''ਸਟਾਪੂ (ਕਿਟਕਿਟ), ਲੱਟੂ (ਲਾਟੂ) ਅਤੇ ਤਾਸ਼ ਖੇਲਾ,'' ਇੱਕੋ-ਸਾਹੇ ਅਹਿਮਦ ਕਹਿੰਦਾ ਹੈ ਤੇ ਫਿਰ ਇੱਕਦਮ ਆਪਣੇ ਕਹੇ ਨੂੰ ਯਕਦਮ ਦੁਰੱਸਤ ਕਰਦਾ ਹੋਇਆ,'' ਮੈਂ ਨਹੀਂ ਖੇਡਦਾ, ਅੱਲਾਰਾਖਾ ਖੇਡਦਾ ਏ ਸਟਾਪੂ।''
ਉਮਰ ਦੇ ਇਸ ਇੱਕ ਸਾਲ ਦੇ ਫ਼ਰਕ ਵਿੱਚ ਖ਼ੁਦ ਨੂੰ ਵੱਡਾ ਸਾਬਤ ਕਰਨ ਤੇ ਆਪਣੀ ਖੇਡ ਯੋਗਤਾਵਾਂ ਨੂੰ ਉਚਿਆਉਣਣ ਦੀ ਮੰਸ਼ਾ ਨਾਲ਼ ਅਹਿਮਦ ਕਹਿੰਦਾ ਹੈ,''ਮੈਨੂੰ ਆਹ ਕੁੜੀਆਂ ਵਾਲ਼ੀਆਂ ਖੇਡਾਂ ਨੀ ਚੰਗੀਆਂ ਲੱਗਦੀਆਂ। ਮੈਂ ਤਾਂ ਸਕੂਲੇ ਬੈਟ-ਬਾਲ਼ (ਕ੍ਰਿਕੇਟ) ਖੇਡਦਾ ਹਾਂ। ਹੁਣ ਸਕੂਲ ਬੰਦ ਨੇ, ਪਰ ਅਸੀਂ ਕੰਧ ਟੱਪ ਕੇ ਗਰਾਊਂਡ ਵੜ੍ਹ ਜਾਈਦਾ!''
ਦੋਵੇਂ ਚਚੇਰਾ ਭਰਾ ਆਸ਼ਰਮਪਾੜਾ ਇਲਾਕੇ ਵਿਖੇ ਸਥਿਤ ਬਾਣੀਪੀਠ ਪ੍ਰਾਇਮਰੀ ਸਕੂਲੇ ਪੜ੍ਹਦੇ ਹਨ। ਅੱਲਾਰਾਖਾ ਤੀਜੀ ਵਿੱਚ ਅਤੇ ਅਹਿਮਦ ਚੌਥੀ ਵਿੱਚ ਪੜ੍ਹਦਾ ਹੈ।
ਸਾਲ 2021 ਦੇ ਸ਼ੁਰੂਆਤੀ ਦਸੰਬਰ ਦੀ ਗੱਲ ਹੈ। ਅਸੀਂ ਪੱਛਮੀ ਬੰਗਾਲ ਦੇ ਬੇਲਡੰਗਾ-I ਬਲਾਕ ਦੀਆਂ ਉਨ੍ਹਾਂ ਔਰਤਾਂ ਨੂੰ ਮਿਲ਼ਣ ਆਏ ਹਾਂ ਜੋ ਰੋਜ਼ੀਰੋਟੀ ਕਮਾਉਣ ਖ਼ਾਤਰ ਬੀੜ੍ਹੀਆਂ ਵਲ੍ਹੇਟਣ ਦਾ ਕੰਮ ਕਰਦੀਆਂ ਹਨ।
