ਆਪਣੇ ਸਾਈਕਲ 'ਤੇ ਸਵਾਰ ਸਮੀਰੂਦੀਨ ਸ਼ੇਖ ਨੂੰ ਅਕਸਰ ਅਹਿਮਦਾਬਾਦ ਦੀਆਂ ਭੀੜ-ਭੜੱਕੇ ਵਾਲ਼ੀਆਂ ਪੁਰਾਣੀਆਂ ਸੜਕਾਂ 'ਤੇ ਆਉਂਦੇ-ਜਾਂਦੇ ਦੇਖਿਆ ਜਾ ਸਕਦਾ ਹੈ। ਜੁਹਾਪੁਰਾ ਦੀ ਫ਼ਤਿਹਵਾੜੀ ਵਿਖੇ ਆਪਣੇ ਘਰੋਂ ਤਾਜ਼ ਇੰਵੇਲਪਸ, ਜਿੱਥੇ ਉਹ ਕੰਮ ਕਰਦੇ ਹਨ, ਦੀ 13 ਕਿਲੋਮੀਟਰ ਦੀ ਇੱਕ ਪਾਸੇ ਦੀ ਦੂਰੀ ਤੈਅ ਕਰਨ ਵਿੱਚ ਉਨ੍ਹਾਂ ਇੱਕ ਘੰਟਾ ਲੱਗ ਜਾਂਦਾ ਹੈ। ''ਮੈਂ ਆਪਣਾ ਮੋਟਰਸਾਈਕਲ ਨਹੀਂ ਚਲਾ ਸਕਦਾ ਕਿਉਂਕਿ ਮੈਂ ਪੈਟਰੋਲ ਦਾ ਖ਼ਰਚਾ ਨਹੀਂ ਚੁੱਕ ਸਕਦਾ,'' 36 ਸਾਲਾ ਸਮੀਰੂਦੀਨ ਆਪਣਾ ਸਾਈਕਲ ਖੜ੍ਹਾ ਕਰਦਿਆਂ ਆਪਣੀ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਹਿੰਦੇ ਹਨ।
ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਤੇ ਸਮਾਪਤੀ 10 x 20 ਫੁਟੇ ਇੱਕ ਕਮਰੇ ਵਿੱਚ ਕੰਮ ਕਰਦਿਆਂ ਹੁੰਦੀ ਹੈ, ਇਹ ਕਮਰਾ ਸ਼ਾਪਿੰਗ ਕੰਪਲੈਕਸ ਦੀ ਬੇਸਮੈਂਟ ਵਿੱਚ ਹੈ। ਸ਼ਹਿਰ ਦਾ ਇਹ ਇਲਾਕਾ ਖੜਿਆ ਕਹਾਉਂਦਾ ਹੈ। ਉਨ੍ਹਾਂ ਦੇ ਨਾਲ਼ ਲਿਫ਼ਾਫ਼ਾ ਬਣਾਉਣ ਵਾਲ਼ੇ ਹੋਰ 10 ਕਾਰੀਗਰ ਵੀ ਪੂਰਾ ਦਿਨ ਇਸੇ ਕੰਮ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਵੱਲ਼ੋਂ ਇਕੱਲਿਆਂ ਇੱਕ ਦਿਨ ਵਿੱਚ ਬਣਾਏ ਸਭ ਤੋਂ ਵੱਧ ਲਿਫ਼ਾਫ਼ਿਆਂ ਦੀ ਗਿਣਤੀ 6,000 ਤੋਂ 7,000 ਹੈ।
