ਲੱਖਾਂ ਇਨਸਾਨਾਂ ਦਾ ਪਾਣੀ ਅਤੇ ਬਿਜਲੀ ਦਾ ਕੁਨੈਕਸ਼ਨ ਕੱਟ ਦੇਣਾ, ਇੰਝ ਕਰਕੇ ਸਿਹਤ ਨੂੰ ਗੰਭੀਰ ਖਤਰੇ ਵਿੱਚ ਪਾਉਣਾ, ਪੁਲਿਸ ਅਤੇ ਅਰਧ-ਸੈਨਿਕ ਬਲਾਂ ਦੁਆਰਾ ਬੈਰੀਕੇਡਿੰਗ ਕਰਕੇ ਉਨ੍ਹਾਂ ਉੱਪਰ ਖ਼ਤਰਨਾਕ ਰੂਪ ਨਾਲ਼ ਸ਼ਦਾਈਪੁਣੇ ਦੀ ਹਾਲਤ ਨੂੰ ਲਾਗੂ ਕਰਨਾ, ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੱਕ ਪੱਤਰਕਾਰਾਂ ਦੀ ਪਹੁੰਚ ਨੂੰ ਲਗਭਗ ਅਸੰਭਵ ਬਣਾ ਦੇਣਾ, ਪਿਛਲੇ ਦੋ ਮਹੀਨਿਆਂ ਵਿੱਚ ਹਾਇਪੋਥਰਮੀਆ ਅਤੇ ਹੋਰ ਕਾਰਨਾਂ ਕਰਕੇ ਆਪਣੇ ਲਗਭਗ 200 ਵਿਅਕਤੀਆਂ ਦੀ ਜਾਨ ਤੋਂ ਹੱਥ ਧੋ ਲੈਣ ਵਾਲ਼ੇ ਸਮੂਹ ਨੂੰ ਸਜ਼ਾ ਦੇਣਾ। ਦੁਨੀਆ ਦੇ ਹਰੇਕ ਕੋਨੇ ਵਿੱਚ ਇਹਨੂੰ ਬਰਬਰ ਅਤੇ ਮਨੁੱਖਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੇ ਸਨਮਾਨ 'ਤੇ ਹਮਲੇ ਦੇ ਰੂਪ ਵਿੱਚ ਦੇਖਿਆ ਜਾਵੇਗਾ।
ਪਰ ਅਸੀਂ, ਸਾਡੀ ਸਰਕਾਰ ਅਤੇ ਸੱਤ੍ਹਾਸੀਨ ਕੁਲੀਨ ਵਰਗ ਇਸ ਤੋਂ ਕਿਤੇ ਵੱਧ ਗੰਭੀਰ ਚਿੰਤਾ ਵਿੱਚ ਡੁੱਬੇ ਹੋਏ ਹਨ। ਜਿਵੇਂ ਕਿ ਦੁਨੀਆ ਦੀ ਖੂੰਖਾਰ ਅੱਤਵਾਦਣ ਰਿਆਨਾ ਅਤੇ ਗ੍ਰੇਟਾ ਥਨਬਰਗ ਦੀ ਸਾਜ਼ਸ਼ ਨੂੰ ਕਿਵੇਂ ਅਸਫ਼ਲ ਕੀਤਾ ਜਾਵੇ, ਜਿਨ੍ਹਾਂ ਦਾ ਉਦੇਸ਼ ਧਰਤੀ ਦੇ ਇਸ ਸਭ ਤੋਂ ਵੱਡੇ ਦੇਸ਼ ਨੂੰ ਬਦਨਾਮ ਅਤੇ ਅਪਮਾਨਤ ਕਰਨਾ ਹੈ।
ਕਲਪਨਾ ਕਰੀਏ ਤਾਂ ਇਹ ਪੂਰੀ ਤਰ੍ਹਾਂ ਅਜੀਬ ਹੋਵੇਗਾ। ਅਸਲੀਅਤ ਵਿੱਚ ਇਹ ਸਿਰੇ ਦਾ ਸ਼ਦਾਈਪੁਣਾ ਹੈ।
ਇਹ ਸਭ ਹੈਰਾਨ ਕਰਨ ਵਾਲ਼ਾ ਤਾਂ ਹੈ, ਪਰ ਹੈਰਾਨੀਜਨਕ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਲੋਕਾਂ ਨੇ "ਅਲਪਤਮ ਸਰਕਾਰ, ਅਧਿਕਤਮ ਸ਼ਾਸਨ" ਦਾ ਨਾਅਰਾ ਦਿੱਤਾ ਸੀ, ਉਨ੍ਹਾਂ ਨੂੰ ਵੀ ਹੁਣ ਇਹ ਪਤਾ ਚੱਲ ਗਿਆ ਹੋਵੇਗਾ। ਅਸਲੀ ਗੱਲ ਸੀ-ਸਰਕਾਰੀ ਸ਼ਕਤੀ ਦਾ ਵਿਤੋਂਵੱਧ ਪ੍ਰਯੋਗ ਅਤੇ ਜ਼ਿਆਦਾ ਤੋਂ ਜ਼ਿਆਦਾ ਲਹੂ-ਲਿਬੜਿਆ ਸ਼ਾਸਨ। ਚਿੰਤਾ ਦੀ ਗੱਲ ਇਹ ਹੈ ਕਿ ਉੱਚੇ ਸੁਰਾਂ ਵਿੱਚ ਬੋਲਣ ਵਾਲ਼ੇ ਬਹੁਤੇਰੇ ਲੋਕ ਖ਼ਾਮੋਸ਼ ਹਨ, ਜਿਨ੍ਹਾਂ ਵਿੱਚੋਂ ਕੁਝ ਸੱਤ੍ਹਾ ਦਾ ਬਚਾਓ ਕਰਨ ਅਤੇ ਅਜਿਹੇ ਸਾਰੇ ਕਨੂੰਨਾਂ ਦੀ ਸਰਾਹਣਾ ਕਰਨ ਤੋਂ ਕਦੇ ਨਹੀਂ ਖੁੰਝੇ। ਤੁਸੀਂ ਸੋਚਿਆ ਹੋਵੇਗਾ ਕਿ ਉਹ ਲੋਕਤੰਤਰ ਦੇ ਇਸ ਰੋਜ਼ਮੱਰਾ ਦੀ ਤਬਾਹੀ ਨੂੰ ਵੀ ਖ਼ਾਰਜ ਕਰ ਦੇਣਗੇ।
ਕੇਂਦਰੀ ਮੰਤਰੀਮੰਡਲ ਦਾ ਹਰ ਇੱਕ ਮੈਂਬਰ ਜਾਣਦਾ ਹੈ ਕਿ ਇਸ ਸਮੇਂ ਜਾਰੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਹੱਲ ਕੱਢਣ ਵਿੱਚ ਅਸਲੀ ਰੁਕਾਵਟ ਕੀ ਹੈ।