ਅਸੀਂ ਕੱਲੇ-ਕਾਰੇ ਉੱਗੇ ਅੰਬ ਦੇ ਰੁੱਖ ਕੋਲ਼ ਖੜ੍ਹੇ ਹੋ ਜਾਂਦੇ ਹਾਂ। ਇਹ ਰੁੱਖ ਉਸ ਭੀੜੀ ਸੜਕ ਕੰਢੇ ਉੱਗਿਆ ਹੋਇਆ ਹੈ ਜੋ ਕਬਰਿਸਤਾਨ ਵਿੱਚੋਂ ਦੀ ਹੋ ਕੇ ਲੰਘਦੀ ਹੈ; ਸਾਡੇ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਖੇਤਾਂ ਵਿੱਚ ਪੀਲ਼ੀ ਸਰ੍ਹੋਂ ਦੇ ਬੂਟੇ ਝੂਮ ਰਹੇ ਹਨ। ਚੁਫ਼ੇਰੇ ਇੱਕ ਖ਼ਾਮੋਸ਼ੀ ਅਤੇ ਸ਼ਾਂਤੀ ਪਸਰੀ ਹੋਈ ਹੈ ਜਿਸ ਵਿੱਚ ਮ੍ਰਿਤਕ ਆਤਮਾਵਾਂ ਆਪਣੀ ਸਦੀਵੀਂ ਨੀਂਦੇ ਸੁੱਤੀਆਂ ਪਈਆਂ ਹਨ ਤੇ ਇਓਂ ਜਾਪਦਾ ਹੈ ਜਿਵੇਂ ਇਹ ਕੱਲਾ-ਕਾਰਾ ਰੁੱਖ ਉਨ੍ਹਾਂ ਦੇ ਪਹਿਰੇ ਖੜ੍ਹਾ ਹੋਵੇ। ਰੁੱਖ ਵੱਲ ਦੇਖਿਆਂ ਪ੍ਰਤੀਤ ਹੁੰਦਾ ਹੈ ਜਿਵੇਂ ਨਵੇਂ ਫਲ ਆਉਣ ਤੀਕਰ ਪੰਛੀਆਂ ਨੇ ਵੀ ਇਸ ਰੁੱਖ ਤੋਂ ਵਿਦਾ ਲੈ ਲਈ ਹੈ।
ਇੱਕਦਮ ਪੈਰਾਂ ਦੀ ਅਵਾਜ਼ ਮੁਰਦਾ ਸ਼ਾਂਤੀ ਟੁੱਟਣ ਲੱਗਦੀ ਹੈ, ਭੱਜੇ ਆਉਂਦੇ ਬੱਚਿਆਂ ਦੇ ਖੜ੍ਹਾਕ ਨਾਲ਼ ਚੁਫ਼ੇਰਾ ਜਿਓਂ ਉੱਠਦਾ ਹੈ। ਅਹਿਮਦ ਤੇ ਅੱਲਾਰਾਖਾ ਸਾਡੇ ਸਾਹਮਣੇ ਪ੍ਰਗਟ ਹੁੰਦੇ ਹਨ। ਟਪੂਸੀਆਂ ਮਾਰਦੇ, ਕੁੱਦਦੇ, ਚਾਂਗਰਾ ਮਾਰਦੇ ਬੱਚੇ ਸਾਡੇ ਸਾਹਮਣਿਓਂ ਨਿਕਲ਼ ਜਾਂਦੇ ਹਨ ਤੇ ਸਾਡੇ ਵੱਲ ਉਨ੍ਹਾਂ ਦਾ ਧਿਆਨ ਹੀ ਨਹੀਂ ਜਾਂਦਾ।
ਰੁੱਖ ਕੋਲ਼ ਪਹੁੰਚਦਿਆਂ ਹੀ ਦੋਵੇਂ ਮੁੰਡੇ ਉਹਦੇ ਤਣੇ ਦੇ ਨਾਲ਼ ਲੱਗ ਕੇ ਖੜ੍ਹੇ ਹੋ ਜਾਂਦੇ ਹਨ ਤੇ ਆਪੋ-ਆਪਣੇ ਕੱਦ ਮਿਣਨ ਲੱਗਦੇ ਹਨ। ਤਣੇ ਦੇ ਸੱਕ 'ਤੇ ਲੱਗੇ ਨਿਸ਼ਾਨਾਂ ਦੇ ਢੇਰ ਨੂੰ ਦੇਖ ਕੇ ਸਪੱਸ਼ਟ ਹੁੰਦਾ ਹੈ ਇਹ ਉਨ੍ਹਾਂ ਦਾ ਰੋਜ਼ ਦਿਹਾੜੇ ਦਾ ਸ਼ੁਗਲ ਹੈ।