ਸਮੀਰੂਦੀਨ ਦੱਸਦੇ ਹਨ ਕਿ ਲਿਫ਼ਾਫ਼ਾ ਬਣਾਉਣਾ ਓਨਾ ਵੀ ਸੁਖ਼ਾਲਾ ਕੰਮ ਨਹੀਂ ਹੈ ਜਿੰਨਾ ਕਿ ਜਾਪਦਾ ਹੈ। ''ਇਸ ਕੰਮ ਦੀ ਬਾਰੀਕੀ ਨੂੰ ਸਿੱਖਣ ਵਿੱਚ ਸਾਲ ਤੋਂ ਦੋ ਸਾਲ ਦਾ ਸਮਾਂ ਲੱਗ ਹੀ ਜਾਂਦਾ ਹੈ,'' ਉਹ ਕਹਿੰਦੇ ਹਨ,''ਤੁਸੀਂ ਆਪਣਾ ਮਿਹਨਤਾਨਾ ਆਪ ਤੈਅ ਕਰਨ ਵਾਲ਼ੇ ਇੱਕ ਸੁਤੰਤਰ ਕਾਰੀਗਰ ਓਦੋਂ ਤੀਕਰ ਨਹੀਂ ਬਣ ਸਕਦੇ, ਜਦੋਂ ਤੱਕ ਕਿ ਤੁਹਾਡਾ ਉਸਤਾਦ (ਕੋਈ ਬਜ਼ੁਰਗ ਤੇ ਅਨੁਭਵੀ ਕਾਰੀਗਰ) ਤੁਹਾਡੇ ਕੰਮ ਦੀ ਗੁਣਵੱਤਾ ਨੂੰ ਪ੍ਰਵਾਨ ਨਹੀਂ ਕਰ ਲੈਂਦਾ ਤੇ ਉਸ ਕੰਮ 'ਤੇ ਆਪਣੀ ਮੋਹਰ ਨਹੀਂ ਲਾ ਦਿੰਦਾ।''
ਕੰਮ ਦੀ ਗੁਣਵੱਤਾ ਹੋਰ ਕੁਝ ਨਹੀਂ ਕੰਮ ਦੀ ਤੇਜ਼ੀ, ਸਫ਼ਾਈ, ਮੁਹਾਰਤ ਤੇ ਸਹੀ ਸੰਦਾਂ ਦੇ ਇਸਤੇਮਾਲ ਦੇ ਸੰਤੁਲਨ ਨੂੰ ਬਣਾਈ ਰੱਖਣਾ ਹੈ। ਕਟਿੰਗ ਤੇ ਪੰਚਿੰਗ ਕਰਨ ਵਾਲ਼ੀਆਂ ਦੋ ਮਸ਼ੀਨਾਂ ਨੂੰ ਛੱਡ ਕੇ ਵਰਕਸ਼ਾਪ ਵਿੱਚ ਬਾਕੀ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਹਨ।
ਇਹ ਮਸ਼ੀਨਾਂ ਜ਼ਿਆਦਾਤਰ ਕਰਕੇ ਵਰਕਸ਼ਾਪ ਮਾਲਕਾਂ ਵੱਲੋਂ ਚਲਾਈਆਂ ਜਾਂਦੀਆਂ ਹਨ। ਸਭ ਤੋਂ ਪਹਿਲਾਂ ਕਾਗ਼ਜ਼ ਦੀਆਂ ਵੱਡੀਆਂ ਚਾਦਰਾਂ ਨਿਰਧਾਰਤ ਛੋਟੇ ਟੁਕੜਿਆਂ 'ਚ ਕੱਟੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਖ਼ਾਸ ਤਰੀਕੇ ਨਾਲ਼ ਬਣੇ ਠੱਪੇ (ਸਾਂਚੇ) ਦੀ ਮਦਦ ਨਾਲ਼ ਕਾਗ਼ਜ਼ ਦੇ ਉਨ੍ਹਾਂ ਟੁਕੜਿਆਂ ਨੂੰ ਅੱਡ-ਅੱਡ ਅਕਾਰਾਂ ਵਿੱਚ ਮੋੜਿਆ ਜਾਂਦਾ ਹੈ। ਕਾਰੀਗਰ ਉਨ੍ਹਾਂ ਟੁਕੜਿਆਂ ਨੂੰ ਗਿਣਦੇ ਹਨ ਤੇ ਇੱਕੋ ਹੀਲੇ ਸੌ ਕਾਗ਼ਜ਼ਾਂ ਦੇ ਟੁਕੜਿਆਂ ਨੂੰ ਮੋੜਨ, ਚਿਪਕਾਉਣ, ਸੀਲ ਕਰਨ ਤੇ ਫਿਰ ਪੈਕ ਕਰਨ ਦਾ ਕੰਮ ਕਰਦੇ ਹਨ।
