ਅਕਤੂਬਰ 2022 ਦੀ ਇੱਕ ਦੇਰ ਸ਼ਾਮ ਨੂੰ ਇੱਕ ਕਮਜ਼ੋਰ, ਬਜ਼ੁਰਗ ਔਰਤ ਬੇਲਾਰੀ ਦੇ ਵੜੂ ਪਿੰਡ ਦੇ ਕਮਿਊਨਿਟੀ ਸੈਂਟਰ ਦੇ ਥੜ੍ਹੇ 'ਤੇ ਅਰਾਮ ਕਰ ਰਹੀ ਹੁੰਦੀ ਹੈ। ਥੰਮ੍ਹ ਨਾਲ਼ ਢੋਅ ਲਾਈ ਇਸ ਬਜ਼ੁਰਗ ਔਰਤ ਦੀਆਂ ਲੱਤਾਂ ਅੱਗੇ ਵੱਲ ਨੂੰ ਫੈਲੀਆਂ ਹੋਈਆਂ ਹਨ। ਸੰਦੂਰ ਤਾਲੁਕਾ ਦੇ ਪਹਾੜੀ ਰਸਤਿਆਂ ਤੋਂ ਹੁੰਦੇ ਹੋਏ 28 ਕਿਲੋਮੀਟਰ ਕੀਤੀ ਪੈਦਲ ਯਾਤਰਾ ਨੇ ਉਹਦੀ ਸਾਹ-ਸਤ ਮੁਕਾ ਛੱਡੀ ਹੈ। ਅਜੇ ਉਹਨੇ ਅਗਲੇ ਦਿਨ 42 ਕਿਲੋਮੀਟਰ ਹੋਰ ਤੁਰਨਾ ਹੈ।
ਹਨੁਮੱਕਾ ਰੰਗੰਨਾ, ਸੰਦੂਰ ਦੇ ਸੁਸੀਲਾਨਗਰ ਪਿੰਡ ਦੀ ਇੱਕ ਖਾਨ ਮਜ਼ਦੂਰ, ਬੇਲਾਰੀ ਜ਼ਿਲ੍ਹਾ ਗਨੀ ਕਰਮੀਕਾਰਾ ਸੰਘ (ਬੇਲਾਰੀ ਜ਼ਿਲ੍ਹਾ ਖਾਨ ਮਜ਼ਦੂਰ ਸੰਘ) ਵੱਲੋਂ ਅਯੋਜਿਤ ਦੋ ਰੋਜ਼ਾ ਪੈਦਲ ਯਾਤਰਾ 'ਤੇ ਨਿਕਲ਼ੀ ਹਨ। ਉੱਤਰ ਕਰਨਾਟਕਾ ਦੇ ਬੇਲਾਰੀ (ਬਾਲਾਰੀ ਵੀ ਕਿਹਾ ਜਾਂਦਾ ਹੈ) ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਪਣੀਆਂ ਮੰਗਾਂ ਸੌਂਪਣ ਵਾਸਤੇ ਮੁਜ਼ਾਹਰਾਕਾਰੀ 70 ਕਿਲੋਮੀਟਰ ਦੀ ਪੈਦਲ ਯਾਤਰਾ ਕਰ ਰਹੇ ਹਨ। ਬੀਤੇ 10 ਸਾਲਾਂ ਦੇ ਵਕਫ਼ੇ ਦੌਰਾਨ ਇਹ 16ਵੀਂ ਵਾਰ ਹੈ ਜਦੋਂ ਉਹ ਆਪਣੇ ਸਹਿ-ਕਰਮੀ ਖਾਨ ਮਜ਼ਦੂਰਾਂ ਦੇ ਨਾਲ਼ ਸੜਕਾਂ 'ਤੇ ਉਤਰੀ ਹੈ। ਉਹ ਮੰਗ ਕਰ ਰਹੇ ਹਨ ਕਿ ਇੱਕ ਤਾਂ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ; ਦੂਜਾ ਰੋਜ਼ੀਰੋਟੀ ਵਾਸਤੇ ਕੋਈ ਬਦਲ ਵੀ ਪੇਸ਼ ਕੀਤਾ ਜਾਵੇ।
ਉਹ, ਬੇਲਾਰੀ ਦੀਆਂ ਹੱਥੀਂ ਕੰਮ ਕਰਨ ਵਾਲ਼ੀਆਂ ਉਨ੍ਹਾਂ ਸੈਂਕੜੇ ਮਹਿਲਾ ਮਜ਼ਦੂਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ 1990ਵਿਆਂ ਦੇ ਦਹਾਕੇ ਦੇ ਅੰਤ ਵਿੱਚ ਕੰਮ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ''ਮੰਨ ਲਓ ਹੁਣ ਮੇਰੀ ਉਮਰ 65 ਸਾਲ ਹੈ ਤੇ ਮੇਰਾ ਕੰਮ ਛੁੱਟਿਆਂ 15 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ,'' ਉਹ ਕਹਿੰਦੀ ਹਨ,''ਕਈ ਤਾਂ ਮੁਆਵਜ਼ੇ ਦੀ ਉਡੀਕ ਕਰਦਿਆਂ-ਕਰਦਿਆਂ ਇਸ ਜਹਾਨੋਂ ਰੁਖਸਤ ਹੋ ਗਏ... ਮੇਰੇ ਪਤੀ ਵੀ।''
''ਸਾਡੇ ਜੀਵਨ ਸ਼ਰਾਪੇ ਹੋਏ ਹਨ। ਅਸੀਂ ਨਹੀਂ ਜਾਣਦੇ ਸਾਨੂੰ ਸ਼ਰਾਪਿਆਂ ਨੂੰ ਮੁਆਵਜ਼ਾ ਮਿਲ਼ੇਗਾ ਵੀ ਜਾਂ ਸਾਨੂੰ ਵੀ ਉਡੀਕ ਕਰਦਿਆਂ ਹੀ ਇਸ ਜਹਾਨੋਂ ਜਾਣਾ ਹੋਵੇਗਾ,'' ਹਿਰਖੇ ਮਨ ਨਾਲ਼ ਉਹ ਕਹਿੰਦੀ ਹਨ,''ਅਸੀਂ ਇੱਥੇ ਮੁਜ਼ਾਹਰਾ ਕਰਨ ਆਏ ਹਾਂ। ਜਦੋਂ ਕਦੇ ਵੀ ਅਜਿਹੀ ਬੈਠਕ ਹੁੰਦੀ ਹੈ, ਮੈਂ ਸ਼ਮੂਲੀਅਤ ਕਰਦੀ ਹੀ ਹਾਂ। ਅਸੀਂ ਸੋਚਿਆ ਅਖ਼ੀਰਲੀ ਵਾਰੀ ਹੀ ਸਹੀ ਇੱਕ ਹੋਰ ਕੋਸ਼ਿਸ਼ ਤਾਂ ਜ਼ਰੂਰ ਕਰਾਂਗੇ।''
*****
ਕਰਨਾਟਕ ਦੇ ਬੇਲਾਰੀ, ਹੋਸਪੇਟ ਅਤੇ ਸੰਦੂਰ ਖੇਤਰਾਂ ਵਿੱਚ ਲੋਹੇ ਦੀ ਮਾਈਨਿੰਗ 1800 ਦੇ ਦਹਾਕੇ ਤੋਂ ਹੁੰਦੀ ਆਈ ਹੈ ਜਦੋਂ ਬ੍ਰਿਟਿਸ਼ ਸਰਕਾਰ ਛੋਟੇ ਪੈਮਾਨੇ 'ਤੇ ਖੁਦਾਈ ਕਰਦੀ ਸੀ। ਅਜ਼ਾਦੀ ਤੋਂ ਬਾਅਦ, ਭਾਰਤੀ ਸਰਕਾਰ ਅਤੇ ਮੁੱਠੀ ਕੁ ਭਰ ਨਿੱਜੀ ਖਾਨ ਮਾਲਕਾਂ ਨੇ 1953 ਵਿੱਚ ਲੋਹ ਖਣਿਜ ਦਾ ਉਤਪਾਦਨ ਸ਼ੁਰੂ ਕੀਤਾ; 42 ਮੈਂਬਰਾਂ ਵਾਲ਼ੀ ਬੇਲਾਰੀ ਜ਼ਿਲ੍ਹਾ ਖਾਨ ਮਾਲਕਾਂ ਦੀ ਐਸੋਸੀਏਸ਼ਨ ਵੀ ਇਸੇ ਸਾਲ ਸ਼ੁਰੂ ਹੁੰਦੀ ਹੈ। 40 ਸਾਲਾਂ ਬਾਅਦ, 1993 ਦੀ ਰਾਸ਼ਟਰੀ ਖਣਿਜ ਨੀਤੀ ਨੇ ਮਾਈਨਿੰਗ ਸੈਕਟਰ ਵਿੱਚ ਵੱਡੀਆਂ ਤਬਦੀਲੀਆਂ ਲਿਆਂਦੀਆਂ, ਇਨ੍ਹਾਂ ਤਬਦੀਲੀਆਂ ਤਹਿਤ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਸੱਦਾ ਦਿੱਤਾ ਗਿਆ, ਲੋਹ ਧਾਤ ਦੇ ਮਾਈਨਿੰਗ ਵਿੱਚ ਨਿਵੇਸ਼ ਕਰਨ ਲਈ ਵੱਧ ਤੋਂ ਵੱਧ ਨਿੱਜੀ ਖਿਡਾਰੀਆਂ (ਕੰਪਨੀਆਂ) ਨੂੰ ਹੱਲ੍ਹਾਸ਼ੇਰੀ ਦਿੱਤੀ ਗਈ ਅਤੇ ਉਤਪਾਦਨ ਨੀਤੀ ਨੂੰ ਉਦਾਰ ਬਣਾਇਆ ਗਿਆ। ਆਗਾਮੀ ਕੁਝ ਸਾਲਾਂ ਵਿੱਚ ਬੇਲਾਰੀ ਵਿਖੇ ਨਿੱਜੀ ਮਾਈਨਿੰਗ ਕੰਪਨੀਆਂ ਦੀ ਗਿਣਤੀ ਵਿੱਚ ਤੇਜ਼ੀ ਆਈ, ਇਸ ਸਭ ਦੇ ਨਾਲ਼ ਹੀ ਵੱਡੇ ਪੱਧਰ 'ਤੇ ਮਸ਼ੀਨੀਕਰਨ ਨੂੰ ਵੀ ਅਪਣਾਇਆ ਗਿਆ। ਜਿਵੇਂ ਹੀ ਮਸ਼ੀਨਾਂ ਨੇ ਮਜ਼ਦੂਰਾਂ ਦੀ ਥਾਂ ਲੈਣੀ ਸ਼ੁਰੂ ਕੀਤੀ; ਇੰਝ ਖਣਿਜ ਦੀ ਪੁਟਾਈ ਕਰਨ, ਕੁਟਾਈ ਕਰਨ, ਪੀਹਣ ਤੇ ਛਾਣਨ ਦੇ ਕੰਮਾਂ ਵਿੱਚ ਲੱਗੀਆਂ ਔਰਤ ਮਜ਼ਦੂਰਾਂ ਨੂੰ ਛੇਤੀ ਹੀ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ।
ਮਸ਼ੀਨਾਂ ਦੇ ਆਉਣ ਤੋਂ ਪਹਿਲਾਂ ਤੀਕਰ ਤੱਕ ਭਾਵੇਂ ਕਿ ਖਾਨਾਂ ਵਿੱਚ ਕੰਮ ਕਰਨ ਵਾਲ਼ੀਆਂ ਔਰਤ ਮਜ਼ਦੂਰਾਂ ਦਾ ਕਿਤੇ ਕੋਈ ਰਿਕਾਰਡ ਨਹੀਂ ਸੀ। ਫਿਰ ਵੀ ਪਿੰਡਾਂ ਦੇ ਲੋਕਾਂ ਦਾ ਇੰਨਾ ਕਹਿਣਾ ਹੈ ਕਿ ਹਰੇਕ ਦੋ ਪੁਰਸ਼ ਕਾਮਿਆਂ ਮਗਰ ਘੱਟੋ-ਘੱਟ ਚਾਰ ਤੋਂ ਛੇ ਮਹਿਲਾ ਮਜ਼ਦੂਰ ਕੰਮ ਕਰਦੀਆਂ ਹਨ। ਵਲੂੰਧਰੇ ਮਨ ਨਾਲ਼ ਚੇਤੇ ਕਰਦਿਆਂ ਹਨੁਮੱਕਾ ਕਹਿੰਦੀ ਹਨ,''ਮਸ਼ੀਨਾਂ ਆਈਆਂ ਤੇ ਸਾਡੇ ਹੱਥੋਂ ਕੰਮ ਖੋਹ ਲੈ ਗਈਆਂ। ਉਨ੍ਹਾਂ ਨੇ ਪੱਥਰ ਤੋੜਨ ਤੇ ਢੋਆ-ਢੁਆਈ ਜਿਹੇ ਸਾਡੇ ਹਿੱਸੇ ਆਉਣ ਵਾਲ਼ੇ ਕੰਮ ਵੀ ਕਰਨੇ ਸ਼ੁਰੂ ਕਰ ਦਿੱਤੇ।''
''ਖਾਨ ਮਾਲਕਾਂ ਨੇ ਹੁਣ ਸਾਨੂੰ ਕੰਮ 'ਤੇ ਨਾ ਆਉਣ ਲਈ ਕਿਹਾ। ਦਿ ਲਕਸ਼ਣੀ ਨਰਾਇਣ ਮਾਈਨਿੰਗ ਕੰਪਨੀ (ਐੱਲਐੱਮਸੀ) ਨੇ ਸਾਡੇ ਪੱਲੇ ਕੁਝ ਨਾ ਪਾਇਆ,'' ਉਹ ਕਹਿੰਦੀ ਹਨ,''ਅਸੀਂ ਆਪਣੇ ਹੱਢ ਗਾਲ਼ੇ ਪਰ ਸਾਨੂੰ ਕੋਈ ਪੈਸਾ ਨਾ ਦਿੱਤਾ ਗਿਆ।'' ਹਾਲਾਤ ਕੁਝ ਅਜਿਹੇ ਮੋੜ 'ਤੇ ਆਣ ਰੁੱਕੇ ਕਿ ਇੱਕ ਪਾਸੇ ਤਾਂ ਉਹਨੂੰ ਕੰਮ ਤੋਂ ਜਵਾਬ ਹੋਇਆ ਤੇ ਦੂਜੇ ਪਾਸੇ ਉਹਦੇ ਘਰ ਚੌਥਾ ਬੱਚਾ ਜੰਮ ਪਿਆ।
