''ਸਰ, ਕੁਝ ਗਾਹਕ ਆਏ ਹਨ। ਕੀ ਮੈਂ ਉਨ੍ਹਾਂ ਨੂੰ ਅਟੈਂਡ ਕਰ ਸਕਦਾ ਹਾਂ? ਮੇਰੇ ਏਅਰਫ਼ੋਨ ਲੱਗੇ ਹੋਏ ਹਨ ਅਤੇ ਮੈਂ ਨਾਲ਼ੋਂ-ਨਾਲ਼ ਤੁਹਾਡੀ ਗੱਲ ਸੁਣਦਾ ਰਹਾਂਗਾ।'' ਥੋੜ੍ਹੀ ਦੇਰ ਵਾਸਤੇ ਖ਼ੁਦ ਨੂੰ ਅਨਮਿਊਟ ਕਰਦੇ ਮੁਜ਼ੱਫ਼ਰ ਨੇ ਝਿਜਕਦੇ ਹੋਏ ਆਪਣੇ ਅਧਿਆਪਕ ਪਾਸੋਂ ਠੇਲੇ 'ਤੇ ਸਬਜ਼ੀ ਲੈਣ ਵਾਸਤੇ ਉਡੀਕ ਕਰਦੇ ਗਾਹਕਾਂ ਨੂੰ ਅਟੈਂਡ ਕਰਨ ਦੀ ਆਗਿਆ ਮੰਗੀ। '' ਤਾਜ਼ੀ... ਸਬਜ਼ੀ ਲੇ ਲੋ... ' ' ਦਾ ਹੌਕਾ ਲਾਇਆ ਅਤੇ ਆਪਣੇ ਸਮਾਰਟਫ਼ੋਨ 'ਤੇ ਵਿਗਿਆਨ ਦੀ ਕਲਾਸ ਵਿੱਚ ਦੋਬਾਰਾ ਮੁੜ ਆਇਆ।
ਇਹ ਮੁਜ਼ੱਫ਼ਰ ਸ਼ੇਖ ਨਾਂਅ ਦੇ ਇੱਕ ਵਿਦਿਆਰਥੀ ਦੀ ਪਹਿਲੀ ਜਮਾਤ ਸੀ, ਜਿੱਥੇ ਉਹ ਪਹਿਲੀ ਵਾਰ 15 ਜੂਨ ਨੂੰ ਆਨਲਾਈਨ ਕਲਾਸ ਵਿੱਚ ਸ਼ਾਮਲ ਹੋਇਆ। ਅੱਠਵੀਂ ਜਮਾਤ ਵਿੱਚ ਪੜ੍ਹਨ ਵਾਲ਼ੇ ਮੁਜ਼ੱਫ਼ਰ ਨੇ ਦੱਸਿਆ,''ਮੈਂ ਹਰ ਸਮਾਂ ਬੈਕਗਰਾਉਂਡ ਵਿੱਚ ਟ੍ਰੈਫ਼ਿਕ ਜਾਂ ਮੋਲ-ਭਾਵ ਕਰਨ ਵਾਲ਼ੇ ਗਾਹਕਾਂ ਦੇ ਸ਼ੇਰ ਨੂੰ ਸੁਣਦਾ ਰਹਿੰਦਾ ਸੀ। ਮੇਰੇ ਲਈ ਇਹ ਤੈਅ ਕਰਨਾ ਮੁਸ਼ਕਲ ਸੀ ਕਿ ਮੈਂ ਜਮਾਤ ਵਿੱਚ ਧਿਆਨ ਲਗਾਵਾਂ ਜਾਂ ਸਬਜ਼ੀਆਂ ਵੇਚਣ 'ਤੇ ਧਿਆਨ ਦਿਆਂ।'' ਮੁਜ਼ੱਫ਼ਰ ਆਨਲਾਈਨ ਸੇਸ਼ਨ ਵਿੱਚ 'ਸ਼ਾਮਲ' ਤਾਂ ਹੋਇਆ, ਪਰ ਉਹਦੇ ਨਾਲ਼ ਹੀ ਉਹਨੂੰ ਸਵੇਰੇ 10 ਵਜੇ ਦੇ ਆਸਪਾਸ ਆਪਣੇ ਠੇਲ੍ਹੇ 'ਤੇ ਬੈਂਗਨ, ਚਕੁੰਦਰ, ਖੀਰੇ ਅਤੇ ਗੋਭੀ ਦੇ ਨਾਲ਼ ਨਾਲ਼ ਹੋਰ ਸਬਜ਼ੀਆਂ ਵੀ ਵੇਚਣੀਆਂ ਪਈਆਂ। ਉਹਨੂੰ ਸਬਜ਼ੀ ਵੇਚਣ ਵਾਸਤੇ ਮਲਾਡ ਦੇ ਮਾਲਵਨੀ ਇਲਾਕੇ ਦੇ ਸਭ ਤੋਂ ਚਹਿਲ-ਪਹਿਲ ਵਾਲ਼ੇ ਬਜ਼ਾਰ ਵਿੱਚ ਆਪਣਾ ਠੇਲ੍ਹਾ ਘੁਮਾਉਣਾ ਪਿਆ। ਇਹ ਥਾਂ ਉੱਤਰੀ ਮੁੰਬਈ ਵਿੱਚ ਆਉਂਦੀ ਹੈ।
ਮੁਜ਼ੱਫ਼ਰ ਨੇ ਆਨਲਾਈਨ ਕਲਾਸ ਵਿੱਚ ਸ਼ਾਮਲ ਹੋਣ ਲਈ, ਕੁਝ ਘੰਟਿਆਂ ਲਈ ਇੱਕ ਦੋਸਤ ਕੋਲ਼ੋਂ ਫ਼ੋਨ ਉਧਾਰ ਲਿਆ ਸੀ। ਉਹਦੇ ਕੋਲ਼ ਖ਼ੁਦ ਦਾ ਸਮਾਰਟਫ਼ੋਨ ਨਹੀਂ ਹੈ। ਮੁਜ਼ੱਫ਼ਰ ਨੇ ਦੱਸਿਆ ਕਿ ''ਠੀਕ ਉਸੇ ਸਮੇਂ, ਮੇਰੇ ਵੱਡੇ ਭਰਾ ਮੁਬਾਰਕ (ਨੌਵੀਂ ਜਮਾਤ ਦਾ ਵਿਦਿਆਰਥੀ) ਨੇ ਵੀ ਕਲਾਸ ਜੁਆਇਨ ਕਰਨੀ ਸੀ। ਇਸ ਕਾਰਨ ਉਨ੍ਹਾਂ ਨੂੰ ਆਪਣੇ ਦੋਸਤ ਘਰ ਜਾਣਾ ਪਿਆ। ਪਾਪਾ ਕੰਮ 'ਤੇ ਗਏ ਹੋਏ ਸਨ। ਇਸਲਈ, ਮੈਨੂੰ ਠੇਲ੍ਹੇ 'ਤੇ ਸਬਜ਼ੀ ਵੇਚਣੀ ਪਈ। ਅਸੀਂ ਤਿੰਨ ਮਹੀਨਿਆਂ ਬਾਅਦ 10 ਜੂਨ ਨੂੰ ਦੋਬਾਰਾ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ।''
ਲੜਕਿਆਂ ਦੇ ਪਿਤਾ, ਇਸਲਾਮ ਨੇ ਜਨਵਰੀ ਮਹੀਨੇ ਵਿੱਚ ਇੱਕ ਕਿਰਾਏ ਦਾ ਠੇਲ੍ਹਾ ਲਿਆ। ਪਰਿਵਾਰ ਦੇ ਖ਼ਰਚੇ ਵੱਧ ਰਹੇ ਸਨ ਅਤੇ ਉਨ੍ਹਾਂ ਨੂੰ ਆਮਦਨੀ ਦੇ ਦੂਸਰੇ ਵਸੀਲਿਆਂ ਦੀ ਲੋੜ ਸੀ। ਕਰੀਬ 40 ਸਾਲ ਦੇ ਇਸਲਾਮ, ਬਤੌਰ ਇੱਕ ਟਰੱਕ ਚਾਲਕ ਕੰਮ ਕਰਦੇ ਸਨ, ਪਰ ਘੱਟ ਆਮਦਨੀ ਕਾਰਨ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। ਹਾਲਾਂਕਿ, ਉਨ੍ਹਾਂ ਨੂੰ ਜੂਨ ਵਿੱਚ ਇਸੇ ਕੰਮ ਨੂੰ ਦੋਬਾਰਾ ਕਰਨਾ ਪਿਆ। ਲੜਕਿਆਂ ਦੀ ਮਾਂ, 35 ਸਾਲਾ ਮੋਮਿਨਾ ਹਨ, ਜੋ ਹੇਅਰ ਕਲਿਪ ਬਣਾਉਂਦੀ ਹਨ ਅਤੇ ਗਾਊਨ ਸਿਓਂਦੀ ਹਨ। ਸੱਤ ਲੋਕਾਂ ਦੇ ਇਸ ਪਰਿਵਾਰ ਵਿੱਚ ਇਨ੍ਹਾਂ ਲੋਕਾਂ ਤੋਂ ਇਲਾਵਾ ਤਿੰਨ ਹੋਰ ਕੁੜੀਆਂ ਹਨ। ਇੱਕ ਦੋ ਸਾਲਾ ਕੁੜੀ ਹੈ, ਜਿਹਦਾ ਨਾਮ ਹਸਨੈਨ ਹੈ। ਇਸ ਤੋਂ ਇਲਾਵਾ, 13 ਸਾਲਾ ਕੁੜੀ ਫ਼ਰਜਾਨਾ ਹੈ, ਜੋ ਸੱਤਵੀਂ ਜਮਾਤ ਵਿੱਚ ਪੜ੍ਹਦੀ ਹਨ। 2 ਭਰਾ ਅਤੇ 2 ਭੈਣਾਂ ਤੋਂ ਇਲਾਵਾ ਤੀਸਰੀ ਭੈਣ ਵੀ ਹੈ, ਜਿਹਦਾ ਨਾਮ ਅਫ਼ਸਾਨਾ ਹੈ। ਅਫ਼ਸਾਨਾ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ।
ਪਰ ਠੇਲ੍ਹਾ ਕਿਰਾਏ 'ਤੇ ਲਿਆਂ ਅਜੇ ਬਾਮੁਸ਼ਕਲ ਦੋ ਮਹੀਨੇ ਹੋਏ ਸਨ ਕਿ 25 ਮਾਰਚ ਨੂੰ ਕੋਵਿਡ-19 ਤਾਲਾਬੰਦੀ ਲੱਗ ਗਈ। ਇਹਦੇ ਕਾਰਨ ਕਰਕੇ ਉਨ੍ਹਾਂ ਨੂੰ ਸਬਜ਼ੀ ਦੀ ਆਪਣੀ ਨਵੀਂ-ਨਵੀਂ ਦੁਕਾਨ ਬੰਦ ਕਰਨੀ ਪਈ। ਮੁਜ਼ੱਫ਼ਰ ਨੇ ਦੱਸਿਆ,''ਪਹਿਲਾਂ ਪਹਿਲ ਪਾਪਾ ਰੇੜੀ ਸੰਭਾਲ਼ਦੇ ਸਨ। ਉਸ ਸਮੇਂ, ਉਹ ਅਤੇ ਉਨ੍ਹਾਂ ਦਾ 17 ਸਾਲਾ ਭਰਾ ਮੁਬਾਰਕ ਸਵੇਰੇ 7 ਵਜੇ ਤੋਂ ਦੁਪਹਿਰ ਤੱਕ ਸਕੂਲ ਵਿੱਚ ਹੀ ਹੁੰਦੇ। ਸਕੂਲ ਤੋਂ ਬਾਅਦ ਦੋਵੇਂ ਭਰਾ ਬਜ਼ਾਰ ਵਿੱਚ ਸਬਜ਼ੀ ਵੇਚਣ ਦੇ ਕੰਮ ਵਿੱਚ ਪਿਤਾ ਦੀ ਮਦਦ ਕਰਦੇ।
''ਪਿਛਲੇ ਸਾਲ ਤੱਕ ਅਸੀਂ ਹਰ ਮਹੀਨੇ ਮੁਸ਼ਕਲ ਨਾਲ਼ 5,000 ਰੁਪਏ ਕਮਾਉਂਦੇ ਸਾਂ। ਪੂਰੇ ਪਰਿਵਾਰ ਨੂੰ ਅਕਸਰ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਪਾਸੋਂ ਮਦਦ ਦੀ ਝਾਕ ਰੱਖਣੀ ਪੈਂਦੀ ਸੀ। ਜਦੋਂ ਮੋਮਿਨਾ ਨੂੰ ਕਿਸੇ ਗੁਆਂਢੀ ਤੋਂ ਇੱਕ ਸਿਲਾਈ ਮਸ਼ੀਨ ਮਿਲ਼ੀ ਤਾਂ ਉਹਨੇ ਹੇਅਰ ਕਲਿਪ ਬਣਾਉਣ ਤੋਂ ਇਲਾਵਾ ਗਾਊਨ ਸਿਓਣੇ ਸ਼ੁਰੂ ਕਰ ਦਿੱਤੇ- ਸੋ ਮਹੀਨੇ 1,000 ਰੁਪਏ ਮਿਲ਼ਣ ਲੱਗੇ। ਪਰ, ਫਿਰ ਤਾਲਾਬੰਦੀ ਦੌਰਾਨ ਉਨ੍ਹਾਂ ਦੀ ਆਮਦਨੀ ਵੀ ਆਉਣੀ ਬੰਦ ਹੋ ਗਈ। ਸਕੂਲ ਦੀ ਫ਼ੀਸ, ਕਰਿਆਨੇ ਦਾ ਸਮਾਨ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ ਜਿਹੇ ਖ਼ਰਚੇ ਝੱਲਣਾ ਮੁਸ਼ਕਲ ਸੀ। ਅਸੀਂ ਆਮਦਨੀ ਵਧਾਉਣ ਲਈ ਸਬਜ਼ੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ, ਪਰ ਇਸ ਤਾਲਾਬੰਦੀ ਨੇ ਸਾਰਾ ਕੁਝ ਬਰਬਾਦ ਕਰ ਦਿੱਤਾ।''
