ ਦੀ ਉਮਰ ਅਜੇ ਸਿਰਫ਼ 19 ਸਾਲ ਹੈ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹਦਾ ਸਮਾਂ ਤੇਜੀ ਨਾਲ਼ ਹੱਥੋਂ ਨਿਕਲ਼ ਰਿਹਾ ਹੈ।
ਬੀਤੇ ਚਾਰ ਸਾਲਾਂ ਤੋਂ ਉਹ ਆਪਣੇ ਪਰਿਵਾਰ ਨੂੰ ਆਪਣੇ ਵਿਆਹ ਦਾ ਬੰਦੋਬਸਤ ਕਰਨ ਤੋਂ ਰੋਕਣ ਵਿੱਚ ਸਫ਼ਲ ਰਹੀ ਹਨ- ਪਰ ਉਨ੍ਹਾਂ ਨੂੰ ਜਾਪਦਾ ਹੈ ਜਿਵੇਂ ਉਹ ਇਹਨੂੰ (ਆਪਣੇ ਵਿਆਹ ਨੂੰ) ਬਹੁਤੇ ਲੰਬੇ ਸਮੇਂ ਤੱਕ ਟਾਲਣ ਵਿੱਚ ਕਾਮਯਾਬ ਨਹੀਂ ਰਹੇਗੀ। "ਮੈਂ ਨਹੀਂ ਜਾਣਦੀ ਕਿ ਮੈਂ ਉਨ੍ਹਾਂ ਨੂੰ ਕਦੋਂ ਤੱਕ ਰੋਕ ਸਕਦੀ ਹਾਂ," ਉਹ ਕਹਿੰਦੀ ਹਨ। "ਇਸ ਤਰਕੀਬ ਦਾ ਕਿਸੇ ਨਾ ਕਿਸੇ ਦਿਨ ਤਾਂ ਅੰਤ ਹੋਣਾ ਹੀ ਹੈ।"
ਬਿਹਾਰ ਦੇ ਸਮਸਤੀਪੁਰ ਜਿਲ੍ਹੇ ਦੇ ਉਨ੍ਹਾਂ ਦੇ ਪਿੰਡ ਗੰਗਸਾਰਾ ਵਿੱਚ, ਕੁੜੀਆਂ ਦਾ ਵਿਆਹ ਆਮ ਤੌਰ 'ਤੇ 10ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਜਾਂ ਉਹਦੀ 17-18 ਸਾਲ ਦੀ ਉਮਰ ਹੁੰਦਿਆਂ ਹੀ ਹੋ ਜਾਂਦਾ ਹੈ।
ਸ਼ਿਵਾਨੀ (ਇਸ ਕਹਾਣੀ ਵਿਚਲੇ ਸਾਰੇ ਨਾਮ ਬਦਲ ਦਿੱਤੇ ਗਏ ਹਨ) ਜੋ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਵਿਆਹ ਨੂੰ ਟਾਲਣ ਵਿੱਚ ਕਾਮਯਾਬ ਰਹੀ ਹਨ ਅਤੇ ਹੁਣ ਉਹ ਬੀਕਾਮ (BCom) ਡਿਗਰੀ ਕੋਰਸ ਦੇ ਦੂਸਰੇ ਸਾਲ ਵਿੱਚ ਹਨ। ਕਾਲਜ ਜਾਣਾ ਉਨ੍ਹਾਂ ਦਾ ਸ਼ੁਰੂ ਤੋਂ ਸੁਪਨਾ ਰਿਹਾ ਸੀ ਪਰ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹ ਇਕੱਲੀ ਰਹਿ ਜਾਵੇਗੀ। ''ਪਿੰਡ ਵਿੱਚ ਮੇਰੀਆਂ ਸਾਰੀਆਂ ਸਹੇਲੀਆਂ ਦੇ ਵਿਆਹ ਹੋ ਚੁੱਕੇ ਹਨ। ਜਿਨ੍ਹਾਂ ਕੁੜੀਆਂ ਦੇ ਨਾਲ਼ ਮੈਂ ਵੱਡੀ ਹੋਈ ਅਤੇ ਜਿਨ੍ਹਾਂ ਦੇ ਨਾਲ਼ ਮੈਂ ਸਕੂਲ ਜਾਂਦੀ ਸਾਂ, ਉਹ ਸਭ ਮੈਨੂੰ ਛੱਡ ਚੁੱਕੀਆਂ ਹਨ,'' ਇੱਕ ਦੁਪਹਿਰ ਆਪਣੇ ਗੁਆਂਢੀ ਘਰ ਗੱਲ ਕਰਦਿਆਂ ਉਹ ਕਹਿੰਦੀ ਹਨ, ਕਿਉਂਕਿ ਉਹ ਆਪਣੇ ਘਰੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੀ। ਇਸ ਜਗ੍ਹਾ ਵੀ, ਉਨ੍ਹਾਂ ਨੇ ਘਰ ਦੇ ਮਗਰਲੇ ਵਿਹੜੇ ਵਿੱਚ, ਜਿੱਥੇ ਪਾਲਤੂ ਬੱਕਰੀਆਂ ਅਰਾਮ ਕਰਦੀਆਂ ਹਨ, ਗੱਲ ਕਰਨ 'ਤੇ ਜ਼ੋਰ ਦਿੱਤਾ। "ਕੋਰੋਨਾ ਦੌਰਾਨ, ਕਾਲਜ ਵਿੱਚ ਮੇਰੀ ਆਖ਼ਰੀ ਸਹੇਲੀ ਦਾ ਵੀ ਵਿਆਹ ਹੋ ਗਿਆ," ਉਹ ਅੱਗੇ ਕਹਿੰਦੀ ਹਨ।
ਉਨ੍ਹਾਂ ਦੇ ਭਾਈਚਾਰੇ ਵਿੱਚ, ਕੁੜੀਆਂ ਨੂੰ ਸ਼ਾਇਦ ਹੀ ਕਦੇ ਕਾਲਜ ਜਾਣ ਦਾ ਮੌਕਾ ਮਿਲ਼ਦਾ ਹੈ, ਉਹ ਦੱਸਦੀ ਹਨ। ਸ਼ਿਵਾਨੀ ਰਵੀਦਾਸ ਭਾਈਚਾਰੇ (ਚਮਾਰ ਜਾਤੀ ਦਾ ਇੱਕ ਉਪ-ਸਮੂਹ) ਨਾਲ਼ ਸਬੰਧ ਰੱਖਦੀ ਹਨ, ਜੋ ਮਹਾਦਲਿਤ ਦੀ ਸ਼੍ਰੇਣੀ ਵਿੱਚ ਆਉਂਦਾ ਹੈ- ਇਹ ਬਿਹਾਰ ਸਰਕਾਰ ਦੁਆਰਾ 2007 ਵਿੱਚ ਪਿਛੜੀ ਜਾਤੀ ਦੇ ਵਾਂਝੇ 21 ਭਾਈਚਾਰਿਆਂ ਲਈ ਇੱਕ ਸਾਂਝਾ ਸ਼ਬਦ ਹੈ।
ਇਸ ਇਕਲਾਪੇ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਅਣਵਿਆਹੀ ਹੋਣ ਲਈ ਸਮਾਜ, ਪਰਿਵਾਰਕ ਮੈਂਬਰਾਂ ਅਤੇ ਆਂਢ-ਗੁਆਂਢ ਵੱਲੋਂ ਤਾਅਨੇ-ਮਿਹਣਿਆਂ ਦਾ ਸੰਤਾਪ ਵੀ ਝੱਲਣਾ ਪੈਂਦਾ ਹੈ। "ਮੇਰੇ ਪਿਤਾ ਕਹਿੰਦੇ ਹਨ ਕਿ ਮੈਂ ਬਹੁਤ ਪੜ੍ਹਾਈ ਕਰ ਲਈ ਹੈ। ਪਰ ਮੈਂ ਇੱਕ ਪੁਲਿਸ ਅਧਿਕਾਰੀ ਬਣਨਾ ਲੋਚਦੀ ਹਾਂ। ਉਨ੍ਹਾਂ ਦੀ ਸੋਚ ਹੈ ਕਿ ਮੈਨੂੰ ਇੰਨਾ ਅਕਾਂਖਿਆਵਾਦੀ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਹਨ ਜੇਕਰ ਮੈਂ ਪੜ੍ਹਦੀ ਹੀ ਰਹੀ ਤਾਂ ਮੇਰੇ ਨਾਲ਼ ਵਿਆਹ ਕੌਣ ਕਰੇਗਾ?" ਉਹ ਦੱਸਦੀ ਹਨ। "ਇੱਥੋਂ ਤੱਕ ਕਿ ਸਾਡੇ ਭਾਈਚਾਰੇ ਵਿੱਚ ਮੁੰਡਿਆਂ ਦਾ ਵੀ ਛੇਤੀ ਹੀ ਵਿਆਹ ਹੋ ਜਾਂਦਾ ਹੈ। ਕਦੇ-ਕਦੇ ਮੈਂ ਸੋਚਦੀ ਹਾਂ ਕਿ ਕੀ ਮੈਨੂੰ ਹਾਰ ਮੰਨ ਲੈਣੀ ਚਾਹੀਦੀ ਹੈ ਪਰ ਮੈਂ ਇੰਨਾ ਕੁਝ ਬਰਦਾਸ਼ਤ ਕਰਨ ਤੋਂ ਬਾਅਦ ਇੱਥੋਂ ਤੱਕ ਪਹੁੰਚੀ ਹਾਂ ਅਤੇ ਹੁਣ ਆਪਣੇ ਸੁਪਨੇ ਨੂੰ ਪੂਰਿਆ ਕਰਨਾ ਚਾਹੁੰਦੀ ਹਾਂ।"