2003 ਵਿੱਚ, ਨਿੱਜੀ ਮਾਲ਼ਕੀ ਵਾਲ਼ੀ ਐੱਲਐੱਮਸੀ ਤੋਂ ਨੌਕਰੀ ਗੁਆਉਣ ਦੇ ਕੁਝ ਸਾਲਾਂ ਬਾਅਦ,ਰਾਜ ਸਰਕਾਰ ਨੇ 11,620 ਵਰਗ ਕਿਲੋਮੀਟਰ ਜ਼ਮੀਨ ਨੂੰ ਨਿੱਜੀ ਹੱਥਾਂ ਵਿੱਚ ਡੀ-ਰਿਜ਼ਰਵਡ (ਉਨ੍ਹਾਂ ਉਦਯੋਗਾਂ ਨੂੰ ਨਿੱਜੀ ਖੇਤਰ ਲਈ ਖੋਲ੍ਹਣਾ ਜੋ ਵਿਸ਼ੇਸ਼ ਤੌਰ 'ਤੇ ਸਰਕਾਰੀ ਖੇਤਰ ਲਈ ਰਾਖਵੇਂ ਸਨ) ਕਰ ਦਿੱਤਾ ਜੋ ਜ਼ਮੀਨ ਉਦੋਂ ਤੀਕਰ ਰਾਜ ਦੀਆਂ ਸੰਸਥਾਵਾਂ ਵੱਲੋਂ ਮਾਈਨਿੰਗ ਲਈ ਚਿੰਨ੍ਹਿਤ ਕੀਤੀ ਜਾਂਦੀ ਰਹੀ ਸੀ। ਇਹਦੇ ਨਾਲ਼ ਹੀ, ਚੀਨ ਵਿੱਚ ਕੱਚੇ ਧਾਤ ਦੀ ਮੰਗ ਵਿੱਚ ਬੇਮਿਸਾਲ ਵਾਧੇ ਦੇ ਨਾਲ਼, ਇਸ ਖੇਤਰ ਦੀਆਂ ਸਰਗਰਮੀਆਂ ਵਿੱਚ ਤੇਜ਼ੀ ਨਾਲ਼ ਵਾਧਾ ਹੋਇਆ। ਸਾਲ 2010 ਤੱਕ ਬੇਲਾਰੀ ਤੋਂ ਲੋਹੇ ਦਾ ਨਿਰਯਾਤ 2006 ਦੇ 2.15 ਕਰੋੜ ਮੀਟ੍ਰਿਕ ਟਨ ਤੋਂ 585 ਫ਼ੀਸਦੀ ਵੱਧ ਕੇ 12.57 ਕਰੋੜ ਮੀਟ੍ਰਿਕ ਟਨ ਹੋ ਗਿਆ। ਕਰਨਾਟਕ ਲੋਕਾਯੁਕਤ (ਇੱਕ ਰਾਜ-ਪੱਧਰੀ ਅਥਾਰਟੀ ਜੋ ਕੁਸ਼ਾਸਨ ਅਤੇ ਭ੍ਰਿਸ਼ਟਾਚਾਰ ਨਾਲ਼ ਨਜਿੱਠਦੀ ਹੈ) ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2011 ਤੱਕ ਜ਼ਿਲ੍ਹੇ ਵਿੱਚ ਲਗਭਗ 160 ਖਾਨਾਂ ਸਨ, ਜਿਨ੍ਹਾਂ ਵਿੱਚ ਲਗਭਗ 25,000 ਕਾਮੇ ਕੰਮ ਕਰਦੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਦਮੀ ਸਨ। ਹਾਲਾਂਕਿ, ਗ਼ੈਰ-ਸਰਕਾਰੀ ਅੰਦਾਜ਼ੇ ਦਰਸਾਉਂਦੇ ਹਨ ਕਿ 1.5-2 ਲੱਖ ਕਾਮੇ ਸਹਾਇਕ ਗਤੀਵਿਧੀਆਂ ਜਿਵੇਂ ਕਿ ਸਪੰਜ ਆਇਰਨ ਨਿਰਮਾਣ, ਸਟੀਲ ਮਿੱਲਾਂ, ਟ੍ਰਾਂਸਪੋਰਟ ਅਤੇ ਭਾਰੀ ਵਾਹਨਾਂ ਦੀਆਂ ਵਰਕਸ਼ਾਪਾਂ ਨਾਲ਼ ਜੁੜੇ ਹੋਏ ਸਨ।
ਉਤਪਾਦਨ ਅਤੇ ਨੌਕਰੀਆਂ ਵਿੱਚ ਆਉਣ ਵਾਲ਼ੇ ਇਸ ਉਛਾਲ਼ ਦੇ ਬਾਵਜੂਦ ਵੀ, ਮਹਿਲਾ ਮਜ਼ਦੂਰਾਂ ਦੀ ਵੱਡੀ ਗਿਣਤੀ, ਜਿਸ ਵਿੱਚ ਹਨੁਮੱਕਾ ਵੀ ਸ਼ਾਮਲ ਸੀ, ਨੂੰ ਖਾਨਾਂ ਵਿੱਚ ਕੰਮ ਕਰਨ ਲਈ ਕਦੇ ਵਾਪਸ ਬੁਲਾਇਆ ਨਾ ਗਿਆ। ਉਨ੍ਹਾਂ ਨੂੰ ਇੰਝ ਯਕਦਮ ਕੰਮ ਤੋਂ ਕੱਢੇ ਜਾਣ ਤੋਂ ਬਾਅਦ ਬਣਦਾ ਮੁਆਵਜ਼ਾ ਤੱਕ ਨਾ ਮਿਲ਼ਿਆ।
*****
ਬੇਲਾਰੀ ਦੇ ਮਾਈਨਿੰਗ ਖੇਤਰ ਵਿੱਚ ਤੇਜ਼ੀ ਨਾਲ਼ ਵਾਧਾ ਉਨ੍ਹਾਂ ਕੰਪਨੀਆਂ ਦੁਆਰਾ ਅੰਨ੍ਹੇਵਾਹ ਮਾਈਨਿੰਗ ਦੇ ਕਾਰਨ ਹੋਇਆ, ਜਿਨ੍ਹਾਂ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਸੁੱਟਿਆ ਅਤੇ ਕਥਿਤ ਤੌਰ 'ਤੇ 2006 ਤੋਂ 2010 ਦੇ ਵਿਚਕਾਰ ਸਰਕਾਰੀ ਖਜ਼ਾਨੇ ਨੂੰ 16,085 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ। ਲੋਕਾਯੁਕਤ, ਜਿਸ ਨੂੰ ਮਾਈਨਿੰਗ ਘੁਟਾਲੇ ਦੀ ਜਾਂਚ ਲਈ ਬੁਲਾਇਆ ਗਿਆ ਸੀ, ਨੇ ਆਪਣੀ ਰਿਪੋਰਟ ਵਿੱਚ ਪੁਸ਼ਟੀ ਕੀਤੀ ਕਿ ਕਈ ਕੰਪਨੀਆਂ ਗ਼ੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਸਨ; ਇਸ ਵਿੱਚ ਲਕਸ਼ਮੀ ਨਾਰਾਇਣ ਮਾਈਨਿੰਗ ਕੰਪਨੀ ਵੀ ਸ਼ਾਮਲ ਸੀ, ਜਿੱਥੇ ਹਨੁਮੱਕਾ ਆਖਰੀ ਵਾਰ ਕੰਮ ਕਰਦੀ ਸੀ। ਲੋਕਾਯੁਕਤ ਦੀ ਰਿਪੋਰਟ ਦਾ ਨੋਟਿਸ ਲੈਂਦੇ ਹੋਏ ਸੁਪਰੀਮ ਕੋਰਟ ਨੇ 2011 ਵਿਚ ਬੇਲਾਰੀ ਵਿੱਚ ਲੋਹੇ ਦੀ ਮਾਈਨਿੰਗ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਸੀ।