ਮੈਂ ਚਚੇਰੇ ਭਰਾਵਾਂ ਨੂੰ ਪੁੱਛਦੀ ਹਾਂ,''ਕੱਲ੍ਹ ਨਾਲ਼ੋਂ ਕੁਝ ਵਧਿਆ (ਕੱਦ)?'' ਆਪਣੀ ਬੋੜੀ ਮੁਸਕਾਨ ਬਿਖੇਰਦਿਆਂ ਅੱਲਾਰਾਖਾ ਚਹਿਕਦਾ ਹੋਇਆ ਕਹਿੰਦਾ ਹੈ,''ਫੇਰ ਕੀ ਹੋਇਆ? ਅਸੀਂ ਤਾਂ ਪਹਿਲਾਂ ਹੀ ਬੜੇ ਤਾਕਤਵਰ ਹਾਂ!'' ਖ਼ੁਦ ਨੂੰ ਤਾਕਤਵਰ ਸਾਬਤ ਕਰਨ ਲਈ ਉਹ ਆਪਣੇ ਟੁੱਟੇ ਦੰਦ ਵੱਲ ਇਸ਼ਾਰਾ ਕਰਦਿਆਂ ਕਹਿੰਦਾ ਹੈ,''ਦੇਖੋ! ਚੂਹਾ ਮੇਰਾ ਦੰਦ ਲੈ ਗਿਆ। ਹੁਣ ਅਹਿਮਦ ਵਾਂਗਰ ਮੇਰਾ ਵੀ ਮਜ਼ਬੂਤ ਦੰਦ ਉਗੇਗੇ।''
ਇੱਕ ਸਾਲ ਵੱਡੇ ਅਹਿਮਦ ਦੇ ਪੂਰੇ ਦੰਦ ਉੱਗ ਆਏ ਹਨ ਤੇ ਉਹ ਕਹਿੰਦਾ ਹੈ,''ਮੇਰੇ ਸਾਰੇ ਦੁਧੇਰ ਦਾਂਤ (ਦੁੱਧ ਦੇ ਦੰਦ) ਟੁੱਟ ਗਏ ਹਨ। ਹੁਣ ਮੈਂ ਵੱਡਾ ਹੋ ਗਿਆਂ ਹਾਂ। ਅਗਲੇ ਸਾਲ ਮੈਂ ਵੱਡੇ ਸਕੂਲ ਜਾਵਾਂਗਾ।''
ਆਪਣੀ ਤਾਕਤ ਨੂੰ ਹੋਰ ਸਾਬਤ ਕਰਨ ਲਈ ਉਹ ਗਿਲਹਿਰੀ ਵਾਂਗਰ ਟਪੂਸੀ ਮਾਰ ਕੇ ਰੁੱਖ 'ਤੇ ਜਾ ਚੜ੍ਹੇ। ਦੋਵੇਂ ਮੁੰਡੇ ਰੁੱਖ ਦੀਆਂ ਵਿਚਕਾਰਲੀਆਂ ਟਹਿਣੀਆਂ 'ਤੇ ਪਹੁੰਚੇ ਅਤੇ ਬਹਿ ਗਏ, ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਲੱਤਾਂ ਹੇਠਾਂ ਝੂਮਣ ਲੱਗੀਆਂ।