ਤਾਲਾਬੰਦੀ ਕਾਰਨ, ਸ਼ੇਖ ਪਰਿਵਾਰ ਵਾਂਗ ਹੀ ਭਾਰਤ ਦੀ ਇੱਕ ਵੱਡੀ ਅਬਾਦੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਇਨ੍ਹਾਂ ਵਿੱਚੋਂ ਬਹੁਤੇਰੇ ਪਰਿਵਾਰ ਅਜਿਹੇ ਹਨ ਜੋ ਆਪਣੇ ਸ਼ਹਿਰ ਤੋਂ ਬਾਹਰ ਰਹਿ ਕੇ ਅਸਥਾਈ/ਕੱਚੀ ਨੌਕਰੀ ਕਰਦੇ ਹਨ। ਕੱਚੀ ਨੌਕਰੀ ਕਰਨ ਵਾਲ਼ਿਆਂ ਵਿੱਚ ਸਭ ਤੋਂ ਜ਼ਿਆਦਾ ਦਿਹਾੜੀ ਮਜ਼ਦੂਰ ਸਨ। ਸੈਂਟਰ ਫ਼ਾਰ ਮਾਨਿਟਰਿੰਗ ਇੰਡੀਅਨ ਇਕਾਨਮੀ (ਸੀਐੱਮਆਈਈ) ਵਿੱਚ ਅਗਸਤ 2020 ਨੂੰ ਛਪੇ ਇੱਕ ਲੇਖ ਵਿੱਚ ਦੱਸਿਆ ਗਿਆ ਸੀ ਕਿ ਛੋਟੇ ਵਪਾਰੀ, ਫੇਰੀਵਾਲ਼ੇ ਅਤੇ ਦਿਹਾੜੀ ਮਜ਼ਦੂਰ, ਅਪ੍ਰੈਲ ਵਿੱਚ ਲੱਗੀ ਤਾਲਾਬੰਦੀ ਕਰਕੇ ਸਭ ਤੋਂ ਵੱਧ ਪ੍ਰਭਾਵਤ ਹੋਏ। ਇੱਕਲੇ ਅਪ੍ਰੈਲ ਮਹੀਨੇ ਵਿੱਚ ਕੁੱਲ 121.5 ਮਿਲੀਅਨ ਲੋਕਾਂ ਦੀ ਨੌਕਰੀ ਚਲੀ ਗਈ। ਇਨ੍ਹਾਂ ਵਿੱਚ ਸਭ ਤੋਂ ਵੱਧ ਨੌਕਰੀ ਅਜਿਹੇ ਹੀ ਵਰਗ ਦੀ ਖੁੱਸੀ ਸੀ।
ਤਾਲਾਬੰਦੀ ਦੌਰਾਨ, ਸ਼ੇਖ ਪਰਿਵਾਰ ਨੇ ਕਈ ਲੋਕਾਂ ਨੂੰ ਆਪਣੇ ਪਿੰਡੋ-ਪਿੰਡੀ ਮੁੜਦੇ ਦੇਖਿਆ ਅਤੇ ਇਹ ਦੇਖ ਉਨ੍ਹਾਂ ਨੇ ਵੀ ਆਪਣੇ ਪਿੰਡ ਵਾਪਸ ਮੁੜਨ ਬਾਰੇ ਸੋਚਿਆ। ਉਨ੍ਹਾਂ ਦਾ ਪਿੰਡ ਉੱਤਰ ਪ੍ਰਦੇਸ਼ ਦੇ ਬਹਰਾਇਚ ਜ਼ਿਲ੍ਹੇ ਵਿੱਚ ਪੈਂਦਾ ਹੈ। ਪਿੰਡ ਦਾ ਨਾਮ ਬਾਲਾਪੁਰ ਹੈ। ਸਾਲ 1999 ਵਿੱਚ ਸ਼ੇਖ ਪਰਿਵਾਰ ਮੁੰਬਈ ਵਿੱਚ ਕੰਮ ਦੀ ਭਾਲ਼ ਵਿੱਚ ਆਇਆ ਸੀ। ਪਹਿਲਾਂ ਉਹ ਪਿੰਡ ਵਿੱਚ ਖ਼ੇਤ ਮਜ਼ਦੂਰੀ ਕਰਦੇ ਸਨ, ਕਿਉਂਕਿ ਉਨ੍ਹਾਂ ਕੋਲ਼ ਆਪਣੀ ਖ਼ੁਦ ਦੀ ਕੋਈ ਜ਼ਮੀਨ ਨਹੀਂ ਸੀ। ਮੋਮਿਨਾ ਕਹਿੰਦੀ ਹਨ,''ਅਸੀਂ ਵੀ ਆਪਣੇ ਪਿੰਡ ਵਾਪਸ ਮੁੜਨ ਦਾ ਮਨ ਬਣਾਇਆ, ਪਰ ਟ੍ਰੇਨ ਜਾਂ ਬੱਸ ਦੀ ਟਿਕਟ ਨਹੀਂ ਸੀ ਮਿਲ਼ ਰਹੀ। ਫਿਰ ਸਾਨੂੰ ਟੈਂਪੂ ਰਾਹੀਂ ਸਫ਼ਰ ਕਰਦੇ ਲੋਕਾਂ ਨਾਲ਼ ਵਾਪਰੇ ਹਾਦਸਿਆਂ ਦੀ ਖ਼ਬਰਾਂ ਮਿਲ਼ੀਆਂ। ਅਸੀਂ ਜਾਨ ਖ਼ਤਰੇ ਵਿੱਚ ਪਾ ਕੇ ਪਿੰਡ ਵਾਪਸ ਨਹੀਂ ਸਾ ਜਾਣਾ ਚਾਹੁੰਦੇ। ਇਸਲਈ ਅਸੀਂ ਉੱਥੇ ਹੀ ਰੁਕਣ ਦਾ ਫ਼ੈਸਲਾ ਕੀਤਾ ਅਤੇ ਹਾਲਤ ਪਹਿਲਾਂ ਵਾਂਗਰ ਹੋਣ ਦੀ ਉਡੀਕ ਕੀਤੀ।''
ਕਿਉਂਕਿ ਮਾਤਾ-ਪਿਤਾ ਦੋਵਾਂ ਦੇ ਕੋਲ਼ ਕੰਮ ਨਹੀਂ ਸੀ, ਇਸਲਈ ਮੁਜ਼ੱਫ਼ਰ ਅਤੇ ਮੁਬਾਰਕ ਦੋਵੇਂ ਭਰਾਵਾਂ ਨੇ ਅਪ੍ਰੈਲ ਦੇ ਸ਼ੁਰੂਆਤੀ ਦਿਨੀਂ ਤਾਲਾਬੰਦੀ ਅਤੇ ਕਰੜੇ ਕਰਫਿਊ ਦਰਮਿਆਨ ਵਾਰੋ-ਵਾਰੀ ਸਬਜ਼ੀਆਂ ਵੇਚਣੀਆਂ ਸ਼ੁਰੂ ਕੀਤੀਆਂ। ਮੁਜ਼ੱਫ਼ਰ ਨੇ ਦੱਸਿਆ,''ਘਰ ਦੇ ਕੋਲ਼ ਬਜ਼ਾਰ ਵਿੱਚ ਭੀੜ ਨੂੰ ਕੰਟਰੋਲ ਕਰਨ ਦੌਰਾਨ ਇੱਕ ਹਵਲਦਾਰ ਨੇ ਮੇਰੇ ਭਰਾ ਮੁਬਾਰਕ ਦੀ ਕੂਹਣੀ 'ਤੇ ਲਾਠੀ ਨਾਲ਼ ਮਾਰਿਆ। ਇਹਦੇ ਬਾਅਦ, ਅਸੀਂ ਇੱਕ ਮਹੀਨੇ ਤੱਕ ਮਾਲਵਨੀ ਇਲਾਕੇ ਵਿੱਚ ਇੱਕ ਦੂਸਰੇ ਸਬਜ਼ੀ ਵੇਚਣ ਵਾਲ਼ੇ ਦੇ ਠੇਲ੍ਹੇ 'ਤੇ ਕੰਮ ਕੀਤਾ। ਇਹਦੇ ਲਈ ਉਨ੍ਹਾਂ ਨੂੰ ਮਈ ਮਹੀਨੇ ਤੱਕ ਹਰ ਦਿਨ 50 ਰੁਪਏ ਮਿਲ਼ੇ।''
ਮੋਮਿਨਾ ਦੱਸਦੀ ਹਨ,''ਜੂਨ ਮਹੀਨਿਆਂ ਵਿੱਚ, ਜਦੋਂ ਤਾਲਾਬੰਦੀ ਵਿੱਚ ਲਾਈਆਂ ਗਈਆਂ ਪਾਬੰਦੀਆਂ ਵਿੱਚ ਛੋਟ ਮਿਲ਼ਣੀ ਸ਼ੁਰੂ ਹੋਈ ਤਾਂ ਲੜਕਿਆਂ ਨੇ ਫਿਰ ਤੋਂ ਰੇੜੀ ਅਤੇ ਟੈਂਪੂ ਕਿਰਾਏ 'ਤੇ ਲਈਆਂ ਤਾਂ ਕਿ ਥੋਕ ਬਜ਼ਾਰੋਂ ਸਬਜ਼ੀਆਂ ਖ਼ਰੀਦਣ ਅਤੇ ਠੇਲ੍ਹਾ ਅਤੇ ਟੈਂਪੂ ਦਾ ਕਿਰਾਇਆ ਦੇਣ ਤੋਂ ਬਾਅਦ, ਦੋਵੇਂ ਲੜਕੇ ਹਰ ਮਹੀਨੇ ਕਰੀਬ 3,000-4,000 ਰੁਪਏ ਕਮਾਉਣ ਲੱਗੇ।''