ਇੱਕ ਸਾਲ ਬਾਅਦ ਭਾਵੇਂ ਕਿ ਅਦਾਲਤ ਨੇ ਉਨ੍ਹਾਂ ਕੁਝ ਕੁ ਖਾਨਾਂ ਨੂੰ ਦੋਬਾਰਾ ਖੋਲ੍ਹਣ ਦੀ ਆਗਿਆ ਦੇ ਦਿੱਤੀ ਜਿਨ੍ਹਾਂ ਅੰਦਰ ਨਿਯਮਾਂ ਦੀ ਘੱਟ ਉਲੰਘਣਾ ਸਾਹਮਣੇ ਆਈ ਸੀ। ਜਿਵੇਂ ਕਿ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੇਂਦਰੀ ਅਧਿਕਾਰਤ ਕਮੇਟੀ (ਸੀਈਸੀ) ਦੁਆਰਾ ਸਿਫਾਰਸ਼ ਕੀਤੀ ਗਈ ਸੀ, ਜਿਹਦੇ ਤਹਿਤ ਅਦਾਲਤ ਨੇ ਮਾਈਨਿੰਗ ਕੰਪਨੀਆਂ ਨੂੰ ਵੱਖੋ-ਵੱਖ ਸ਼੍ਰੇਣੀਆਂ ਵਿੱਚ ਰੱਖਿਆ: 'ਏ', ਕੋਈ ਨਹੀਂ ਜਾਂ ਫਿਰ ਘੱਟੋ ਤੋਂ ਘੱਟ ਉਲੰਘਣਾਵਾਂ ਕਰਨ ਵਾਲ਼ੀਆਂ ਕੰਪਨੀਆਂ ਲਈ; 'B', ਕੁਝ ਕੁ ਉਲੰਘਣਾਵਾਂ ਕਰਨ ਵਾਲ਼ੀਆਂ ਵਾਸਤੇ; ਅਤੇ 'ਸੀ', ਕਈ ਉਲੰਘਣਾਵਾਂ ਕਰਨ ਵਾਲ਼ੀਆਂ ਵਾਸਤੇ। ਕੋਈ ਨਹੀਂ ਜਾਂ ਫਿਰ ਘੱਟੋ ਤੋਂ ਘੱਟ ਉਲੰਘਣਾਵਾਂ ਕਰਨ ਵਾਲ਼ੀਆਂ ਕੰਪਨੀਆਂ ਨੂੰ 2012 ਤੋਂ ਪੜਾਅ ਦਰ ਪੜਾਅ ਦੋਬਾਰਾ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ। ਸੀਈਸੀ ਦੀ ਰਿਪੋਰਟ ਵਿੱਚ ਕਾਇਆਕਲਪ (ਸੁਧਾਰ) ਅਤੇ ਮੁੜ-ਵਸੇਬਾ/ਬਹਾਲੀ (ਆਰ ਐਂਡ ਆਰ) ਯੋਜਨਾਵਾਂ ਦੇ ਉਦੇਸ਼ਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਵੀ ਨਿਰਧਾਰਤ ਕੀਤਾ ਗਿਆ ਜਿਨ੍ਹਾਂ ਨੂੰ ਮਾਈਨਿੰਗ ਲੀਜ਼ ਨੂੰ ਮੁੜ ਸ਼ੁਰੂ ਕਰਨ ਲਈ ਤਿਆਰ ਰਹਿਣ ਦੀ ਲੋੜ ਪੈਣੀ ਸੀ।
ਗ਼ੈਰ-ਕਾਨੂੰਨੀ ਮਾਈਨਿੰਗ ਘੁਟਾਲੇ ਨੇ ਕਰਨਾਟਕ ਵਿੱਚ ਉਸ ਵੇਲੇ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਬੇਲਾਰੀ ਵਿੱਚ ਕੁਦਰਤੀ ਸਰੋਤਾਂ ਦੇ ਵੱਡੇ ਪੱਧਰ 'ਤੇ ਹੋ ਰਹੇ ਸ਼ੋਸ਼ਣ ਵੱਲ ਧਿਆਨ ਖਿੱਚਿਆ। 25,000 ਦੇ ਕਰੀਬ ਕਾਮਿਆਂ ਨੂੰ ਬਗ਼ੈਰ ਕਿਸੇ ਮੁਆਵਜ਼ੇ ਦੇ ਕੰਮ ਤੋਂ ਕੱਢ ਦਿੱਤਾ ਗਿਆ। ਬੱਸ ਫ਼ਰਕ ਸਿਰਫ਼ ਇੰਨਾ ਸੀ ਕਿ ਉਨ੍ਹਾਂ ਕਾਮਿਆਂ ਦਾ ਦਰਦ ਜੱਗ ਸਾਹਵੇਂ ਉਜਾਗਰ ਨਾ ਹੋ ਸਕਿਆ।
ਮਜ਼ਦੂਰਾਂ ਨੇ ਮੁਆਵਜ਼ੇ ਤੇ ਮੁੜ ਰੁਜ਼ਗਾਰ ਪ੍ਰਾਪਤੀ ਲਈ ਦਬਾਅ ਬਣਾਉਣ ਖ਼ਾਤਰ ਬੇਲਾਰੀ ਜ਼ਿਲ੍ਹਾ ਗਨੀ ਕਰਮੀਕਾਰਾ ਸੰਘ ਦਾ ਗਠਨ ਕੀਤਾ। ਯੂਨੀਅਨ ਨੇ ਰੈਲੀਆਂ ਤੇ ਮੁਜ਼ਾਹਰਿਆਂ ਦਾ ਅਯੋਜਨ ਸ਼ੁਰੂ ਕੀਤਾ ਤੇ ਇੱਥੋਂ ਤੱਕ ਕਿ 2014 ਵਿੱਚ ਮਜ਼ਦੂਰਾਂ ਦੀ ਦੁਰਦਸ਼ਾ ਵੱਲ ਸਰਕਾਰ ਦਾ ਧਿਆਨ ਖਿੱਚਣ ਵਾਸਤੇ 23 ਰੋਜ਼ਾ ਭੁੱਖ ਹੜਤਾਲ਼ ਵੀ ਕੀਤੀ।
