ਡਾ. ਬੀ. ਆਰ. ਅੰਬੇਦਕਰ ਦੁਆਰਾ ਭਾਰਤੀ ਰਾਜਨੀਤੀ ਦੇ ਮੁੱਖ ਪੱਖ ਨੂੰ ਉਭਾਰਨ ਤੋਂ ਬਾਅਦ ਅਤੇ ਖ਼ੁਦ ਰਾਜਨੀਤੀ ਦਾ ਹਿੱਸਾ ਬਣਨ ਤੋਂ ਬਾਅਦ ਸ਼ਾਇਰਾਂ, ਕਵੀਆਂ ਅਤੇ ਗਾਇਕਾਂ ਨੇ ਮਹਾਰਾਸ਼ਟਰ ਦੇ ਹਰ ਕੋਨੇ ਵਿੱਚ ਇਸ ਗਿਆਨ ਦੀ ਲਹਿਰ ਨੂੰ ਪ੍ਰਸਾਰਤ ਕਰਨ ਅਤੇ ਪ੍ਰਚਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਉਹਨਾਂ ਨੇ ਬਾਬਾ ਸਾਹੇਬ ਦੇ ਜੀਵਨ, ਉਹਨਾਂ ਦੇ ਸੰਦੇਸ਼ ਅਤੇ ਦਲਿਤਾਂ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਉਹਨਾਂ ਦੀ ਭੂਮਿਕਾ ਨੂੰ ਇੰਨੀ ਸੁਖ਼ਾਲ਼ੀ ਭਾਸ਼ਾ ਵਿੱਚ ਬਿਆਨ ਕੀਤਾ, ਜੋ ਕਿ ਹਰ ਕਿਸੇ ਦੀ ਸਮਝ ਵਿੱਚ ਆ ਸਕੇ। ਉਨ੍ਹਾਂ ਦੁਆਰਾ ਗਾਏ ਜਾਂਦੇ ਇਹ ਗੀਤ ਹੀ ਪਿੰਡੀਂ ਥਾਈਂ ਰਹਿਣ ਵਾਲ਼ੇ ਦਲਿਤਾਂ ਦੀ ਇਕਲੌਤੀ ਯੂਨੀਵਰਸਿਟੀ/ਪਾਠਸ਼ਾਲਾ ਸੀ ਅਤੇ ਇਹਨਾਂ ਗੀਤਾਂ ਦੁਆਰਾ ਹੀ ਨਵੀਂ ਪੀੜ੍ਹੀ ਦਾ ਬੁੱਧ ਅਤੇ ਅੰਦੇਬਕਰ ਨਾਲ਼ ਮੇਲ ਹੋਇਆ ।
ਆਤਮਾਰਾਮ ਸਾਲਵੇ (1953-1991) ਸ਼ਹਿਰਾਂ ਦੇ ਇੱਕ ਸਮੂਹ ਦਾ ਹਿੱਸਾ ਹਨ ਜਿੰਨਾਂ ਨੇ 70ਵੇਂ ਦਹਾਕੇ ਦੀਆਂ ਕਿਤਾਬਾਂ ਰਾਹੀਂ ਬਾਬਾ ਸਾਹੇਬ ਦੇ ਮਿਸ਼ਨ ਬਾਰੇ ਜਾਣਿਆ ਸੀ । ਡਾ. ਅੰਬੇਦਕਰ ਦਾ ਜੀਵਨ ਅਤੇ ਉਹਨਾਂ ਦਾ ਸੰਦੇਸ਼ ਸਾਲਵੇ ਦੀ ਜਿੰਦਗੀ ਦਾ ਮੁੱਖ ਮੰਤਵ ਬਣ ਗਿਆ । ਉਹਨਾਂ ਦੀ ਸੰਦੇਸ਼ ਭਰੀ ਕਵਿਤਾ ਨੇ ਦੋ ਦਹਾਕੇ ਲੰਬੇ ਨਾਮਾਂਤਰ ਅੰਦੋਲਨ ਨੂੰ ਦਿਸ਼ਾ ਦਿੱਤੀ। ਇਹ ਅੰਦੋਲਨ ਮਰਾਠਾਵਾੜਾ ਯੂਨੀਵਰਸਿਟੀ ਦਾ ਨਾਮ ਬਦਲ ਕੇ ਡਾ. ਅੰਬੇਦਕਰ ਦੇ ਨਾਂ ’ਤੇ ਰੱਖਣ ਦਾ ਸੰਘਰਸ਼ ਸੀ, ਜਿਸਨੇ ਮਰਾਠਾਵਾੜਾ ਇਲਾਕੇ ਨੂੰ ਜਾਤੀ-ਯੁੱਧਾਂ ਦੇ ਮੈਦਾਨ ਵਿੱਚ ਬਦਲ ਕੇ ਰੱਖ ਦਿੱਤਾ ਸੀ। ਆਪਣੀ ਆਵਾਜ਼, ਸ਼ਬਦਾਂ ਅਤੇ ਕਵਿਤਾ ਨਾਲ ਸਾਲਵੇ ਨੇ ਆਪਣੇ ਦੋ ਪੈਰਾਂ ਸਹਾਰੇ ਬਿਨਾਂ ਕਿਸੇ ਸਾਧਨ ਤੋਂ ਮਹਾਰਾਸ਼ਟਰ ਦੇ ਪਿੰਡ-ਪਿੰਡ ਵਿੱਚ ਗਿਆਨ ਦੀ ਮਸ਼ਾਲ ਲੈ ਕੇ ਜ਼ੁਲਮ ਦੇ ਖ਼ਿਲਾਫ ਹੋਕਾ ਦਿੱਤਾ । ਹਜ਼ਾਰਾਂ ਲੋਕ ਆਤਮਾਰਾਮ ਨੂੰ ਗਾਉਂਦਿਆਂ ਸੁਣਨ ਲਈ ਇੱਕਠੇ ਹੁੰਦੇ। ਉਹ ਕਹਿੰਦੇ ਹੁੰਦੇ, “ਜਦੋਂ ਯੂਨੀਵਰਸਿਟੀ ਦਾ ਨਾਮ ਅਧਿਕਾਰਤ ਤੌਰ 'ਤੇ ਬਦਲਿਆ ਜਾਵੇਗਾ , ਮੈਂ ਯੂਨੀਵਰਸਿਟੀ ਦੇ ਪ੍ਰਵੇਸ਼ ਦੁਆਰ ’ਤੇ ਅੰਬੇਦਕਰ ਦਾ ਨਾਮ ਸੁਨਿਹਰੀ ਅੱਖਰਾਂ 'ਚ ਲਿਖਾਂਗਾ ।”
ਸ਼ਾਇਰ ਆਤਮਾਰਾਮ ਦੇ ਜੋਸ਼ੀਲੇ/ਖ਼ੋਲਦੇ ਸ਼ਬਦ ਅੱਜ ਤੱਕ ਮਰਾਠਾਵਾੜਾ ਦੇ ਦਲਿਤ ਨੌਜਵਾਨਾਂ ਨੂੰ ਜਾਤੀ ਅੱਤਿਆਚਾਰ ਵਿਰੁੱਧ ਸੰਘਰਸ਼ ਲਈ ਪ੍ਰੇਰਦੇ ਹਨ । ਬੀਡ ਜ਼ਿਲ੍ਹੇ ਦੇ ਫੁਲੇ ਪਿੰਪਾਲਗਾਓਂ ਦੇ ਇੱਕ 27 ਸਾਲਾ ਵਿਦਿਆਰਥੀ ਸੁਮਿਤ ਸਾਲਵੇ ਕਹਿੰਦੇ ਹਨ ਕਿ ਇਹ ਦੱਸਣ ਲਈ ਕਿ ਆਤਮਾਰਾਮ ਦਾ ਉਹਨਾਂ ਲਈ ਕੀ ਅਰਥ ਹੈ, “ਇੱਕ ਪੂਰਾ ਦਿਨ ਅਤੇ ਇੱਕ ਪੂਰੀ ਰਾਤ ਵੀ ਕਾਫੀ ਨਹੀਂ ਹੋਵੇਗੀ ।” ਡਾ. ਅੰਬੇਦਕਰ ਅਤੇ ਆਤਮਾਰਾਮ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੁਮਿਤ ਆਤਮਾਰਾਮ ਦੁਆਰਾ ਲਿਖਿਆ ਇਕ ਖੜਕਦਾ ਗੀਤ ਪੇਸ਼ ਕਰਦੇ ਹਨ । ਜੋ ਸ੍ਰੋਤਿਆਂ ਨੂੰ ਅੰਬੇਦਕਰ ਦੇ ਰਾਹ ਤੇ ਚੱਲਣ ਅਤੇ ਰੂੜੀਵਾਦੀ ਸੋਚ ਨੂੰ ਛੱਡਣ ਲਈ ਪ੍ਰੇਰਦਾ ਹੈ । ਆਪਣੇ ਸ੍ਰੋਤਿਆਂ ਨੂੰ ਇਹ ਸਵਾਲ ਕਰਦੇ ਹੋਏ ਕਿ “ਤੁਸੀਂ ਕਦੋਂ ਤੀਕਰ ਪੁਰਾਣੀਆਂ ਰੂੜੀਆਂ ਦੀ ਚਾਦਰ ਵਲ੍ਹੇਟੀ ਰੱਖੋਗੇ?” ਸ਼ਾਇਰ ਸਾਨੂੰ ਯਾਦ ਕਰਵਾਉਂਦੇ ਹਨ , “ਸੰਵਿਧਾਨ ਨੂੰ ਆਪਣਾ ਹਥਿਆਰ ਬਣਾ ਕੇ ਤੁਹਾਡੇ ਮੁਕਤੀਦਾਤਾ ਭੀਮ ਨੇ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਿਆ।” ਸੁਮਿਤਾ ਦਾ ਗੀਤ ਸੁਣੋ :
ਸੰਵਿਧਾਨ ਨੂੰ ਆਪਣਾ ਹਥਿਆਰ ਬਣਾ ਕੇ
ਤੁਹਾਡੇ ਮੁਕਤੀਦਾਤਾ ਭੀਮ ਨੇ
ਗੁਲਾਮੀ ਦੀਆਂ ਬੇੜੀਆਂ ਨੂੰ ਤੋੜਿਆ
ਤੁਸੀਂ ਕਦੋਂ ਤੀਕਰ ਪੁਰਾਣੀਆਂ ਰੂੜੀਆਂ ਦੀ ਚਾਦਰ ਵਲ੍ਹੇਟੀ ਰੱਖੋਗੇ?
ਲੀਰੋ-ਲੀਰ ਹੋਇਆ ਤੁਹਾਡਾ ਜੀਵਨ
ਭੀਮ ਨੇ ਬਣਾਇਆ ਸੀ ਤੈਨੂੰ ਇਨਸਾਨ
ਓਏ ਅਹਿਮਕੋ, ਮੇਰੀ ਗੱਲ ਸੁਣੋ
ਆਪਣੀ ਦਾੜ੍ਹੀ, ਵਾਲ਼ਾਂ ਨੂੰ ਵਧਾਉਣਾ ਬੰਦ
ਕਰੋ
ਓ ਰਨੋਬਾ ਦੇਓ ਭਗਤੋ!
ਤੁਸੀਂ ਕਦੋਂ ਤੀਕਰ ਪੁਰਾਣੀਆਂ ਰੂੜੀਆਂ
ਦੀ ਚਾਦਰ ਵਲ੍ਹੇਟੀ ਰੱਖੋਗੋ?