ਜੂਨ ਮਹੀਨੇ ਦੇ ਅਖ਼ੀਰ ਵਿੱਚ, ਇਸਲਾਮ ਨੇ ਵੀ ਦੋਬਾਰਾ ਬਤੌਰ ਟਰੱਕ ਚਾਲਕ ਸਹਾਇਕ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਤਨਖ਼ਾਹ ਪਹਿਲਾਂ ਜਿੰਨੀ ਹੀ ਸੀ। 4,000 ਰੁਪਏ ਮਹੀਨਾ। ਮੋਮਿਨਾ ਦੱਸਦੀ ਹਨ,''ਉਹ ਮੁੰਬਈ ਤੋਂ ਬਾਹਰ ਦੇ 9 ਤੋਂ 10 (ਹਰ 2-3 ਦਿਨਾਂ 'ਤੇ) ਫ਼ੇਰੀਆਂ ਲਾਉਂਦੇ ਹਨ। ਵਿਚਲੇ ਸਮੇਂ ਘਰ ਆਉਂਦੇ ਹਨ 2-3 ਘੰਟੇ ਅਰਾਮ ਕਰਦੇ ਹਨ ਅਤੇ ਫਿਰ ਅਗਲੀ ਫ਼ੇਰੀ ਲਈ ਨਿਕਲ਼ ਜਾਂਦੇ ਹਨ। ਉਹ ਦਿਨ-ਰਾਤ ਕੰਮੀਂ ਲੱਗੇ ਰਹਿੰਦੇ ਹਨ।''
ਮੋਮਿਨਾ ਨੇ ਵੀ ਜੂਨ ਦੇ ਆਸਪਾਸ ਦੋਬਾਰਾ ਕੰਮ ਕਰਨਾ ਸ਼ੁਰੂ ਕੀਤਾ, ਪਰ ਮਹੀਨੇ ਵਿੱਚ ਥੋੜ੍ਹੇ ਹੀ ਦਿਨ ਕੰਮ ਆਉਂਦਾ ਹੈ। ਮੋਮਿਨਾ ਦੱਸਦੀ ਹਨ,''ਜੁਲਾਈ ਤੋਂ ਮੈਨੂੰ ਕੁਝ ਕੁਝ ਕੰਮ ਮਿਲ਼ਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਮਾਰਚ ਤੋਂ ਪਹਿਲਾਂ ਕਰੀਬ 20 ਦਿਨ ਕੰਮ ਕਰਦੀ ਸਾਂ, ਪਰ ਹੁਣ ਸਿਰਫ਼ 10 ਦਿਨ ਹੀ ਕੰਮ ਕਰ ਪਾਉਂਦੀ ਹਾਂ। ਸਪਲਾਇਰ ਨੇ ਕਿਹਾ ਹੈ ਕਿ ਨੁਕਸਾਨ ਕਾਰਨ ਕਈ ਕੰਪਨੀਆਂ ਬੰਦ ਹੋ ਗਈਆਂ ਹਨ, ਇਸਲਈ ਆਰਡਰ ਘੱਟ ਆ ਰਹੇ ਹਨ।''
ਹੌਲ਼ੀ-ਹੌਲ਼ੀ ਉਨ੍ਹਾਂ ਦੀ ਰੋਜ਼ੀਰੋਟੀ ਦੇ ਰਸਤੇ ਦੋਬਾਰਾ ਤੋਂ ਖੁੱਲ੍ਹ ਗਏ, ਪਰ ਜਿਸ ਸਕੂਲ ਵਿੱਚ ਮੁਜ਼ੱਫ਼ਰ ਅਤੇ ਮੁਬਾਰਕ ਪੜ੍ਹਦੇ ਹਨ ਉਹ ਸਕੂਲ ਬੰਦ ਹੀ ਰਿਹਾ। ਇਸ ਸਕੂਲ ਦਾ ਨਾਮ ਗੁਰੂਕੁਲ ਇੰਗਲਿਸ਼ ਹਾਈਸਕੂਲ ਐਂਡ ਜੂਨੀਅਰ ਕਾਲਜ ਹੈ, ਜੋ ਮਾਲਵਨੀ ਇਲਾਕੇ ਵਿੱਚ ਅੰਬੁਜਵਾੜੀ ਦੀ ਝੁੱਗੀ ਬਸਤੀ ਤੋਂ ਇੱਕ ਕਿਲੋਮੀਟਰ ਹੀ ਹੈ। ਇਹ ਸਕੂਲ ਇੱਕ ਐੱਨਜੀਓ ਜ਼ਰੀਏ ਚੱਲਦਾ ਹੈ। ਇਸ ਸਕੂਲ ਵਿੱਚ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਤੱਕ ਦੇ 928 ਬੱਚੇ ਪੜ੍ਹਦੇ ਹਨ। ਇਸ ਅਦਾਕਮਿਕ ਸੈਸ਼ਨ ਵਾਸਤੇ ਕਲਾਸਾਂ ਤਾਂ ਸ਼ੁਰੂ ਹੋਈਆਂ ਹੀ- ਪਰ ਆਨਲਾਈਨ।
ਮੁਬਾਰਕ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਦੇ ਕੋਲ਼ ਇੱਕ ਸਧਾਰਣ ਮੋਬਾਇਲ ਹੈ, ਇਸਲਈ ਉਨ੍ਹਾਂ ਨੂੰ ਖਾਲਾ (ਮਾਸੀ) ਦਾ ਮੋਬਾਇਲ ਫ਼ੋਨ ਉਧਾਰ ਲੈਣਾ ਪਿਆ। ਪਰ ਇਸ ਇੱਕ ਮੋਬਾਇਲ 'ਤੇ ਅਸੀਂ ਚਾਰ ਭੈਣ-ਭਰਾ ਕਲਾਸਾਂ ਨਹੀਂ ਲਾ ਸਕਦੇ। ਖ਼ਾਸ ਤੌਰ 'ਤੇ ਉਦੋਂ, ਜਦੋਂ ਸਾਰਿਆਂ ਦੀਆਂ ਕਲਾਸਾਂ ਇਕੱਠਿਆਂ ਹੀ ਚੱਲਦੀਆਂ ਹੋਣ। ਇਸਲਈ, ਉਨ੍ਹਾਂ ਦੀਆਂ ਦੋਵਾਂ ਛੋਟੀਆਂ ਭੈਣਾਂ ਨੂੰ ਆਨਲਾਈਨ ਕਲਾਸ ਵਾਸਤੇ ਆਪਣੀ ਸਹੇਲੀ ਦੇ ਘਰ ਜਾਣਾ ਪੈਂਦਾ ਹੈ। ਫ਼ਰਜਾਨਾ ਅਤੇ ਅਫ਼ਸਾਨਾ, ਐੱਮ.ਐੱਮ.ਬੀ. ਉਰਦੂ ਸਕੂਲ ਵਿੱਚ ਪੜ੍ਹਦੀਆਂ ਹਨ, ਜੋ ਨਗਰ ਨਿਗਮ ਦੁਆਰਾ ਸੰਚਾਲਤ ਹੈ। ਇਹ ਸਕੂਲ ਅੰਬੁਜਵਾੜੀ ਦੀ ਝੁੱਗੀ ਬਸਤੀ ਤੋਂ ਕਰੀਬ 2 ਕਿਲੋਮੀਟਰ ਦੂਰ ਹੈ।