ਯੂਨੀਅਨ ਕਾਮਿਆਂ ਦੀਆਂ ਮੰਗਾਂ ਨੂੰ ਇੱਕ ਪ੍ਰਮੁੱਖ ਪੁਨਰ-ਸੁਰਜੀਤੀ ਪਹਿਲਕਦਮੀ ਵਿੱਚ ਸ਼ਾਮਲ ਕੀਤੇ ਜਾਣ 'ਤੇ ਵੀ ਜ਼ੋਰ ਦੇ ਰਹੀ ਹੈ ਜਿਸਨੂੰ ਮਾਈਨਿੰਗ ਇੰਪੈਕਟ ਜ਼ੋਨ ਵਾਸਤੇ ਵਿਸਤਰਿਤ ਵਾਤਾਵਰਣ ਯੋਜਨਾ (Comprehensive Environment Plan for Mining Impact Zone) ਕਹਿੰਦੇ ਹਨ। ਸੁਪਰੀਮ ਕੋਰਟ ਦੇ ਆਦੇਸ਼ ਦੀ ਤਰਜ਼ 'ਤੇ, ਦਿ ਕਰਨਾਟਕਾ ਮਾਈਨਿੰਗ ਇੰਨਵਾਇਰਮੈਂਟ ਰਿਸਟੋਰੇਸ਼ਨ ਕਾਰਪੋਰਸ਼ਨ ਦੀ ਸਥਾਪਨਾ 2014 ਵਿੱਚ ਬੇਲਾਰੀ ਦੇ ਮਾਈਨਿੰਗ ਖੇਤਰਾਂ ਵਿੱਚ ਸਿਹਤ, ਸਿੱਖਿਆ, ਸੰਚਾਰ ਤੇ ਆਵਾਜਾਈ ਦੇ ਬੁਨਿਆਦੀ ਢਾਂਚੇ 'ਤੇ ਕੇਂਦਰ ਯੋਜਨਾ ਦੇ ਲਾਗੂ ਕਰਨ ਦੀ ਨਿਗਰਾਨੀ ਕਰਨ ਤੇ ਇਲਾਕੇ ਵਿੱਚ ਚੌਗਿਰਦੇ ਤੇ ਵਾਤਾਵਾਰਣ ਨੂੰ ਬਹਾਲ ਕਰਨ ਲਈ ਕੀਤੀ ਗਈ ਸੀ। ਮਜ਼ਦੂਰ ਚਾਹੁੰਦੇ ਹਨ ਕਿ ਮੁਆਵਜ਼ੇ ਤੇ ਬਹਾਲੀ ਦੀ ਉਨ੍ਹਾਂ ਦੀ ਮੰਗ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇ। ਯੂਨੀਅਨ ਦੇ ਪ੍ਰਧਾਨ ਗੋਪੀ ਵਾਈ. ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਅਤੇ ਲੇਬਰ ਟ੍ਰਿਬਿਊਨਲਾਂ ਵਿੱਚ ਵੀ ਪਟੀਸ਼ਨਾਂ ਦਾਇਰ ਕੀਤੀਆਂ ਹਨ।
ਮਜ਼ਦੂਰਾਂ ਦੇ ਇੰਝ ਲਾਮਬੰਦ ਹੋਣ ਦੇ ਨਾਲ਼, ਹਨੁਮੱਕਾ ਨੂੰ ਇੱਕ ਅਜਿਹਾ ਪਲੇਟਫਾਰਮ ਮਿਲ ਗਿਆ ਹੈ ਜਿੱਥੇ ਉਹ ਮਹਿਲਾ ਮਜ਼ਦੂਰਾਂ ਦੀ ਹੋਈ ਅਨਿਆਂਪੂਰਨ ਛਾਂਟੀ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦੀ ਤਾਕਤ ਮਹਿਸੂਸ ਕਰਦੀ ਹਨ। ਉਹ ਉਨ੍ਹਾਂ 4,000 ਮਜ਼ਦੂਰਾਂ (2011 ਵਿੱਚ ਛਾਂਟੀ ਕੀਤੇ 25,000 ਮਜ਼ਦੂਰਾਂ ਵਿੱਚੋਂ) ਵਿੱਚ ਸ਼ਾਮਲ ਹੋਈ ਜੋ ਸੁਪਰੀਮ ਕੋਰਟ ਵਿੱਚ ਆਪਣੀ ਰਿਟ ਪਟੀਸ਼ਨ ਦਾਇਰ ਕਰਕੇ ਮੁਆਵਜ਼ੇ ਤੇ ਬਹਾਲੀ ਦੀ ਮੰਗ ਕਰ ਰਹੇ ਹਨ। ਮਜ਼ਦੂਰਾਂ ਦੀ ਯੂਨੀਅਨ ਦਾ ਹਿੱਸਾ ਬਣ ਕੇ ਆਪਣੇ ਅੰਦਰ ਆਈ ਹਿੰਮਤ ਤੇ ਮਿਲ਼ੇ ਸਾਥ ਨੂੰ ਲੈ ਕੇ ਉਹ ਕਹਿੰਦੀ ਹਨ,''1992-1995 ਦੇ ਉਸ ਦੌਰ ਵੇਲ਼ੇ ਅਸੀਂ ਤਾਂ ਅੰਗੂਠਾ-ਛਾਪ ਸਾਂ। ਉਸ ਵੇਲ਼ੇ ਸਾਡੇ ਵਿੱਚੋਂ ਅਜਿਹਾ ਕੋਈ ਵੀ ਨਹੀਂ ਸੀ ਜੋ ਆਪਣੇ ਹੱਕਾਂ ਵਾਸਤੇ ਅੱਗੇ ਹੋ ਬੋਲ ਪਾਉਂਦਾ। ਮੈਂ ਇੱਕ ਵੀ ਬੈਠਕ (ਯੂਨੀਅਨ ਦੀ) ਖੁੰਝਾਉਂਦੀ ਨਹੀਂ। ਅਸੀਂ ਆਪਣੀ ਅਵਾਜ਼ ਲੈ ਕੇ ਹੋਸਪੇਟ, ਬੇਲਾਰੀ ਹਰ ਥਾਵੇਂ ਗਏ। ਸਰਕਾਰ ਨੂੰ ਸਾਨੂੰ ਉਹ ਸਾਰੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਹਨ ਜਿਨ੍ਹਾਂ 'ਤੇ ਸਾਡਾ ਹੱਕ ਬਣਦਾ ਹੈ।''
*****
ਹਨੁਮੱਕਾ ਨੂੰ ਚੇਤੇ ਨਹੀਂ ਕਿ ਉਨ੍ਹਾਂ ਨੇ ਖਾਨਾਂ ਵਿੱਚ ਕੰਮ ਕਰਨਾ ਕਦੋਂ ਸ਼ੁਰੂ ਕੀਤਾ। ਉਨ੍ਹਾਂ ਦਾ ਜਨਮ ਵਾਲਮੀਕੀ ਭਾਈਚਾਰੇ ਵਿੱਚ ਹੋਇਆ ਜੋ ਰਾਜ ਅੰਦਰ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ। ਬਚਪਨ ਵੇਲ਼ੇ ਉਨ੍ਹਾਂ ਦਾ ਘਰ ਸੁਸੀਲਾਨਗਰ ਵਿੱਚ ਹੋਇਆ ਕਰਦਾ ਸੀ ਜੋ ਇਲਾਕਾ ਲੋਹ ਧਾਤ ਦੇ ਭੰਡਾਰਾਂ ਵਾਲ਼ੀਆਂ ਪਹਾੜੀਆਂ ਨਾਲ਼ ਘਿਰਿਆ ਹੋਇਆ ਸੀ। ਇਸਲਈ, ਉਨ੍ਹਾਂ ਨੇ ਵੀ ਉਹੀ ਕੁਝ ਕੀਤਾ ਜੋ ਇੱਥੇ ਹਾਸ਼ੀਏ ਦੇ ਭਾਈਚਾਰਿਆਂ ਨਾਲ਼ ਤਾਅਲੁੱਕ ਰੱਖਣ ਵਾਲ਼ਾ ਹਰ ਬੇਜ਼ਮੀਨਾ ਇਨਸਾਨ ਕਰਦਾ ਹੈ- ਖਾਨਾਂ ਵਿੱਚ ਮਜ਼ਦੂਰੀ।
''ਮੈਂ ਨਿਆਣਪੁਣੇ ਤੋਂ ਹੀ ਇਨ੍ਹਾਂ ਖਾਨਾਂ ਵਿੱਚ ਕੰਮ ਕਰਦੀ ਰਹੀ ਹਾਂ,'' ਉਹ ਕਹਿੰਦੀ ਹਨ,''ਮੈਂ ਮਾਈਨਿੰਗ ਦੀਆਂ ਕਈ ਕੰਪਨੀਆਂ ਵਿੱਚ ਕੰਮ ਕੀਤਾ।'' ਬਚਪਨ ਤੋਂ ਹੀ ਇਸ ਕੰਮ ਵਿੱਚ ਪੈ ਜਾਣ ਕਾਰਨ ਉਹ ਪਹਾੜੀਆਂ ਦੀਆਂ ਚੜ੍ਹਾਈਆਂ ਸੌਖਿਆਂ ਹੀ ਕਰ ਲਿਆ ਕਰਦੀ। ਇੰਨਾ ਹੀ ਨਹੀਂ ਉਹ ਬੜੀ ਅਸਾਨੀ ਨਾਲ਼ ਲੋਹ ਧਾਤ ਵਾਲ਼ੀਆਂ ਚੱਟਾਨਾਂ ਵਿੱਚ ਜੰਪਰ ਦੀ ਵਰਤੋਂ ਕਰਕੇ ਵੱਡੇ ਸ਼ੇਕ ਕਰਕੇ ਉਨ੍ਹਾਂ ਸ਼ੇਕਾਂ ਅੰਦਰ ਵਿਸਫ਼ੋਟਕ ਵੀ ਭਰ ਦਿਆ ਕਰਦੀ ਸੀ। ਇਸ ਤੋਂ ਇਲਾਵਾ ਉਹ ਲੋਹ ਧਾਤ ਵਿੱਚ ਕੰਮ ਆਉਣ ਵਾਲ਼ੇ ਵੱਡ-ਅਕਾਰੀ ਸੰਦਾਂ ਦਾ ਇਸਤੇਮਾਲ ਵੀ ਕਰ ਸਕਦੀ ਹੁੰਦੀ ਸੀ। ਉਹ ਚੇਤੇ ਕਰਦੀ ਹਨ,'' ਅਵਾਗਾ ਮਸ਼ੀਨਰੀ ਇੱਲ ਮਾ (ਉਸ ਜ਼ਮਾਨੇ ਵਿੱਚ ਕੋਈ ਮਸ਼ੀਨ ਨਾ ਹੋਇਆ ਕਰਦੀ)। ਵਿਸਫ਼ੋਟ ਹੋਣ ਤੋਂ ਬਾਅਦ ਔਰਤਾਂ ਜੋੜੀਆਂ ਬਣਾ ਕੇ ਕੰਮ ਕਰਦੀਆਂ ਸਨ। ਇੱਕ ਔਰਤ ਲੋਹ ਧਾਤ ਦੇ ਵੱਡੇ ਟੁਕੜਿਆਂ ਨੂੰ ਪੁੱਟਦੀ ਤੇ ਦੂਜੀ ਉਨ੍ਹਾਂ ਟੁਕੜਿਆਂ ਨੂੰ ਹੋਰ ਛੋਟੇ-ਛੋਟੇ ਟੁਕੜੇ ਕਰ ਚੂਰਾ ਬਣਾ ਦਿੰਦੀ। ਅਸੀਂ ਤਿੰਨ ਅੱਡ-ਅੱਡ ਅਕਾਰਾਂ ਵਿੱਚ ਪੱਥਰਾਂ ਦੇ ਟੁਕੜੇ ਕਰਨੇ ਹੁੰਦੇ ਸਨ।'' ਲੋਹ ਧਾਤ ਦੇ ਚੂਰੇ ਨੂੰ ਛਾਣਨ ਤੋਂ ਬਾਅਦ ਉਸ ਵਿੱਚੋਂ ਧੂੜ-ਕਣ ਕੱਢ ਦਿੱਤੇ ਜਾਂਦੇ ਸਨ ਤੇ ਮਹਿਲਾ ਮਜ਼ਦੂਰ ਲੋਹ ਧਾਤ ਨੂੰ ਸਿਰ 'ਤੇ ਢੋਂਹਦਿਆਂ ਟਰੱਕਾਂ 'ਤੇ ਲੱਦਦੀਆਂ ਜਾਂਦੀਆਂ ਸਨ। ਗੱਲ ਜਾਰੀ ਰੱਖਦਿਆਂ ਉਹ ਕਹਿੰਦੀ ਹਨ,''ਅਸੀਂ ਸਾਰਿਆਂ ਨੇ ਬੜਾ ਸੰਘਰਸ਼ ਕੀਤੀ ਹੈ। ਅਸੀਂ ਇੰਨਾ ਕੁਝ ਝੱਲਿਆ ਹੈ ਜਿੰਨਾ ਕੋਈ ਸੋਚ ਵੀ ਨਹੀਂ ਸਕਦਾ।''
''ਮੇਰੇ ਪਤੀ ਸ਼ਰਾਬੀ ਸਨ ਤੇ ਮੇਰੇ ਸਿਰ ਆਪਣੀਆਂ ਪੰਜ ਧੀਆਂ ਨੂੰ ਪਾਲਣ ਦੀ ਜ਼ਿੰਮੇਦਾਰੀ ਸੀ,'' ਉਹ ਕਹਿੰਦੀ ਹਨ,''ਉਸ ਵੇਲ਼ੇ ਮੈਨੂੰ ਇੱਕ ਟਨ ਪੱਥਰ ਤੋੜਨ ਬਦਲੇ ਸਿਰਫ਼ 50 ਪੈਸੇ ਮਿਲ਼ਦੇ। ਅਸੀਂ ਰੱਜਵੀਂ ਰੋਟੀ ਨੂੰ ਤਰਸਦੇ ਹੀ ਰਹਿੰਦੇ। ਹਰ ਕਿਸੇ ਦੇ ਹਿੱਸੇ ਸਿਰਫ਼ ਅੱਧੀ ਰੋਟੀ ਹੀ ਆਉਂਦੀ। ਅਸੀਂ ਜੰਗਲ ਵਿੱਚੋਂ ਹਰੇ ਪੱਤੇ (ਸਾਗ) ਇਕੱਠਾ ਕਰਦੇ, ਪੱਤਿਆਂ ਨੂੰ ਪੀਂਹਦੇ ਦੇ ਲੂਣ ਰਲ਼ਾ ਕੇ ਉਹਦੀਆਂ ਛੋਟੀਆਂ-ਛੋਟੀਆਂ ਗੋਲ਼ੀਆਂ ਬਣਾਉਂਦੇ ਤੇ ਰੋਟੀ ਦੇ ਨਾਲ਼ ਖਾ ਲਿਆ ਕਰਦੇ। ਕਦੇ-ਕਦੇ ਅਸੀਂ ਭੜਥੇ ਵਾਲ਼ਾ ਬੈਂਗਣ ਖਰੀਦ ਲੈਂਦੇ ਤੇ ਉਹਨੂੰ ਅੱਗ 'ਤੇ ਭੁੰਨ੍ਹ ਲੈਂਦੇ। ਫਿਰ ਉਹਦੀ ਛਿਲੜ ਲਾਹ ਕੇ ਉਸ 'ਤੇ ਲੂਣ ਮਲ਼ ਲੈਂਦੇ। ਉਹਨੂੰ ਖਾਂਦੇ, ਪਾਣੀ ਪੀਂਦੇ ਤੇ ਸੌਂ ਜਾਂਦੇ। ਇਹੀ ਸਾਡੀ ਜ਼ਿੰਦਗੀ ਸੀ...'' ਪਖ਼ਾਨੇ, ਪੀਣ ਲਾਇਕ ਪਾਣੀ ਤੇ ਸੁਰੱਖਿਆ ਦੇ ਸੰਦਾਂ ਦੀ ਘਾਟ ਵਿੱਚ ਕੰਮ ਕਰਦਿਆਂ ਹੋਇਆਂ ਵੀ ਹਨੁਮੱਕਾ ਬਾਮੁਸ਼ਕਲ ਹੀ ਪਰਿਵਾਰ ਦਾ ਢਿੱਡ ਭਰ ਪਾਉਂਦੀ।
