ਆਈਨੁਲ ਜਦੋਂ ਅਮਰੋਹਾ ਤੋਂ ਦਿੱਲੀ ਪਹੁੰਚਣ ਲਈ ਸਵੇਰੇ-ਸਾਜਰੇ ਕਾਸ਼ੀ ਵਿਸ਼ਵਨਾਥ ਐਕਸਪ੍ਰੈੱਸ ਵਿੱਚ ਸਵਾਰ ਹੋਈ ਤਾਂ ਉਹ ਤੌਖ਼ਲਿਆਂ ਨਾਲ਼ ਭਰੀ ਹੋਈ ਸਨ। ''ਮੈਂ ਸਹਿਮੀ ਹੋਈ ਸਾਂ। ਮੈਂ ਸੋਚ ਰਹੀ ਸਾਂ ਕਿ ਮੈਂ ਬੰਬਈ ਜਾ ਰਹੀ ਹਾਂ ਜੋ ਕਿ ਬੜੀ ਦੂਰ ਹੈ। ਉੱਥੇ ਲੋਕਾਂ ਦਾ ਮੇਰੇ ਪ੍ਰਤੀ ਵਤੀਰਾ ਕਿਹੋ ਜਿਹਾ ਰਹੇਗਾ? ਮੈਂ ਸਭ ਕਾਸੇ ਦਾ ਬੰਦੋਬਸਤ ਕਿਵੇਂ ਕਰੂੰਗੀ?'' ਔਰਤਾਂ ਦੇ ਜਨਰਲ ਡੱਬੇ ਵਿੱਚ 17 ਸਾਲਾ ਆਈਨੁਲ ਨੂੰ ਇਨ੍ਹਾਂ ਚਿੰਤਾਵਾਂ ਨੇ ਪੂਰੀ ਰਾਤ ਸੌਣ ਨਹੀਂ ਦਿੱਤਾ।
ਉਨ੍ਹਾਂ ਦੇ ਸਹੁਰਾ ਸਾਹਬ ਅਲੀਮ ਵੀ ਉਸੇ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ। ਦਿੱਲੀ ਤੋਂ ਦੂਜੀ ਰੇਲ ਫੜ੍ਹ ਕੇ ਉਹ ਬਾਂਦਰਾ ਟਰਮੀਨਸ ਉਤਰੇ। ਉਹਦੇ ਬਾਅਦ ਉਹ ਮਖਦੂਮ ਅਲੀ ਮਾਹਿਮੀ ਦਰਗਾਹ ਦੇ ਬਾਹਰ ਭੀਖ ਮੰਗਣ ਦਾ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਆਈਨੁਲ ਨੂੰ ਮਾਹਿਮ ਦੀ ਨਵੀਂ ਬਸਤੀ ਝੁੱਗੀ ਕਲੋਨੀ ਵਿਖੇ ਆਪਣੇ ਨਵੇਂ ਘਰ ਲੈ ਗਏ।
ਤਿੰਨ ਸਾਲ ਬਾਅਦ ਕੁਝ ਸਮੇਂ ਲਈ ਆਈਨੁਲ ਸ਼ੇਖ ਨੂੰ ਵੀ ਇਹੀ ਕੰਮ ਕਰਨਾ ਪੈਂਦਾ ਰਿਹਾ। ਇਸ ਨਾਲ਼ ਉਨ੍ਹਾਂ ਦੇ 18 ਮਹੀਨਿਆਂ ਦੇ ਬੇਟੇ ਨੂੰ ਸੈਂਟ੍ਰਲ ਮੁੰਬਈ ਦੇ ਕਸਤੂਰਬਾ ਹਸਪਤਾਲ ਵਿਖੇ ਕੁਝ ਹਫ਼ਤੇ ਰੱਖਣ ਵਿੱਚ ਆਉਂਦੇ ਖਰਚ ਦਾ ਭੁਗਤਾਨ ਕਰਨਾ ਵਿੱਚ ਮਦਦ ਮਿਲ਼ਦੀ ਸੀ, ਹਾਲਾਂਕਿ ਖ਼ੁਦ ਆਈਨੁਲ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਬੀਮਾਰੀ ਕਿਹੜੀ ਹੈ। ਉਹ ਕਹਿੰਦੀ ਹਨ,''ਮੈਂ ਕਿਸੇ ਕੋਲ਼ੋਂ ਵੀ (ਮੈਡੀਕਲ ਬਿੱਲਾਂ ਵਾਸਤੇ) ਉਧਾਰ ਨਹੀਂ ਚੁੱਕ ਸਕਦੀ, ਕਿਉਂਕਿ ਉਸ ਰਕਮ ਨੂੰ ਲਾਹੁੰਦਾ ਕੌਣ?''