''ਇਹ ਸਾਡੀ ਮਨਭਾਉਂਦੀ ਖੇਡ ਆ,'' ਚਹਿਕਦਿਆਂ ਅਹਿਮਦ ਕਹਿੰਦਾ ਹੈ। ''ਜਦੋਂ ਅਸੀਂ ਸਕੂਲ ਜਾਂਦੇ ਹੋਈਏ ਤਾਂ ਘਰ ਆ ਕੇ ਇਹੀ ਕੁਝ ਕਰਦੇ ਰਹੀਦਾ,'' ਅੱਲਾਰਾਖਾ ਜੋੜਦਿਆਂ ਕਹਿੰਦਾ ਹੈ। ਮੁੰਡੇ ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਹਨ ਤੇ ਮੁੜ ਕੇ ਸਕੂਲ ਨਹੀਂ ਗਏ। 25 ਮਾਰਚ 2020 ਤੋਂ ਬਾਅਦ ਤੋਂ ਹੀ ਕੋਵਿਡ-19 ਮਹਾਂਮਾਰੀ ਕਾਰਨ ਸਿੱਖਿਆ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਭਾਵੇਂ ਕਿ ਦਸੰਬਰ 2021 ਨੂੰ ਸਕੂਲ ਖੁੱਲ੍ਹ ਗਏ ਹਨ ਪਰ ਅਜੇ ਵੀ ਸਿਰਫ਼ ਵੱਡੀਆਂ ਕਲਾਸਾਂ ਦੇ ਬੱਚੇ ਹੀ ਸਕੂਲ ਜਾ ਰਹੇ ਸਨ।
''ਮੈਨੂੰ ਆਪਣੇ ਦੋਸਤਾਂ ਦੀ ਯਾਦ ਆਉਂਦੀ ਹੈ,'' ਅਹਿਮਦ ਕਹਿੰਦਾ ਹੈ। ''ਗਰਮੀ ਵੇਲ਼ੇ ਅਸੀਂ ਰੁੱਖ 'ਤੇ ਚੜ੍ਹਦੇ ਤੇ ਅੰਬੀਆਂ ਚੋਰੀ ਕਰਿਆ ਕਰਦੇ।'' ਮੁੰਡਿਆਂ ਨੂੰ ਸਕੂਲ ਦੇ ਖਾਣੇ ਵਿੱਚ ਮਿਲ਼ਣ ਵਾਲ਼ੀ ਸੋਇਆਬੀਨ ਅਤੇ ਆਂਡਿਆਂ ਦੀ ਵੀ ਬੜੀ ਯਾਦ ਆਉਂਦੀ ਹੈ। ਹੁਣ ਉਨ੍ਹਾਂ ਦੀਆਂ ਮਾਵਾਂ ਮਹੀਨੇ ਵਿੱਚ ਇੱਕ ਵਾਰੀ ਸਕੂਲ ਜਾਂਦੀਆਂ ਹਨ ਤੇ ਬੱਚਿਆਂ ਨੂੰ ਮਿਲ਼ਣ ਵਾਲ਼ੀ ਮਿਡ-ਡੇਅ-ਮੀਲ ਕਿੱਟ ਲੈ ਆਉਂਦੀਆਂ ਹਨ। ਕਿੱਟ ਅੰਦਰ ਚੌਲ਼, ਮਸਰ ਦੀ ਦਾਲ਼, ਆਲੂ ਤੇ ਸਾਬਣ ਹੁੰਦਾ ਹੈ।
''ਅਸੀਂ ਘਰੇ ਹੀ ਪੜ੍ਹਦੇ ਹਾਂ ਤੇ ਸਾਡੀਆਂ ਮਾਵਾਂ ਸਾਨੂੰ ਪੜ੍ਹਾਉਂਦੀਆਂ ਹਨ। ਮੈਂ ਦਿਨ ਵਿੱਚ ਦੋ ਵਾਰੀਂ ਪਾਠ ਯਾਦ ਕਰਦਾ ਤੇ ਲਿਖਦਾ ਹਾਂ,'' ਅਹਿਮਦ ਕਹਿੰਦਾ ਹੈ।