ਲਿਫ਼ਾਫ਼ਾ ਬਣਾਉਣ ਦੀ ਪੂਰੀ ਪ੍ਰਕਿਰਿਆ ਹੱਥਾਂ ਦੀ ਬਾਰੀਕ ਕਾਰੀਗਰੀ ਦੀ ਮੰਗ ਕਰਦੀ ਹੈ ਲਿਫ਼ਾਫ਼ੇ ਦੇ ਹਰ ਹਿੱਸੇ ਦਾ ਅੱਡ ਨਾਮ ਹੁੰਦਾ ਹੈ ਜਿਵੇਂ ਮਾਥੂ (ਸਭ ਤੋਂ ਉਪਰਲੇ ਹਿੱਸੇ ਨੂੰ), ਪੇਂਦੀ (ਹੇਠਲੇ ਫ਼ਲੈਪ ਨੂੰ), ਢਾਪਾ (ਇੱਕ ਪਾਸੇ ਵਾਲ਼ੀ ਫ਼ਲੈਪ ਜਿੱਥੇ ਗੂੰਦ ਲਾਈ ਜਾਂਦੀ ਹੈ) ਖੋਲਾ (ਉਹ ਬੰਨਾ ਜੋ ਗੂੰਦ ਲੱਗੇ ਪਾਸੇ ਨਾਲ਼ ਜੋੜਿਆ ਜਾਂਦਾ ਹੈ)। ਬਣਾਏ ਜਾਣ ਦੀ ਹਰ ਪ੍ਰਕਿਰਿਆ ਤੇ ਹਰ ਪੜਾਅ ਦਾ ਵੀ ਅੱਡੋ-ਅੱਡ ਨਾਮ ਹੁੰਦਾ ਹੈ ਤੇ ਜਿਨ੍ਹਾਂ ਦੀ ਬਕਾਇਦਗੀ ਨਾਲ਼ ਪਾਲਣਾ ਵੀ ਹੁੰਦੀ ਹੈ। ਸੰਦਾਂ ਨੂੰ ਵੀ ਬੜੀ ਸੰਭਾਲ਼ ਤੇ ਪੂਰੀ ਸਮਝਦਾਰੀ ਨਾਲ਼ ਵਰਤਣਾ ਹੁੰਦਾ ਹੈ, ਨਹੀਂ ਤਾਂ ਥੋੜ੍ਹੀ ਜਿਹੀ ਲਾਪਰਵਾਹੀ ਗੰਭੀਰ ਸੱਟ ਦਾ ਸਬਬ ਬਣ ਜਾਂਦੀ ਹੈ।
ਜਦੋਂ ਪਾਸੇ ਵਾਲ਼ੇ ਫ਼ਲੈਪ ਮੋੜੇ ਜਾਂਦੇ ਹਨ ਤਾਂ ਕਾਰੀਗਰ ਪਹਿਲਾਂ ਆਪਣੀਆਂ ਮੁੱਠੀਆਂ ਤੇ ਫਿਰ ਪੱਥਰ ਨਾਮ ਦੇ ਸੰਦ ਦੀ ਵਰਤੋਂ ਕਰਦੇ ਹਨ, ਤਾਂਕਿ ਕਾਗ਼ਜ਼ ਦੀ ਮੋੜਾਈ ਵੇਲ਼ੇ ਕਰੀਜ਼ ਜਿਹੀ ਬਣ ਸਕੇ। ਕਦੇ ਇਹ 'ਫੋਲਡਿੰਗ ਸਟੋਨ' ਗ੍ਰਾਈਡਿੰਗ/ਪੀਸਣ ਵਾਲ਼ੇ ਸਟੋਨ ਨਾਲ਼ ਬਣਾਏ ਜਾਂਦੇ ਸਨ ਪਰ ਹੁਣ ਕਾਰੀਗਰ ਲੋਹੇ ਦੇ ਭਾਰੇ ਜਿਹੇ ਸਲੈਬ ਦੀ ਵਰਤੋਂ ਕਰਦੇ ਹਨ। ''ਜਦੋਂ ਮੈਂ ਕੰਮ ਸਿੱਖ ਰਿਹਾ ਸਾਂ ਤਦ ਪੱਥਰ ਨੇ ਮੇਰੀ ਉਂਗਲ ਪੀਹ ਦਿੱਤੀ,'' 51 ਸਾਲਾ ਅਬਦੁਲ ਮੁੱਤਲਿਬ ਅਨਸਾਰੀ ਦੱਸਦੇ ਹਨ,''ਉਂਗਲ 'ਚੋਂ ਖ਼ੂਨ ਦੀ ਧਤੀਰੀ ਨਿਕਲ਼ੀ ਤੇ ਨੇੜਲੀ ਕੰਧ ਭਰ ਗਈ। ਉਦੋਂ ਮੇਰੇ ਉਸਤਾਦ ਨੇ ਮੈਨੂੰ ਸਿੱਖਿਆ ਦਿੱਤੀ ਕਿ ਜੇ ਮੈਂ ਉਮਦਾ ਕਾਰੀਗਰ ਬਣਨਾ ਚਾਹੁੰਦਾ ਹਾਂ ਤਾਂ ਮੈਨੂੰ ਸੰਦਾਂ 'ਤੇ ਤਾਕਤ ਲਾਉਣ ਦੀ ਬਜਾਇ ਤਕਨੀਕ ਨੂੰ ਸਮਝਣਾ ਤੇ ਫਿਰ ਇਸਤੇਮਾਲ ਵਿੱਚ ਲਿਆਉਣਾ ਹੋਵੇਗਾ।''