ਮੁਜ਼ੱਫ਼ਰ ਅਤੇ ਮੁਬਾਰਕ ਵਾਰੋ-ਵਾਰੀ ਸਬਜ਼ੀ ਦੇ ਆਪਣੇ ਕਾਰੋਬਾਰ ਨੂੰ ਸੰਭਾਲ਼ਦੇ ਹਨ ਅਤੇ ਉਧਾਰ ਦੇ ਇਸ ਮੋਬਾਇਲ 'ਤੇ ਆਨਲਾਈਨ ਕਲਾਸਾਂ ਲਾਉਂਦੇ ਹਨ ਤਾਂਕਿ ਪਿਛਲੀ ਵਾਰ ਵਾਂਗਰ ਬਜ਼ਾਰ ਵਿੱਚ ਪੈਂਦੇ ਰੌਲ਼ੇ-ਗੌਲ਼ੇ ਵਿੱਚ ਕਲਾਸ ਲਾਉਣ ਦੇ ਤਜ਼ਰਬੇ ਵਿੱਚੋਂ ਦੀ ਦੋਬਾਰਾ ਨਾ ਲੰਘਣਾ ਪਵੇ। ਹਾਲਾਂਕਿ, ਅਜੇ ਵੀ ਉਨ੍ਹਾਂ ਲਈ ਪੜ੍ਹਾਈ 'ਤੇ ਫ਼ੋਕਸ ਕਰ ਸਕਣਾ ਮੁਸ਼ਕਲ ਹੈ, ਕਿਉਂਕਿ ਉਨ੍ਹਾਂ ਨੂੰ ਤਿੰਨ ਘੰਟੇ ਦੀ ਕਲਾਸ ਵਿੱਚ ਸ਼ਾਮਲ ਹੋਣਾ ਪੈਂਦਾ ਹੈ ਅਤੇ ਹਰ ਦਿਨ 6 ਤੋਂ 7 ਘੰਟੇ (ਐਤਵਾਰ ਨੂੰ ਛੁੱਟੀ ਹੁੰਦੀ ਹੈ) ਕੰਮ ਵੀ ਕਰਨਾ ਹੀ ਪੈਂਦਾ ਹੈ।
ਦੋਵੇਂ ਭਰਾ ਵਾਰੋ-ਵਾਰੀ ਹਰ ਦਿਨ, ਨਵੀਂ ਮੁੰਬਈ ਵਿੱਚ ਸਥਿਤ ਖੇਤੀ ਉਪਜ ਮੰਡੀ ਕਮੇਟੀ (ਏਪੀਐੱਮਸੀ) ਯਾਰਡ ਵਿੱਚ ਸਬਜ਼ੀਆਂ ਖ਼ਰੀਦਣ ਜਾਂਦੇ ਹਨ। ਇਹ ਥਾਂ ਅੰਬੁਜਵਾੜੀ ਤੋਂ ਕਰੀਬ 40 ਕਿਲੋਮੀਟਰ ਦੂਰ ਹੈ। ਸਬਜ਼ੀਆਂ ਖ਼ਰੀਦਣ ਵਾਸਤੇ ਦੋਵੇਂ ਭਰਾ, ਦੂਸਰੇ ਸਬਜ਼ੀ ਵਿਕਰੇਤਾਵਾਂ ਦੇ ਨਾਲ਼ ਆਟੋ ਸਾਂਝਾ ਕਰਦੇ ਹਨ। ਵੈਸੇ ਤਾਂ ਉਨ੍ਹਾਂ ਨੇ ਪਹਿਲਾਂ ਵੀ ਤਾਂ ਇਹੀ ਕੰਮ ਤਾਂ ਆਪਣੇ ਪਿਤਾ ਦੇ ਨਾਲ਼ ਰਲ਼ ਕੇ ਵੀ ਕੀਤਾ ਸੀ ਜਦੋਂ ਉਨ੍ਹਾਂ ਦੇ ਪਿਤਾ ਇਸਲਾਮ ਨੇ ਕਿਰਾਏ 'ਤੇ ਠੇਲ੍ਹਾ ਲਿਆ ਸੀ। ਮੁਜ਼ੱਫ਼ਰ ਦੱਸਦੇ ਹਨ,''ਅਸੀਂ ਰਾਤ ਦੇ ਕਰੀਬ 12 ਵਜੇ ਜਾਂਦੇ ਹਾਂ ਅਤੇ ਸਵੇਰੇ 5-5.30 ਵਜੇ ਹੀ ਘਰ ਮੁੜਦੇ ਹਾਂ। ਬਹੁਤੇਰੀ ਵਾਰ ਤਾਂ ਮੈਂ ਹੀ ਜਾਂਦਾ ਹਾਂ, ਮੁਬਾਰਕ ਨੂੰ ਚੰਗੀ ਤਰ੍ਹਾਂ ਸੌਦੇਬਾਜ਼ੀ ਨਹੀਂ ਕਰ ਪਾਉਂਦਾ। ਸਵੇਰੇ 7.30 ਵਜੇ ਤੱਕ ਅਸੀਂ ਤਾਜ਼ੀਆਂ ਸਬਜ਼ੀਆਂ ਨੂੰ ਧੋਂਦੇ ਹਾਂ ਅਤੇ ਠੇਲ੍ਹੇ ਵਿੱਚ ਕਰੀਨੇ ਨਾਲ਼ ਸਜਾਉਂਦੇ ਹਾਂ।''
ਮੁਬਾਰਕ ਨੇ ਦੱਸਿਆ,''ਸਬਜ਼ੀਆਂ ਦੀ ਥੋਕ ਮੰਡੀ ਵਿੱਚ ਪੂਰੀ ਪੂਰੀ ਰਾਤ ਜਾਗ ਕੇ, ਅਗਲੀ ਸਵੇਰ ਜਾਂ ਦੁਪਹਿਰ ਵੇਲ਼ੇ ਆਨਲਾਈਨ ਕਲਾਸ ਲਾਉਂਦੇ ਵੇਲ਼ੇ ਖ਼ੁਦ ਨੂੰ ਇਕਾਗਰ ਰੱਖਣਾ ਬੇਹੱਦ ਮੁਸ਼ਕਲ ਕੰਮ ਹੈ। ਕਲਾਸ ਦੌਰਾਨ ਨੀਂਦ ਵੀ ਆਉਣ ਲੱਗਦੀ ਹੈ, ਪਰ ਮੈਂ ਅੱਖਾਂ ਵਿੱਚ ਪਾਣੀ ਦੇ ਛਿੱਟੇ ਮਾਰਦਾ ਹਾਂ ਜਾਂ ਸਿਰ ਛੰਡਦਾ ਰਹਿੰਦਾ ਹਾਂ ਤਾਂਕਿ ਨੀਂਦ ਨਾ ਆਵੇ।''
15-20 ਕਿਲੋ ਸਬਜ਼ੀਆਂ ਨਾਲ਼ ਲੱਦੀ ਰੇੜੀ ਨੂੰ ਇੱਧਰ ਉੱਧਰ ਘੁਮਾਉਣਾ ਕਾਫ਼ੀ ਥਕਾਊ ਹੁੰਦਾ ਹੈ। ਮੁਜ਼ੱਫ਼ਰ ਕਹਿੰਦੇ ਹਨ,''ਮੇਰੇ ਮੋਢੇ ਦੁੱਖਣ ਲੱਗਦੇ ਹਨ, ਤਲ਼ੀਆਂ ਸੜਨ ਲੱਗਦੀਆਂ ਹਨ। ਇਸ ਕਾਰਨ ਕਰਕੇ ਲਿਖਦੇ ਵੇਲ਼ੇ ਕਾਫ਼ੀ ਪੀੜ੍ਹ ਰਹਿੰਦੀ ਹੈ। ਅਸੀਂ ਦੋਵੇਂ ਭਰਾ ਵਾਰੋ-ਵਾਰੀ ਸਬਜ਼ੀ ਵੇਚਦੇ ਹਾਂ। ਅੱਜ (28 ਨਵੰਬਰ) ਨੂੰ ਮੁਬਾਰਕ ਦੀ ਸਵੇਰ ਦੀ ਕਲਾਸ ਹੈ ਤਾਂ ਕਰਕੇ ਮੈਂ ਸਬਜ਼ੀ ਵੇਚਣ ਆ ਗਿਆਂ। ਮੇਰੀ ਕਲਾਸ 1.30 ਵਜੇ ਹੈ।''
