ਅਬਦੁਲ ਰਹਿਮਾਨ ਦੀ ਦੁਨੀਆਂ ਸੁੰਗੜ ਗਈ ਹੈ — ਪੇਸ਼ੇਵਰ, ਵਿਅਕਤੀਗਤ ਅਤੇ ਸਰੀਰਕ ਤੌਰ ‘ਤੇ, ਸਚਮੁੱਚ। ਇੱਕ ਪ੍ਰਵਾਸੀ ਮਜ਼ਦੂਰ, ਜਿੰਨਾਂ ਨੇ ਚਾਰ ਮਹਾਂਦੀਪਾਂ ਦੇ ਮਜ਼ਦੂਰ ਦਲਾਂ ਵਿੱਚ ਕੰਮ ਕੀਤਾ, ਹੁਣ ਪੰਜ ਪਰਿਵਾਰਕ ਮੈਂਬਰਾਂ ਸਮੇਤ 150 ਵਰਗ ਫੁੱਟ ਦੇ ਕਮਰੇ ਵਿੱਚ ਸੀਮਿਤ ਹੋ ਗਏ ਹਨ।
ਇਹ ਮੁੰਬਈ ਦੇ ਟੈਕਸੀ ਡਰਾਈਵਰ, ਜਿੰਨ੍ਹਾਂ ਦੇ ਪਿਤਾ ਦਹਾਕੇ ਪਹਿਲਾਂ ਪੇਂਡੂ (ਗ੍ਰਾਮੀਣ) ਤਾਮਿਲਨਾਡੂ ਤੋਂ ਇਸ ਸ਼ਹਿਰ ਵਿੱਚ ਆਏ ਸਨ, ਲੰਘੇ ਸਮੇਂ ਵਿੱਚ ਸਾਉਦੀ ਅਰਬ, ਦੁਬਈ, ਬ੍ਰਿਟੇਨ ਕੈਨਡਾ, ਇੰਡੋਨੇਸ਼ੀਆਂ ਮਲੇਸ਼ੀਆਂ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਬੁਲਡੋਜ਼ਰ ਅਤੇ ਕਾਰਾਂ ਚਲਾ ਚੁੱਕੇ ਹਨ। ਅੱਜ ਇਨ੍ਹਾਂ ਨੂੰ ਇੱਕ ਕੁਰਸੀ (ਸਰੀਰਕ ਤੌਰ ‘ਤੇ) ਸਹਾਰੇ ਮਹਿਮ ਦੀ ਝੁੱਗੀ ਬਸਤੀ ਦੀ ਗਲੀ ਵਿੱਚੋਂ ਦੀ ਇੱਕ ਟੈਕਸੀ ਕੋਲ਼ ਲਿਜਾਇਆ ਜਾਂਦਾ ਹੈ। ਜੋ ਉਨ੍ਹਾਂ ਨੂੰ ਸਿਓਨ ਦੇ ਹਸਪਤਾਲ ਤੱਕ ਲੈ ਕੇ ਜਾਂਦੀ ਹੈ।
ਜਦੋਂ ਹਸਪਤਾਲ ਜਾਣ ਦਾ ਸਮਾਂ ਹੁੰਦਾ ਹੈ, ਰਹਿਮਾਨ ਕਮਰੇ ਵਿੱਚੋਂ ਉਤਰਨ ਦੀ ਤਿਆਰੀ ਕਰਦੇ ਹਨ। ਪੌੜੀ ਦਰਵਾਜੇ ਦੇ ਬਿਲਕੁਲ ਬਾਹਰ ਹੀ ਹੈ। ਉਹ ਫਰਸ਼ 'ਤੇ ਬੈਠਦੇ ਹਨ, ਉਹਨਾਂ ਦਾ ਬੇਟਾ ਹੇਠਾਂ ਤੋਂ ਉਹਨਾਂ ਦੀਆਂ ਲੱਤਾਂ ਫੜ੍ਹਦਾ ਹੈ, ਇੱਕ ਭਤੀਜਾ ਜਾਂ ਗੁਆਂਢੀ ਉਪਰੋਂ ਸਹਾਰਾ ਦਿੰਦਾ ਹੈ। ਰਹਿਮਾਨ ਫਿਰ ਇੱਕ-ਇੱਕ ਕਰਕੇ ਇਨ੍ਹਾਂ ਕਸ਼ਟ ਭਰੇ ਨੌ ਡੰਡਿਆਂ ਤੋਂ ਹੇਠਾਂ ਖਿਸਕਦੇ ਹਨ।
ਹੇਠਾਂ ਤੰਗ ਗ਼ਲੀ ਵਿੱਚ ਰੱਖੀ ਪੇਂਟ ਦੇ ਦਾਗ਼ਾਂ ਮਾਰੀ ਪੁਰਾਣੀ ਪਲਾਸਟਿਕ ਦੀ ਕੁਰਸੀ ‘ਤੇ ਬੈਠਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ — ਉਹਨਾਂ ਦੀ ਬਿਨਾ-ਪੈਰੋਂ ਸੱਜੀ ਲੱਤ ਸੀਟ 'ਤੇ ਟਿਕਾਈ ਜਾਂਦੀ ਹੈ। ਫਿਰ ਉਹਨਾਂ ਦਾ ਬੇਟਾ ਅਤੇ ਦੋ ਹੋਰ ਲੋਕ ਕੁਰਸੀ ਨੂੰ ਇਸ ਲੰਮੀ ਤੇ ਟੇਢੀ-ਮੇਢੀ ਗਲੀ ਵਿੱਚੋਂ ਦੀ ਚੁੱਕੀ ਮਹਿਮ ਬੱਸ ਡਿਪੂ ਵਾਲ਼ੀ ਸੜਕ ਵੱਲ ਲੈ ਕੇ ਜਾਂਦੇ ਹਨ। ਇੱਥੇ ਰਹਿਮਾਨ ਨੂੰ ਇੱਕ ਟੈਕਸੀ ਵਿੱਚ ਬਿਠਾਇਆ ਜਾਂਦਾ ਹੈ।
ਸਿਰਫ਼ ਪੰਜ ਕਿਲੋਮੀਟਰ ਦੂਰ ਸਿਓਨ ਦੇ ਸਰਕਾਰੀ ਹਸਪਤਾਲ ਤੱਕ ਟੈਕਸੀ ਦਾ ਕਿਰਾਇਆ ਉਹਨਾਂ ਦੀ ਸਮਰੱਥਾ ਤੋਂ ਕਿਤੇ ਉੱਪਰ ਹੈ, ਪਰ ਫਿਰ ਵੀ ਪਿਛਲੇ ਸਾਲ ਕਈ ਮਹੀਨੇ ਉਹਨਾਂ ਨੂੰ ਪੈਰ ਦੀ ਪੱਟੀ ਬੰਨ੍ਹਵਾਉਣ ਲਈ ਹਰ ਹਫ਼ਤੇ ਉੱਥੇ ਜਾਣਾ ਪਿਆ ਸੀ। ਜਦੋਂ ਜ਼ਖ਼ਮ ਥੋੜ੍ਹਾ ਠੀਕ ਹੋ ਗਿਆ, ਆਉਣਾ-ਜਾਣਾ ਘੱਟ ਹੋਣ ਲੱਗਿਆ, ਹਾਲਾਂਕਿ, ਉੱਤਰੀ ਮੁੰਬਈ ਦੇ ਮੋਰੀ ਰੋਡ ਦੀ ਕਲੋਨੀ ਵਿੱਚ ਦੋਹੀਂ ਪਾਸੀਂ ਉੱਭਰ ਆਈਆਂ ਦੋ-ਤਿੰਨ ਮੰਜਿਲ ਇਮਾਰਤਾਂ ਵਾਲ਼ੀ ਇਸ ਤੰਗ ਗਲੀ ਵਿੱਚੋਂ ਕੁਰਸੀਨੁਮਾ ਜਲੂਸ ਅਜੇ ਵੀ ਉਸੇ ਤਰ੍ਹਾਂ ਹੀ ਲੰਘਦਾ ਹੈ।
