ਲਕਸ਼ਿਮਾ ਨੂੰ ਤਰੀਕ ਤਾਂ ਨਹੀਂ ਚੇਤੇ ਪਰ ਉਨ੍ਹਾਂ ਨੂੰ ਯੱਖ਼ ਕਰ ਸੁੱਟਣ ਵਾਲ਼ੀ ਉਹ ਰਾਤ ਜ਼ਰੂਰ ਚੇਤੇ ਹੈ। ਇਹ ਉਹ ਸਮਾਂ ਸੀ ਜਦੋਂ “ਕਣਕ ਦੀ ਫ਼ਸਲ ਗਿੱਟਿਆਂ ਤੱਕ ਹੋ ਗਈ’’ ਅਤੇ ਅਚਾਨਕ ਉਨ੍ਹਾਂ ਦੇ ਪਾਣੀ ਵਾਲ਼ੀ ਥੈਲੀ ਫਟ ਗਈ ਅਤੇ ਜੰਮਣ ਪੀੜ੍ਹਾਂ ਛੁੱਟ ਪਈਆਂ। "ਇਹ ਗੱਲ ਸਾਲ 2018 ਜਾਂ 19 ਦੀ ਹੈ ਅਤੇ ਸ਼ਾਇਦ ਦਸੰਬਰ ਜਾਂ ਜਨਵਰੀ ਦਾ ਮਹੀਨਾ ਰਿਹਾ ਹੋਣਾ।"
ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਬੜਾਗਾਓਂ ਬਲਾਕ ਦੇ ਪ੍ਰਾਇਮਰੀ ਸਿਹਤ ਕੇਂਦਰ ਲਿਜਾਣ ਲਈ ਕਿਰਾਏ ’ਤੇ ਟੈਂਪੋ ਲਿਆ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਜਿਲ੍ਹੇ ਵਿਖੇ ਸਥਿਤ ਉਨ੍ਹਾਂ ਦੇ ਪਿੰਡ ਤੋਂ ਪੀਐੱਚਸੀ ਦੀ ਦੂਰੀ ਕੋਈ 6 ਕਿਲੋਮੀਟਰ ਹੈ। 30 ਸਾਲਾ ਲਕਸ਼ਿਮਾ ਚੇਤੇ ਕਰਦੀ ਹਨ,"ਜਦੋਂ ਅਸੀਂ ਪੀਐੱਚਸੀ ਪੁੱਜੇ ਤਾਂ ਪੀੜ੍ਹ ਨਾਲ਼ ਮੇਰਾ ਬੁਰਾ ਹਾਲ ਸੀ।" ਉਨ੍ਹਾਂ ਦੇ ਤਿੰਨੋਂ ਬੱਚੇ ਰੇਣੂ, ਰਾਜੂ ਅਤੇ ਰੇਸ਼ਮ ਜਿਨ੍ਹਾਂ ਦੀ ਉਮਰ 5 ਸਾਲ ਤੋਂ 11 ਸਾਲ ਵਿਚਕਾਰ ਹੈ, ਘਰੇ ਹੀ ਸਨ। "ਹਸਪਤਾਲ ਵਾਲ਼ਿਆਂ ਨੇ ਮੈਨੂੰ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ (ਸਟਾਫ਼) ਨੇ ਕਿਹਾ ਕਿ ਮੈਂ ਗਰਭਵਤੀ ਹੀ ਨਹੀਂ ਹਾਂ ਅਤੇ ਮੇਰਾ ਜੋ ਢਿੱਡ ਹੈ ਉਹਦੀ ਫੁਲਾਵਟ ਕਿਸੇ ਬੀਮਾਰੀ ਕਾਰਨ ਹੈ।"
ਲਕਸ਼ਿਮਾ ਦੀ ਸੱਸ ਹੀਰਾਮਨੀ ਨੇ ਸਟਾਫ਼ ਕਰਮੀਆਂ ਨੂੰ ਉਨ੍ਹਾਂ ਨੂੰ ਭਰਤੀ ਕਰਨ ਦੀ ਗੁਜ਼ਾਰਿਸ਼ ਕੀਤੀ ਪਰ ਪੀਐੱਚਸੀ ਸਟਾਫ਼ ਨੇ ਮਨ੍ਹਾ ਕਰ ਦਿੱਤਾ। ਅੰਤ ਵਿੱਚ, ਹੀਰਾਮਨੀ ਨੇ ਹਸਪਤਾਲ ਸਟਾਫ਼ ਨੂੰ ਕਿਹਾ ਕਿ ਬੱਚਾ ਪੈਦਾ ਕਰਾਉਣ ਵਿੱਚ ਹੁਣ ਉਹ ਖ਼ੁਦ ਆਪਣੀ ਨੂੰਹ ਦੀ ਮਦਦ ਕਰੇਗੀ। ਲਕਸ਼ਿਮਾ ਕਹਿੰਦੀ ਹਨ,"ਮੇਰੇ ਪਤੀ ਮੈਨੂੰ ਕਿਸੇ ਹੋਰ ਥਾਵੇਂ ਲਿਜਾਣ ਵਾਸਤੇ ਆਟੋ ਲੱਭ ਰਹੇ ਸਨ। ਪਰ ਉਂਝ ਮੈਂ ਕਿਤੇ ਵੀ ਜਾਣ ਦੀ ਹਾਲਤ ਵਿੱਚ ਨਹੀਂ ਰਹਿ ਗਈ ਸਾਂ। ਮੈਂ ਪੀਐੱਚਸੀ ਦੇ ਐਨ ਬਾਹਰ ਲੱਗੇ ਰੁੱਖ ਹੇਠਾਂ ਬਹਿ ਗਈ।"
ਹੀਰਾਮਨੀ ਜਿਨ੍ਹਾਂ ਦੀ ਉਮਰ 60 ਸਾਲ ਦੇ ਕਰੀਬ ਹੈ, ਲਕਸ਼ਿਮਾ ਦੇ ਕੋਲ਼ ਬਹਿ ਗਈ ਅਤੇ ਘੁੱਟ ਕੇ ਉਨ੍ਹਾਂ ਦਾ ਹੱਥ ਫੜ੍ਹ ਲਿਆ ਅਤੇ ਉਨ੍ਹਾਂ ਨੂੰ ਲੰਬੇ-ਲੰਬੇ ਸਾਹ ਲੈਣ ਲਈ ਕਹਿਣ ਲੱਗੀ। ਕਰੀਬ ਇੱਕ ਘੰਟੇ ਬਾਅਦ ਅੱਧੀ ਕੁ ਰਾਤੀਂ ਉਨ੍ਹਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਲਕਸ਼ਿਮਾ ਚੇਤੇ ਕਰਦੀ ਹਨ ਅਤੇ ਦੱਸਦੀ ਹਨ ਕਿ ਉਹ ਕਿੰਨੀ ਯੱਖ ਕਰ ਸੁੱਟਣ ਵਾਲ਼ੀ ਠੰਡੀ ਰਾਤ ਸੀ।