ਉਨ੍ਹਾਂ ਦੇ ਪਿੰਡ ਦੀ ਇੱਕ ਹੋਰ ਖਾਨ ਮਜ਼ਦੂਰ ਹੰਪੱਕਾ ਭੀਮੱਪਾ ਵੀ ਸਖ਼ਤ ਮਿਹਨਤ ਤੇ ਕਿੱਲਤਾਂ ਮਾਰੀ ਜ਼ਿੰਦਗੀ ਦੀ ਰਲਵੀਂ-ਮਿਲਵੀਂ ਤਸਵੀਰ ਪੇਸ਼ ਕਰਦੀ ਹਨ। ਪਿਛੜੀ ਜਾਤ ਵਿੱਚ ਜੰਮੀ ਹੰਪੱਕਾ ਬਚਪਨ ਵਿੱਚ ਹੀ ਇੱਕ ਬੇਜ਼ਮੀਨੇ ਖੇਤ ਮਜ਼ਦੂਰ ਨਾਲ਼ ਵਿਆਹੀ ਗਈ। ''ਮੈਨੂੰ ਇੰਨਾ ਵੀ ਨਹੀਂ ਚੇਤਾ ਕਿ ਵਿਆਹ ਵੇਲ਼ੇ ਮੇਰੀ ਉਮਰ ਕਿੰਨੀ ਸੀ। ਮੈਂ ਬਚਪਨ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ-ਮੈਂ ਹਾਲੇ ਜੁਆਨ ਵੀ ਨਹੀਂ ਹੋਈ ਸਾਂ,'' ਉਹ ਦੱਸਦੀ ਹਨ,''ਮੈਨੂੰ ਇੱਕ ਟਨ ਲੋਹ ਧਾਤ ਤੋੜਨ ਬਦਲੇ 75 ਪੈਸੇ ਦਿਹਾੜੀ ਮਿਲ਼ਦੀ। ਇੱਕ ਹਫ਼ਤੇ ਲਗਾਤਾਰ ਮਿੱਟੀ ਨਾਲ਼ ਮਿੱਟੀ ਹੋਣ ਤੋਂ ਬਾਅਦ ਵੀ ਸਾਨੂੰ ਸੱਤ ਰੁਪਏ ਤੱਕ ਨਾ ਮਿਲ਼ ਪਾਉਂਦੇ। ਮੈਂ ਰੋਂਦੀ, ਵਿਲ਼ਕਦੀ ਘਰ ਮੁੜਦੀ ਕਿਉਂਕਿ ਮੈਨੂੰ ਬਹੁਤ ਘੱਟ ਪੈਸੇ ਮਿਲ਼ਦੇ ਸਨ।''
''ਪੰਜ ਸਾਲਾਂ ਤੱਕ 75 ਪੈਸੇ ਦਿਹਾੜੀ 'ਤੇ ਕੰਮ ਕਰਨ ਬਾਅਦ ਹੰਪੱਕਾ ਦੀ ਦਿਹਾੜੀ ਵਿੱਚ 75 ਪੈਸਿਆਂ ਦਾ ਵਾਧਾ ਹੋਇਆ। ਅਗਲੇ ਚਾਰ ਸਾਲਾਂ ਤੱਕ ਉਨ੍ਹਾਂ ਨੂੰ 1.50 ਰੁਪਏ ਦਿਹਾੜੀ ਮਿਲ਼ਦੀ ਰਹੀ, ਫਿਰ ਕਿਤੇ ਜਾ ਕੇ ਉਨ੍ਹਾਂ ਦੀ ਦਿਹਾੜੀ ਵਿੱਚ 50 ਪੈਸਿਆਂ ਦਾ ਵਾਧਾ ਹੋਇਆ। ਉਹ ਕਹਿੰਦੀ ਹਨ,''ਹੁਣ ਮੈਨੂੰ ਇੱਕ ਟਨ ਲੋਹ ਧਾਤ ਤੋੜਨ ਬਦਲੇ 2 ਰੁਪਏ ਮਿਲ਼ਣ ਲੱਗੇ। ਇਹ ਸਿਲਸਿਲਾ ਅਗਲੇ 10 ਸਾਲ ਤੱਕ ਚੱਲਦਾ ਰਿਹਾ। ਮੈਨੂੰ ਹਫ਼ਤੇ ਦੇ 1.50 ਰੁਪਏ ਕਰਜੇ ਦਾ ਵਿਆਜ ਵਜੋਂ ਮੋੜਨੇ ਪੈਂਦੇ ਸਨ। ਕਰੀਬ 10 ਰੁਪਏ ਬਜ਼ਾਰ ਖਰਚ ਹੋ ਜਾਂਦੇ ਸਨ...ਅਸੀਂ ਨੁਚੁ (ਕਣੀਆਂ) ਖਰੀਦਦੇ ਸਾਂ, ਕਿਉਂਕਿ ਉਹ ਸਸਤੀਆਂ ਹੁੰਦੀਆਂ ਸਨ।''
ਉਨ੍ਹੀਂ ਦਿਨੀਂ ਉਹ ਸੋਚਦੀ ਸੀ ਕਿ ਵੱਧ ਪੈਸੇ ਕਮਾਉਣ ਲਈ ਸਖ਼ਤ ਮਿਹਨਤ ਕਰਨਾ ਹੀ ਇੱਕੋ-ਇੱਕ ਤਰੀਕਾ ਹੈ। ਉਹ ਸਵੇਰੇ 4 ਵਜੇ ਜਾਗ ਜਾਂਦੀ, ਖਾਣਾ ਪਕਾ ਕੇ ਪੱਲੇ ਬੰਨ੍ਹਦੀ ਤੇ 6 ਵਜੇ ਤੱਕ ਘਰੋਂ ਚਲੀ ਜਾਂਦੀ। ਸੜਕ 'ਤੇ ਖੜ੍ਹੀ ਹੋ ਕਿਸੇ ਟਰੱਕ ਦੀ ਉਡੀਕ ਕਰਦੀ, ਜੋ ਉਨ੍ਹਾਂ ਨੂੰ ਖਾਨ ਤੱਕ ਲੈ ਜਾਂਦਾ। ਕੰਮ 'ਤੇ ਛੇਤੀ ਪਹੁੰਚਣ ਦਾ ਮਤਲਬ ਹੁੰਦਾ ਕਿ ਉਸ ਦਿਨ ਉਹ ਲੋਹ ਧਾਤੂ ਵੱਧ ਤੋੜ ਪਾਉਂਦੀ। ਹੰਪੱਕਾ ਚੇਤੇ ਕਰਦਿਆਂ ਕਹਿੰਦੀ ਹਨ,''ਸਾਡੇ ਪਿੰਡੋਂ ਕੋਈ ਬੱਸ ਨਹੀਂ ਜਾਂਦੀ ਸੀ। ਸਾਨੂੰ ਟਰੱਕ ਡਰਾਈਵਰ ਨੂੰ 10 ਪੈਸੇ ਦੇਣੇ ਪੈਂਦੇ, ਜੋ ਸਮੇਂ ਦੇ ਨਾਲ਼ ਵੱਧ ਕੇ 50 ਪੈਸੇ ਹੋ ਗਏ।''