ਸਾਲਾਂ ਤੀਕਰ ਅਬਦੁਲ ਰਹਿਮਾਨ ਅਬਦੁਲ ਸਮਦ ਸ਼ੇਖ ਹਰ ਰੋਜ਼ ਸਵੇਰੇ ਇਸ ਗਲੀ ਵਿੱਚੋਂ ਭੱਜਦੇ ਹੋਏ ਆਪਣੀ ਪਾਰਕ ਕੀਤੀ ਟੈਕਸੀ ਤੱਕ ਜਾਂਦੇ ਅਤੇ ਆਪਣੀ 12 ਘੰਟੇ ਦੇ ਦਿਨ ਦੀ ਸ਼ੁਰੂਆਤ ਕਰਦੇ। ਮਾਰਚ 2020 ‘ਚ ਲਾਕਡਾਊਨ ਲੱਗਣ ਕਾਰਨ ਉਹਨਾਂ ਨੇ ਟੈਕਸੀ ਚਲਾਉਣੀ ਬੰਦ ਕਰ ਦਿੱਤੀ, ਪਰ ਕਈ ਵਾਰ “ਦੋਸਤ ਲੋਕ”, ਮਿੱਤਰਾਂ ਅਤੇ ਸਹਿਕਰਮੀਆਂ ਨੂੰ ਮਿਲਣ ਲਈ ਜਾਣੇ-ਪਛਾਣੇ ਚਾਹ-ਅੱਡਿਆਂ 'ਤੇ ਜਾਇਆ ਕਰਦੇ। ਉਹਨਾਂ ਦੀ ਸ਼ੂਗਰ ਵਧਦੀ ਜਾ ਰਹੀ ਸੀ, ਉਹ ਬਿਮਾਰ ਮਹਿਸੂਸ ਕਰਨ ਲੱਗੇ ਅਤੇ ਲਾਕਡਾਉਨ ਵਿੱਚ ਥੋੜ੍ਹੀ ਢਿੱਲ ਦੇ ਬਾਵਜੂਦ ਉਹ ਮੁੜ ਕੰਮ ਸ਼ੁਰੂ ਨਹੀ ਕਰ ਸਕੇ। ਪਰ ਉਹਨਾਂ ਨੇ ਚੱਲਣਾ-ਫਿਰਨਾ ਜਾਰੀ ਰੱਖਿਆ।
ਫਿਰ ਉਹਨਾਂ ਨੇ ਆਪਣੇ ਪੈਰ ਦੀ ਉਂਗਲ 'ਤੇ ਇੱਕ ਪੈੱਨ-ਪੁਆਇੰਟ ਵਰਗਾ ਛੋਟਾ ਜਿਹਾ ਕਾਲ਼ਾ ਧੱਬਾ ਦੇਖਿਆ। ਜਦੋਂ ਡਾਕਟਰ ਨੇ ਕਿਹਾ ਕਿ ਐਟੀਬੈਟਿਕ ਦੇ ਇੱਕ ਕੋਰਸ ਤੋਂ ਬਾਅਦ ਇਹ ਠੀਕ ਹੋ ਜਾਵੇਗਾ ਤਾਂ ਰਹਿਮਾਨ ਨੇ ਇਸ ਬਾਰੇ ਬਹੁਤਾ ਨਹੀਂ ਸੋਚਿਆ “ਇਸ ਨਾਲ਼ ਕੋਈ ਫ਼ਰਕ ਨਹੀਂ ਪਿਆ,” ਉਹ ਕਹਿੰਦੇ ਹਨ। ਸੱਜੇ ਪੈਰ ਦੀ ਵਿਚਕਾਰਲੀ ਉਂਗਲ ’ਤੇ ਇਹ ਧੱਬਾ ਲਗਾਤਾਰ ਵੱਧਦਾ ਰਿਹਾ। ਮੇਰਾ ਪੈਰ ਬੁਰੀ ਤਰ੍ਹਾਂ ਦਰਦ ਕਰਨ ਲੱਗਾ,” ਉਹ ਦੱਸਦੇ ਹਨ। “ ਚੱਲਦੇ ਸਮੇਂ ਏਦਾਂ ਲੱਗਦਾ ਸੀ ਜਿਵੇ ਇਸ ਵਿੱਚ ਕੋਈ ਸੂਈ ਜਾਂ ਮੇਖ ਖੁਭੀ ਹੋਈ ਹੋਵੇ।”
ਡਾਕਟਰਾਂ ਕੋਲ਼ ਲੱਗੇ ਕਈ ਦੌਰਿਆਂ, ਐਕਸ-ਰੇ ਅਤੇ ਟੈਸਟਾਂ ਤੋਂ ਬਾਅਦ ਕਾਲ਼ੀ ਚਮੜੀ ਕੱਢ ਦਿੱਤਾ ਗਈ। ਇਸਦਾ ਵੀ ਕੋਈ ਫਾਇਦਾ ਨਾ ਹੋਇਆ। ਇੱਕ ਮਹੀਨੇ ਦੇ ਅੰਦਰ ਅਗਸਤ 2021 ਵਿੱਚ ਪੈਰ ਦੀ ਉਂਗਲ ਨੂੰ ਕੱਟਣਾ ਪਿਆ। ਕੁਝ ਹਫ਼ਤਿਆਂ ਬਾਅਦ ਨਾਲ਼ ਲੱਗਦੀ ਉਂਗਲ ਨੂੰ ਵੀ ਵੱਖ ਕਰ ਦਿੱਤਾ ਗਿਆ। ਖੂਨ ਦੇ ਗੇੜ ਵਿੱਚ ਗੰਭੀਰ ਰੁਕਾਵਟ ਕਾਰਨ ਸਮੱਸਿਆ ਹੋਰ ਵਧਣ ਲੱਗੀ। ਪਿਛਲੇ ਸਾਲ ਅਕਤੂਬਰ ਤੱਕ ਰਹਿਮਾਨ ਦਾ ਲਗਭਗ ਅੱਧਾ ਸੱਜਾ ਪੈਰ ਕੱਟ ਦਿੱਤਾ ਗਿਆ। “ਪਾਚੋਂ ਉਂਗਲੀ ਉਡਾ ਦੀਆ [ ਉਹਨਾਂ ਨੇ ਪੰਜੋਂ ਉਂਗਲਾਂ ਕੱਟ ਦਿੱਤੀਆਂ],” ਕਮਰੇ ਵਿੱਚ ਫਰਸ਼ 'ਤੇ ਵਿਛਾਏ ਇੱਕ ਪਤਲੇ ਗੱਦੇ 'ਤੇ ਬੈਠੇ ਉਹ ਕਹਿੰਦੇ ਹਨ।
ਉਦੋਂ ਤੋਂ, ਹਸਪਤਾਲ ਦੇ ਕਦੇ-ਕਦਾਈਂ ਲੱਗਣ ਵਾਲ਼ੇ ਦੌਰਿਆਂ ਨੂੰ ਛੱਡ, ਉਹਨਾਂ ਦੀ ਦੁਨੀਆਂ ਪਹਿਲੀ ਮੰਜਿਲ ਦੇ ਉਸ ਛੋਟੇ ਜਿਹੇ ਹਵਾ ਰਹਿਤ ਕਮਰੇ ਵਿੱਚ ਸੁੰਗੜ ਕੇ ਰਹਿ ਗਈ ਹੈ। “ਬਸ ਅਕੇਲਾ ਪੜਾ ਰਹਿਤਾ ਹੂੰ [ ਬਸ ਇਕੱਲਾ ਪਿਆ ਰਹਿਨਾ ਹਾਂ],” ਉਹ ਕਹਿੰਦੇ ਹਨ। “ ਮੇਰੇ ਕੋਲ਼ ਸਮਾਂ ਲੰਘਾਉਣ ਦਾ ਕੋਈ ਸਾਧਨ ਨਹੀਂ ਹੈ। ਸਾਡੇ ਕੋਲ਼ ਇੱਕ ਟੀਵੀ ਹੈ, ਪਰ ਇਸ ਨੂੰ ਚਲਾਉਣ ਲਈ ਪੈਸੇ ਨਹੀਂ ਹਨ.... ਮੈਂ ਬੱਸ ਸੋਚਦਾ ਰਹਿੰਦਾ ਹਾਂ... ਮੈਂ ਆਪਣੇ ਦੋਸਤਾਂ ਨੂੰ ਯਾਦ ਕਰਦਾ ਹਾਂ, ਉਹ ਚੀਜਾਂ ਜੋ ਮੈਂ ਬੱਚਿਆਂ ਲਈ ਖਰੀਦੀਆਂ ਸਨ.... ਪਰ ਮੈਂ ਇਹ ਸਭ ਯਾਦ ਕਰਕੇ ਕੀ ਕਰਾਂਗਾਂ?”
