ਜਦੋਂ ਮੁਰਲੀਧਰ ਜਵਾਹਿਰੇ ਕੰਮ ਕਰਨ ਬਹਿੰਦੇ ਹਨ ਤਾਂ ਗ਼ਲਤੀ ਕਰਨ ਜਾਂ ਧਿਆਨ ਭਟਕਣ ਦੇਣ ਦੀ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ। ਉਨ੍ਹਾਂ ਦੇ ਹੱਥ ਖ਼ੁਦ-ਬ-ਖ਼ੁਦ ਤੋਰਨ ਦੇ ਜੋੜਾਂ ਨੂੰ ਆਪਸ ਵਿੱਚ ਰਲਾਉਂਦਿਆਂ ਫ਼ੁਰਤੀ ਨਾਲ਼ ਚੱਲਦੇ ਰਹਿੰਦੇ ਹਨ ਅਤੇ ਜੋੜਾਂ ਨੂੰ ਸੂਤੀ ਧਾਗੇ ਨਾਲ਼ ਬੰਨ੍ਹਦੇ ਜਾਂਦੇ ਹਨ। 70 ਸਾਲ ਦੇ ਇਸ ਬਜ਼ੁਰਗ ਨੂੰ ਦੇਖ ਕੇ ਇੰਨੀ ਠੋਸ ਇਕਾਗਰਤਾ ਦਾ ਅੰਦਾਜ਼ਾ ਹੀ ਨਹੀਂ ਲੱਗਦਾ ਜਿਹਨੂੰ ਉਹ ਹਰ ਰੋਜ਼ ਬਾਂਸ ਦੇ ਤਿਆਰ ਫ਼ਰੇਮਾਂ ਵਿੱਚ ਢਾਲ਼ਦੇ ਜਾਂਦੇ ਹਨ।
ਮਹਾਰਾਸ਼ਟਰ ਦੇ ਇਚਲਕਰੰਜੀ ਸ਼ਹਿਰ ਅੰਦਰ, ਉਨ੍ਹਾਂ ਦੇ ਗਾਰੇ ਅਤੇ ਇੱਟਾਂ ਨਾਲ਼ ਬਣੇ ਫਿਰੋਜੀ ਰੰਗੇ ਘਰ ਦੇ ਬਾਹਰ, ਉਨ੍ਹਾਂ ਦੇ ਕੰਮ ਦਾ ਲੋੜੀਂਦਾ ਸਮਾਨ ਖਿੰਡਿਆ ਹੋਇਆ ਹੈ ਜਿਸ ਥਾਵੇਂ ਉਹ ਕੰਮ ਕਰਦੇ ਹਨ। ਇਸ ਸਮਾਨ ਵਿੱਚ ਬਾਂਸ ਦੀਆਂ ਸੋਟੀਆਂ, ਰੰਗੀਨ ਕਾਗ਼ਜ਼, ਜਿਲੇਟਿਨ ਪੇਪਰ, ਰੱਦੀ ਅਖ਼ਬਾਰਾਂ ਅਤੇ ਹੋਰ ਵੀ ਨਿੱਕ-ਸੁੱਕ ਸ਼ਾਮਲ ਹੈ। ਇਹ, ਸਾਰਾ ਸਮਾਨ ਦੇਖਦੇ ਹੀ ਦੇਖਦੇ ਤੋਰਨ ਦੀ ਸ਼ਕਲ ਅਖ਼ਤਿਆਰ ਕਰਨ ਜਾਵੇਗਾ। ਦਰਅਸਲ ਤੋਰਨ ਘਰਾਂ ਅਤੇ ਮੰਦਰਾਂ ਦੀਆਂ ਚੌਗਾਠਾਂ ਨੂੰ ਸਜਾਉਣ ਲਈ ਇਸਤੇਮਾਲ ਹੁੰਦਾ ਮਾਲ਼ਾ-ਨੁਮਾ ਲਟਕਾਊ ਹੁੰਦਾ ਹੈ।