'ਸਟੋਨ' ਦਾ ਵਜ਼ਨ ਕਰੀਬ ਇੱਕ ਕਿਲੋਗ੍ਰਾਮ ਹੁੰਦਾ ਹੈ। ਅਬਦੁੱਲ ਦੱਸਦੇ ਹਨ,''ਇੱਕ ਸਧਾਰਣ ਲਿਫ਼ਾਫ਼ਾ ਬਣਾਉਣ ਵੇਲ਼ੇ ਤੁਹਾਨੂੰ ਇਹਨੂੰ ਚਾਰ ਤੋਂ ਪੰਜ ਵਾਰੀਂ ਇਸਤੇਮਾਲ ਕਰਨਾ ਪੈਂਦਾ ਹੈ। ਕਾਗ਼ਜ਼ ਦੀ ਮੋਟਾਈ ਦੇ ਹਿਸਾਬ ਨਾਲ਼ ਤੁਹਾਨੂੰ ਤਕਨੀਕ ਬਦਲਣੀ ਪੈਂਦੀ ਹੈ। ਤੁਸਾਂ ਕਿੰਨਾ ਉੱਚਾ 'ਸਟੋਨ' ਚੁੱਕਣਾ ਹੈ, ਇਹਦੇ ਨਾਲ਼ ਕਿੰਨੀ ਜ਼ੋਰ ਦੀ ਸੱਟ ਮਾਰਨੀ ਹੈ ਤੇ ਕਿੰਨੀ ਵਾਰੀਂ ਮਾਰਨੀ ਹੈ- ਇਹ ਸਾਰਾ ਕੁਝ ਤੁਸੀਂ ਕਰਦੇ-ਕਰਦੇ ਸਿੱਖਦੇ ਜਾਂਦੇ ਹੋ, 52 ਸਾਲਾ ਅਬਦੁਲ ਗਫ਼ਾਰ ਅੰਸਾਰੀ ਕਹਿੰਦੇ ਹਨ। ''ਇਸ ਪੂਰੀ ਪ੍ਰਕਿਰਿਆ ਵਿੱਚ ਇੱਕੋ ਲਿਫ਼ਾਫ਼ਾ ਸਾਡੇ ਹੱਥਾਂ ਵਿੱਚੋਂ ਦੀ ਕੋਈ 16-17 ਵਾਰੀਂ ਲੰਘਦਾ ਹੈ। ਸੋ ਹਰ ਰੋਜ਼ ਆਪਣੀਆਂ ਉਂਗਲਾਂ ਦੇ ਚੀਰੇ ਜਾਣ ਦਾ ਖ਼ਤਰਾ ਵੱਧਦਾ ਜਾਂਦਾ ਹੈ। ਜੇ ਕਿਤੇ ਗੂੰਦ ਤੁਹਾਡੇ ਚੀਰੇ ਨੂੰ ਛੂਹ ਵੀ ਗਈ ਤਾਂ ਬੜਾ ਤੇਜ਼ ਸਾੜ ਪੈਂਦਾ ਹੈ,'' ਉਹ ਅੱਗੇ ਦੱਸਦੇ ਹਨ।
ਲਿਫ਼ਾਫ਼ਾ ਬਣਾਉਣ ਵਾਲ਼ੇ 64 ਸਾਲਾ ਮੁਸਤੰਸਿਰ ਉਜੈਨੀ ਦੱਸਦੇ ਹਨ ਕਿ ਜੇ ਕਿਤੇ ਚੀਰਾ ਪੈ ਵੀ ਜਾਵੇ ਤਾਂ ਸਾਨੂੰ ਕੋਕਮ ਦਾ ਤੇਲ ਲਾਉਣਾ ਪੈਂਦਾ ਹੈ। ਕੁਝ ਦੂਸਰੇ ਲੋਕੀਂ ਰਾਹਤ ਵਾਸਤੇ ਵੈਸਲੀਨ ਜਾਂ ਨਾਰੀਅਲ ਤੇਲ ਵੀ ਲਾ ਲੈਂਦੇ ਹਨ। ਇਸ ਕੰਮ ਦੀਆਂ ਚੁਣੌਤੀਆਂ ਲਿਫ਼ਾਫ਼ਾ ਬਣਾਉਣ ਲਈ ਵਰਤੋਂ ਵਿੱਚ ਆਉਣ ਵਾਲ਼ੇ ਕਾਗ਼ਜ਼ ਨਾਲ਼ ਜੁੜੀਆਂ ਹੋਈਆਂ ਹਨ। ''ਕਈ ਵਾਰੀਂ ਜਦੋਂ ਸਾਨੂੰ ਜ਼ਿਆਦਾ ਸਖ਼ਤ ਮਾਲ਼ (120 ਜੀਐੱਸਐੱਮ ਦਾ ਆਰਟ ਪੇਪਰ) ਮਿਲ਼ਦਾ ਹੈ ਤਾਂ ਸਾਡੇ ਹੱਥ ਅਕਸਰ ਜ਼ਖ਼ਮੀ ਹੋ ਜਾਂਦੇ ਹਨ। ਰਾਹਤ ਪਾਉਣ ਵਾਸਤੇ ਮੈਂ ਉਂਗਲਾਂ ਨੂੰ ਕੋਸੇ ਲੂਣੇ ਪਾਣੀ ਵਿੱਚ ਡੁਬੋ ਲੈਂਦਾ ਹਾਂ,''ਸੋਨਲ ਇੰਵੇਲਪਸ ਵਿੱਚ ਕੰਮ ਕਰਨ ਵਾਲ਼ੇ ਮੁਹੰਮਦ ਆਸਿਫ਼ ਕਹਿੰਦੇ ਹਨ। ਸਮੀਰੂਦੀਨ ਸ਼ੇਖ ਉਨ੍ਹਾਂ ਦੀਆਂ ਗੱਲਾਂ ਨਾਲ਼ ਸਹਿਮਤ ਹੁੰਦੇ ਹੋਏ ਕਹਿੰਦੇ ਹਨ,''ਮੌਸਮ ਠੰਡਾ ਹੋਣ ਨਾਲ਼ ਸਾਡੇ ਹੱਥਾਂ ਦੀ ਪੀੜ੍ਹ ਜਾਗ ਜਾਂਦੀ ਹੈ। ਤਦ ਮੈਂ ਵੀ ਕੋਸੇ ਪਾਣੀ ਵਿੱਚ ਹੱਥ ਡੁਬੋ ਕੇ ਰਾਹਤ ਪਾਉਂਦਾ ਹਾਂ।''
ਇਸ ਕੰਮ ਵੇਲ਼ੇ ਕਾਰੀਗਰਾਂ ਨੂੰ ਘੰਟਿਆਂ-ਬੱਧੀ ਫ਼ਰਸ਼ 'ਤੇ ਬੈਠੇ ਰਹਿਣਾ ਪੈਂਦਾ ਹੈ। ਸਮੀਰੂਦੀਨ ਕਹਿੰਦੇ ਹਨ,''ਅਸੀਂ ਕੰਮ ਕਰਨ ਵਾਸਤੇ ਸਵੇਰੇ 9:30 ਵਜੇ ਜਦੋਂ ਇੱਕ ਵਾਰੀਂ ਬੈਠ ਗਏ ਤਾਂ ਫਿਰ ਇੱਕ ਵਜੇ ਸਿਰਫ਼ ਦੁਪਿਹਰ ਦੀ ਰੋਟੀ ਖਾਣ ਹੀ ਉੱਠਦੇ ਹਾਂ। ਮੇਰਾ ਲੱਕ ਟੁੱਟਣ ਲੱਗਦਾ ਹੈ। ਕੰਮ ਮੁੱਕਣ 'ਤੇ ਜਦੋਂ ਉੱਠੀਏ ਤਾਂ ਵੀ ਪੀੜ੍ਹ ਨਹੀਂ ਜਾਂਦੀ।'' ਲੰਬੇ ਸਮੇਂ ਤੱਕ ਬੈਠੇ ਰਹਿਣ ਕਾਰਨ ਉਨ੍ਹਾਂ ਦੇ ਗਿੱਟਿਆਂ 'ਤੇ ਕਾਲਸ (ਮੋਟੀ ਚਮੜੀ ਦੀ ਪਰਤ) ਉੱਭਰ ਆਇਆ ਹੈ। ''ਹਰ ਕਿਸੇ ਨੂੰ ਇਹ ਸਮੱਸਿਆ ਆਉਂਦੀ ਹੀ ਹੈ,'' ਉਹ ਕਹਿੰਦੇ ਹਨ। ਇਹ ਗੱਲ ਉਹ ਸ਼ਾਇਦ ਇਸਲਈ ਵੀ ਕਹਿ ਰਹੇ ਹਨ ਕਿ ਹਰ ਇੱਕ ਕਾਰੀਗਰ ਨੂੰ ਫ਼ਰਸ਼ 'ਤੇ ਚੌਂਕੜੀ ਮਾਰ ਕੇ ਬੈਠਣਾ ਪੈਂਦਾ ਹੈ। ਉਹ ਅੱਗੇ ਕਹਿੰਦੇ ਹਨ,''ਜੇ ਮੈਂ ਆਪਣੇ ਪੈਰਾਂ ਦੀ ਪਰਵਾਹ ਕਰਨ ਲੱਗਾਂ ਤਾਂ ਮੇਰਾ ਲੱਕ ਟੁੱਟਣ ਲੱਗਦਾ ਹੈ।''
