“ਮੈਂ ਇੱਥੇ ਉਨ੍ਹਾਂ ਲੋਕਾਂ ਲਈ ਖਾਣਾ ਪਕਾ ਰਹੀ ਹਾਂ ਜੋ ਮੈਨੂੰ ਨਾਲ਼ ਲਿਆਏ ਹਨ। ਮੇਰੇ ਪਤੀ ਇੱਟਾਂ ਥੱਪਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ,” ਉਰਵਸ਼ੀ ਕਹਿੰਦੀ ਹਨ, ਜਿਨ੍ਹਾਂ ਨਾਲ਼ ਅਸੀਂ ਹੈਦਰਾਬਾਦ ਦੇ ਇੱਟ-ਭੱਠੇ ਵਿੱਚ ਮਿਲ਼ੇ।
ਅਸੀਂ 61 ਸਾਲਾ ਦੇਗੂ ਧਰੂਆ ਅਤੇ 58 ਸਾਲਾ ਉਰਵਸ਼ੀ ਧਰੂਆ, ਇਨ੍ਹਾਂ ਦੋਵਾਂ ਬਜ਼ੁਰਗਾਂ ਨੂੰ ਦੇਖ ਬੜੇ ਹੈਰਾਨ ਹੋਏ। ਇਹ ਦੋਵੇਂ ਪਤੀ-ਪਤਨੀ ਪੱਛਮੀ ਓਡੀਸਾ ਦੇ ਬੋਲਾਨਗੀਰ ਜ਼ਿਲ੍ਹੇ ਦੀ ਬੇਲਪਾੜਾ ਗ੍ਰਾਮ ਪੰਚਾਇਤ ਦੇ ਪੰਡਰੀਜੋਰ ਪਿੰਡ ਦੇ ਵਾਸੀ ਹਨ। ਇਹ ਦੇਸ਼ ਦੇ ਬੇਹੱਦ ਕੰਗਾਲ ਪਿੰਡਾਂ ਵਿੱਚੋਂ ਇੱਕ ਹੈ।
ਪੱਛਮੀ ਓਡੀਸਾ, ਜਿੱਥੋਂ ਮੈਂ ਪਿਛਲੇ ਦੋ ਦਹਾਕਿਆਂ ਤੋਂ ਰਿਪੋਰਟਿੰਗ ਕਰਦਾ ਆਇਆ ਹਾਂ, ਦੇ ਲੋਕ 50 ਸਾਲ ਤੋਂ ਵੱਧ ਸਮੇਂ ਤੋਂ ਪ੍ਰਵਾਸ ਕਰਦੇ ਆਏ ਹਨ। ਇਹ ਖਿੱਤਾ ਗ਼ਰੀਬੀ ਅਤੇ ਸਿਆਸੀ ਕੁਚਾਲਾਂ ਦੇ ਨਿਕਲ਼ਦੇ ਨਤੀਜਿਆਂ ਤੋਂ ਇਲਾਵਾ ਭੁਖਮਰੀ, ਫ਼ਾਕਿਆਂ ਕਾਰਨ ਮੌਤਾਂ ਅਤੇ ਬੱਚਿਆਂ ਨੂੰ ਵੇਚਣ ਜਿਹੇ ਕਈ ਕਾਰਨਾਂ ਕਰਕੇ ਬਦਨਾਮ ਸੀ।
ਸਾਲ 1966-67 ਵਿੱਚ, ਅਕਾਲ ਜਿਹੀ ਹਾਲਤ ਨੇ ਲੋਕਾਂ ਨੂੰ ਪ੍ਰਵਾਸ ਕਰਨ ਲਈ ਮਜ਼ਬੂਰ ਕੀਤਾ। 90ਵਿਆਂ ਵਿੱਚ ਜਦੋਂ ਕਾਲਾਹਾਂਡੀ, ਨੁਆਪਾੜਾ, ਬੋਲਾਨਗੀਰ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਜ਼ਬਰਦਸਤ ਅਕਾਲ ਪਿਆ ਸੀ, ਤਾਂ ਲੋਕਾਂ ਨੇ ਦੋਬਾਰਾ ਇੱਥੋਂ ਡੰਡਾ-ਡੋਲੀ ਚੁੱਕਿਆ ਅਤੇ ਕੰਮ ਦੀ ਭਾਲ਼ ਵਿੱਚ ਨਿਕਲ ਤੁਰੇ। ਉਸ ਸਮੇਂ, ਅਸੀਂ ਨੋਟਿਸ ਕੀਤਾ ਸੀ ਕਿ ਜੋ ਲੋਕ ਹੱਥੀਂ ਕੰਮ ਕਰ ਸਕਦੇ ਸਨ ਉਹੀ ਕੰਮ ਦੀ ਭਾਲ਼ ਵਿੱਚ ਨਿਕਲ਼ੇ ਹਨ, ਜਦੋਂਕਿ ਬਜ਼ੁਰਗ ਲੋਕ ਮਗਰ ਪਿੰਡ ਹੀ ਰੁਕੇ ਰਹੇ।