ਆਪਣਾ ਅੱਧਾ ਪੈਰ ਗੁਆਉਣ ਅਤੇ ਸਿਹਤ ਖ਼ਰਾਬ ਹੋਣ ਤੋਂ ਪਹਿਲਾਂ, ਚਾਰ ਦਹਾਕਿਆਂ ਤੱਕ, ਰਹਿਮਾਨ ਦੀ ਦੁਨੀਆਂ ਉਸ ਕਮਰੇ ਤੇ ਗਲੀ ਤੋਂ ਕਿਤੇ ਪਰ੍ਹੇ ਸੀ ਜੋ ਆਪਣੀ ਹੀ ਟੈਕਸੀ ਵਿੱਚ ਸਵਾਰ ਹੋਈ ਸ਼ਹਿਰ ਦੇ ਦੂਰ-ਦੁਰਾਡੇ ਕੋਨਿਆਂ ਤੱਕ ਅਤੇ ਇਸ ਤੋਂ ਵੀ ਦੂਰ ਤੱਕ ਘੁੰਮਦੀ ਰਹਿੰਦੀ। ਜਦੋਂ ਰਹਿਮਾਨ 18 ਵਰ੍ਹਿਆਂ ਦੇ ਹੋਏ ਤਾਂ ਉਨ੍ਹਾਂ ਨੇ ਸ਼ਹਿਰ ਦੇ ਹੋਰਨਾ ਟੈਕਸੀ ਡਰਾਇਵਰਾਂ ਤੋਂ ਸੜਕਾਂ 'ਤੇ ਹੀ ਡਰਾਇਵਰੀ ਸਿੱਖ ਲਈ। ਥੋੜ੍ਹੇ ਸਮੇਂ ਬਾਅਦ ਉਹ ਹਰ ਦਿਨ “ 30-35 ਰੁਪਏ ਕਮਾਉਣ ਲਈ” ਕੁਝ ਘੰਟਿਆਂ ਲਈ ਟੈਕਸੀ ਕਿਰਾਏ ਤੇ ਲੈਣ ਲੱਗੇ। ਜਦੋਂ ਉਹ 20 ਵਰ੍ਹਿਆਂ ਦੇ ਹੋਏ ਉਹਨਾਂ ਨੂੰ ਮੁੰਬਈ ਦੀ ਜਨਤਕ ਬੱਸ ਸਰਵਿਸ, BEST ਵਿੱਚ ਕਲੀਨਰ ਅਤੇ ਮਕੈਨਿਕ ਦੇ ਸਹਾਇੱਕ ਵਜੋਂ ਨੌਕਰੀ ਮਿਲ ਗਈ।
ਅੱਠ ਸਾਲਾਂ ਬਾਅਦ, 1992 ਦੇ ਕਰੀਬ, ਜਦੋਂ ਉਹਨਾਂ ਦੀ ਤਨਖ਼ਾਹ 1750 ਰੁਪਏ ਸੀ, ਉਹਨਾਂ ਨੇ ਇੱਕ ਏਜੰਟ ਰਾਹੀਂ ਸਾਉਦੀ ਅਰਬ ਵਿੱਚ ਨੌਕਰੀ ਲੱਭੀ। “ ਉਹਨਾਂ ਦਿਨਾਂ ਵਿੱਚ ਇਹ ਇੰਨਾ ਮੁਸ਼ਕਿਲ ਨਹੀਂ ਸੀ,” ਉਹ ਦੱਸਦੇ ਹਨ। “ਉੱਥੇ [ਸਾਉਦੀ ਵਿੱਚ] ਮੈਂ ਇੱਕ ਮਹੀਨੇ ਵਿੱਚ 2000-3000 ਕਮਾ ਲੈਂਦਾ ਸਾਂ ਅਤੇ ਇੱਥੋਂ ਤੱਕ ਕਿ ਪਹਿਲਾਂ ਨਾਲ਼ੋਂ ਵਾਧੂ ਮਿਲ਼ਣ ਵਾਲ਼ੇ 500 ਰੁਪਏ [ਮੇਰੀ BEST ਵਿਖੇ ਤਨਖ਼ਾਹ ਤੋਂ ਵੱਧ] ਵੀ ਘਰ ਗੁਜ਼ਾਰੇ ਵਾਸਤੇ ਕਾਫ਼ੀ ਹੁੰਦੇ ਸਨ।”
ਰਹਿਮਾਨ ਉੱਥੇ ਬੁਲਡੋਜ਼ਰ ਆਪਰੇਟਰ ਵਜੋਂ ਕੰਮ ਕਰਦੇ ਸਨ ਅਤੇ ਕਦੇ-ਕਦਾਈਂ ਕਿਰਾਏ ਦੀ ਕਾਰ ਚਲਾਉਂਦੇ ਸੀ। “ਮੇਰਾ ਸਪਾਂਸਰ [ਮਾਲਕ] ਇੱਕ ਚੰਗਾ ਆਦਮੀ ਸੀ,” ਉਹ ਕਹਿੰਦੇ ਹਨ, ਜੋ ਰਿਹਾਇਸ਼ ਪ੍ਰਦਾਨ ਕਰਦਾ ਸੀ ਅਤੇ ਆਪਣੇ ਅਮਲੇ ਨੂੰ ਦੂਜੇ ਦੇਸ਼ਾਂ ਵਿੱਚ ਕੰਮ ਵਾਲ਼ੀਆਂ ਥਾਵਾਂ 'ਤੇ ਵੀ ਭੇਜਿਆ ਕਰਦਾ ਸੀ। ਸਮੇਂ ਦੌਰਾਨ ਰਹਿਮਾਨ ਦੁਨੀਆਂ ਵਿੱਚ ਵੱਖ-ਵੱਖ ਥਾਵਾਂ 'ਤੇ ਕੰਮ ਕਰਦੇ ਰਹੇ।
ਉਹਨਾਂ ਦੀਆਂ ਯਾਤਰਾਵਾਂ ਦੀਆਂ ਤਸਵੀਰਾਂ ਵਿੱਚ, ਜੋ ਉਹਨਾਂ ਦੀ ਪਤਨੀ ਤਜੁਨਿਸਾ ਨੇ ਪਲਾਸਟਿਕ ਬੈਗ ਵਿੱਚੋਂ ਬਾਹਰ ਕੱਢੀਆਂ ਅਤੇ ਜਿਨ੍ਹਾਂ ਵਿੱਚੋਂ ਕੁਝ ਮੁੜੀਆਂ ਅਤੇ ਧੁੰਦਲੀਆਂ ਹੋਈਆਂ ਪਈਆਂ ਸਨ, ਮੁਸ਼ਕਿਲ ਨਾਲ਼ ਮੁਸਕਰਾਉਂਦੇ ਰਹਿਮਾਨ ਸੰਤੁਸ਼ਟ ਦਿਖਾਈ ਦਿੰਦੇ ਹਨ, ਕਿਸੇ ਤਸਵੀਰ ਵਿੱਚ ਇੱਕ ਕਾਰ ’ਤੇ ਲੇਟੇ ਹੋਏ ਹਨ, ਕਿਸੇ ਵਿੱਚ ਬੁਲਡੋਜ਼ਰ ਤੇ ਬੈਠੇ ਹਨ, ਇੱਕ ਦੁਕਾਨ ’ਤੇ ਬੈਠੇ ਹਨ, ਦੋਸਤਾਂ ਨਾਲ਼ ਬੈਠੇ ਹਨ। ਲੰਘੇ ਸਮੇਂ ਦੀਆਂ ਉਹਨਾਂ ਤਸਵੀਰਾਂ ਵਿੱਚ ਉਹ ਇੱਕ ਲੰਮੇ ਅਤੇ ਸੁਡੋਲ ਦਿਖਾਈ ਦਿੰਦੇ ਹਨ — ਜਦਕਿ ਹੁਣ 57 ਸਾਲਾ ਰਹਿਮਾਨ ਸੁੰਗੜੇ ਹੋਏ, ਕਮਜ਼ੋਰ ਪ੍ਰਤੀਤ ਹੁੰਦੇ ਹਨ ਜਿਨ੍ਹਾਂ ਨੂੰ ਬੋਲਣ ਵੇਲ਼ੇ ਸਾਹ ਚੜ੍ਹਦਾ ਹੈ ਜੋ ਆਪਣੇ ਦਿਨ ਇੱਕ ਗੱਦੇ 'ਤੇ ਬਿਤਾਉਣ ਨੂੰ ਮਜ਼ਬੂਰ ਹਨ।