ਮੁੰਬਈ ਆਉਂਦੇ ਵੇਲ਼ੇ ਰੇਲ ਵਿੱਚ ਉਹ ਜਿਹੜੀਆਂ ਚਿੰਤਾਵਾਂ ਵਿਚਾਲੇ ਘਿਰੀ ਰਹੀ ਸਨ, ਉਹ ਗ਼ਲਤ ਨਹੀਂ ਸਨ।
ਉਸ ਰੇਲ ਵਿੱਚ ਆਈਨੁਲ ਕੱਪੜਿਆਂ ਦੇ ਇੱਕੋ ਬੈਗ਼ ਨਾਲ਼ ਸਵਾਰ ਹੋਈ। ਉਨ੍ਹਾਂ ਨੇ ਆਪਣੇ ਸਹੁਰੇ ਪਰਿਵਾਰ ਜਾਣ ਲਈ ਜੋ ਭਾਂਡੇ ਵੀ ਖਰੀਦੇ ਸਨ ਉਹ ਵੀ ਇੱਕ-ਇੱਕ ਕਰਕੇ ਵੇਚ ਛੱਡੇ ਸਨ। ਉਨ੍ਹਾਂ ਸਾਲਾਂ ਤੱਕ ਇੱਕ ਜਵਾਨ ਕੁੜੀ ਵਜੋਂ ਸਖ਼ਤ ਮਿਹਨਤ ਕੀਤੀ ਸੀ- ਦੂਜੇ ਲੋਕਾਂ ਦੇ ਭਾਂਡੇ ਮਾਂਜਦੀ, ਘਰਾਂ ਦੀ ਸਫ਼ਾਈ ਕਰਦੀ, ਖੇਤਾਂ ਵਿੱਚ ਕੰਮ ਕਰਦੀ। ''ਮੈਨੂੰ ਭੋਜਨ ਦਿੱਤਾ ਜਾਂਦਾ ਜਾਂ ਕੁਝ ਪੈਸੇ ਫੜ੍ਹਾ ਦਿੱਤੇ ਜਾਂਦੇ। ਇਨ੍ਹਾਂ ਪੈਸਿਆਂ ਨੂੰ ਮੈਂ ਸੰਦੂਕ ਵਿੱਚ ਰੱਖਦੀ ਜਾਂਦੀ ਤੇ ਇੰਝ ਕੰਮ ਕਰਦੇ ਕਰਦੇ ਮੈਂ ਆਪਣੇ ਵਿਆਹ ਜੋਗੇ ਪੈਸੇ ਬਚਾ ਲਏ। ਮੈਂ 5,000 ਰੁਪਏ ਬਚਾਏ ਹੋਣਗੇ। ਮੈਂ ਇੱਕ ਲੋਕਲ ਦੁਕਾਨ 'ਤੇ ਥੋੜ੍ਹੇ ਪੈਸੇ ਲੈ ਜਾਂਦੇ ਤੇ ਪਿੱਤਲ ਦੀ ਵਾਟੀ, ਥਾਲ਼ੀਆਂ, ਕੜਸ਼ੀ ਅਤੇ ਤਾਂਬੇ ਦੀ ਦੇਗਚੀ ਤੱਕ ਖਰੀਦ ਲਈ।''