ਮੁਰਲੀਧਰ ਦੇ ਝੁਰੜਾਏ ਹੱਥ ਛੋਹਲੀ ਛੋਹਲੀ ਇੱਕ ਬਾਂਸ ਦੀ ਸੋਟੀ ਨੂੰ ਬਰੋ-ਬਰਾਬਰ 30 ਹਿੱਸਿਆਂ ਵਿੱਚ ਕੱਟਦੇ ਹਨ। ਫਿਰ ਉਹ ਆਪਣੇ ਮਨ ਦੇ ਅੰਦਾਜ਼ੇ 'ਤੇ ਯਕੀਨ ਕਰਦਿਆਂ ਇਨ੍ਹਾਂ ਨੂੰ ਨੌ ਬਰਾਬਰ ਭੁਜਾਵਾਂ ਵਾਲ਼ੇ ਤਿਕੋਣਾਂ ਵਿੱਚ ਬਦਲ ਦਿੰਦੇ ਹਨ। ਇਹ ਤਿਕੋਣ ਬਾਂਸ ਦੀਆਂ ਸੋਟੀਆਂ ਨਾਲ਼ ਜੁੜੇ ਹੁੰਦੇ ਹਨ ਜੋ 3 ਜਾਂ 10 ਫੁੱਟ ਲੰਬੀ ਹੁੰਦਾ ਹੈ।
ਸਮੇਂ-ਸਮੇਂ 'ਤੇ ਮੁਰਲੀਧਰ ਆਪਣੀਆਂ ਉਂਗਲਾਂ ਨੂੰ ਐਲੂਮੀਨੀਅਨ ਦੀ ਪੁਰਾਣੀ ਕੌਲ਼ੀ ਵਿੱਚ ਡੁਬੋਂਦੇ ਹਨ ਜਿਸ ਅੰਦਰ ਖਾਲ ਹੈ, ਜੋ ਇੱਕ ਤਰ੍ਹਾਂ ਦੀ ਗੂੰਦ ਹੁੰਦੀ ਹੈ ਜੋ ਇਮਲੀ ਦੇ ਬੀਜਾਂ ਨੂੰ ਪੀਹ ਕੇ ਬਣਾਈ ਜਾਂਦੀ ਹੈ। ਉਨ੍ਹਾਂ ਦੀ ਪਤਨੀ ਸ਼ੋਭਾ, ਜਿੰਨ੍ਹਾਂ ਦੀ ਉਮਰ 60 ਸਾਲ ਦੇ ਨੇੜੇ-ਤੇੜੇ ਹੈ, ਨੇ ਸਵੇਰੇ ਹੀ ਇਹ ਗੂੰਦ ਬਣਾਈ ਹੈ।
ਉਹ ਦੱਸਦੀ ਹਨ,''ਕੰਮ ਕਰਦੇ ਸਮੇਂ ਉਹ ਆਪਣੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਕੱਢਦੇ ਅਤੇ ਨਾ ਹੀ ਕੋਈ ਉਨ੍ਹਾਂ ਦੇ ਕੰਮ ਵਿੱਚ ਵਿਘਨ ਪਾ ਸਕਦਾ ਹੈ,'' ਉਹ ਦੱਸਦੀ ਹਨ।
ਮੁਰਲੀਧਰ ਖ਼ਾਮੋਸ਼ੀ ਨਾਲ਼ ਬਾਂਸ ਦੇ ਫ਼ਰੇਮ ਬਣਾਉਣਾ ਜਾਰੀ ਰੱਖਦੇ ਹਨ ਅਤੇ ਦੂਸਰੇ ਪਾਸੇ ਸ਼ੋਭਾ ਸਜਾਵਟ ਦੇ ਕੰਮਾਂ ਦੀ ਤਿਆਰੀ ਕਰਦੀ ਹਨ- ਉਹ ਰੰਗੀਨ ਜਿਲੇਟਿਨ ਪੇਪਰ ਦੇ ਗ਼ੋਲਾਕਾਰ ਟੁਕੜਿਆਂ ਨੂੰ ਇੱਕ ਲਟਕਾਊ ਵਿੱਚ ਪਰੋਂਦੀ ਜਾਂਦੀ ਹਨ। ਉਹ ਕਹਿੰਦੀ ਹਨ,''ਜਦੋਂ ਮੈਂ ਘਰ ਦੇ ਕੰਮਾਂ ਤੋਂ ਫ਼ਾਰਗ ਹੁੰਦੀ ਹਾਂ ਤਾਂ ਇਸ ਕੰਮੇ ਲੱਗ ਜਾਂਦੀ ਹਾਂ। ਪਰ ਇਸ ਕੰਮ ਵਿੱਚ ਕਾਫ਼ੀ ਨੀਝ ਲੱਗਦੀ ਹੈ ਅਤੇ ਅੱਖਾਂ 'ਤੇ ਦਬਾਅ ਪੈਂਦਾ ਹੈ।''


