ਹਰ ਸਮੇਂ ਬੈਠੇ ਜਾਂ ਲੇਟੇ ਰਹਿਮਾਨ ਦਾ ਮਨ ਹੀ ਸ਼ਾਇਦ ਉਸ ਤੰਗ ਗ਼ਲੀ ਤੋਂ ਉਡਾਰੀ ਮਾਰ ਦੁਨੀਆ ਦੇ ਦੂਰ-ਦੁਰਾਡੇ ਕੋਨਿਆਂ ਤੱਕ ਭਟਕ ਆਉਂਦਾ ਰਹਿੰਦਾ ਹੋਵੇ। ਉੱਥੇ ਜਿੰਦਗੀ ਅਰਾਮਦਾਇਕ ਸੀ, ਉਹ ਕਹਿੰਦੇ ਹਨ। “ [ਸਾਉਦੀ ਵਿੱਚ] ਮੇਰੇ ਕਮਰੇ ਵਿੱਚ ਏ.ਸੀ. ਸੀ, ਜਿਸ ਕਾਰ ਨੂੰ ਮੈਂ ਚਲਾਇਆ ਕਰਦਾ ਸਾਂ, ਉਸ ਵਿੱਚ ਏ.ਸੀ. ਸੀ। ਖਾਣੇ ਵਿੱਚ ਸਾਨੂੰ ਚਾਵਲ ਅਤੇ “ਅੱਖਾ ਮੁਰਗ” [ਪੂਰਾ ਮੁਰਗਾ] ਮਿਲ਼ਦਾ ਸੀ। ਉੱਥੇ ਕੋਈ ਤਣਾਅ ਨਹੀਂ ਸੀ, ਮੈਂ ਕੰਮ ਤੋਂ ਵਾਪਸ ਆਉਦਾ, ਨਹਾਉਦਾ. ਖਾਂਦਾ ਤੇ ਸੌਂ ਜਾਂਦਾ। ਇੱਥੇ ਸਾਡੇ ਆਂਢ-ਗੁਆਂਢ ਵਿੱਚ ਲਗਾਤਾਰ ਉੱਚੀ ਅਵਾਜ਼ਾਂ ਗੂੰਜਦੀਆਂ ਹਨ ਤੇ ਝਗੜੇ ਹੁੰਦੇ ਹਨ, ਕੋਈ ਵੀ ਚੁੱਪ-ਚਾਪ ਨਹੀਂ ਬੈਠਦਾ। ਇੱਥੇ ਪੱਖੇ ਦੀ ਹਵਾ ਮੈਨੂੰ ਤਕਲੀਫ਼ ਦਿੰਦੀ ਹੈ, ਮੈਨੂੰ ਬੇਜਾਨ ਮਹਿਸੂਸ ਕਰਾਉਂਦੀ ਹੈ।”
ਰਹਿਮਾਨ 2013 ਵਿੱਚ ਭਾਰਤ ਵਾਪਸ ਆ ਗਏ ਕਿਉਂਕਿ, ਜਿਵੇਂ ਉਹ ਦੱਸਦੇ ਹਨ ਕਿ ਸਾਉਦੀ ਵਿੱਚ ਮਾਲਕ ਕਿਸੇ ਦੂਜੇ ਦੇਸ਼ ਦੇ ਕਰਮਚਾਰੀਆਂ ਨੂੰ 15 ਸਾਲਾਂ ਤੋਂ ਵੱਧ ਨਹੀਂ ਰੱਖ ਸਕਦੇ। ਜਦੋਂ ਉਹ ਵਾਪਸ ਆਏ, ਉਹ ਇਸੇ ਕਮਰੇ ਵਿੱਚ ਆ ਕੇ ਰਹੇ ਜਿੱਥੇ ਉਹ ਹੁਣ ਹਨ। ਇਹ ਕਮਰਾ ਉਹਨਾਂ ਦੀ ਮਾਤਾ ਨੇ 1985 ਵਿੱਚ ਕੋਈ 25,000 ਦੀ ਉਸ ਰਾਸ਼ੀ ਨਾਲ਼ ਖਰੀਦਿਆ ਸੀ, ਜੋ ਪੈਸੇ ਰਹਿਮਾਨ ਦੇ ਪਿਤਾ, ਜੋ ਕਿ BEST ਦੇ ਡਰਾਇਵਰ ਸਨ, ਦੇ ਗੁਜ਼ਰ ਜਾਣ ’ਤੇ ਪ੍ਰੋਵੀਡੈਂਟ ਫੰਡ ਦੇ ਰੂਪ ਵਿੱਚ ਉਨ੍ਹਾਂ ਨੂੰ ਮਿਲ਼ੇ ਸੀ। ( ਉਦੋਂ ਤੱਕ ਪਰਿਵਾਰ ਵਾਡਲਾ ਵਿੱਚ ਸਟਾਫ ਕੁਆਟਰਾਂ ਵਿੱਚ ਰਹਿੰਦਾ ਸੀ; ਇੱਥੇ ਰਹਿਮਾਨ ਨੇ ਸੱਤਵੀਂ ਜਮਾਤ ਤੱਕ ਪੜ੍ਹਾਈ ਕੀਤੀ)। ਉਸਦੇ ਚਾਰ ਛੋਟੇ ਭਰਾ ਅਤੇ ਚਾਰ ਭੈਣਾਂ ਸਨ। “ਜਦੋਂ ਅਸੀਂ ਇੱਥੇ ਆਏ, ਤਾਂ ਇਸ ਕਮਰੇ ਵਿੱਚ ਅਸੀਂ 10 ਜਣੇ ਰਹਿੰਦੇ ਹੁੰਦੇ ਸਾਂ” ਉਹ ਦੱਸਦੇ ਹਨ। (ਦਸੰਬਰ 2021 ਤੱਕ ਸੱਤ ਜਣੇ ਰਹਿ ਗਏ — ਰਹਿਮਾਨ ਅਤੇ ਤਜੁਨਿਸਾ, ਉਹਨਾਂ ਦੇ ਚਾਰ ਬੱਚੇ ਅਤੇ ਉਹਨਾਂ ਦੇ ਮਾਤਾ ਜੀ, ਜੋ ਉਸੇ ਮਹੀਨੇ ਅਕਾਲ ਚਲਾਣਾ ਕਰ ਗਏ)।
ਜਦੋਂ ਉਹ ਮਹਿਮ ਆ ਗਏ ਤਾਂ ਉਹਨਾਂ ਦੀ ਮਾਤਾ ਜੀ ਨੇ ਘਰੇਲੂ ਕੰਮ ਲੱਭ ਲਿਆ (ਅੰਤ ਵਿੱਚ ਉਨ੍ਹਾਂ ਦੀਆਂ ਭੈਣਾਂ ਨੇ ਵੀ ਇਹੀ ਕੰਮ ਚੁਣਿਆ)। ਕੁਝ ਸਾਲਾਂ ਦੌਰਾਨ ਦੋ ਭਰਾ, ਦੋਵੇਂ ਰੇੜ੍ਹੀਆਂ ਲਗਾਉਂਦੇ ਸੀ, ਵੱਖ-ਵੱਖ ਹਾਦਸਿਆਂ ਵਿੱਚ ਮਾਰੇ ਗਏ। ਰਹਿਮਾਨ ਅਤੇ ਉਹਨਾਂ ਦੇ ਬਾਕੀ ਬਚੇ ਦੋ ਭਰਾ, ਜਿਨ੍ਹਾਂ ਵਿੱਚੋਂ ਇੱਕ ਏ.ਸੀ. ਮਕੈਨਿਕ ਹੈ ਅਤੇ ਦੂਜਾ ਲੱਕੜ ਪਾਲਿਸ਼ ਕਰਦਾ ਹੈ, ਮਹਿਮ ਝੁੱਗੀ ਬਸਤੀ ਵਿੱਚ ਇਸੇ ਤਿੰਨ-ਮੰਜਲਾ ਢਾਂਚੇ ਵਿੱਚ ਰਹਿੰਦੇ ਸੀ। ਰਹਿਮਾਨ ਵਿਚਕਾਰ ਅਤੇ ਬਾਕੀ ਭਰਾ ਉੱਪਰ- ਹੇਠਾਂ ਰਹਿੰਦੇ ਹਨ, ਉਹ ਵੀ ਭੀੜੇ-ਸਮਾਨ ਲੱਦੇ ਕਮਰਿਆਂ ਵਿੱਚ।