ਉਨ੍ਹਾਂ ਦੇ ਸਕੂਲ ਵਿੱਚ ਕਈ ਵਿਦਿਆਰਥੀ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ਼ ਜੂਝਦੇ ਰਹੇ ਹਨ। ਗੁਰੂਕੁਲ ਇੰਗਲਿਸ਼ ਹਾਈਸਕੂਲ ਐਂਡ ਜੂਨੀਅਰ ਕਾਲਜ ਦੇ ਮੋਢੀ ਅਤੇ ਪ੍ਰਿੰਸੀਪਲ, ਫ਼ਰੀਦ ਸ਼ੇਖ ਕਹਿੰਦੇ ਹਨ,''ਲਗਭਗ ਸਾਡੇ 50 ਵਿਦਿਆਰਥੀ ਹਨ ਜੋ ਹੋਟਲਾਂ, ਨਿਰਮਾਣ-ਥਾਵਾਂ 'ਤੇ ਕੰਮ ਕਰ ਰਹੇ ਹਨ, ਸਬਜ਼ੀਆਂ ਵੇਚ ਰਹੇ ਹਨ। ਉਹ ਅਕਸਰ ਕਹਿੰਦੇ ਹਨ ਕਿ ਕੰਮ ਕਾਰਨ ਥੱਕੇ-ਟੁੱਟੇ ਹੋਏ ਹਨ ਜਾਂ ਨੀਂਦ ਆ ਰਹੀ ਹੈ। ਉਨ੍ਹਾਂ ਬੱਚਿਆਂ ਵਾਸਤੇ ਕਲਾਸ ਵਿੱਚ ਧਿਆਨ ਕੇਂਦਰਤ ਕਰਨਾ ਮੁਸ਼ਕਲ ਕੰਮ ਹੁੰਦਾ ਹੈ।''
''ਮਾਲਵਨੀ, ਧਾਰਾਵੀ, ਮਾਨਖੁਰਦ ਅਤੇ ਗੋਵੰਡੀ ਝੁੱਗੀ ਬਸਤੀਆਂ ਵਿੱਚ ਰਹਿਣ ਵਾਲ਼ੇ ਕਈ ਬੱਚਿਆਂ ਨੇ ਤਾਲਾਬੰਦੀ ਦੌਰਾਨ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਅਜੇ ਵੀ ਕੰਮ ਕਰ ਰਹੇ ਹਨ,'' ਮੁੰਬਈ ਅਧਾਰਤ ਅਤੇ ਉੱਥੇ ਕੰਮ ਕਰਨ ਵਾਲ਼ੀ ਐੱਨਜੀਓ, ਪ੍ਰਥਮ ਦੇ ਪ੍ਰੋਗਰਾਮ ਹੈੱਡ ਨਵਨਾਥ ਕਾਂਬਲੇ ਦੱਸਦੇ ਹਨ। ਉਨ੍ਹਾਂ ਦੀ ਇਹ ਐੱਨਜੀਓ ਝੁੱਗੀ-ਬਸਤੀਆਂ ਵਿੱਚ ਰਹਿਣ ਵਾਲ਼ੇ ਬੱਚਿਆਂ ਦੀ ਪੜ੍ਹਾਈ-ਲਿਖਾਈ ਲਈ ਕੰਮ ਕਰਦੀ ਹੈ। ''ਉਨ੍ਹਾਂ ਦੀ ਆਨਲਾਈਨ ਕਲਾਸਾਂ ਤੀਕਰ ਪਹੁੰਚ ਹੀ ਨਹੀਂ ਹੈ ਜਿਸ ਦਾ ਵੱਡਾ ਕਾਰਨ ਉਨ੍ਹਾਂ ਕੋਲ਼ ਸਮਾਰਟਫ਼ੋਨ ਨਾ ਹੋਣਾ ਅਤੇ ਮਾਪਿਆਂ ਕੋਲ਼ ਰੁਜ਼ਗਾਰ ਦਾ ਬਾਕੀ ਨਾ ਰਹਿਣਾ ਹੈ।''
ਅਜਿਹੀ ਹੀ ਕਹਾਣੀ 17 ਸਾਲਾ ਰੌਸ਼ਨੀ ਖ਼ਾਨ ਦੀ ਵੀ ਹੈ, ਜਿਹਦਾ ਘਰ ਸ਼ੇਖ ਪਰਿਵਾਰ ਦੇ ਘਰੋਂ ਕਰੀਬ 10 ਮਿੰਟ ਦੀ ਦੂਰ 'ਤੇ ਸਥਿਤ ਅੰਬੁਜਵਾੜੀ ਝੁੱਗੀ ਬਸਤੀ ਵਿੱਚ ਹੈ। ਰੌਸ਼ਨੀ ਨੇ ਕੁਝ ਸਮੇਂ ਵਾਸਤੇ ਕੇਕ ਦੀ ਇੱਕ ਦੁਕਾਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਤਾਂਕਿ ਉਹ ਪੜ੍ਹਾਈ ਵਾਸਤੇ ਪੁਰਾਣਾ ਮੋਬਾਇਲ ਖ਼ਰੀਦ ਸਕੇ। ਰੌਸ਼ਨੀ ਦੇ ਪਿਤਾ, ਸਾਬਿਰ ਇੱਕ ਵੈਲਡਰ ਹਨ ਜਦੋਂ ਕਿ ਮਾਂ, ਰੁਖਸਾਨਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਨ। ਰੌਸ਼ਨੀ ਦੇ ਮਾਤਾ-ਪਿਤਾ 1970ਵਿਆਂ ਵਿੱਚ ਬਿਹਾਰ ਦੇ ਮਧੇਪੁਰਾ ਜ਼ਿਲ੍ਹੇ ਦੇ ਕਲੋਤਹਾ ਪਿੰਡ ਤੋਂ ਮੁੰਬਈ ਆਏ ਸਨ।
