ਆਪਣੇ ਖੇਤ ਵਿੱਚ ਪੈਰ ਧਰਦਿਆਂ ਹੀ ਨਾਮਦੇਵ ਤਰਾਲੇ ਰਤਾ ਹੌਲ਼ੀ ਹੋ ਜਾਂਦੇ ਹਨ। 48 ਸਾਲਾ ਇਹ ਕਿਸਾਨ ਖੇਤਾਂ ਵਿੱਚ ਉੱਗੀ ਮੂੰਗੀ ਦੇ ਬੂਟਿਆਂ ਨੂੰ ਨੇੜਿਓਂ ਤੱਕਣ ਲਈ ਬਹਿ ਜਾਂਦੇ ਹਨ। ਇਹ ਬੂਟੇ ਪੈਰਾਂ ਹੇਠ ਕੁਚਲੇ ਗਏ ਤੇ ਖਾਧੇ ਹੋਏ ਜਾਪ ਰਹੇ ਹਨ। ਇਹ ਫਰਵਰੀ 2022 ਦੀ ਠੰਡੀ ਪਰ ਸੁਹਾਵਣੀ ਸਵੇਰ ਹੈ ਤੇ ਸੂਰਜ ਬੜੀ ਨਿੱਘੀ ਧੁੱਪ ਸੁੱਟ ਰਿਹਾ ਹੈ।
''ਹਾ ਏਕ ਪ੍ਰਾਕਰਚਾ ਦੁਸ਼ਕਾਲਾਂਚ ਆਹੇ (ਇਹ ਨਵੀਂ ਹੀ ਕਿਸਮ ਦਾ ਸੋਕਾ ਹੈ),'' ਉਹ ਦੋ-ਟੂਕ ਗੱਲ ਕਰਦੇ ਹਨ।
ਤਰਾਲੇ ਦੀ ਸੁਰ ਵਿੱਚ ਹਿਰਖ ਤੇ ਸਹਿਮ ਦਾ ਰਲੇਂਵਾ ਪ੍ਰਤੀਤ ਹੁੰਦਾ ਹੈ। ਪੰਜ ਏਕੜ ਜ਼ਮੀਨ ਦਾ ਮਾਲਕ ਇਸ ਗੱਲੋਂ ਚਿੰਤਤ ਹੈ ਕਿ ਉਹਦੀ ਮਾਂਹ ਤੇ ਮੂੰਗੀ ਦੀ ਖੜ੍ਹੀ ਫ਼ਸਲ ਤਬਾਹ ਹੋਣ ਵਾਲ਼ੀ ਹੈ, ਜਿਹਦੀ ਵਾਢੀ ਵਿੱਚ ਬੱਸ ਤਿੰਨ ਕੁ ਮਹੀਨਿਆਂ ਦਾ ਸਮਾਂ ਬਾਕੀ ਹੈ। ਖੇਤੀ ਵਿਚਲੇ ਆਪਣੇ 25 ਸਾਲਾਂ ਤੋਂ ਵੱਧ ਦੇ ਤਜ਼ਰਬੇ ਵਿੱਚ ਉਹਨੇ ਕਈ ਕਿਸਮਾਂ ਦੇ ਸੋਕੇ ਝੱਲੇ- ਉਨ੍ਹਾਂ ਵਿੱਚੋਂ ਇੱਕ ਹੈ ਮੌਸਮੀ ਸੋਕਾ, ਜਦੋਂ ਜਾਂ ਤਾਂ ਮੀਂਹ ਪੈਂਦਾ ਹੀ ਨਹੀਂ ਜਾਂ ਬਹੁਤ ਜ਼ਿਆਦਾ ਪੈ ਜਾਂਦੇ ਹਨ; ਦੂਜਾ ਸੋਕਾ ਹੈ ਹਾਈਡ੍ਰੋਲੋਜੀਕਲ, ਜਦੋਂ ਜ਼ਮੀਨਦੋਜ਼ ਪਾਣੀ ਦਾ ਟੇਬਲ ਚਿੰਤਾਜਨਕ ਹਾਲਤ ਤੱਕ ਹੇਠਾਂ ਚਲਾ ਜਾਵੇ; ਤੀਜਾ ਹੈ ਖੇਤੀਬਾੜੀ ਨਾਲ਼ ਜੁੜਿਆ ਸੋਕਾ ਜਦੋਂ ਮਿੱਟੀ ਦੀ ਨਮੀ ਘੱਟ ਜਾਂਦੀ ਹੈ ਜਿਸ ਕਾਰਨ ਫ਼ਸਲਾਂ ਸੜ ਜਾਂਦੀਆਂ ਹਨ।
ਪਰੇਸ਼ਾਨ ਤਰਾਲੇ ਕਹਿਣਾ ਹੈ ਜਿਓਂ ਹੀ ਤੁਸੀਂ ਚੰਗੇ ਝਾੜ ਦੀ ਉਮੀਦ ਬੰਨ੍ਹਦੇ ਹੋ ਇਹ ਬਿਪਤਾ ਕਦੇ ਲੱਤਾਂ 'ਤੇ ਕਦੇ ਖੰਭ ਲਾ ਆ ਧਮਕਦੀ ਹੈ ਤੇ ਥੋੜ੍ਹਾ-ਥੋੜ੍ਹਾ ਕਰ ਪੂਰੀ ਫ਼ਸਲ ਮਧੋਲ਼ ਜਾਂਦੀ ਹੈ।
''ਸਵੇਰ ਵੇਲ਼ੇ ਜਲ-ਕੁੱਕੜੀ, ਬਾਂਦਰ, ਖ਼ਰਗੋਸ਼ ਆਉਂਦੇ ਨੇ; ਤੇ ਰਾਤੀਂ ਹਿਰਨ, ਨੀਲਗਾਈ, ਜੰਗਲੀ ਸੂਰ, ਚੀਤੇ ਹਮਲਾ ਕਰਦੇ ਹਨ,'' ਉਹ ਤਬਾਹੀ ਮਚਾਉਣ ਵਾਲ਼ੇ ਜਾਨਵਰਾਂ ਨਾਮ ਦੱਸਦਿਆਂ ਕਹਿੰਦੇ ਹਨ।
''ਆਂਹਾਲੇ ਪੇਰਤਾ ਯੇਤੇ ਸਾਹੇਬ, ਪਣ ਵਾਚਵਤਾ ਯੇਤ ਨਾਹੀ (ਅਸੀਂ ਸਿਰਫ਼ ਬਿਜਾਈ ਕਰਨਾ ਜਾਣਦੇ ਹਾਂ, ਆਪਣੀ ਫ਼ਸਲਾਂ ਨੂੰ ਬਚਾਉਣਾ ਨਹੀਂ),'' ਹਾਰੀ ਹੋਈ ਅਵਾਜ਼ ਵਿੱਚ ਉਹ ਕਹਿੰਦੇ ਹਨ। ਉਹ ਨਰਮੇ ਤੇ ਸੋਇਆਬੀਨ ਜਿਹੀਆਂ ਨਕਦੀ ਫ਼ਸਲਾਂ ਤੋਂ ਇਲਾਵਾ ਮੂੰਗੀ, ਮੱਕੀ, ਜਵਾਰ ਤੇ ਅਰਹਰ ਦੀ ਦਾਲ਼ ਦੀ ਖੇਤੀ ਕਰਦਾ ਹੈ।




















