ਅੱਜ, ਇੱਕ ਵਾਰ ਫਿਰ ਤੋਂ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਸ਼ਵ ਅਨੁਵਾਦ ਦਿਵਸ ਮਨਾ ਰਿਹਾ ਹੈ ਤੇ ਆਪਣੇ ਅਨੁਵਾਦਕਾਂ ਦੀ ਟੀਮ ਵੱਲੋਂ ਮਾਰੀਆਂ ਮੱਲ੍ਹਾਂ ਲਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਅਨੁਵਾਦਕਾਂ ਦੀ ਸਾਡੀ ਇਹ ਟੀਮ ਕਿਸੇ ਵੀ ਹੋਰ ਪੱਤਰਕਾਰੀ ਵੈੱਬਸਾਈਟ ਨਾਲ਼ੋਂ ਬਿਹਤਰ ਹੈ। ਜਿੱਥੋਂ ਤੱਕ ਮੈਂ ਦੱਸ ਸਕਦਾ ਹਾਂ ਪਾਰੀ (PARI) ਦੁਨੀਆ ਦੀ ਵਿਆਪਕ ਬਹੁ-ਭਾਸ਼ਾਈ ਪੱਤਰਕਾਰੀ ਵੈੱਬਸਾਈਟ ਹੈ, ਵੈਸੇ ਜੇ ਕਿਤੇ ਮੈਨੂੰ ਇਸ ਗੱਲ ਨੂੰ ਦਰੁੱਸਤ ਕਰਨਾ ਪਿਆ ਤਾਂ ਵੀ ਮੈਨੂੰ ਖ਼ੁਸ਼ੀ ਹੀ ਹੋਵੇਗੀ। 170 ਅਨੁਵਾਦਕਾਂ ਦੀ ਇਸ ਸ਼ਾਨਦਾਰ ਟੀਮ ਦੀ ਮਦਦ ਨਾਲ਼ ਪਾਰੀ ਹਰ ਸਟੋਰੀ ਨੂੰ 14 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਦੀ ਹੈ। ਬੇਸ਼ੱਕ, ਅਜਿਹੇ ਵੀ ਮੀਡੀਆ ਹਾਊਸ ਹਨ ਜੋ 40 ਭਾਸ਼ਾਵਾਂ ਵਿੱਚ ਆਪਣਾ ਆਊਟਪੁੱਟ ਦਿੰਦੇ ਹਨ। ਪਰ ਉਨ੍ਹਾਂ ਅੰਦਰ ਇੱਕ ਮਜ਼ਬੂਤ ਦਰਜੇਬੰਦੀ ਹੈ। ਕੁਝ ਭਾਸ਼ਾਵਾਂ ਨੂੰ ਹੋਰਨਾਂ ਭਾਸ਼ਾਵਾਂ ਮੁਕਾਬਲੇ ਓਨੀ ਬਰਾਬਰੀ ਹਾਸਲ ਨਹੀਂ।
ਨਾਲ਼ ਹੀ, ਹਰ ਸਟੋਰੀ ਨੂੰ ਇੰਨੀਆਂ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਨ ਮਗਰ ਸਾਡਾ ‘ਭਾਰਤ ਦੀ ਹਰੇਕ ਭਾਸ਼ਾ ਤੁਹਾਡੀ ਆਪਣੀ ਭਾਸ਼ਾ ਹੈ’ ਸਿਧਾਂਤ ਕੰਮ ਕਰਦਾ ਹੈ। ਇਹ ਸਿਧਾਂਤ ਸਾਰੀਆਂ ਭਾਸ਼ਾਵਾਂ ਵਿਚਾਲੇ ਸਮਾਨਤਾ ਸਿਰਜਣ ਦਾ ਕੰਮ ਕਰਦਾ ਹੈ। ਜੇ ਕੋਈ ਸਟੋਰੀ ਇੱਕ ਭਾਸ਼ਾ ਵਿੱਚ ਪ੍ਰਕਾਸ਼ਤ ਹੁੰਦੀ ਹੈ ਤਾਂ ਸਾਡੇ ਵੱਲੋਂ ਉਹਨੂੰ 14 ਭਾਸ਼ਾਵਾਂ ਵਿੱਚ ਪ੍ਰਕਾਸ਼ਤ ਕਰਨਾ ਲਾਜ਼ਮੀ ਰਹਿੰਦਾ ਹੈ। ਛੱਤੀਸਗੜ੍ਹੀ ਇਸ ਸਾਲ ਪਾਰੀ ਭਾਸ਼ਾ ਪਰਿਵਾਰ ਵਿੱਚ ਸ਼ਾਮਲ ਕੀਤੀ ਗਈ ਹੈ। ਭੋਜਪੁਰੀ ਦੀ ਵਾਰੀ ਆਉਣ ਵਾਲ਼ੀ ਹੈ।