ਰੌਸ਼ਨੀ ਦੱਸਦੀ ਹੈ,''ਪਾਪਾ ਦੇ ਕੋਲ਼ ਇੱਕ ਸਧਾਰਣ ਮੋਬਾਇਲ ਸੀ। ਮਾਰਚ ਵਿੱਚ ਉਨ੍ਹਾਂ ਦਾ ਕੰਮ ਬੰਦ ਹੋ ਗਿਆ। ਇਸਲਈ, ਸਮਾਰਟਫ਼ੋਨ ਖ਼ਰੀਦਣਾ ਵੱਸ ਦੀ ਗੱਲ ਨਾ ਰਹੀ।'' ਰੌਸ਼ਨੀ ਮਲਾਡ ਵੈਸਟ ਦੀ ਜਿਹੜੀ ਦੁਕਾਨ ਵਿੱਚ ਕੰਮ ਕਰਦੀ ਸੀ ਉਹ ਅੰਬੁਜਵਾੜੀ ਵਿੱਚ ਸਥਿਤ ਉਨ੍ਹਾਂ ਦੇ ਘਰ ਤੋਂ 5 ਕਿਲੋਮੀਟਰ ਦੂਰ ਹੈ। ਰੌਸ਼ਨੀ ਉੱਥੇ ਮਫ਼ਿਨ ਅਤੇ ਕੇਕ ਦੀ ਸਜਾਵਟ ਦੇ ਸਮਾਨ ਦੀ ਪੈਕਿੰਗ ਅਤੇ ਵੇਚਣ ਦਾ ਕੰਮ ਕਰਦੀ ਹੈ। ''ਮੇਰੇ ਦੋਸਤ ਨੇ ਮੈਨੂੰ ਮਾਰਚ ਮਹੀਨੇ ਵਿੱਚ ਇਸ ਨੌਕਰੀ ਬਾਰੇ ਦੱਸਿਆ ਸੀ, ਇਸਲਈ ਮੈਂ ਨੌਕਰੀ ਫੜ੍ਹ ਲਈ।'' ਦੁਕਾਨ ਤੱਕ ਜਾਣ ਲਈ ਉਹ ਆਟੋਰਿਕਸ਼ਾ ਸਾਂਝਾ ਕਰਦੀ ਹਨ ਅਤੇ ਇੱਕ ਪਾਸੇ ਦੇ ਕਿਰਾਏ ਲਈ 20 ਰੁਪਏ ਖਰਚਦੀ ਹਨ।
ਰੌਸ਼ਨੀ ਨੇ ਅੱਧ ਮਈ ਵਿੱਚ 2,500 ਰੁਪਏ ਦਾ ਪੁਰਾਣਾ ਫ਼ੋਨ ਖਰੀਦਿਆ ਜੋ ਉਹਨੇ ਆਪਣੀ 5,000 ਰੁਪਏ ਤਖਨਾਹ ਦੇ ਪੈਸਿਆਂ ਨਾਲ਼ ਲਿਆ। ਉਹਨੇ ਆਪਣਾ ਕੰਮ ਕਰਨਾ ਵੀ ਜਾਰੀ ਰੱਖਿਆ ਤਾਂਕਿ ਉਹਦੇ ਪਰਿਵਾਰ ਦਾ ਖਰਚਾ ਚੱਲਦਾ ਰਹਿ ਸਕੇ।
ਰੌਸ਼ਨੀ ਦਾ ਕੰਮ ਸਵੇਰੇ 11 ਵਜੇ ਤੋਂ ਸ਼ਾਮੀਂ 6 ਵਜੇ ਤੱਕ ਚੱਲਦਾ ਹੈ। ਇਸੇ ਸਮੇਂ ਉਹਦੀਆਂ ਕਲਾਸਾਂ ਵੀ ਹੁੰਦੀਆਂ ਹਨ। ਰੌਸ਼ਨੀ ਦੱਸਦੀ ਹੈ,''ਹਫ਼ਤੇ ਵਿੱਚ 2-3 ਵਾਰ ਦੀਆਂ ਮੇਰੀਆਂ ਕਲਾਸਾਂ (ਦੁਪਹਿਰ ਦੀਆਂ) ਛੁੱਟ ਜਾਂਦੀਆਂ ਹਨ। ਹਾਲਾਂਕਿ, ਮੈਂ ਛੁੱਟ ਚੁੱਕੇ ਸਬਕ ਆਪਣੇ ਆਪ ਤਿਆਰ ਕਰਦੀਆਂ ਹਾਂ ਅਤੇ ਜੋ ਵੀ ਦਿੱਕਤ ਹੁੰਦੀ ਹੈ ਉਹ ਅਧਿਆਪਕ ਨਾਲ਼ ਫ਼ੋਨ 'ਤੇ ਗੱਲ ਕਰਕੇ ਸੁਲਝਾ ਲੈਂਦੀ ਹਾਂ।''
ਰੌਸ਼ਨੀ 7 ਘੰਟੇ ਖੜ੍ਹੇ ਪੈਰ ਕੰਮ ਕਰਦੀ ਹੈ। ''ਮੈਂ ਇੰਨੀ ਥੱਕ ਜਾਂਦੀ ਹਾਂ, ਮੈਂ ਆਪਣਾ ਘਰ ਦਾ ਕੰਮ ਵੀ ਪੂਰਾ ਨਹੀਂ ਕਰ ਪਾਉਂਦੀ। ਅਕਸਰ ਮੈਂ ਰਾਤ ਦੀ ਰੋਟੀ ਖਾਧੇ ਬਗ਼ੈਰ ਹੀ ਸੌਂ ਜਾਂਦੀ ਹਾਂ। ਕਈ ਵਾਰੀ ਮੇਰੇ ਮਨ ਵਿੱਚ ਆਉਂਦਾ ਹੈ ਕਿ ਜਦੋਂ ਮੈਂ ਕਮਾਈ ਕਰ ਹੀ ਰਹੀ ਹਾਂ ਤਾਂ ਫਿਰ ਪੜ੍ਹ ਕੇ ਕੀ ਲੈਣਾ?'' ਉਹ ਪੁੱਛਦੀ ਹੈ।
ਪ੍ਰਥਮ ਐੱਨਜੀਓ ਦੇ ਪ੍ਰੋਗਰਾਮ ਹੈੱਡ ਨਵਨਾਥ ਕਾਂਬਲੇ ਕਹਿੰਦੇ ਹਨ,''ਝੁੱਗੀ ਬਸਤੀਆਂ ਵਿੱਚ ਰਹਿਣ ਵਾਲ਼ੇ ਅਜਿਹੇ ਬੱਚੇ ਜੋ ਕੰਮ ਕਰਦੇ ਹਨ ਉਨ੍ਹਾਂ ਦਾ ਪੜ੍ਹਾਈ ਪ੍ਰਤੀ ਉਦਾਸੀਨ ਰਵੱਈਆ ਆਮ ਗੱਲ ਹੈ। ਇਨ੍ਹਾਂ ਬੱਚਿਆਂ ਦੀ ਸਿੱਖਿਆ ਵਿੱਚ ਬਹੁਤੀ ਰੁਚੀ ਨਹੀਂ ਹੈ ਅਤੇ ਵਧੀਆ ਪੜ੍ਹਾਈ ਖੁਣੋਂ ਸੱਖਣੇ ਇਹ ਬੱਚੇ ਤੇਜ਼ੀ ਨਾਲ਼ ਬਾਲ ਮਜ਼ਦੂਰੀ ਵੱਲ ਧੱਕੇ ਜਾਂਦੇ ਰਹਿੰਦੇ ਹਨ।''
ਰੌਸ਼ਨੀ ਦੇ ਤਿੰਨ ਛੋਟੇ ਭੈਣ-ਭਰਾ ਹਨ- 7ਵੀਂ ਵਿੱਚ ਪੜ੍ਹਦੀ ਰਿਹਾਨਾ, 5ਵੀਂ ਵਿੱਚ ਪੜ੍ਹਦੀ ਸੁਮੈਰਾ ਅਤੇ ਚੌਥੀ ਵਿੱਚ ਪੜ੍ਹਦਾ ਰਿਜ਼ਵਾਨ, ਸਾਰੇ ਦੇ ਸਾਰੇ ਬੱਚੇ ਐੱਮ.ਐੱਚ.ਬੀ. ਸਕੂਲ ਵਿਖੇ ਪੜ੍ਹਦੇ ਹਨ। ਰੌਸ਼ਨੀ ਦੱਸਦੀ ਹੈ, ''ਉਹ ਆਨਲਾਈਨ ਕਲਾਸ ਵਾਸਤੇ ਆਪਣੇ ਦੋਸਤ ਦੇ ਘਰ ਜਾਂਦੀਆਂ ਹਨ, ਕਿਉਂਕਿ ਮੈਂ ਆਪਣਾ ਮੋਬਾਇਲ ਆਪਣੇ ਨਾਲ਼ ਲੈ ਜਾਂਦੀ ਹਾਂ।''