ਚੀਰਿਆਂ, ਅਕੜਾਅ, ਸਾੜ ਤੇ ਪੀੜ੍ਹ ਤੋਂ ਪੀੜਤ ਹੋਣ ਬਾਅਦ ਵੀ ਇਸ ਕੰਮ ਤੋਂ ਹੋਣ ਵਾਲ਼ੀ ਆਮਦਨੀ ਨਿਗੂਣੀ ਹੈ। ਕਰੀਬ 33 ਸਾਲ ਦੇ ਮੋਹਸਿਨ ਖ਼ਾਨ ਪਠਾਨ ਵਾਸਤੇ ਇਹ ਚਿੰਤਾ ਦਾ ਵਿਸ਼ਾ ਹੈ। ਉਹ ਕਹਿੰਦੇ ਹਨ,''ਮੇਰਾ ਪਰਿਵਾਰ ਸਿਰਫ਼ ਮੇਰੀ ਹੀ ਕਮਾਈ 'ਤੇ ਨਿਰਭਰ ਹੈ। ਘਰ ਦਾ ਕਿਰਾਇਆ ਹੀ 6,000 ਰੁਪਏ ਹੈ। ਦਿਹਾੜੀ ਦੇ ਮੇਰੇ 50 ਰੁਪਏ ਚਾਹ ਨਾਸ਼ਤੇ 'ਤੇ ਅਤੇ ਹੋਰ 60 ਰੁਪਏ ਆਟੋ ਦੇ ਕਿਰਾਏ 'ਤੇ ਖ਼ਰਚ ਹੋ ਜਾਂਦੇ ਹਨ।'' ਉਨ੍ਹਾਂ ਦੀ ਚਾਰ ਸਾਲਾ ਬੇਟੀ ਨੂੰ ਅਜੇ ਹੁਣੇ ਜਿਹੇ ਹੀ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਦਾਖ਼ਲਾ ਮਿਲ਼ਿਆ ਹੈ। ''ਉਹਦੇ ਸਕੂਲ ਦੀ ਸਲਾਨਾ ਫ਼ੀਸ 10,000 ਰੁਪਏ ਹੈ,'' ਚਿੰਤਾ ਭਰੀ ਅਵਾਜ਼ ਵਿੱਚ ਉਹ ਕਹਿੰਦੇ ਹਨ ਤੇ ਯਕਦਮ ਲਿਫ਼ਾਫ਼ੇ ਬਣਾਉਣ ਵਿੱਚ ਲੱਗ ਜਾਂਦੇ ਹਨ।
ਸਮੀਰੂਦੀਨ ਦੇ ਛੇ ਮੈਂਬਰੀ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਤਿੰਨ ਬੱਚੇ ਤੇ ਬਜ਼ੁਰਗ ਪਿਤਾ ਹਨ। ਉਹ ਕਹਿੰਦੇ ਹਨ,''ਬੱਚੇ ਹੁਣ ਵੱਡੇ ਹੋਣ ਲੱਗੇ ਹਨ ਤੇ ਲਿਫ਼ਾਫ਼ਾ ਬਣਾਉਣ ਦੇ ਇਸ ਕੰਮ ਤੋਂ ਮੈਨੂੰ ਬਹੁਤੀ ਕਮਾਈ ਨਹੀਂ ਹੋ ਪਾਉਂਦੀ। ਮੈਂ ਜਿਵੇਂ-ਕਿਵੇਂ ਕਰਕੇ ਆਪਣਾ ਪਰਿਵਾਰ ਪਾਲ਼ ਰਿਹਾ ਹਾਂ, ਪਰ ਬਚਤ ਕੁਝ ਨਹੀਂ ਹੋ ਪਾਉਂਦੀ।'' ਉਹ ਆਮਦਨੀ ਵਧਾਉਣ ਵਾਸਤੇ ਵਿਕਲਪਿਕ ਕੰਮਾਂ ਦੀ ਤਲਾਸ਼ ਕਰ ਰਹੇ ਹਨ ਤੇ ਆਟੋ ਦੇ ਲਾਈਸੈਂਸ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਤਾਂਕਿ ਉਹ ਆਟੋ ਖਰੀਦ ਕੇ ਥੋੜ੍ਹੀ ਬਿਹਤਰ ਕਮਾਈ ਕਰ ਸਕਣ। ਉਹ ਦੱਸਦੇ ਹਨ,''ਲਿਫ਼ਾਫ਼ੇ ਦੇ ਕੰਮ ਵਿੱਚ ਆਮਦਨੀ ਤੈਅ ਨਹੀਂ ਹੈ। ਜਿਸ ਦਿਨ ਕੰਮ ਨਹੀਂ ਮਿਲ਼ਦਾ ਉਸ ਦਿਨ ਅਸੀਂ ਦੁਪਹਿਰੇ 2 ਜਾਂ 3 ਵਜੇ ਵਿਹਲੇ ਹੋ ਜਾਂਦੇ ਹਾਂ। ਅਸੀਂ ਸਾਰੇ ਕਮਿਸ਼ਨ 'ਤੇ ਕੰਮ ਕਰਨ ਵਾਲ਼ੇ ਕਾਮੇ ਹਾਂ, ਸਾਡੀ ਕੋਈ ਤੈਅ ਤਨਖ਼ਾਹ ਨਹੀਂ ਹੈ।''
ਲਿਫ਼ਾਫ਼ਾ ਕਾਰੀਗਰਾਂ ਦੀ ਇੱਕ ਯੂਨੀਅਨ 1988 ਵਿੱਚ ਸਥਾਪਤ ਕੀਤੀ ਗਈ ਸੀ। ਇਹ ਯੂਨੀਅਨ ਕਦੇ ਸਰਗਰਮ ਰਹਿੰਦੀ ਸੀ, ਕਦੇ ਸੁਸਤ ਤੇ ਅਖ਼ੀਰ ਇੱਕ ਦਿਨ ਭੰਗ ਹੋ ਗਈ। ਕਿਸੇ ਕਾਰੀਗਰ ਨੂੰ ਯੂਨੀਅਨ ਦੇ ਭੰਗ ਹੋਣ ਦੀ ਸਹੀ ਤਰੀਕ ਤਾਂ ਨਹੀਂ ਪਤਾ, ਪਰ ਦੱਸਦੇ ਹਨ ਕਿ ਕੁਝ ਸਾਲ ਬਾਅਦ ਉਨ੍ਹਾਂ ਵਿੱਚੋਂ ਕੁਝ ਕੁ ਲੋਕਾਂ ਨੇ ਸੰਗਠਨ ਨੂੰ ਮੁੜ-ਸੁਰਜੀਤ ਕੀਤਾ ਜ਼ਰੂਰ ਸੀ। ਉਦੋਂ ਸੰਗਠਨ ਦਾ ਵਰਕਸ਼ਾਪ ਮਾਲਕਾਂ ਨਾਲ਼ ਇਹ ਤੈਅ ਹੋਇਆ ਕਿ ਮਹਿੰਗਾਈ ਵਧਣ ਅਤੇ ਕੰਮ ਦੇ ਅਨੁਪਾਤ ਵਿੱਚ ਬੋਨਸ ਤੇ ਛੁੱਟੀ ਅਤੇ ਸਲਾਨਾ ਵਾਧੇ ਦੇ ਰੂਪ ਵਿੱਚ ਕਾਰੀਗਰਾਂ ਦੀ ਮਜ਼ਦੂਰੀ ਵਿੱਚ 10 ਫ਼ੀਸਦ ਦਾ ਵਾਧਾ ਕੀਤਾ ਜਾਵੇਗਾ।
ਅਹਿਮਦਾਬਾਦ ਦੇ ਇਸ ਉਦਯੋਗ ਵਿੱਚ ਪੁਰਸ਼ਾਂ ਦਾ ਮੁਕੰਮਲ ਦਬਦਬਾ ਰਹਿੰਦਾ ਹੈ- ਇੱਥੇ ਸਿਰਫ਼ ਇੱਕੋ ਹੀ ਮਹਿਲਾ ਕਾਰੀਗਰ ਹੈ ਜੋ ਲਿਫ਼ਾਫ਼ੇ ਬਣਾਉਣ ਦਾ ਕੰਮ ਕਰਦੀ ਹੈ।