ਵਿਆਹ ਤੋਂ ਬਾਅਦ ਉਨ੍ਹਾਂ ਦੀਆਂ ਭੈਣਾਂ ਆਪੋ-ਆਪਣੇ ਘਰ ਚਲੀਆਂ ਗਈਆਂ। ਰਹਿਮਾਨ ਜਦੋਂ ਬਾਹਰ ਕੰਮ ਕਰਦੇ ਸੀ, ਉਹ ਇੱਕ ਜਾਂ ਦੋ ਸਾਲਾਂ ਬਾਅਦ ਭਾਰਤ ਚੱਕਰ ਲਗਾਉਂਦੇ ਸੀ। ਉਹ ਬੜੇ ਮਾਣ ਨਾਲ਼ ਦੱਸਦੇ ਹਨ, ਕਿ ਉਸ ਸਮੇਂ ਆਪਣੀ ਕਮਾਈ ਤੇ ਬੱਚਤ ਨਾਲ਼ ਉਹਨਾਂ ਨੇ ਉਹਨਾਂ (ਅਤੇ ਬਾਅਦ ਵਿੱਚ ਉਹਨਾਂ ਦੀ ਭਤੀਜੀ) ਦੇ ਵਿਆਹ ਵਿੱਚ ਮਦਦ ਕੀਤੀ।
ਜਦੋਂ ਰਹਿਮਾਨ ਸਾਉਦੀ ਅਰਬ ਤੋਂ ਵਾਪਿਸ ਆਏ ਉਹਨਾਂ ਕੋਲ਼ 8 ਲੱਖ ਰੁਪਏ ਸਨ ਜੋ ਉਹਨਾਂ ਨੇ ਸਾਲਾਂ ਦੌਰਾਨ ਬੜੀ ਮਿਹਨਤ ਕਰਕੇ ਬਚਾਏ ਸਨ। ( ਉਸ ਸਮੇਂ ਉਹਨਾਂ ਦੀ ਤਨਖ਼ਾਹ ਲਗਭਗ 18,000 ਸੀ, ਜਿਸ ਵਿੱਚੋਂ ਬਹੁਤੀ ਉਹ ਘਰ ਭੇਜ ਦਿੰਦੇ ਸਨ।) ਇਸ ਬਚਤ ਦਾ ਇੱਕ ਵੱਡਾ ਹਿੱਸਾ ਪਰਿਵਾਰਕ ਵਿਆਹਾਂ ਲਈ ਵਰਤਿਆ ਗਿਆ। ਉਹਨਾਂ ਨੇ ਟੈਕਸੀ ਪਰਮਿਟ ਵੀ ਖਰੀਦਿਆ, ਬੈਂਕ ਤੋਂ 3.5 ਲੱਖ ਰੁਪਏ ਦਾ ਲੋਨ ਲਿਆ ਅਤੇ ਇੱਕ ਸੈਂਟਰੋ ਖ਼ਰੀਦੀ। ਉਹ ਟੈਕਸੀ ਚਲਾਉਂਦੇ ਅਤੇ ਕਈ ਵਾਰ ਇਸ ਨੂੰ ਕਿਰਾਏ 'ਤੇ ਦਿੰਦੇ ਅਤੇ ਪ੍ਰਤੀਦਿਨ 500-600 ਰੁਪਏ ਕਮਾਉਂਦੇ। ਦੋ ਸਾਲਾਂ ਬਾਅਦ ਕਾਰ ਦੇ ਰੱਖ-ਰਖਾਅ ਦੇ ਖਰਚਿਆਂ ਨੂੰ ਓਟਣ ਦੇ ਅਸਮਰਥ ਅਤੇ ਆਪਣੀ ਡਿੱਗਦੀ ਸਿਹਤ ਕਾਰਨ ਉਹਨਾਂ ਨੇ ਆਪਣੀ ਕੈਬ ਵੇਚ ਦਿੱਤੀ ਅਤੇ ਕਿਰਾਏ ਦੀ ਟੈਕਸੀ ਚਲਾਉਣੀ ਸ਼ੁਰੂ ਕੀਤੀ, ਜਿਸ ਨਾਲ਼ ਪ੍ਰਤੀ ਦਿਨ 300 ਰੁਪਏ ਦੇ ਕਰੀਬ ਕਮਾਈ ਹੁੰਦੀ।
ਇਹ 2015 ਦੀ ਗੱਲ ਹੈ। “ ਲਾਕਡਾਊਨ ਤੱਕ [ਮਾਰਚ 2020 ਦੇ] ਮੈਂ ਇਹੀ ਕੰਮ ਕਰ ਰਿਹਾ ਸਾਂ,” ਉਹ ਦੱਸਦੇ ਹਨ। “ ਫਿਰ ਸਭ ਕੁਝ ਰੁਕ ਗਿਆ।” ਹਾਲਾਂਕਿ ਉਹ ਅਜੇ ਵੀ ਦੋਸਤਾਂ ਨਾਲ਼ ਗੱਲਾਂ-ਬਾਤਾਂ ਕਰਨ ਲਈ ਮੁਲਾਕਾਤਾਂ ਦੇ ਅੱਡਿਆਂ (ਸਥਾਨਾਂ) ਵੱਲ ਚਲੇ ਜਾਂਦੇ, “ਉਦੋਂ ਤੋਂ ਮੈਂ ਜ਼ਿਆਦਾਤਰ ਘਰ ਹੀ ਰਹਿੰਦਾ ਰਿਹਾ ਹਾਂ,” ਉਹ ਅੱਗੇ ਦੱਸਦੇ ਹਨ। ਲਾਕਡਾਊਨ ਦੌਰਾਨ ਚੈਰੀਟੇਬਲ ਸੰਗਠਨਾਂ ਦੁਆਰਾ ਵੰਡੇ ਜਾਂਦੇ ਰਾਸ਼ਨ ਅਤੇ ਕਦੇ-ਕਦਾਈਂ ਦੋਸਤਾਂ ਤੇ ਚੰਗੇ ਰਿਸ਼ਤੇਦਾਰਾਂ ਪਾਸੋਂ ਮਿਲ਼ਦੇ ਕੁਝ ਕੁ ਪੈਸਿਆਂ (ਸੌ ਰੁਪਏ) ਨਾਲ਼ ਪਰਿਵਾਰ ਚੱਲਦਾ ਰਿਹਾ।
ਸ਼ੂਗਰ ਦਾ ਪਤਾ ਉਦੋਂ ਲੱਗਾ ਜਦੋਂ ਰਹਿਮਾਨ ਸਾਉਦੀ ਅਰਬ ਵਿੱਚ ਸਨ। ਉਹ ਦਵਾਈ ਲੈ ਰਹੇ ਸਨ ਪਰ ਉਹਨਾਂ ਦੀ ਸਿਹਤ ਜ਼ਿਆਦਾਤਰ ਠੀਕ ਨਹੀਂ ਸੀ। 2013 ਵਿੱਚ ਭਾਰਤ ਵਾਪਸੀ ਤੋਂ ਬਾਅਦ ਸਿਹਤ ਹੋਰ ਖਰਾਬ ਹੋਣ ਲੱਗੀ। ਇਸ ਨੇ ਉਹਨਾਂ ਨੂੰ ਦੁਬਾਰਾ ਵਿਦੇਸ਼ੀ ਨੌਕਰੀ ਕਰਨ ਤੋਂ ਰੋਕ ਦਿੱਤਾ। ਪਰ ਲਾਕਡਾਊਨ ਨਾਲ਼ ਉਹਨਾਂ ਦੀ ਦੁਨੀਆਂ ਸਚਮੁੱਚ ਸੁੰਗੜ ਗਈ। ਲੰਮੇ ਸਮੇਂ ਤਕ ਲੇਟਣ ਕਾਰਨ ਉਹਨਾਂ ਦੇ ਸਰੀਰ ਤੇ ਜ਼ਖਮ ਹੋ ਗਏ। ਉਹਨਾਂ ਜ਼ਖ਼ਮਾਂ ਨੂੰ ਵੀ ਸਿਓਨ ਹਸਪਤਾਲ ਵਿੱਚ ਸਰਜਰੀ ਨਾਲ਼ ਠੀਕ ਕਰਨਾ ਪਿਆ।