ਰੌਸ਼ਨੀ ਦੇ ਮਾਪਿਆਂ ਨੇ ਅੱਧ-ਸਤੰਬਰ ਕੰਮ ਕਰਨਾ ਸ਼ੁਰੂ ਕੀਤਾ ਪਰ ਘੱਟ ਤਨਖ਼ਾਹ ਨਾਲ਼। ''ਪਹਿਲਾਂ ਮੈਂ 4 ਘਰਾਂ ਵਿੱਚ ਕੰਮ ਕਰ ਰਹੀ ਸਾਂ, ਪਰ ਹੁਣ ਮੈਂ ਸਿਰਫ਼ ਇੱਕੋ ਘਰ ਵਿੱਚ ਹੀ ਕੰਮ ਕਰਦੀ ਹਾਂ। ਬਾਕੀ ਮਾਲਕਾਂ ਨੇ ਅਜੇ ਮੈਨੂੰ ਸੱਦਿਆ ਹੀ ਨਹੀਂ,'' ਰੁਖਸਾਨਾ ਕਹਿੰਦੀ ਹਨ। ਇਹਦਾ ਮਤਲਬ ਕਿ ਉਹ ਮਹੀਨੇ ਦਾ ਬਾਮੁਸ਼ਕਲ 1,000 ਰੁਪਿਆ ਹੀ ਬਣਾ ਪਾਉਂਦੀ ਹਨ, ਜਦੋਂ ਕਿ ਮਾਰਚ ਤੋਂ ਪਹਿਲਾਂ ਉਹ 4,000 ਰੁਪਏ ਕਮਾ ਲੈਂਦੀ ਸਨ।
ਰੁਖਸਾਨਾ ਦੱਸਦੀ ਹਨ,''ਰੌਸ਼ਨੀ ਦੇ ਪਿਤਾ ਨੂੰ ਵੀ ਹੁਣ ਮਹੀਨੇ ਦੇ ਸਿਰਫ਼ 15 ਦਿਨ (400 ਰੁਪਏ ਦਿਹਾੜੀ) ਹੀ ਕੰਮ ਮਿਲ਼ਦਾ ਹੈ ਕਿੱਥੇ ਪਹਿਲਾਂ 25 ਦਿਨ ਮਿਲ਼ਦਾ ਹੁੰਦਾ ਸੀ ਜਦੋਂ ਉਹ ਮਾਲਵਨੀ ਦੇ ਲੇਬਰ ਨਾਕਾ 'ਤੇ ਖੜ੍ਹੇ ਹੋਇਆ ਕਰਦੇ ਸਨ।'' ਸੋ ਉਨ੍ਹਾਂ ਦੀ ਕੁੱਲ ਮਿਲ਼ ਕੇ ਅਤੇ ਰੌਸ਼ਨੀ ਦੀ ਕਮਾਈ ਜੋੜ ਕੇ ਮਹੀਨੇ ਦੀ 12,000 ਰੁਪਏ ਤੋਂ ਵੀ ਘੱਟ ਹੀ ਆਮਦਨੀ ਬਣਦੀ ਹੈ। ਤਾਲਾਬੰਦੀ ਤੋਂ ਪਹਿਲਾਂ ਜਦੋਂ ਰੌਸ਼ਨੀ ਕੰਮ ਨਹੀਂ ਕਰਦੀ ਸੀ ਤਾਂ ਵੀ ਇਹ ਆਮਦਨੀ 14,000 ਰੁਪਏ ਹੋਇਆ ਕਰਦੀ ਸੀ।
ਰੁਖਸਾਨਾ ਕਹਿੰਦੀ ਹਨ,''ਸਾਡੀ ਆਮਦਨੀ ਘੱਟ ਹੋਈ ਹੈ, ਪਰ ਸਾਡੇ ਖ਼ਰਚੇ ਘੱਟ ਨਹੀਂ ਹੋਏ।'' ਕਰਿਆਨੇ ਦਾ ਸਮਾਨ, ਸਕੂਲ ਦੀ ਫ਼ੀਸ, ਬਿਜਲੀ ਦਾ ਬਿੱਲ, ਗੈਸ ਸਿਲੰਡਰ ਅਤੇ ਖਾਣ-ਪੀਣ ਦੀਆਂ ਹੋਰ ਵਸਤਾਂ ਤਾਂ ਖਰੀਦਣੀਆਂ ਹੀ ਪੈਂਦੀਆਂ ਹਨ (ਪਰਿਵਾਰ ਕੋਲ ਰਾਸ਼ਨ ਕਾਰਡ ਵੀ ਨਹੀਂ ਹੈ, ਨਾ ਕਦੇ ਰਾਸ਼ਨ ਕਾਰਡ ਬਣਵਾਉਣ ਦੀ ਹੀਲਾ ਹੀ ਬਣਿਆ)।
ਰੁਖਸਾਨਾ ਆਪਣੀ ਧੀ ਸਿਰ ਪੈਣ ਵਾਲ਼ੇ ਆਰਥਿਕ ਬੋਝ ਨੂੰ ਲੈ ਕੇ ਪਰੇਸ਼ਾਨ ਵੀ ਹਨ। ਉਹ ਕਹਿੰਦੀ ਹਨ,''ਰੌਸ਼ਨੀ ਬਹੁਤ ਛੋਟੀ ਹੈ। ਮੈਨੂੰ ਉਹਦੀ ਚਿੰਤਾ ਹੈ। ਘਰ ਚਲਾਉਣਾ ਉਹਦੇ ਲਈ ਕਾਫ਼ੀ ਵੱਡੀ ਜ਼ਿੰਮੇਦਾਰੀ ਹੈ।''
ਇਸੇ ਦਰਮਿਆਨ ਰੌਸ਼ਨੀ ਆਪਣੀ ਨੌਕਰੀ ਅਤੇ ਆਨਲਾਈਨ ਕਲਾਸ ਵਿਚਾਲੇ ਮੇਲ਼ ਬਿਠਾਉਣਾ ਪੈਂਦਾ ਹੈ। ਠੀਕ ਉਸੇ ਤਰ੍ਹਾਂ, ਜਿਵੇਂ ਮੁਜ਼ੱਫ਼ਰ ਅਤੇ ਮੁਬਾਕਰ ਵੀ ਕੰਮ ਕਰਦੇ ਹੋਏ ਆਨਲਾਈਨ ਕਲਾਸ ਕਰ ਰਹੇ ਹਨ। ਬ੍ਰਹੰਨਮੁੰਬਈ ਨਗਰ ਨਿਗਮ ਨੇ ਐਲਾਨ ਕੀਤਾ ਹੈ ਕਿ ਸ਼ਹਿਰ ਵਿੱਚ ਸਕੂਲ ਘੱਟ ਤੋਂ ਘੱਟ 31 ਦਸੰਬਰ ਤੱਕ ਬੰਦ ਰਹਿਣਗੇ।
ਮੁਜ਼ੱਫ਼ਰ ਨੇ ਦੱਸਿਆ,''ਸਾਨੂੰ ਪੜ੍ਹਾਈ ਅਤੇ ਕੰਮ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ, ਭਾਵੇਂ ਕਿੰਨੇ ਵੀ ਸਮੇਂ ਲਈ ਕਿਉਂ ਨਾ ਹੋਵੇ। ਪਰ ਮੈਂ ਕਦੇ ਪੜ੍ਹਾਈ ਨਹੀਂ ਛੱਡਾਂਗਾ,'' ਆਨਲਾਈਲ ਕਲਾਸ ਲਾਉਣ ਲਈ ਆਪਣੇ ਘਰ ਵੱਲ ਜਾਂਦਾ ਮੁਜ਼ੱਫ਼ਰ ਕਹਿੰਦਾ ਹੈ। ''ਵੈਸੇ ਵੀ ਅਸੀਂ ਹੁਣ ਥੱਕ ਹਾਰ ਕੇ ਵੀ ਪੜ੍ਹਾਈ ਕਰਨ ਦੇ ਆਦੀ ਤਾਂ ਹੋ ਹੀ ਚੁੱਕੇ ਹਾਂ... ਅੱਗੇ ਵੀ ਮੈਨੇਜ ਕਰ ਹੀ ਲਵਾਂਗੇ।''
ਤਰਜਮਾ: ਕਮਲਜੀਤ ਕੌਰ