''ਪਰ ਤੇਰੀ ਮਾਂ ਨੇ ਮੈਨੂੰ ਕਿਹਾ ਬਈ ਤੂੰ ਬੜਾ ਹੀ ਸ਼ਰਾਰਤੀ ਹੈਂ ਤੇ ਉਹਦੀ ਗੱਲ ਨਹੀਂ ਸੁਣਦਾ,'' ਮੈਂ ਸਵਾਲ ਪੁੱਛ ਬੈਠੀ।
''ਅਸੀਂ ਕਿੰਨੇ ਛੋਟੇ ਹਾਂ ਤੁਸੀਂ ਆਪੇ ਹੀ ਦੇਖ ਲਓ... ਅੰਮੀ (ਮਾਂ) ਸਮਝਦੀ ਹੀ ਨਹੀਂ,'' ਅੱਲਾਰਾਖਾ ਝੱਟ ਦੇਣੀ ਕਹਿੰਦਾ ਹੈ। ਉਨ੍ਹਾਂ ਦੀਆਂ ਮਾਵਾਂ ਆਪਣੇ ਪਰਿਵਾਰ ਪਾਲਣ ਵਾਸਤੇ ਤੜਕੇ ਉੱਠ ਕੇ ਅੱਧੀ ਰਾਤ ਤੱਕ ਘਰ ਦੇ ਕੰਮਾਂ ਤੇ ਬੀੜ੍ਹੀਆਂ ਵਲ੍ਹੇਟਣ ਦੇ ਕੰਮੇ ਰੁੱਝੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਪਿਤਾ ਪ੍ਰਵਾਸ ਦੂਜੇ ਰਾਜਾਂ ਵਿੱਚ ਗਏ ਹੋਏ ਹਨ ਤੇ ਉੱਥੇ ਨਿਰਮਾਣ ਕਾਰਜਾਂ ਵਿਖੇ ਮਜ਼ਦੂਰੀ ਕਰਦੇ ਹਨ। ''ਜਦੋਂ ਅੱਬਾ (ਪਿਤਾ) ਘਰ ਵਾਪਸ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਫ਼ੋਨ ਲੈ ਕੇ ਗੇਮਾਂ ਖੇਡਦੇ ਹਾਂ। ਬੱਸ ਇਸੇ ਗੱਲੋਂ ਅੰਮਾ ਗੁੱਸੇ ਹੋਈ ਰਹਿੰਦੇ ਏ,'' ਅੱਲਾਰਾਖਾ ਸਫ਼ਾਈ ਦਿੰਦਿਆਂ ਕਹਿੰਦਾ ਹੈ।
ਮੋਬਾਇਲ 'ਤੇ ਉਹ ਜਿਹੜੀਆਂ ਗੇਮਾਂ ਖੇਡਦੇ ਨੇ ਉਨ੍ਹਾਂ ਦਾ ਬੜਾ ਚੀਕ-ਚਿਹਾੜਾ ਹੁੰਦਾ ਹੈ। ''ਫ੍ਰੀ ਫਾਇਰ ਗੇਮ ਸਿਰਫ਼ ਲੜਾਈ-ਝਗੜਾ ਤੇ ਗੋਲ਼ੀਆਂ ਚਲਾਉਣ ਤੋਂ ਸਿਵਾ ਕੁਝ ਨਹੀਂ।'' ਜਦੋਂ ਉਨ੍ਹਾਂ ਦੀਆਂ ਮਾਵਾਂ ਖਿੱਝ ਜਾਂਦੀਆਂ ਨੇ ਤਾਂ ਮੁੰਡੇ ਮਾਵਾਂ ਦੇ ਗੁੱਸੇ ਤੋਂ ਬਚਦੇ ਬਚਾਉਂਦੇ ਫ਼ੋਨ ਲੈ ਕੇ ਘਰ ਦੀ ਛੱਤ 'ਤੇ ਜਾਂ ਘਰੋਂ ਬਾਹਰ ਨਿਕਲ਼ ਜਾਂਦੇ ਹਨ।