ਇਸੇ ਤੋਂ ਤੁਰੰਤ ਬਾਅਦ ਹੀ ਰਹਿਮਾਨ ਨੇ ਆਪਣੇ ਸੱਜੇ ਪੈਰ ਦੀ ਵਿਚਕਾਰਲੀ ਉਂਗਲ ਤੇ ਕਾਲੇ ਧੱਬੇ ਵੱਲ ਧਿਆਨ ਦਿੱਤਾ ਸੀ।
ਹਸਪਤਾਲ ਦੇ ਕਈ ਦੌਰਿਆਂ ਤੋਂ ਇਲਾਵਾ, ਉਹਨਾਂ ਨੇ ਸਥਾਨਕ ਡਾਕਟਰ ਨਾਲ਼ ਵੀ ਸਲਾਹ ਕੀਤੀ, ਜਿਸਨੇ ਕਿਹਾ ਕਿ ਗੰਭੀਰ ਸ਼ੂਗਰ ਕਾਰਨ ਖੂਨ ਦੀ ਸਪਲਾਈ ਵਿੱਚ ਰੁਕਾਵਟ ਆਈ ਹੈ ਅਤੇ ਰੁਕਾਵਟ ਦੂਰ ਕਰਨ ਲਈ ਐਂਜੀਓਪਲਾਸਟੀ ਦੀ ਸਲਾਹ ਦਿੱਤੀ। ਇਹ ਕਾਰਵਾਈ ਉਹਨਾਂ ਦੇ ਪੈਰ ਦੇ ਅੱਧੇ ਹਿੱਸੇ ਨੂੰ ਕੱਟੇ ਜਾਣ ਤੋਂ ਬਾਅਦ ਅਕਤੂਬਰ 2020 ਵਿੱਚ ਸਿਓਨ ਹਸਪਤਾਲ ਵਿੱਚ ਸ਼ੁਰੂ ਕੀਤੀ ਗਈ। ਰਹਿਮਾਨ ਦੱਸਦੇ ਹਨ, “ ਖੂਨ ਦੇ ਦੌਰੇ ’ਚ ਸੁਧਾਰ ਹੋਇਆ, ਦਰਦ ਘੱਟ ਗਿਆ, ਕਾਲਾਪਨ ਫਿੱਕਾ ਪੈ ਗਿਆ, ਹਾਲਾਂਕਿ ਲੱਤ ਵਿੱਚ ਕੁਝ ਦਰਦ ਤੇ ਖੁਜਲੀ ਹੁੰਦੀ ਰਹਿੰਦੀ।” ਇੱਕ ਸਥਾਨਕ ਸੰਸਥਾ ਨੇ ਜ਼ਖਮ ਦੀ ਮਲ੍ਹਮ-ਪੱਟੀ ਲਈ ਇੱਕ ਸੇਵਾਦਾਰ ਦਾ ਇੰਤਜਾਮ ਕਰ ਦਿੱਤਾ, ਇਸ ਤਰ੍ਹਾਂ ਹਸਪਤਾਲ ਦੇ ਦੌਰੇ ਘੱਟ ਹੋ ਗਏ।
ਜਦੋਂ ਰਹਿਮਾਨ ਦਾ ਪੈਰ ਠੀਕ ਹੋ ਰਿਹਾ ਸੀ, ਉਹ ਆਸਵੰਦ ਸਨ (ਹਾਲਾਂਕਿ ਉਹਨਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਪੇਟ ਦੀਆਂ ਸਮੱਸਿਆਵਾਂ ਕਾਰਨ ਕੁਝ ਦਿਨ KEM ਹਸਪਤਾਲ ਵਿੱਚ ਬਿਤਾਏ ਸਨ ਜੋ ਉਹਨਾਂ ਨੂੰ ਇਕੋਂ ਥਾਵੇਂ ਨਿਢਾਲ਼ ਪਏ ਰਹਿਣ ਕਰਕੇ ਉਪਜੀਆਂ ਸਨ।) “ਇੱਕ ਵਾਰ ਮੇਰੇ ਪੈਰਾਂ ਉੱਤੇ ਕੁਝ ਚਮੜੀ ਆ ਜਾਵੇ, ਮੈਂ ਸੁਣਿਆ ਹੈ ਕਿ ਇਸਦੇ ਲਈ ਖ਼ਾਸ ਜੂਤੇ ਹੁੰਦੇ ਹਨ,” ਉਹਨਾਂ ਨੇ ਕਿਹਾ। “ਮੈਂ ਪੁੱਛਿਆ ਹੈ ਕਿ ਇਹਨਾਂ ਦੀ ਕਿੰਨੀ ਕੀਮਤ ਹੋਵੇਗੀ। ਫਿਰ ਮੈਂ ਦੁਬਾਰਾ ਤੁਰਨਾ ਸ਼ੁਰੂ ਕਰ ਸਕਾਂਗਾਂ...” ਤਜੁਨਿਸ਼ਾ ਨੇ ਕਿਹਾ ਕਿ ਉਹ ਵ੍ਹੀਲਚੇਅਰ ਦਾ ਇੰਤਜ਼ਾਮ ਕਰਨਾ ਚਾਹੁੰਦੇ ਹਨ।
ਉਹ ਸਮਾਂ ਜਦੋਂ ਉਹਨਾਂ ਦੇ ਪੈਰ ਠੀਕ ਹੁੰਦੇ ਸਨ, ਰਹਿਮਾਨ ਨੇ ਉਸ ਸਿਹਤਯਾਬ ਜੀਵਨ ਦੀ ਖ਼ੁਸ਼ੀ ਬਾਰੇ ਗੱਲ ਕੀਤੀ — ਆਪਣੀ ਸੰਤੁਸ਼ਟੀ ਬਾਰੇ ਗੱਲ ਕੀਤੀ ਜੋ ਉਹ ਕਦੀ-ਕਦਾਂਈ (ਅਤੀਤ ਵਿੱਚ) ਤਾਮਿਲਨਾਡੂ ਦੇ ਉਲੰਦੁਰਪੇਟ ਤਾਲੁਕਾ ਵਿਚਲੇ ਜੱਦੀ ਪਿੰਡ ਇਲਾਵਾਨਸੁਰਕੋਟਈ ਆਪਣੀ ਵੱਡੀ ਭੈਣ ਅਤੇ ਵਧੇ ਹੋਏ ਪਰਿਵਾਰ (ਰਹਿਮਾਨ ਦੇ ਪਿਤਾ ਜਵਾਨੀ ਵਿੱਚ ਕੰਮ ਦੀ ਭਾਲ ਵਿੱਚ ਮੁੰਬਈ ਆਏ ਸਨ) ਨੂੰ ਮਿਲਣ ਵੇਲ਼ੇ ਮਹਿਸੂਸ ਕਰਿਆ ਕਰਦੇ ਸੀ। ਜਦੋਂ ਉਹਨਾਂ ਦੇ ਭੈਣ ਭਰਾ ਉਹਨਾਂ ਦੀ ਸਿਹਤ ਬਾਰੇ ਪੁੱਛਦੇ ਹਨ, ਉਹ ਹੋਰ ਸੰਤੁਸ਼ਟ ਮਹਿਸੂਸ ਕਰਦੇ ਹਨ। “ਚੰਗਾ ਮਹਿਸੂਸ ਹੁੰਦਾ ਹੈ,” ਉਹ ਕਹਿੰਦੇ ਹਨ।
ਉਹਨਾਂ ਦੀ ਲੰਬੀ ਕਮਜ਼ੋਰੀ ਨੇ ਉਹਨਾਂ ਦੇ ਪਰਿਵਾਰ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ। ਲਾਕਡਾਊਨ ਕਾਲ ਤੋਂ ਬਾਅਦ ਕੋਈ ਆਮਦਨੀ ਨਾ ਹੋਣ ਕਾਰਨ ਉਹ ਸਹਾਇਤਾ ਤੇ ਨਿਰਭਰ ਰਹੇ ਹਨ। 48 ਸਾਲਾ ਤਜੁਨਿਸ਼ਾ, ਜੋ ਹੁਣ ਤੱਕ ਇੱਕ ਘਰੇਲੂ ਔਰਤ ਸੀ, ਨੇ ਇੱਕ ਸਥਾਨਕ ਬਲਵਾੜੀ ਵਿੱਚ ਥੋੜ੍ਹੇ ਸਮੇਂ ਲਈ ਕਲੀਨਰ ਵੱਜੋਂ 300 ਰੁਪਏ ਪ੍ਰਤੀ ਮਹੀਨਾ ’ਤੇ ਕੰਮ ਲੱਭਿਆ ਹੈ। ‘ਮੈਨੂੰ ਘਰੇਲੂ ਕੰਮ ਲੱਭਣਾ ਪਵੇਗਾ,” ਉਹ ਕਹਿੰਦੀ ਹਨ। “ ਸ਼ਾਇਦ ਅਸੀਂ ਆਪਣੇ ਵੱਡੇ ਬੇਟੇ ਨੂੰ ਸਿਲਾਈ ਦੇ ਕੰਮ 'ਤੇ ਲਾਵਾਂਗੇ.... ”
