ਏਲੱਪਨ ਹੈਰਾਨ ਵੀ ਹਨ ਤੇ ਤਲਖ਼ੀ ਵਿੱਚ ਵੀ।
''ਅਸੀਂ ਤਟੀ ਇਲਾਕਿਆਂ 'ਤੇ ਵੱਸਣ ਵਾਲ਼ੇ ਮਛੇਰੇ ਭਾਈਚਾਰੇ ਨਾਲ਼ ਤਾਅਲੁੱਕ ਨਹੀਂ ਰੱਖਦੇ। ਫਿਰ ਵੀ ਸਾਨੂੰ ਸੇਂਬਾਨੰਦ ਮਾਰਾਵਰ ਜਾਂ ਗੋਸਾਂਗੀ ਵਜੋਂ ਕਿਉਂ ਜਾਣਿਆ ਜਾ ਰਿਹਾ ਹੈ?''
''ਅਸੀਂ ਤਾਂ ਸ਼ੋਲਗਾ ਹੁੰਦੇ ਆਂ,'' 82 ਸਾਲਾ ਬਜ਼ੁਰਗ ਫ਼ੈਸਲਾਕੁੰਨ ਹੁੰਦਿਆਂ ਕਹਿੰਦੇ ਹਨ,''ਸਰਕਾਰ ਸਾਡੇ ਕੋਲ਼ੋਂ ਸਬੂਤ ਮੰਗਦੀ ਹੈ। ਅਸੀਂ ਇਸੇ ਸਰਜ਼ਮੀਨ 'ਤੇ ਰਹਿੰਦੇ ਆਏ ਹਾਂ। ਕੀ ਇੰਨਾ ਸਬੂਤ ਕਾਫ਼ੀ ਨਹੀਂ?'' ਆਧਾਰ ਅੰਟੇ ਆਧਾਰ। ਯੇਲਿੰਡਾ ਤਰਲੀ ਆਧਾਰ? (ਸਬੂਤ! ਸਬੂਤ! ਬੱਸ ਖਹਿੜੇ ਹੀ ਪੈ ਗਏ ਹਨ)।''
ਤਮਿਲਨਾਡੂ ਦੇ ਮਦੁਰਈ ਜ਼ਿਲ੍ਹੇ ਸੱਕੀਮੰਗਲਮ ਪਿੰਡ ਦੇ ਵਾਸੀ ਏਲੱਪਨ ਭਾਈਚਾਰੇ ਦੇ ਲੋਕ ਆਪਣੀਆਂ ਪਿੱਠਾਂ 'ਤੇ ਕੋੜੇ ਮਾਰਨ ਦਾ ਤਮਾਸ਼ਾ ਦਿਖਾਉਂਦੇ ਹਨ ਤੇ ਮੁਕਾਮੀ ਲੋਕੀਂ ਇਨ੍ਹਾਂ ਨੂੰ ਚਾਤਈ ਭਾਈਚਾਰੇ ਵਜੋਂ ਜਾਣਦੇ ਹਨ। ਪਰ ਮਰਦਮਸ਼ੁਮਾਰੀ ਵਿੱਚ ਉਨ੍ਹਾਂ ਨੂੰ ਸੇਂਬਾਨੰਦ ਮਾਰਾਵਾਰ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਹੈ ਤੇ ਅਤਿ ਪਿਛੜੇ ਵਰਗਾਂ (ਐੱਮਬੀਸੀ) ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
''ਮਰਦਮਸ਼ੁਮਾਰੀ ਕਰਨ ਵਾਲ਼ੇ ਸਾਡੇ ਕੋਲ਼ ਆਉਂਦੇ ਨੇ ਤੇ ਸਾਡੇ ਕੋਲ਼ੋਂ ਕੁਝ ਸਵਾਲ਼ਾਤ ਪੁੱਛਦੇ ਨੇ ਤੇ ਫਿਰ ਆਪਣੀ ਮਰਜ਼ੀ ਚਲਾਉਂਦੇ ਹੋਏ ਸਾਨੂੰ ਕਿਸੇ ਵੀ ਸ਼੍ਰੇਣੀ ਵਿੱਚ ਪਾ ਛੱਡਦੇ ਨੇ,'' ਬਜ਼ੁਰਗ ਨੇ ਆਪਣੀ ਗੱਲ ਪੂਰੀ ਕੀਤੀ।
ਏਲੱਪਨ ਅੰਦਾਜ਼ਨ ਉਨ੍ਹਾਂ 15 ਕਰੋੜ ਭਾਰਤੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਗ਼ਲਤ ਤਰੀਕੇ ਨਾਲ਼ ਮਾਨਤਾ ਦਿੱਤੀ ਗਈ ਹੈ ਤੇ ਗ਼ਲਤ ਤਰੀਕੇ ਨਾਲ਼ ਹੀ ਵਰਗੀਕ੍ਰਿਤ ਵੀ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕਈ ਭਾਈਚਾਰਿਆਂ ਨੂੰ ਬ੍ਰਿਟਿਸ਼ ਸ਼ਾਸਲ ਕਾਲ ਦੌਰਾਨ ਲਾਗੂ ਅਪਰਾਧਕ ਕਬੀਲੇ ਐਕਟ, 1871 ਤਹਿਤ 'ਖ਼ਾਨਦਾਨੀ ਅਪਰਾਧੀ' ਹੀ ਐਲਾਨ ਛੱਡਿਆ ਹੈ। ਇਸ ਕਨੂੰਨ ਨੂੰ ਬਾਅਦ ਵਿੱਚ 1952 ਵਿੱਚ ਰੱਦ ਕਰ ਦਿੱਤਾ ਗਿਆ ਤੇ ਇਨ੍ਹਾਂ ਭਾਈਚਾਰਿਆਂ ਨੂੰ ਡੀ-ਨੋਟੀਫ਼ਾਈਡ ਟ੍ਰਾਈਬਜ਼ (ਡੀਐੱਨਟੀ'ਜ) ਜਾਂ ਖ਼ਾਨਾਬਦੋਸ਼ ਕਬੀਲਿਆਂ (ਐੱਨਟੀ'ਜ) ਵਜੋਂ ਸੰਦਰਭਤ ਕੀਤਾ ਗਿਆ।
ਨੈਸ਼ਨਲ ਕਮਿਸ਼ਨ ਫ਼ਾਰ ਡਿਨੋਟੀਫ਼ਾਈਡ ਨੋਮਾਡਿਕ ਐਂਡ ਸੈਮੀ ਨੋਮਾਡਿਕ ਟ੍ਰਾਈਬਜ ਵੱਲ਼ੋਂ 2017 ਵਿੱਚ ਜਾਰੀ ਇੱਕ ਸਰਕਾਰੀ ਰਿਪੋਰਟ ਕਹਿੰਦੀ ਹਨ,''ਜ਼ਿਆਦਾਤਰ ਮਾਮਲਿਆਂ ਵਿੱਚ ਸਭ ਤੋਂ ਅਧੂਰੇ ਤੇ ਸਭ ਤੋਂ ਖ਼ਰਾਬ- ਉਨ੍ਹਾਂ ਦੀ ਸਮਾਜਿਕ ਹਾਲਤ ਨੂੰ ਇਸੇ ਭਾਸ਼ਾ ਵਿੱਚ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਉਹ ਸਮਾਜਿਕ ਢਾਂਚੇ ਵਿੱਚ ਸਭ ਤੋਂ ਹੇਠਲੇ ਡੰਡੇ 'ਤੇ ਹਨ ਅਤੇ ਅੱਜ ਵੀ ਉਨ੍ਹਾਂ ਤੁਅੱਸਬਾਂ ਨਾਲ਼ ਜੂਝ ਰਹੇ ਹਨ ਜੋ ਉਨ੍ਹਾਂ ਖ਼ਿਲਾਫ਼ ਬਸਤੀਵਾਦੀ ਸ਼ਾਸਨ ਦੌਰਾਨ ਘੜ੍ਹ ਦਿੱਤੇ ਗਏ ਸਨ।''

