ਚਾਰ ਵਰਣਾਂ ਵਾਲ਼ੀ ਲਿਸ਼ਕਵੀਂ ਇਸ ਚਾਦਰ
ਨੂੰ
ਭੀਮ ਨੇ ਸਾੜ ਸੁਆਹ ਕੀਤਾ
ਉਹਨੂੰ ਮੁਰਦਾ ਕੀਤਾ
ਓ ਬੁੱਧ ਨਗਰ ਦੇ ਵਾਸਿਓ!
ਤੁਸੀਂ ਲੋਚਦੇ ਤਾਂ ਹੋ ਕਿਤੇ ਹੋਰ ਰਹਿਣਾ
ਭੀਮਵਾਦੀਆਂ ਨੂੰ ਹਨ੍ਹੇਰੇ ਵਿੱਚ ਛੱਡ ਕੇ
ਤੁਸੀਂ ਕਦੋਂ ਤੀਕਰ ਪੁਰਾਣੀਆਂ ਰੂੜੀਆਂ
ਦੀ ਚਾਦਰ ਵਲ੍ਹੇਟੀ ਰੱਖੋਗੋ?
ਸ਼ੁੱਧ-ਅਸ਼ੁੱਧ ਦੇ ਰੰਗਾਂ ਵਾਲ਼ੀ ਇਸ ਚਾਦਰ
ਨੇ
ਜਟਾਵਾਂ ਬਣੇ ਤੇਰੇ ਵਾਲ਼ਾਂ ਨੇ
ਅਸ਼ੁੱਧੀ ਦਾ ਰੰਗ ਹੋਰ ਗੂੜ੍ਹਾ ਕੀਤਾ
ਤੂੰ ਆਪਣੇ ਘਰਾਂ ਅਤੇ ਮੱਠਾਂ ਵਿੱਚ
ਜਿਹੜੇ ਰਨੋਬਾ ਨੂੰ ਪਿਆਂ ਪੂਜਦਾ ਏਂ
ਤੂੰ ਕਦੋਂ ਤੀਕਰ ਅਗਿਆਨਤਾ ਦੀ ਜਿਲ੍ਹਣ
ਵਿੱਚ ਪਿਆ ਰਹਿਣਾ ਏ?
ਹੁਣ ਤਾਂ ਸਾਲਵੇ ਨੂੰ ਆਪਣਾ ਗੁਰੂ ਮੰਨ
ਲੈ
ਲੋਕਾਂ ਨੂੰ ਕੁਰਾਹੇ ਪਾਉਣਾ ਛੱਡ ਦੇ
ਤੁਸੀਂ ਕਦੋਂ ਤੀਕਰ ਪੁਰਾਣੀਆਂ ਰੂੜੀਆਂ
ਦੀ ਚਾਦਰ ਵਲ੍ਹੇਟੀ ਰੱਖੋਗੋ?
ਇਹ ਵੀਡਿਓ ‘ਇਨਫਲੂਐਂਸ਼ਲ ਸ਼ਾਇਰਜ਼, ਨੈਰੇਟਿਵਸ ਫਰਾਮ ਮਰਾਠਾਵਾੜਾ’ ਨਾਮੀ ਸੰਗ੍ਰਿਹ ਦਾ ਹਿੱਸਾ ਹੈ , ਜੋ ਕਿ ਇੰਡੀਆ ਫਾਊਡੇਸ਼ਨ ਆਫ਼ ਆਰਟਸ ਦੇ ਚਲਦੇ ‘ਆਰਕਾਈਵਜ਼ ਐਂਡ ਮਿਊਜ਼ਿਅਮਜ਼ ਪ੍ਰੋਗਰਾਮ’ ਅਧੀਨ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਸਹਿਯੋਗ ਨਾਲ ਚਲਾਇਆ ਗਿਆ ਸੀ । ਇਹ ਗਅਟੇ-ਇੰਸਟੀਚਿਊਟ/ਮੈਕਸ ਮੂਲਰ ਭਵਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ ।
ਤਰਜਮਾ: ਇੰਦਰਜੀਤ ਸਿੰਘ