ਸਭ ਤੋਂ ਵੱਡਾ ਬੇਟਾ ਅਬਦੁਲ ਅਯਾਮ 15 ਸਾਲਾਂ ਦਾ ਹੈ। ਜੇ ਮੁੰਡਾ ਵੱਡਾ ਹੁੰਦਾ, ਰਹਿਮਾਨ ਕਹਿੰਦੇ ਹਨ, “ਅਸੀਂ ਉਸ ਨੂੰ ਦੁਬਈ ਕੰਮ ਲਈ ਭੇਜਣ ਦੀ ਕੋਸ਼ਿਸ਼ ਕਰ ਸਕਦੇ ਸੀ।” “ਸਾਡੀ ਹਾਲਤ ਗੰਭੀਰ ਹੈ,” ਤਜੁਨਿਸ਼ਾ ਅੱਗੇ ਕਹਿੰਦੀ ਹਨ। “ ਅਸੀਂ [ਲਾਕਡਾਊਨ ਤੋਂ ਲੈ ਕੇ ਹੁਣ ਤਕ] ਲਗਭਗ 19,000 ਰੁਪਏ ਦਾ ਬਿਜਲੀ ਬਿਲ ਇਕੱਠਾ ਕਰ ਲਿਆ ਹੈ, ਪਰ ਜਦੋਂ ਬਿਜਲੀ ਵਿਭਾਗ ਦਾ ਮੁਲਾਜ਼ਮ ਆਇਆ ਤੇ ਸਾਡੀ ਹਾਲਤ ਦੇਖੀ, ਤਾਂ ਉਸਨੇ ਸਾਨੂੰ ਭੁਗਾਤਨ ਕਰਨ ਲਈ ਸਮਾਂ ਦੇ ਦਿੱਤਾ। ਬੱਚਿਆਂ ਦੀਆਂ ਸਕੂਲ ਫੀਸਾਂ ਦਾ ਵੀ ਪੂਰਾ ਭੁਗਤਾਨ ਨਹੀਂ ਕੀਤਾ ਗਿਆ, ਅਸੀਂ ਉਸ ਲਈ ਵੀ ਸਮਾਂ ਮੰਗਿਆ ਹੈ। ਗੈਸ ਸਿਲੰਡਰ ਖ਼ਤਮ ਹੋ ਰਿਹਾ ਹੈ। ਸਾਡਾ ਘਰ ਕਿਸ ਤਰ੍ਹਾਂ ਚੱਲੇਗਾ, ਅਸੀਂ ਆਪਣੇ ਬਚਿਆਂ ਦਾ ਪਾਲਣ-ਪੌਸ਼ਣ ਕਿਵੇਂ ਕਰਾਂਗੇ?”
ਉਹਨਾਂ ਦਾ ਸਭ ਤੋਂ ਛੋਟਾ ਬੇਟਾ ਅੱਠ ਸਾਲਾ ਅਬਦੁਲ ਸਮਦ ਅਤੇ ਛੋਟੀ ਬੇਟੀ 12 ਸਾਲਾ ਅਫਸ਼ਾ ਲਗਭਗ ਪਿਛਲੇ ਦੋ ਸਾਲਾਂ ਤੋਂ ਆਨਲਾਇਨ ਕਲਾਸਾਂ ਲਗਾਉਣ ਦੇ ਅਸਮਰੱਥ ਹੈ (ਚਾਰੇ ਬੱਚੇ ਨੇੜਲੇ ਸਕੂਲਾਂ ਵਿੱਚ ਦਾਖ਼ਲ ਹਨ)। “ਮੈਨੂੰ ਸਮਝ ਨਹੀਂ ਆਉਦੀ ਕਿ ਕਲਾਸ ਵਿੱਚ ਕੀ ਚੱਲ ਰਿਹਾ ਹੈ,” ਹਾਲ ਹੀ ਵਿੱਚ ਸਕੂਲ ਮੁੜ-ਖੁੱਲ੍ਹਣ ਤੋਂ ਬਾਅਦ ਅਫਸ਼ਾ ਨੇ ਕਿਹਾ।
ਸਭ ਤੋਂ ਵੱਡੀ ਧੀ, ਦਾਨਿਆ,ਜੋ ਕਿ 16 ਸਾਲ ਦੀ ਹੈ ਅਤੇ 11ਵੀਂ ਜਮਾਤ ਵਿੱਚ ਪੜ੍ਹਦੀ ਹੈ, ਨੇ (ਅਯਾਨ ਵਾਂਗ) ਆਪਣੇ ਚਚੇਰੇ ਭਰਾ ਤੇ ਦੋਸਤਾਂ ਦੇ ਮੋਬਾਇਲ ਫੋਨਾਂ ਦੀ ਵਰਤੋਂ ਕਰਕੇ ਪੜ੍ਹਾਈ ਕੀਤੀ ਹੈ। ਉਹ ਕਹਿੰਦੀ ਹੈ ਕਿ ਉਹ ਇੱਕ ਬਿਊਟੀਸ਼ੀਅਨ ਵਜੋਂ ਸਿਖਲਾਈ ਲੈਣਾ ਚਾਹੁੰਦੀ ਹੈ ਅਤੇ ਪਹਿਲਾਂ ਹੀ ਮਹਿੰਦੀ ਲਗਾਉਣ ਵਿੱਚ ਕੁਝ ਨਿਪੁੰਨ ਹੈ, ਜਿਸ ਤੋਂ ਉਸਨੂੰ ਕੁਝ ਕਮਾਈ ਦੀ ਉਮੀਦ ਹੈ।
ਰਹਿਮਾਨ ਹਰ ਸਮੇਂ ਆਪਣੇ ਪਰਿਵਾਰ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਹਨ। “ ਮੇਰੇ ਬਾਅਦ ਉਹਨਾਂ ਦਾ ਕੀ ਹੋਵੇਗਾ? ਮੇਰਾ ਸਭ ਤੋਂ ਵੱਡਾ ਬੇਟਾ ਸਿਰਫ ਅੱਠ ਸਾਲ ਦਾ ਹੈ....” ਉਹ ਕਹਿੰਦੇ ਹਨ। ਇੱਕ ਹੋਰ ਪ੍ਰੇਸ਼ਾਨੀ ਤੇ ਚਿੰਤਾ ਵਾਲ਼ੀ ਗੱਲ ਇਹ ਹੈ ਕਿ ਉਹਨਾਂ ਦੀ ਝੁੱਗੀ-ਝੋਪੜੀ ਵਾਲ਼ੀ ਬਸਤੀ ਕਿਸੇ ਦਿਨ ਮੁੜ ਵਿਕਾਸ ਪ੍ਰੋਜੈਕਟ ਲਈ ਢਾਹ ਦਿੱਤੀ ਜਾਵੇਗੀ। ਉਹ ਡਰਦੇ ਹਨ ਕਿ ਪੂਰੇ ਪਰਿਵਾਰ ਨੂੰ ਇੱਕ ਯੂਨਿਟ/ਕਮਰਾ ਮਿਲੇਗਾ ਜਦ ਕਿ ਉਹ ਅਤੇ ਉਸਦੇ ਭਰਾ ਤਿੰਨ ਕਮਰਿਆਂ ਵਿੱਚ ਰਹਿੰਦੇ ਹਨ। “ਜੇ ਮੇਰੇ ਭਰਾ ਵੇਚਣਾ ਅਤੇ ਚਲੇ ਜਾਣਾ ਚਾਹੁੰਦੇ ਹੋਣ ਤਾਂ ਕੀ ਹੋਵੇਗਾ? ਉਹ ਮੇਰੇ ਪਰਿਵਾਰ ਨੂੰ 3-4 ਲੱਖ ਦੇ ਕੇ ਘਰ ਛੱਡਣ ਲਈ ਕਹਿ ਸਕਦੇ ਹਨ। ਮੇਰਾ ਪਰਿਵਾਰ ਕਿੱਥੇ ਜਾਵੇਗਾ? ਉਹ ਪੁੱਛਦੇ ਹਨ? ”