ਮਿਹਨਤਾਨਾ ਹਫ਼ਤੇ ਦੇ ਹਿਸਾਬ ਨਾਲ਼ ਦਿੱਤਾ ਜਾਂਦਾ ਹੈ ਜੋ ਇੰਨੇ ਸਮੇਂ ਵਿੱਚ ਬਣਾਏ ਲਿਫ਼ਾਫ਼ਿਆਂ ਦੀ ਗਿਣਤੀ, ਉਨ੍ਹਾਂ ਦੇ ਅਕਾਰ ਤੇ ਮੋਟਾਈ ਅਨੁਸਾਰ ਤੈਅ ਹੁੰਦਾ ਹੈ। ਸਧਾਰਣ ਕਾਗ਼ਜ਼ ਨਾਲ਼ ਬਣਾਏ ਗਏ 1,000 ਲਿਫ਼ਾਫ਼ਿਆਂ ਬਦਲੇ ਕਾਰੀਗਰਾਂ ਨੂੰ ਕਰੀਬ 350 ਰੁਪਏ ਮਿਲ਼ਦੇ ਹਨ, ਜਦੋਂਕਿ ਆਰਟ ਪੇਪਰ ਨਾਲ਼ ਬਣਾਏ ਗਏ ਲਿਫ਼ਾਫ਼ਿਆਂ ਦੀ ਮਜ਼ਦੂਰੀ 489 ਰੁਪਏ ਹੁੰਦੀ ਹੈ। ਇੱਕ ਕਾਰੀਗਰ ਦਿਹਾੜੀ ਦੇ 2,000 ਤੋਂ ਲੈ ਕੇ 6,000 ਲਿਫ਼ਾਫ਼ੇ ਬਣਾ ਲੈਂਦਾ ਹੈ। ਇਹ ਗਿਣਤੀ ਲਿਫ਼ਾਫ਼ਿਆਂ ਦੀਆਂ ਕਿਸਮਾਂ, ਬਣਾਉਣ ਦੀ ਰਫ਼ਤਾਰ ਤੇ ਅੱਡ-ਅੱਡ ਸੀਜ਼ਨਾਂ ਵਿੱਚ ਹੋਣ ਵਾਲ਼ੀ ਮੰਗ 'ਤੇ ਨਿਰਭਰ ਹੁੰਦੀ ਹੈ।
ਦਫ਼ਤਰਾਂ ਵਿੱਚ ਵਰਤੀਂਦਾ 11 x 5 ਇੰਚ ਅਕਾਰ ਵਾਲ਼ਾ ਇੱਕ ਲਿਫ਼ਾਫ਼ਾ, ਜਿਹਦਾ ਵਜ਼ਨ 100 ਜੀਐੱਸਐੱਮ (ਗ੍ਰਾਮ ਪ੍ਰਤੀ ਵਰਗ ਮੀਟਰ) ਹੁੰਦਾ ਹੈ, ਪੰਜ ਰੁਪਏ ਵਿੱਚ ਵਿਕਦਾ ਹੈ।
ਕਾਰੀਗਰਾਂ ਨੂੰ 100 ਜੀਐੱਸਐੱਮ ਗੁਣਵੱਤਾ ਵਾਲ਼ੇ 1,000 ਲਿਫ਼ਾਫ਼ਿਆਂ ਬਦਲੇ 100 ਰੁਪਏ ਦਿਹਾੜੀ ਮਿਲ਼ਦਾ ਹੈ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਕਾਰੀਗਰਾਂ ਨੂੰ ਲਿਫ਼ਾਫ਼ੇ ਦੀ ਬਜ਼ਾਰ ਕੀਮਤ ਦੇ ਪੰਜਾਹਵੇਂ ਹਿੱਸੇ ਬਰਾਬਰ ਮਜ਼ਦੂਰੀ ਮਿਲ਼ਦੀ ਹੈ।
100 ਰੁਪਏ ਕਮਾਉਣ ਵਾਸਤੇ ਇੱਕ ਕਾਰੀਗਰ ਨੂੰ ਦੋ ਘੰਟੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ।
ਲੇਖਕ ਹੋਜ਼ੇਫਾ ਉਜੈਨੀ ਨੂੰ ਸਟੋਰੀ ਰਿਪੋਰਟ ਕਰਨ ਲਈ ਦਿੱਤੇ ਸਹਿਯੋਗ ਲਈ ਸ਼ੁਕਰੀਆ ਅਦਾ ਕਰਦੇ ਹਨ।
ਤਰਜਮਾ: ਕਮਲਜੀਤ ਕੌਰ