ਅਸੀਂ ਮੰਨਦੇ ਹਾਂ ਕਿ ਸਮੁੱਚੇ ਸਮਾਜ ਅੰਦਰ ਬਰਾਬਰੀ ਦਾ ਭਾਵ ਲਿਆਉਣ ਲਈ ਭਾਰਤ ਦੀ ਹਰੇਕ ਭਾਸ਼ਾ ਨੂੰ ਹੱਲ੍ਹਾਸ਼ੇਰੀ ਦੇਣੀ ਜ਼ਰੂਰੀ ਹੈ। ਇਸ ਦੇਸ਼ ਦੀ ਭਾਸ਼ਾਈ ਅਮੀਰੀ ਨੇ ਇੱਕ ਪੁਰਾਣੀ ਕਹਾਵਤ ਵਿੱਚ ਆਪਣਾ ਯੋਗਦਾਨ ਪਾਇਆ ਹੈ, ਜਿਸ ਮੁਤਾਬਕ ਜੇ ਹਰ ਤਿੰਨ ਜਾਂ ਚਾਰ ਕਿਲੋਮੀਟਰ ਦੀ ਵਿੱਥ 'ਤੇ ਪਾਣੀ ਦਾ ਸੁਆਦ ਬਦਲਦਾ ਹੈ ਤਾਂ ਇਹ ਵੀ ਲਾਜ਼ਮੀ ਹੈ ਕਿ ਹਰ 12-15 ਕਿਲੋਮੀਟਰ ਦੀ ਵਿੱਥ 'ਤੇ ਵੱਖਰੀ ਜ਼ੁਬਾਨ ਸੁਣਨ ਨੂੰ ਮਿਲ਼ੇ।
ਪਰ ਬਾਵਜੂਦ ਇਹਦੇ ਅਸੀਂ ਬਹੁਤੇ (ਉਸ ਸਬੰਧ ਵਿੱਚ) ਸੁਰਖ਼ਰੂ ਨਹੀਂ ਰਹਿ ਸਕਦੇ। ਅਜਿਹੇ ਸਮੇਂ ਤਾਂ ਬਿਲਕੁਲ ਵੀ ਨਹੀਂ, ਜਦੋਂ ਪੀਪਲਜ਼ ਲਿੰਗਿਵਸਿਟਕ ਸਰਵੇਅ ਆਫ਼ ਇੰਡੀਆ ਸਾਨੂੰ ਦੱਸਦਾ ਹੋਵੇ ਕਿ ਤਕਰੀਬਨ 800 ਜਿਊਂਦੀਆਂ ਭਾਸ਼ਾਵਾਂ ਵਾਲ਼ੇ ਇਸ ਦੇਸ਼ ਨੇ ਪਿਛਲੇ 50 ਸਾਲਾਂ ਵਿੱਚ 225 ਜ਼ੁਬਾਨਾਂ ਨੂੰ ਮਰਦੇ ਦੇਖਿਆ ਹੈ। ਅਸੀਂ ਉਸ ਸਮੇਂ ਵੀ ਸੁਰਖ਼ਰੂ ਨਹੀਂ ਬਹਿ ਸਕਦੇ ਜਦੋਂ ਸੰਯੁਕਤ ਰਾਸ਼ਟਰ ਇਹ ਦਾਅਵਾ ਕਰਦਾ ਹੋਵੇ ਕਿ ਇਸ ਸਦੀ ਦੇ ਅਖ਼ੀਰ ਤੀਕਰ ਦੁਨੀਆ ਦੀਆਂ 90-95 ਫ਼ੀਸਦ ਬੋਲੀਆਂ ਲੁਪਤ ਹੋ ਜਾਣਗੀਆਂ ਜਾਂ ਉਨ੍ਹਾਂ ਦਾ ਵਜੂਦ ਖ਼ਤਰੇ ਵਿੱਚ ਪੈ ਜਾਵੇਗਾ। ਜਦੋਂ ਦੁਨੀਆ ਭਰ ਵਿੱਚ ਹਰ ਪੰਦਰਵੇਂ ਦਿਨ ਇੱਕ ਭਾਸ਼ਾ ਮਰ ਰਹੀ ਹੋਵੇ ਤਾਂ ਅਸੀਂ ਸੁਰਖ਼ਰੂ ਬਹਿ ਵੀ ਕਿਵੇਂ ਸਕਦੇ ਹਾਂ।