“ਜੇ ਇਹ ਮੇਰੇ ਪੈਰ ਦੀ ਬਜਾਏ ਸਰੀਰ ਦੇ ਕਿਸੇ ਹੋਰ ਹਿੱਸੇ ਨਾਲ਼ ਵਾਪਰਿਆ ਹੁੰਦਾ,” ਉਹ ਅੱਗੇ ਕਹਿੰਦੇ ਹਨ, “ਜਿਵੇਂ ਜੇ ਮੇਰੇ ਹੱਥ ਕੱਟਿਆ ਜਾਂਦਾ ਤਾਂ ਮੈਂ ਘਟੋਂ-ਘੱਟ ਤੁਰ ਕੇ ਕਿਤੇ ਜਾ ਤਾਂ ਸਕਦਾ ਹੁੰਦਾ। ਹੁਣ ਮੈਨੂੰ ਨਹੀਂ ਪਤਾ ਕਿ ਮੈਂ ਕਿੰਨਾ ਚਿਰ ਜ਼ਿੰਦਾ ਹਾਂ। ਮੇਰੇ ਬੱਚਿਆਂ ਲਈ ਮੇਰੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ, ਪਰ ਜਿੰਨਾ ਚਿਰ ਮੈਂ ਜ਼ਿੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਉਹ ਪੜ੍ਹਾਈ ਕਰਨ। ਮੈਂ ਉਧਾਰ ਲੈ ਲਵਾਂਗਾਂ ਅਤੇ ਪੁੱਛਾਂਗਾਂ ਅਤੇ ਕਿਸੇ ਵੀ ਤਰ੍ਹਾਂ ਪ੍ਰਬੰਧ ਕਰਾਂਗਾਂ।”
ਮੱਧ-ਫਰਵਰੀ ਦੇ ਲਗਭਗ ਸਿਓਨ ਹਸਪਤਾਲ ਦੇ ਦੌਰੇ ਦੌਰਾਨ ਡਾਕਟਰ ਨੇ ਸਲਾਹ ਦਿੱਤੀ ਕਿ ਰਹਿਮਾਨ ਨੂੰ ਦਾਖ਼ਲ ਕਰਾਉਣਾ ਚਾਹੀਦਾ ਹੈ ਕਿਉਂਕਿ ਉਸਦਾ ਸ਼ੂਗਰ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਾ ਸੀ। ਉਹਨਾਂ ਨੇ ਇੱਥੇ ਇੱਕ ਮਹੀਨਾ ਬਿਤਾਇਆ ਅਤੇ 12 ਮਾਰਚ ਨੂੰ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ — ਸ਼ੂਗਰ ਅਜੇ ਵੀ ਬੇਕਾਬੂ ਸੀ, ਉਹਨਾਂ ਦੀ ਸੱਜੀ ਲੱਤ ਸਿਰਫ ਹੱਡੀ ਤੇ ਮਾਸ ਦਾ ਟੁਕੜਾ ਸੀ।
ਉਹ ਦੱਸਦੇ ਹਨ, “ਸੱਜੇ ਪੈਰ ਦੀ ਬਚੀ ਹੋਈ ਚਮੜੀ ਦੁਬਾਰਾ ਕਾਲ਼ੀ ਹੋ ਰਹੀ ਹੈ ਅਤੇ ਇਹ ਬਹੁਤ ਦੁਖਦਾ ਹੈ। ਡਾਕਟਰ ਦਾ ਮੰਨਣਾ ਹੈ ਕਿ ਉਹਨਾਂ ਨੂੰ ਪੂਰਾ ਪੈਰ ਕੱਟਣਾ ਪੈ ਸਕਦਾ ਹੈ।”
14 ਮਾਰਚ ਦੀ ਰਾਤ ਨੂੰ ਦਰਦ ਇੰਨਾ ਅਸਹਿ ਸੀ ਕਿ “ ਰੋਣ ਦੀ ਹਾਲਤ ਸੀ ” ਰਹਿਮਾਨ ਕਹਿੰਦੇ ਹਨ, ਅਤੇ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਲਈ ਅੱਧੀ ਰਾਤ ਨੂੰ ਕੁਰਸੀ ਸਹਾਰੇ ਟੈਕਸੀ ਤੱਕ ਲਿਜਾਣਾ ਪਿਆ। ਹੋਰ ਟੈਸਟ ਕੀਤੇ ਗਏ ਹਨ, ਟੀਕੇ ਤੇ ਦਵਾਈਆਂ ਥੋੜ੍ਹੇ ਸਮੇਂ ਲਈ ਦਰਦ ਨੂੰ ਵਾਪਿਸ ਆਉਣ ਤੱਕ ਘਟਾ ਰਹੀਆਂ ਹਨ। ਉਹਨਾਂ ਨੂੰ ਜਲਦੀ ਹੀ ਸਕੈਨ ਤੇ ਟੈਸਟਾਂ ਦੇ ਇੱਕ ਹੋਰ ਸੈੱਟ ਲਈ ਅਤੇ ਸ਼ਾਇਦ, ਇੱਕ ਹੋਰ ਸਰਜਰੀ ਲਈ ਹਸਪਤਾਲ ਵਾਪਸ ਜਾਣਾ ਪਵੇਗਾ।
ਉਹ ਦਿਨੋਂ-ਦਿਨ ਬੁਰੀ ਤਰ੍ਹਾਂ ਥੱਕੇ ਤੇ ਨਿਰਾਸ਼ ਲੱਗਦੇ ਜਾਂਦੇ ਹਨ। ਪਰਿਵਾਰ ਨੂੰ ਪੂਰੀ ਤਰ੍ਹਾਂ ਉਮੀਦ ਹੈ ਕਿ ਇਹ ਸਭ ਹੱਲ ਹੋ ਜਾਵੇਗਾ। “ਇੰਸ਼ਾਅੱਲ੍ਹਾ,” ਰਹਿਮਾਨ ਭਾਈ ਕਹਿੰਦੇ ਹਨ।
ਕਵਰ
ਫ਼ੋਟੋ
:
ਸੰਦੀਪ
ਮੰਡਲ
ਇਸ
ਕਹਾਣੀ
’ਤੇ
ਕੰਮ
ਕਰਦੇ
ਸਮੇਂ
ਲਕਸ਼ਮੀ
ਕਾਂਬਲੇ
ਦੀ
ਉਦਾਰ
ਸਹਾਇਤਾ
ਅਤੇ
ਸਮੇਂ
ਲਈ
ਧੰਨਵਾਦ
।
ਤਰਜਮਾ: ਇੰਦਰਜੀਤ ਸਿੰਘ