ਘਰ ਮੁੜਨਾ ਵੀ ਸੌਖਾ ਨਾ ਰਹਿੰਦਾ। ਦੇਰ ਤਿਰਕਾਲੀਂ ਉਹ ਚਾਰ-ਪੰਜ ਹੋਰਨਾਂ ਮਜ਼ਦੂਰਾਂ ਦੇ ਨਾਲ਼ ਕਿਸੇ ਅਜਿਹੇ ਟਰੱਕ 'ਤੇ ਜਾ ਬਹਿੰਦੀ ਜੋ ਭਾਰੀ ਲੋਹ ਧਾਤ ਨਾਲ਼ ਲੱਦਿਆ ਹੁੰਦਾ। ''ਕਈ ਵਾਰੀ ਜਦੋਂ ਟਰੱਕ ਤਿੱਖਾ ਮੋੜ ਕੱਟਦਾ ਤਾਂ ਤੇਜ਼ ਝਟਕੇ ਨਾਲ਼ ਅਸੀਂ ਸਾਰੀਆਂ ਸੜਕ 'ਤੇ ਜਾ ਡਿੱਗਦੀਆਂ,'' ਉਹ ਦੱਸਦੀ ਹੈ। ਇੰਨਾ ਸਭ ਕਰਨ ਦੇ ਬਾਅਦ ਵੀ ਸਾਨੂੰ ਵਾਧੂ ਲੋਹ ਧਾਤ ਤੋੜਨ ਦੇ ਅੱਡ ਤੋਂ ਪੈਸੇ ਕਦੇ ਨਹੀਂ ਮਿਲ਼ੇ। ''ਜੇ ਅਸੀਂ ਤਿੰਨ ਟਨ ਪੱਥਰ ਤੋੜਦੇ ਤਾਂ ਪੈਸੇ ਸਿਰਫ਼ ਦੋ ਟਨ ਦੇ ਹੀ ਪੈਸੇ ਮਿਲ਼ਦੇ ਸਨ,'' ਉਹ ਕਹਿੰਦੀ ਹਨ,''ਪਰ ਅਸੀਂ ਸਵਾਲ ਕਰਨ ਦੀ ਹਾਲਤ ਵਿੱਚ ਕਿੱਥੇ ਸਾਂ।''
ਅਕਸਰ ਹੁੰਦਾ ਕਿ ਲੋਹ ਧਾਤ ਚੋਰੀ ਹੋ ਜਾਇਆ ਕਰਦੀ ਤੇ ਇਹਦੀ ਸਜ਼ਾ ਦੇਣ ਲਈ ਮੇਸਤਰੀ ਸਾਡੇ ਮਜ਼ਦੂਰਾਂ ਦੀ ਦਿਹਾੜੀ ਕੱਟ ਲਿਆ ਕਰਦਾ। ''ਹਫ਼ਤੇ ਵਿੱਚ ਤਿੰਨ ਜਾ ਚਾਰ ਵਾਰੀਂ ਸਾਨੂੰ ਧਾਤ ਦੀ ਚੌਂਕੀਦਾਰੀ ਕਰਨ ਲਈ ਰੁੱਕੇ ਰਹਿਣਾ ਪੈਂਦਾ। ਅਸੀਂ ਅੱਗ ਬਾਲ਼ ਕੇ ਭੁੰਜੇ ਹੀ ਪੈ ਜਾਂਦੇ। ਅਸੀਂ ਇਹ ਸਭ ਧਾਤ ਦੇ ਪੱਥਰਾਂ ਨੂੰ ਬਚਾਉਣ ਤੇ ਆਪਣੀ ਮਜ਼ਦੂਰੀ ਹਾਸਲ ਕਰਨ ਲਈ ਕਰਦੇ।''
ਖਾਨ ਵਿੱਚ 16 ਤੋਂ 18 ਘੰਟੇ ਦੀ ਲੰਬੀ ਦਿਹਾੜੀ ਲਵਾਉਣ ਦਾ ਮਤਲਬ ਸੀ ਕਿ ਮਜ਼ਦੂਰਾਂ ਨੂੰ ਆਪਣੀ ਬੁਨਿਆਦ ਸਵੈ-ਸੰਭਾਲ਼ ਕਰਨ ਤੋਂ ਵੀ ਰੋਕਿਆ ਜਾਣਾ। ਹੰਪੱਕਾ ਕਹਿੰਦੀ ਹਨ,''ਅਸੀਂ ਹਫ਼ਤੇ ਵਿੱਚ ਸਿਰਫ਼ ਇੱਕੋ ਦਿਨ ਨਹਾਉਂਦੇ, ਜਿਸ ਅਸੀਂ ਅਸੀਂ ਬਜ਼ਾਰ ਜਾਂਦੇ।''
ਸਾਲ 1998 ਦੀ ਛਾਂਟੀ ਵੇਲ਼ੇ ਇਨ੍ਹਾਂ ਮਹਿਲਾ ਖਾਨ ਮਜ਼ਦੂਰਾਂ ਨੂੰ ਇੱਕ ਟਨ ਲੋਹ ਧਾਤ ਤੋੜਨ ਬਦਲੇ 15 ਰੁਪਏ ਦਿਹਾੜੀ ਮਿਲ਼ਦੀ ਸੀ। ਇੱਕ ਦਿਨ ਵਿੱਚ ਉਹ ਕਰੀਬ ਪੰਜ ਟਨ ਲੋਹ ਧਾਤ ਢੋਂਹਦੀਆਂ, ਜਿਹਦਾ ਮਤਲਬ ਸੀ ਕਿ ਉਹ 75 ਰੁਪਏ ਦਿਹਾੜੀ ਕਮਾ ਲੈਂਦੀਆਂ ਸਨ। ਜਦੋਂ ਕਦੇ ਉਹ ਵੱਡੀ ਮਾਤਰਾ ਵਿੱਚ ਧਾਤੂ ਛਾਣ ਲੈਂਦੀਆਂ, ਤਦ ਇਹ ਰਕਮ ਵੱਧ ਕੇ 100 ਰੁਪਏ ਤੱਕ ਵੀ ਹੋ ਜਾਂਦੀ ਸੀ।
ਹਨੁਮੱਕਾ ਅਤੇ ਹੰਪੱਕਾ ਕੰਮ ਗੁਆਉਣ ਤੋਂ ਬਾਅਦ ਖੇਤ ਮਜ਼ਦੂਰਾਂ ਵਜੋਂ ਕੰਮ ਕਰਨ ਲੱਗੀਆਂ। ਹਨੁਮੱਕਾ ਦੱਸਦੀ ਹਨ,''ਸਾਨੂੰ ਸਿਰਫ਼ ਕੁਲੀ ਦੇ ਕੰਮ ਮਿਲ਼ਦੇ। ਅਸੀਂ ਖੇਤਾਂ ਵਿੱਚ ਨਦੀਨ ਪੁੱਟਦੀਆਂ, ਪੱਥਰ ਚੁਗਦੀਆਂ ਤੇ ਮੱਕੀ ਦੀ ਵਾਢੀ ਕਰਦੀਆਂ। ਅਸੀਂ 5 ਰੁਪਏ ਦਿਹਾੜੀ 'ਤੇ ਵੀ ਕੰਮ ਕੀਤਾ ਹੋਇਆ ਹੈ। ਹੁਣ ਸਾਨੂੰ ਮਾਲਕ 200 ਰੁਪਏ ਦਿਹਾੜੀ ਦਿੰਦੇ ਹਨ।'' ਉਹ ਦੱਸਦੀ ਹਨ ਕਿ ਹੁਣ ਉਹ ਲਗਾਤਾਰ ਖੇਤਾਂ ਵਿੱਚ ਕੰਮ ਨਹੀਂ ਕਰ ਪਾਉਂਦੀ ਤੇ ਉਨ੍ਹਾਂ ਦੀ ਉਨ੍ਹਾਂ ਦਾ ਖਿਆਲ ਰੱਖਦੀ ਹੈ। ਹੰਪੱਕਾ ਨੇ ਵੀ ਖੇਤਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਹੈ ਕਿਉਂਕਿ ਹੁਣ ਉਨ੍ਹਾਂ ਦਾ ਬੇਟਾ ਉਨ੍ਹਾਂ ਦਾ ਧਿਆਨ ਰੱਖਦਾ ਹੈ।
''ਅਸੀਂ ਧਾਤ ਦੇ ਪੱਥਰ ਤੋੜਦਿਆਂ ਨਾ ਸਿਰਫ਼ ਆਪਣਾ ਲਹੂ ਵਹਾਇਆ ਸਗੋਂ ਆਪਣੀ ਜੁਆਨੀ ਵੀ ਵਾਰ ਛੱਡੀ। ਪਰ ਉਨ੍ਹਾਂ ਨੇ ਸਾਨੂੰ ਛਿਲ਼ਕਿਆਂ ਵਾਂਗਰ ਪਰ੍ਹਾਂ ਵਗਾਹ ਮਾਰਿਆ,'' ਹਿਰਖੇ ਮਨ ਨਾਲ਼ ਹਨੁਮੱਕਾ ਕਹਿੰਦੀ ਹਨ।
ਤਰਜਮਾ: ਕਮਲਜੀਤ ਕੌਰ