ਅਸੀਂ ਅਜੇ ਗੱਲੀਂ ਲੱਗੇ ਹੋਏ ਹਾਂ ਕਿ ਦੋਵੇਂ ਮੁੰਡੇ ਟਹਿਣੀਓਂ-ਟਹਿਣੀ ਜਾ ਕੇ ਹੋਰ ਹੋਰ ਪੱਤੇ ਤੋੜੀ ਜਾ ਰਹੇ ਹਨ। ਉਹ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਦੇ ਹਨ ਕਿ ਇੱਕ ਵੀ ਪੱਤਾ ਅਜਾਈਂ ਨਾ ਜਾਵੇ। ਛੇਤੀ ਹੀ ਸਾਨੂੰ ਉਨ੍ਹਾਂ ਦੇ ਪੱਤੇ ਤੋੜਨ ਦਾ ਕਾਰਨ ਪੱਤਾ ਲੱਗਦਾ ਹੈ ਜਦੋਂ ਅਹਿਮਦ ਸਾਨੂੰ ਦੱਸਦਾ ਹੈ: ''ਇਹ ਪੱਤੇ ਸਾਡੀਆਂ ਬੱਕਰੀਆਂ ਲਈ ਨੇ। ਸਾਡੇ ਕੋਲ਼ 10 ਬੱਕਰੀਆਂ ਨੇ। ਉਹ ਬੜੇ ਸੁਆਦ ਨਾਲ਼ ਪੱਤੇ ਖਾਂਦੀਆਂ ਨੇ। ਸਾਡੀਆਂ ਅੰਮੀਆਂ ਉਨ੍ਹਾਂ ਨੂੰ ਚਰਾਉਣ ਲਿਜਾਂਦੀਆਂ ਨੇ।''
ਦੇਖਦੇ ਹੀ ਦੇਖਦੇ ਉਹ ਰੁੱਖ ਤੋਂ ਹੇਠਾਂ ਆਉਣ ਦੀ ਤਿਆਰੀ ਕਰਦੇ ਹੋਏ ਮੋਟੇ ਤਣੇ ਨੂੰ ਹੱਥ ਪਾਈ ਭੁੰਜੇ ਟਪੂਸੀ ਮਾਰ ਜਾਂਦੇ ਹਨ। ਫਿਰ ਕਾਹਲੀ-ਕਾਹਲੀ ਪੱਤੇ ਇਕੱਠੇ ਕਰਨ ਲੱਗਦੇ ਹਨ। ''ਇੱਕ ਤਾਂ ਤੁਸੀਂ ਵੱਡੇ ਸਵਾਲ ਬੜੇ ਪੁੱਛਦੇ ਓ। ਸਾਨੂੰ ਦੇਰੀ ਹੋ ਰਹੀ ਹੈ,'' ਸਾਡੇ ਤੋਂ ਖਹਿੜਾ ਛੁਡਾਉਂਦਿਆਂ ਅਹਿਮਦ ਕਹਿੰਦਾ ਹੈ। ਫਿਰ ਦੋਵੇਂ ਮੁੰਡੇ ਟੱਪਦੇ ਤੇ ਟੂਪਸੀਆਂ ਮਾਰਦੇ, ਧੂੜ ਉਡਾਉਂਦੇ, ਚੀਕਾਂ ਮਾਰਦੇ ਸਾਡੀਆਂ ਨਜ਼ਰਾਂ ਤੋਂ ਓਹਲੇ ਹੋਣ ਲੱਗਦੇ ਹਨ।
ਤਰਜਮਾ: ਕਮਲਜੀਤ ਕੌਰ